ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ।।
ਧਰਮ ਇਕ ਇਸ ਤਰ੍ਹਾਂ ਦਾ ਨਾਂ ਹੈ ਜਿਸ ਦਾ ਮਨ ਵਿਚ ਖਿਆਲ ਆਉਂਦਿਆਂ ਹੀ ਅਪਣੇ ਆਪ ਉਸ ਪ੍ਰਤੀ ਸਤਿਕਾਰ ਬਣਦਾ ਹੈ
ਕਿਸੇ ਦੀ ਜਾਇਦਾਦ ਨੂੰ ਹੜੱਪਣਾ ਜਾਂ ਕਿਸੇ ਦੀ ਮਾਇਕ ਤੌਰ ਤੇ ਚੋਰੀ ਠੱਗੀ ਕਰਨੀ ਜਾਂ ਕਿਸੇ ਗ਼ੈਬੀ ਸ਼ਕਤੀ ਦਾ ਪ੍ਰਚਾਰ ਕਰ ਕੇ ਠਗਣਾ, ਸ਼ੈਤਾਨ ਬਿਰਤੀ ਤੇ ਕੰਮਚੋਰ ਲੋਕਾਂ ਦਾ ਇਹ ਗੰਦਾ ਧੰਦਾ ਹਰ ਸਮੇਂ ਹੀ ਹੁੰਦਾ ਰਿਹਾ ਹੈ ਤੇ ਹੁਣ ਵੀ ਹੋ ਰਿਹਾ ਹੈ। ਧਰਮ ਇਕ ਇਸ ਤਰ੍ਹਾਂ ਦਾ ਨਾਂ ਹੈ ਜਿਸ ਦਾ ਮਨ ਵਿਚ ਖਿਆਲ ਆਉਂਦਿਆਂ ਹੀ ਅਪਣੇ ਆਪ ਉਸ ਪ੍ਰਤੀ ਸਤਿਕਾਰ ਬਣਦਾ ਹੈ ਪਰ ਉਸ ਦੇ ਨਾਂ ਉਤੇ ਵੀ ਬਹੁਗਿਣਤੀ ਪੁਜਾਰੀਆਂ ਵਲੋਂ ਸੱਚ ਨਾਲ ਜੋੜਨ ਦੀ ਬਜਾਏ ਸਗੋਂ ਗੁਮਰਾਹ ਕੀਤਾ ਜਾਂਦਾ ਹੈ।
ਬਹੁਗਿਣਤੀ ਪੁਜਾਰੀ ਵਰਗ ਨਾਲ ਜੁੜੇ ਲੋਕ ਧਾਰਮਕ ਗ੍ਰੰਥਾਂ ਵਿਚ ਜੋ ਜੀਵਨ ਜਾਚ ਲਈ ਸਦੀਵੀ ਸੱਚ ਹੈ, ਉਸ ਨੂੰ ਪ੍ਰਚਾਰਨ ਦੀ ਬਜਾਏ ਸਗੋਂ ਲੋਕਾਂ ਨੂੰ ਅੰਧਵਿਸ਼ਵਾਸ ਤੇ ਵਹਿਮਾਂ-ਭਰਮਾਂ ਵਿਚ ਪਾ ਕੇ ਮਾਨਸਕ ਤੌਰ ਉਤੇ ਬਿਮਾਰ ਕਰਦੇ ਆ ਰਹੇ ਹਨ। ਇਨ੍ਹਾਂ ਲੋਕਾਂ ਦੇ ਅਪਣੇ ਨਾਂ ਤੇ ਸ੍ਰੀਰਕ ਪਹਿਰਾਵੇ ਭਾਵੇਂ ਵਖਰੇ-ਵਖਰੇ ਹਨ ਪਰ ਸੋਚ ਇਕੋ ਹੀ ਹੈ। ਕੁੱਝ ਕੁ ਨੂੰ ਛੱਡ ਕੇ ਬਹੁਤੇ ਇਹ ਨਹੀਂ ਵੇਖਦੇ ਕਿ ਸਾਡੇ ਕੋਲ ਆਉਣ ਵਾਲਾ ਇਨਸਾਨ ਅਪਣੀ ਮਾਨਸਕ ਸਮੱਸਿਆ ਕਾਰਨ ਕਿੰਨਾ ਦੁਖੀ ਤੇ ਲਾਚਾਰ ਹੈ।
ਇਨ੍ਹਾਂ ਨੇ ਉਸ ਨੂੰ ਮਾਨਸਕ ਰਾਹਤ ਦੇਣ ਦੀ ਬਜਾਏ ਸਗੋਂ ਇਸ ਜਨਮ ਵਿਚ ਤਾਂ ਕੀ ਰਾਹਤ ਦੇਣੀ ਹੈ, ਸਗੋਂ ਮਰਨ ਤੋਂ ਬਾਅਦ ਵੀ ਉਸ ਨੂੰ ਆਖਦੇ ਹਨ ਕਿ ਤੂੰ ਸੁਖੀ ਨਹੀਂ ਹੋ ਸਕਦਾ। ਉਸ ਨੂੰ ਡਰਾਇਆ ਜਾਂਦਾ ਹੈ ਕਿ ਤੂੰ ਮਰਨ ਤੋਂ ਪਿੱਛੋਂ ਵੀ ਲੱਖਾਂ ਜੂਨਾਂ ਵਿਚ ਜਾਵੇਂਗਾ। ਇਹ ਪਤਾ ਨਹੀਂ ਇਹ ਪੁਜਾਰੀ ਲੋਕ ਕਦੋਂ ਵੇਖ ਆਏ ਹਨ ਜਦ ਕਿ ਗ਼ਰੀਬ ਲੋਕ ਜਿਊਂਦੇ ਜੀਅ ਰੋਜ਼ ਕਈ ਜੂਨਾਂ ਵਿਚ ਪੈਂਦੇ ਹਨ ਤਾਂ ਉਨ੍ਹਾਂ ਦਾ ਇਨ੍ਹਾਂ ਨੂੰ ਪਤਾ ਨਹੀਂ ਲਗਦਾ।
ਸਿੱਖ ਧਰਮ ਜਿਸ ਨੂੰ ਨਵੇਂ ਯੁਗ ਦਾ ਧਰਮ ਆਖਿਆ ਜਾਂਦਾ ਹੈ ਅੱਜ ਇਸ ਦੇ ਬਹੁਤੇ ਭਾਈ ਵੀ ਕਿਸੇ ਹੋਰ ਧਰਮ ਵਾਲਿਆਂ ਨਾਲੋਂ ਸਿੱਖਾਂ ਨੂੰ ਡਰਾਉਣ ਵਿਚ ਪਿੱਛੇ ਨਹੀਂ ਹਨ। ਇਹ ਵੀ ਗੁਰੂ ਸਾਹਿਬਾਨ ਤੇ ਸੰਤ ਬਾਬਿਆਂ ਦੇ ਨਾਵਾਂ ਤੇ ਗੁਰਦਵਾਰਿਆਂ ਵਿਚ ਪਾਠ ਪੂਜਾ ਕਰਵਾਉਣ ਤੇ ਸਰੋਵਰਾਂ ਵਿਚ ਤੇ ਦਰੱਖ਼ਤਾਂ ਹੇਠ ਇਸ਼ਨਾਨ ਕਰ ਕੇ ਅਪਣੇ ਸ੍ਰੀਰਕ ਦੁੱਖ ਦੂਰ ਕਰਨ ਦਾ ਪ੍ਰਚਾਰ ਕਰਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ 'ਸ਼ਬਦ ਗੁਰੂ' ਦੇ ਬਿਨਾਂ ਸੁਣੇ ਸਮਝੇ ਲੜੀ ਵਾਰ ਅਖੰਡ ਪਾਠ ਤੇ ਗੁਰਬਾਣੀ ਵਿਚੋਂ ਕੁੱਝ ਮਰਜ਼ੀ ਦੇ ਸ਼ਬਦ ਦੱਸ ਕੇ ਉਨ੍ਹਾਂ ਦਾ ਰਟਨ ਕਰਨ ਲਈ ਆਖਦੇ ਹਨ। ਕਈ ਤਾਂ ਇਸ ਤੋਂ ਵੀ ਅੱਗੇ ਕਈ ਤਰ੍ਹਾਂ ਦੇ ਧਾਗੇ ਤਵੀਤ ਦੇਣ ਦਾ ਧੰਦਾ ਵੀ ਕਰਦੇ ਹਨ। ਕਈ ਅਪਣੇ ਨਾਵਾਂ ਨਾਲ ਸੰਤ ਤੇ ਬ੍ਰਹਮ ਗਿਆਨੀ ਲਿਖਦੇ ਤੇ ਅਖਵਾਉਂਦੇ ਹਨ। ਕਈਆਂ ਨੂੰ ਵਰ ਤੇ ਕਈਆਂ ਨੂੰ ਸਰਾਪ ਦੇਣ ਦੀਆ ਧਮਕੀਆਂ ਦੇਂਦੇ ਹਨ। ਕਿਸੇ ਦਾ ਅਕਾਲ ਚਲਾਣਾ ਹੋ ਜਾਣ ਤੇ ਉਸ ਦੀ ਅਰਦਾਸ ਕਰਦੇ ਸਮੇਂ ਉਸ ਨੂੰ ਸਵਰਗ ਵਿਚ ਪਹੁੰਚ ਜਾਣ ਦਾ ਪ੍ਰਮਾਣ ਪੱਤਰ ਦੇਣ ਵਾਲੇ ਅੱਜ ਇਹ ਲੋਕ ਅਪਣੀ ਜਾਨ ਬਚਾਉਣ ਲਈ ਵਾਰ-ਵਾਰ ਸ਼ਰਾਬ ਤੋਂ ਬਣੀ ਵਸਤੂ (ਸੈਨੇਟਾਈਜ਼ਰ) ਨਾਲ ਹੱਥ ਸਾਫ਼ ਕਰਦੇ ਹਨ।
ਇੰਜ ਹੀ ਹਿੰਦੂ ਧਰਮ ਤੇ ਮੁਸਲਮਾਨ ਜਾਂ ਹੋਰ ਦੁਨੀਆਂ ਦੇ ਬਾਕੀ ਧਰਮ ਵਾਲੇ ਪੁਜਾਰੀ ਵੀ ਹਨ ਜਿਹੜੇ ਕਿਸੇ ਮੰਦਰ ਵਿਚ ਆ ਕੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਦਾ ਦਾਵਾ ਕਰਦੇ ਸਨ। ਕੋਈ ਤੀਰਥਾਂ ਤੇ ਜਾ ਕੇ ਤੰਦਰੁਸਤੀ ਦਾ ਦਾਅਵਾ ਕਰਦਾ ਸੀ ਪਰ ਅੱਜ ਉਹ ਤੀਰਥ ਲੋਕਾਂ ਲਈ ਬੰਦ ਕਰ ਕੇ ਅਪਣੇ ਘਰ ਬੈਠੇ ਹਨ। ਕਿਸੇ ਦਰਗਾਹ ਤੇ ਆ ਕੇ ਇਸ ਬਿਮਾਰੀ ਨੂੰ ਠੀਕ ਹੋਣ ਦਾ ਕੋਈ ਪੀਰ ਦਾਅਵਾ ਨਹੀਂ ਕਰ ਰਿਹਾ।
ਜੋਤਸ਼ ਦੱਸਣ ਵਾਲੇ ਵੀ ਕਿਸੇ ਰਾਹੂ ਕੇਤੂ ਬਾਰੇ ਨਹੀਂ ਦੱਸ ਰਹੇ। ਕੋਈ ਟੇਵਾ ਨਹੀਂ ਲੱਗਾ ਰਿਹਾ ਕਿ ਕਿਸ ਦਿਨ ਇਹ 'ਕੋਰੋਨਾ' ਬਿਮਾਰੀ ਹਟੇਗੀ। ਨਾ ਇਹ ਦਸਦੇ ਹਨ ਕਿ ਕਿਸ ਨੱਗ ਜਾਂ ਕਿਸ ਰੰਗ ਦੇ ਧਾਗੇ ਨਾਲ ਇਹ ਬਿਮਾਰੀ ਨੇੜੇ ਨਹੀਂ ਆਵੇਗੀ। ਅੱਜ ਨਾ ਕੋਈ ਈਸਾਈ ਮਤ ਵਾਲੇ ਜਿਹੜੇ ਹੱਥ ਲਗਾ ਕੇ ਹੀ ਲੋਕਾਂ ਨੂੰ ਠੀਕ ਕਰ ਦੇਣ ਦਾ ਦਾਅਵਾ ਕਰਦੇ ਸਨ, ਨਜ਼ਰ ਆਉਂਦੇ ਹਨ।
ਹਾਂ, ਇਹ ਜ਼ਰੂਰ ਹੈ ਕਿ ਜਦੋਂ ਵਿਗਿਆਨੀ ਕੋਈ ਇਸ ਦਾ ਇਲਾਜ ਲੱਭ ਲੈਣਗੇ, ਉਦੋਂ ਬਾਅਦ ਵਿਚ ਅਜਿਹੇ ਕਰਾਮਾਤਾਂ ਦਾ ਪ੍ਰਚਾਰ ਕਰਨ ਵਾਲੇ ਪੁਜਾਰੀ, ਜਿਵੇਂ ਬਰਸਾਤ ਦੇ ਦਿਨਾਂ ਵਿਚ ਮੀਂਹ ਪੈਣ ਦੇ ਪੀਲੇ-ਪੀਲੇ ੱਡਡੂ ਨਿਕਲ ਕੇ ਉੱਚੀ-ਉੱਚੀ ਰੋਲਾ ਪਾਉਂਦੇ ਹਨ, ਉਂਜ ਹੀ ਅਜਿਹੇ ਬਹੁਤ ਸਾਰੇ ਲੋਕ ਵੀ ਕਰਾਮਾਤਾਂ ਦਾ ਪ੍ਰਚਾਰ ਕਰਨ ਲਈ ਨਿਕਲ ਆਉਣਗੇ। ਫਿਰ ਪਹਿਲਾਂ ਵਾਂਗ ਹੀ ਲੋਕਾਂ ਨੂੰ ਮੂਰਖ ਬਣਾਉਣ ਵਲ ਲੱਗ ਜਾਣਗੇ। ਇਸ ਸਮੇਂ ਸੰਸਾਰ ਵਿਚ ਬਣੀ ਮੁਸ਼ਕਲ ਦੀ ਘੜੀ ਵਿਚ ਰਿਧੀਆਂ ਸਿੱਧੀਆਂ ਦਾ ਪ੍ਰਚਾਰ ਕਰਨ ਵਾਲਿਆਂ ਤੋਂ ਕੁੱਝ ਸੋਚਣ ਸਮਝਣ ਵਾਲੇ ਲੋਕ ਜ਼ਰੂਰ ਇਨ੍ਹਾਂ ਦੇ ਵਿਛਾਏ ਇਸ ਪਾਖੰਡ ਜਾਲ ਤੋਂ ਛੁਟਕਾਰਾ ਪਾ ਲੈਣਗੇ।
ਜਿਹੜੇ-ਜਿਹੜੇ ਧਰਮਾਂ ਦੇ ਮਹਾਂਪੁਰਖ ਅਪਣੇ-ਅਪਣੇ ਸਮੇਂ ਵਿਚ ਹੋਏ ਹਨ, ਜਿਨ੍ਹਾਂ ਨੇ ਵੀ ਲੋਕਾਈ ਦੇ ਭਲੇ ਲਈ ਚੰਗੇ ਕੰਮ ਕੀਤੇ ਹਨ, ਉਨ੍ਹਾਂ ਦੇ ਜੀਵਨ ਦੀ ਘਾਲਣਾ ਕੁੱਝ ਪਾਖੰਡੀ ਲੋਕ ਅਪਣੀ ਐਸ਼ ਪ੍ਰਸਤੀ ਲਈ ਉਨ੍ਹਾਂ ਦੇ ਨਾਵਾਂ ਉਤੇ ਗੁਰਦਵਾਰੇ, ਮੰਦਰ, ਮਸਜਦਾਂ ਤੇ ਕਬਰਾਂ ਆਦਿ ਬਣਾ ਕੇ ਲੋਕਾਂ ਨੂੰ ਮੂੰਹੋਂ ਮੰਗੀਆਂ ਮੁਰਾਦਾਂ ਦੇਣ ਦਾ ਲਾਲਚ ਦੇ ਕੇ, ਉਨ੍ਹਾਂ ਵਿਚ ਰਿਧੀਆਂ ਸਿੱਧੀਆਂ ਹੋਣ ਦਾ ਪ੍ਰਚਾਰ ਕਰਦੇ ਹਨ, ਜਦ ਕਿ ਉਨ੍ਹਾਂ ਮਹਾਂਪੁਰਖਾਂ ਨੇ ਤਾਂ ਆਪ ਖ਼ੁਦ ਕਦੇ ਵੀ ਅਜਿਹਾ ਨਹੀਂ ਸੀ ਕਿਹਾ।
ਸ 'ਕੋਵਿਡ-19' ਨਾਮੀ ਭਿਆਨਕ ਬਿਮਾਰੀ ਨੇ ਇਨ੍ਹਾਂ ਪਾਖੰਡਾਂ ਨੂੰ ਨੰਗਾ ਕਰ ਦਿਤਾ ਹੈ। ਜਿਵੇਂ 500 ਸਾਲ ਦੇ ਲਾਗੇ ਬਾਬੇ ਨਾਨਕ ਨੇ ਉਸ ਸਮੇਂ ਬਾਬਰ ਤੇ ਪਠਾਣਾਂ ਦੀ ਲੜਾਈ ਸਮੇਂ ਪੁਜਾਰੀਆਂ ਦਾ ਝੂਠ ਤੋਂ ਪਰਦਾ ਚੁਕਿਆ ਸੀ। ਜਦੋਂ ਪਠਾਣ ਹਾਕਮਾਂ ਨੇ ਸੁਣਿਆ ਸੀ ਕਿ ਮੀਰ ਬਾਬਰ ਹੱਲਾ ਕਰਨ ਆ ਰਿਹਾ ਹੈ ਤਾਂ ਉਸ ਸਮੇਂ ਕਈ ਪੀਰਾਂ (ਪੁਜਾਰੀਆਂ) ਨੇ ਵੀ ਹੁਣ ਵਰਗੇ ਕਈ ਕਰਾਮਾਤਾਂ ਦਾ ਪ੍ਰਚਾਰ ਕਰਨ ਵਾਲਿਆਂ ਵਾਂਗ ਮੰਤਰਾਂ ਨਾਲ ਹੀ ਬਾਬਰ ਦੀ ਫ਼ੌਜ ਅੰਨੀ ਕਰ ਦੇਣ ਦਾ ਦਾਵਾ ਕਰਨ ਵਾਲੇ ਵੀ ਹੁਣ ਵਾਂਗ ਕੁੱਝ ਨਹੀਂ ਕਰ ਸਕੇ ਸੀ। ਬਾਬਾ ਜੀ ਨੇ ਉਸ ਸਮੇਂ ਇਹ ਸ਼ਬਦ ਉਚਾਰਿਆ ਸੀ :
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ।। ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ।। ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ।।੪।। ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ।। ਓਨ੍ਹ੍ਹੀ ਤੁਪਕ ਤਾਣਿ ਚਲਾਈ ਓਨ੍ਹ੍ਹੀ ਹਸਤਿ ਚਿੜਾਈ।। ਜਿਨ੍ਹ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹ੍ਹਾ ਮਰਣਾ ਭਾਈ।।੫।। (ਪੰਨਾ 417-418)
ਅਜਕਲ ਫਿਰ ਉਸ ਸਮੇਂ ਨੇ ਦੁਬਾਰਾ ਅਪਣੇ ਆਪ ਨੂੰ ਦੁਹਰਾਇਆ ਹੈ ਕਿ ਇਹ ਰਿਧੀਆਂ ਸਿੱਧੀਆਂ ਦਾ ਪ੍ਰਚਾਰ ਕਰਨ ਵਾਲੇ ਝੂਠੇ ਤੇ ਠੱਗ ਲੋਕ ਹਨ। ਹਾਂ, ਜੇਕਰ ਕਿਸੇ ਕੋਲ ਜਾਂ ਕਿਸੇ ਜਗ੍ਹਾ ਕੋਲ ਕੋਈ ਅਜਿਹੀ ਕਰਾਮਾਤੀ ਸ਼ਕਤੀ ਹੈ ਜਿਸ ਨਾਲ 'ਕੋਰੋਨਾ' ਦੇ ਰੋਗੀ ਠੀਕ ਹੋ ਸਕਦੇ ਹਨ ਤਾਂ ਹੁਣ ਸਮਾਂ ਹੈ, ਮੀਡੀਏ ਰਾਹੀਂ ਸਾਹਮਣੇ ਆ ਕੇ ਉਸ ਬਿਮਾਰ ਨੂੰ ਤੰਦਰੁਸਤ ਕਰੋ, ਨਹੀਂ ਤਾਂ ਤੁਹਾਡੇ ਕਰਾਮਾਤੀ ਦਾਵੇ ਸਿਰਫ਼ ਗੱਪਾਂ ਹੀ ਰਹਿ ਜਾਣਗੀਆਂ।
ਸੋਚਣ ਵਾਲੀ ਗੱਲ ਹੈ ਕਿ ਮਹਾਂਪੁਰਖਾਂ ਦੇ ਨਾਵਾਂ ਨਾਲ ਜੋੜ ਕੇ ਬਣਾਏ ਅਸਥਾਨਾਂ ਉਤੇ ਕਰਾਮਾਤਾਂ ਦਾ ਪ੍ਰਚਾਰ ਕਰ ਕੇ, ਕਈ ਅਜਿਹੇ ਪੁਜਾਰੀ, ਕੀ ਸਾਡੇ ਮਹਾਂਪੁਰਖਾਂ ਦਾ ਅਦਬ ਸਤਿਕਾਰ ਵਧਾ ਰਹੇ ਹਨ ਜਾਂ ਘੱਟਾ ਰਹੇ ਹਨ?
ਸੰਪਰਕ : gdhillon੧0rogers.com
ਗੁਰਸ਼ਰਨ ਸਿੰਘ ਕਸੇਲ, ਕੈਨੇਡਾ