ਸਿੱਖ ਇਤਿਹਾਸ: ਜਦੋਂ ਘੋੜੀਆਂ ਬਣੀਆਂ ਵੱਡੀ ਲੜਾਈ ਦਾ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਭਾਈ ਤਾਰਾ ਸਿੰਘ ਨੇ ਭਾਈ ਮਨੀ ਸਿੰਘ ਜੀ ਹੱਥੋਂ ਅੰਮ੍ਰਿਤ ਪਾਨ ਕਰ ਕੇ ਸੇਵਾ, ਘੋੜ ਸਵਾਰੀ ਤੇ ਤੀਰ ਅੰਦਾਜ਼ੀ ਵਿਚ ਖ਼ੂਬ ਪ੍ਰਸਿੱਧੀ ਪਾਈ ਸੀ

War

ਪਾਕਿਸਤਾਨ ਦੀ ਪਛਮੀ ਸਰਹੱਦ ਦੇ ਨੇੜੇ ਦੋ ਮਸ਼ਹੂਰ ਪਿੰਡ ਡੱਲ ਤੇ ਵਾਂ ਸਨ। ਇਥੋਂ ਦੇ ਸਿੱਖਾਂ ਦਾ ਇਤਿਹਾਸ ਬਹੁਤ ਸੂਰਬੀਰਤਾ ਵਾਲਾ ਰਿਹਾ ਹੈ। ਤਾਰਾ ਸਿੰਘ ਡਲ ਵਾਂ ਇਥੋਂ ਦਾ ਪ੍ਰਸਿੱਧ ਸਿੱਖ ਸੂਰਬੀਰ ਹੋਇਆ ਹੈ ਜਿਸ ਦਾ ਜਨਮ 1702 ਈ. ਨੂੰ ਇਥੇ ਹੀ ਭਾਈ ਗੁਰਦਾਸ ਦੇ ਘਰ ਹੋਇਆ। ਭਾਈ ਤਾਰਾ ਸਿੰਘ ਨੇ ਭਾਈ ਮਨੀ ਸਿੰਘ ਜੀ ਹੱਥੋਂ ਅੰਮ੍ਰਿਤ ਪਾਨ ਕਰ ਕੇ ਸੇਵਾ, ਘੋੜ ਸਵਾਰੀ ਤੇ ਤੀਰ ਅੰਦਾਜ਼ੀ ਵਿਚ ਖ਼ੂਬ ਪ੍ਰਸਿੱਧੀ ਪਾਈ ਸੀ।

ਇਨ੍ਹਾਂ ਨੇ ਅਪਣੇ ਪਿੰਡ ਵਾਂ ਵਿਚ ਹੀ ਇਕ ਵੱਡਾ ਵਾੜਾ ਘੋੜਿਆਂ ਲਈ ਅਤੇ ਅਪਣੀ ਰਾਖੀ ਲਈ ਬਣਾ ਲਿਆ ਸੀ। ਥੱਕੇ ਹਾਰੇ ਸਿੰਘ ਰਾਤ ਨੂੰ ਪ੍ਰਸ਼ਾਦੇ ਛੱਕ ਕੇ ਆਰਾਮ ਕਰਦੇ ਤੇ ਆਪ ਸੱਭ ਦੀ ਦਿਲ ਲਗਾ ਕੇ ਸੇਵਾ ਕਰਦੇ। ਇਸੇ ਪਿੰਡ ਦੇ ਅੰਮ੍ਰਿਤਧਾਰੀ ਸਿੰਘ ਕੋਇਰ ਸਿੰਘ ਵੀ ਤਾਰਾ ਸਿੰਘ ਦੇ ਪੱਕੇ ਮਿੱਤਰ ਸਨ। ਇਸੇ ਪਿੰਡ ਦੇ ਹੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛਕਣ ਵਾਲੇ ਸਿੰਘ ਦੇਸੂ ਸਿੰਘ ਤੇ ਗੁਰਦਾਸ ਸਿੰਘ ਵੀ ਤਾਰਾ ਸਿੰਘ ਦਾ ਪੂਰਾ-ਪੂਰਾ ਸਾਥ ਦੇ ਰਹੇ ਸਨ।

ਜਦੋਂ ਸੰਨ 1726 ਈ. ਨੂੰ ਜ਼ਕਰੀਆ ਖ਼ਾਨ ਲਾਹੌਰ ਦਾ ਹਾਕਮ ਬਣਿਆ ਤਾਂ ਉਸ ਦੀ ;ਹਿ ਤੇ ਹੀ ਨੌਸ਼ਹਿਰਾ ਦੇ ਚੌਧਰੀ ਸਾਹਿਬ ਰਾਏ ਨੇ ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿਤਾ ਅਤੇ ਤਾਰਾ ਸਿੰਘ ਡਲ ਵਾਂ ਵੀ ਉਸ ਦੀਆਂ ਅੱਖਾਂ ਵਿਚ ਰੜਕਦਾ ਸੀ। ਉਹ ਸਿੰਘਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਪੰਗੇ ਲੈਂਦਾ ਰਹਿੰਦਾ। ਇਸੇ ਲੜੀ ਵਿਚ ਨੇੜੇ ਦੇ ਪਿੰਡ ਭਡਾਣੇ ਦੇ ਮਾਲੀ ਸਿੰਘ ਅਤੇ ਗੁਰਬਖ਼ਸ਼ ਸਿੰਘ ਦੇ ਖੇਤਾਂ ਵਿਚ ਜਾਣਬੁਝ ਕੇ ਸਾਹਿਬ ਰਾਏ ਅਪਣੀਆਂ ਘੋੜੀਆਂ ਛੱਡਣ ਲੱਗ ਪਿਆ।

ਉਨ੍ਹਾਂ ਨੇ ਬਹੁਤ ਕਿਹਾ ਕਿ ਖੇਤੀ ਮਿਹਨਤ ਨਾਲ ਪਾਲੀ ਜਾਂਦੀ ਹੈ ਜੋ ਉਸ ਦੀਆਂ ਘੋੜੀਆਂ ਉਜਾੜ ਜਾਂਦੀਆਂ ਹਨ। ਉਨ੍ਹਾਂ ਨੇ ਇਕ ਨਾ ਸੁਣੀ ਸਗੋਂ ਜਾਣ ਬੁੱਝ ਕੇ ਫ਼ਸਲਾਂ ਵਿਚ ਘੋੜੀਆਂ ਛਡਦਾ ਰਿਹਾ। ਇਕ ਦਿਨ ਜਦੋਂ ਦੋਹਾਂ ਸਿੰਘਾਂ ਨੇ ਗੁੱਸੇ ਨਾਲ ਘੋੜੀਆਂ ਦੀ ਸੰਭਾਲ ਕਰਨ ਲਈ ਕਿਹਾ ਤਾਂ ਸਾਹਬ ਰਾਇ ਅੱਗ ਬਬੂਲਾ ਹੋ ਕੇ ਬੋਲਿਆ, ''ਮੈਂ ਤੁਹਾਡਾ ਲਿਹਾਜ਼ ਕਰਦਾ ਰਿਹਾ ਹਾਂ, ਜੋ ਤੁਹਾਨੂੰ ਕਤਲ ਨਹੀਂ ਕਰਵਾਇਆ, ਹੁਣ ਤੁਹਾਡੇ ਕੇਸਾਂ ਦੇ ਰੱਸੇ ਬਣਾ ਕੇ ਇਨ੍ਹਾਂ ਹੀ ਘੋੜੀਆਂ ਨੂੰ ਬੰਨ੍ਹਾਂਗਾ।''

ਇਸ ਤੋਂ ਬਾਅਦ ਇਹ ਖ਼ਬਰ ਪਿੰਡ ਭੂਸੇ ਦੇ ਸਰਦਾਰ ਬਘੇਲ ਸਿੰਘ ਤੇ ਅਮਰ ਸਿੰਘ ਤਕ ਪਹੁੰਚ ਗਈ ਜਿਸ ਤੇ ਦੋਹਾਂ ਨੇ ਹੱਲਾ ਬੋਲ ਕੇ ਸਾਹਬ ਰਾਏ ਦੀਆਂ ਘੋੜੀਆਂ ਖੋਹ ਲਈਆਂ ਅਤੇ ਘਰਿਆਲੇ ਦੇ ਸਰਦਾਰ ਲਖਮੀਰ ਸਿੰਘ ਨੂੰ ਦੇ ਦਿਤੀਆਂ। ਲਖਮੀਰ ਸਿੰਘ ਉਨ੍ਹਾਂ ਘੋੜੀਆਂ ਨੂੰ ਮਾਲਵੇ ਵਿਚ ਲੈ ਗਿਆ ਅਤੇ ਆਲਾ ਸਿੰਘ ਪਾਸ ਪਟਿਆਲੇ ਵੇਚ ਦਿਤੀਆਂ। ਜੋ ਰਕਮ ਅਤੇ ਰਸੀਦ ਮਿਲੀ ਉਹ ਤਾਰਾ ਸਿੰਘ ਦੇ ਲੰਗਰਾਂ ਵਿਚ ਪਾ ਦਿਤੀ।

ਉਧਰ ਘੋੜੀਆਂ ਲੈਣ ਲਈ ਚੌਧਰੀ ਸਾਹਬ ਰਾਏ ਨੇ ਵਾਂ ਵਿਖੇ ਤਾਰਾ ਸਿੰਘ ਦੇ ਵਾੜੇ ਤੇ ਹਮਲਾ ਕਰ ਦਿਤਾ ਪਰ ਸਰਦਾਰ ਬਘੇਲ ਸਿੰਘ ਉਸ ਦੇ ਦਸਤੇ ਨਾਲ ਭਿੜ ਪਿਆ ਅਤੇ ਪੰਜਾਹ ਦੇ ਪੰਜਾਹ ਸਵਾਰ ਹੀ ਬਘੇਲ ਸਿੰਘ ਨੇ ਢਾਹ ਲਏ ਪਰ ਭੱਜ ਰਹੇ ਇਕ ਪਿਆਦੇ ਨੇ ਬਘੇਲ ਸਿੰਘ ਨੂੰ ਗੋਲੀ ਮਾਰ ਦਿਤੀ ਤੇ ਬਘੇਲ ਸਿੰਘ ਸ਼ਹੀਦੀ ਪਾ ਗਿਆ ਤੇ ਫ਼ੌਜਦਾਰ ਭੱਜ ਗਿਆ ਜਿਸ ਨੇ ਜ਼ਕਰੀਆ ਖ਼ਾਨ ਪਾਸ ਜਾ ਕੇ ਸਿੰਘਾਂ ਦੀ ਸ਼ਿਕਾਇਤ ਕੀਤੀ।

ਜ਼ਕਰੀਆ ਖ਼ਾਨ ਨੂੰ ਸੁਣ ਕੇ ਬੜਾ ਗੁੱਸਾ ਆਇਆ ਤੇ ਉਸ ਨੇ ਸਿੱਖਾਂ ਦੀ ਤਾਕਤ ਨੂੰ ਦਬਾਉਣ ਲਈ ਅਪਣੇ ਪ੍ਰਸਿੱਧ ਜਰਨੈਲ ਮੋਮਨ ਖ਼ਾਨ ਨੂੰ 2200 ਘੁੜਸਵਾਰ, 40 ਜੰਬੂਰੇ, 4 ਰਹਕਲੇ ਤੇ ਪੰਜ ਹਾਥੀ ਦੇ ਕੇ ਤਾਰਾ ਸਿੰਘ ਨੂੰ ਫੜਨ ਲਈ ਭੇਜਿਆ ਤੇ ਸਿੱਖਾਂ ਵਿਰੁਧ ਜੇਹਾਦ ਦਾ ਐਲਾਨ ਕਰ ਕੇ ਜੇਹਾਦ ਦਾ ਝੰਡਾ ਲਾਹੌਰ ਦੇ ਦਿੱਲੀ ਦਰਵਾਜ਼ੇ ਲਗਾ ਦਿਤਾ। ਅਪਣੀ ਫ਼ੌਜ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਉਹ ਵਾਂ ਪਿੰਡ ਵਲ ਚੱਲ ਪਿਆ। ਸਿੰਘ ਵੀ ਖ਼ਤਰਾ ਜਾਣਦੇ ਸਨ ਤੇ ਪੂਰੀ ਤਿਆਰੀ ਵਿਚ ਸਨ ਪਰ ਬਹੁਤੇ ਸਿੰਘ ਮਾਲਵੇ ਵਲ ਚਲੇ ਗਏ ਅਤੇ ਭਾਈ ਸਾਹਿਬ ਨਾਲ ਕੇਵਲ 18 ਸਿੰਘ ਹੀ ਰਹਿ ਗਏ।

ਉਨ੍ਹਾਂ ਨੇ ਵਾਂ ਪਿੰਡ ਵਿਚ ਇਕ ਥੰਮ੍ਹ ਗੱਡ ਦਿਤਾ ਅਤੇ ਬਕਰੇ ਦੀ ਖੱਲ ਨੂੰ ਮੜ੍ਹ ਕੇ ਇਕ ਨਗਾਰਾ ਵੀ ਬਣਾ ਲਿਆ ਤਾਕਿ ਦੂਰ ਤਕ ਸਿੱਖਾਂ ਨੂੰ ਸੂਚਿਤ ਕੀਤਾ ਜਾ ਸਕੇ। ਜਦੋਂ ਮੋਮਨ ਖ਼ਾਨ ਨੇ ਪਿੰਡ ਨੂੰ ਘੇਰ ਲਿਆ ਤਾਂ ਫ਼ੌਜਾਂ ਨੂੰ ਲਾਗੇ ਆਉਂਦਾ ਵੇਖ ਬੁਲਾਕਾ ਸਿੰਘ ਨੇ ਵੀ ਅੱਗੇ ਵੱਧ ਕੇ ਤੀਰਾਂ ਦੀ ਵਾਛੜ ਕਰ ਸ਼ੁਰੂ ਕਰ ਦਿਤੀ। ਸਿੰਘਾਂ ਪਾਸ ਕੋਈ ਬੰਦੂਕ ਨਹੀਂ ਸੀ ਇਸ ਕਰ ਕੇ ਉਨ੍ਹਾਂ ਨੇ ਹਲਟ ਦੀਆਂ ਟਿੰਡਾਂ ਵਿਚ ਬਰੂਦ ਭਰ ਕੇ ਦੁਸ਼ਮਣ ਉਤੇ ਸੁਟਣਾ ਸ਼ੁਰੂ ਕਰ ਦਿਤਾ ਜਿਸ ਦੇ ਧਮਾਕੇ ਨਾਲ ਦੁਸ਼ਮਣ ਫ਼ੌਜਾਂ ਵਿਚ ਤਰਥੱਲੀ ਮੱਚ ਜਾਂਦੀ।

ਤਾਰਾ ਸਿੰਘ ਨੇ ਨਿਸ਼ਾਨਾ ਵਿਨ੍ਹ ਕੇ ਤਕੀਯਾ ਖ਼ਾਨ ਦੇ ਨੰਗੇ ਮੂੰਹ ਤੇ ਨੇਜ਼ਾ ਮਾਰਿਆ ਜਿਸ ਨਾਲ ਉਹ ਪਿੱਛੇ ਭੱਜ ਗਿਆ ਪਰ ਮੋਮਨ ਖ਼ਾਨ ਘੋੜਾ ਭਜਾ ਕੇ ਅੱਗੇ ਆਇਆ ਜਿਸ ਨੂੰ ਸਿੰਘਾਂ ਨੇ ਪਛਾੜ ਦਿਤਾ ਤਾਂ ਉਸ ਨੇ ਹਾਥੀ ਅੱਗੇ ਵਧਾਏ। ਭਾਈ ਭੀਮ ਸਿੰਘ ਨੇ ਇਕ ਹਾਥੀ ਨੂੰ ਰੋਕ ਕੇ ਉਸ ਦਾ ਕੰਨ ਫੜ ਸੁੰਡ ਦੇ ਆਸਰੇ ਉਪਰ ਚੜ੍ਹ ਮਹਾਵਤ ਨੂੰ ਮਾਰ ਦਿਤਾ ਤੇ ਹਾਥੀ ਨੂੰ ਪਿੱਛੇ ਵਲ ਭਜਾ ਦਿਤਾ ਅਤੇ ਆਪ ਉਤੋਂ ਦੀ ਛਾਲ ਮਾਰ ਗਿਆ।

ਜਦੋਂ ਮੋਮਨ ਖ਼ਾਨ ਨੇ ਵੇਖਿਆ ਕਿ ਤੱਕੀਯਾ ਖ਼ਾਨ ਤਾਂ ਪਿੱਛੇ ਹੱਟ ਗਿਆ ਹੈ ਤਾਂ ਉਸ ਨੇ ਵੱਡੀ ਸੈਨਾ ਲੈ ਕੇ ਆਪ ਸਿੰਘਾਂ ਉਤੇ ਹਮਲਾ ਕਰ ਦਿਤਾ ਪਰ ਸਿੰਘਾਂ ਦੇ ਜੋਸ਼ ਨੇ ਫਿਰ ਉਸ ਨੂੰ ਪਸਤ ਕਰ ਦਿਤਾ। ਅਗਲੇ ਦਿਨ ਫਿਰ ਲੜਾਈ ਸ਼ੁਰੂ ਹੋਈ ਤਾਂ ਗਿਣਤੀ ਦੇ ਹੀ ਕੁੱਝ ਸਿੰਘ ਬਚੇ ਸਨ ਤਾਂ ਜਦੋਂ ਉਨ੍ਹਾਂ ਨੇ ਵੀ ਸ਼ਹੀਦੀਆਂ ਪਾ ਲਈਆਂ ਤਾਂ ਅਪਣੀ ਥੋੜੀ ਬਚੀ ਫ਼ੌਜ ਨੂੰ ਲੈ ਕੇ ਜਿੱਤ ਦੀ ਖ਼ੁਸ਼ੀ ਵਿਚ ਮੋਮਨ ਖ਼ਾਨ ਲਾਹੌਰ ਪਹੁੰਚਿਆ। ਪਰ 21 ਸਿੰਘਾਂ ਨੇ ਉਸ ਨੂੰ ਦੱਸ ਦਿਤਾ ਕਿ ਸੂਰਮੇ ਕਿਸ ਨੂੰ ਆਖਦੇ ਹਨ।  

ਸੰਪਰਕ : 98764-52223
ਬਹਾਦਰ ਸਿੰਘ ਗੋਸਲ