ਬੀਤੇ ਸਾਲ ਅਕਾਲੀ ਦਲ ਭੁੰਜੇ ਲੱਥਾ, ਕਾਂਗਰਸ ਸਥਿਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਜਾਬ ਉਤੇ 25 ਸਾਲ ਹਕੂਮਤ ਕਰਨ ਦੇ ਦਾਅਵੇ ਕਰਨ ਵਾਲਾ ਅਕਾਲੀ ਦਲ ਇਸ ਕਦਰ ਭੁੰਜੇ ਲੱਥ ਚੁੱਕਾ ਹੈ..........

Amarinder Singh, Arvind Kejriwal, Parkash Singh Badal

ਪੰਜਾਬ ਉਤੇ 25 ਸਾਲ ਹਕੂਮਤ ਕਰਨ ਦੇ ਦਾਅਵੇ ਕਰਨ ਵਾਲਾ ਅਕਾਲੀ ਦਲ ਇਸ ਕਦਰ ਭੁੰਜੇ ਲੱਥ ਚੁੱਕਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤਾਂ ਚੁੱਪ ਕਰ ਕੇ ਘਰੇ ਬੈਠ ਗਏ ਹਨ ਜਦ ਕਿ ਸੁਖਬੀਰ ਬਾਦਲ ਵੀ ਇਹੀ ਸੋਚਣ ਲੱਗਾ ਹੈ ਕਿ ਲੋਕ ਮਨਾਂ ਵਿਚ ਅਕਾਲੀਆਂ ਪ੍ਰਤੀ ਜੋ ਗੁੱਸਾ ਉਮੜਿਆ ਹੈ, ਉਸ ਨੂੰ ਠੱਲ੍ਹ ਪਾਉਣ ਲਈ ਜੇ ਕਿਸੇ ਨੂੰ ਅਕਾਲੀ ਦਲ ਦਾ ਐਕਟਿੰਗ ਪ੍ਰਧਾਨ ਬਣਾ ਲਿਆ ਜਾਵੇ ਤਾਂ ਸ਼ਾਇਦ ਵਿਗੜੀ ਮੁੜ ਬਣ ਸਕਦੀ ਹੈ। ਅਸਲ ਵਿਚ ਅਕਾਲੀ ਦਲ ਦੇ 98 ਸਾਲਾਂ ਦੇ ਇਤਿਹਾਸ ਵਿਚ ਕਦੇ ਵੀ ਏਨੀ ਬੇਕਦਰੀ ਨਹੀਂ ਹੋਈ ਜਿੰਨੀ ਪਿਛਲੇ ਦੋ ਚਾਰ ਸਾਲਾਂ ਵਿਚ ਹੋਈ ਹੈ।

ਅਸਲੀਅਤ ਚ ਅਕਾਲੀ ਦਲ ਦੇ ਨਿਘਾਰ ਦਾ ਮੁੱਢ ਉਸ ਦਿਨ ਹੀ ਬੱਝ ਗਿਆ ਸੀ ਜਿਸ ਦਿਨ ਸੁਖਬੀਰ ਬਾਦਲ ਨੇ ਅਕਾਲੀ ਦਲ ਦੀ ਪ੍ਰਧਾਨਗੀ ਸੰਭਾਲੀ ਸੀ। ਪਹਿਲੇ ਦਿਨੋਂ ਹੀ ਪੰਜਾਬ ਦੇ ਖ਼ਾਲੀ ਖਜ਼ਾਨੇ ਨੇ ਇਸ ਨੂੰ ਅੱਗੇ ਤੁਰਨ ਹੀ ਨਹੀਂ ਦਿਤਾ। ਇਹ ਭਾਵੇਂ ਕਿੰਨੇ ਹੀ ਦਾਅਵੇ ਕਰੇ ਕਿ ਇਸ ਨੇ ਲੋਕਾਂ ਨਾਲ ਕੀਤੇ ਬਹੁਤੇ ਚੋਣ ਵਾਅਦੇ ਪੂਰੇ ਕਰ ਦਿਤੇ ਹਨ ਪਰ ਸੱਚ ਕਿਸੇ ਤੋਂ ਵੀ ਛੁਪਿਆ ਹੋਇਆ ਨਹੀਂ। ਕੈਪਟਨ ਅਮਰਿੰਦਰ ਸਿੰਘ ਸਿਵਲ ਸਕੱਤਰੇਤ ਵਾਲੇ ਅਪਣੇ ਦਫ਼ਤਰ ਹੀ ਕਦੇ-ਕਦੇ ਜਾਂਦੇ ਹਨ। ਕਹਿੰਦੇ ਹਨ ਘਰ ਵਾਲਾ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ। ਇਹੀ ਗੱਲ ਦੂਜੇ ਮੰਤਰੀਆਂ ਤੇ ਅਫ਼ਸਰਾਂ ਦੀ ਹੈ। ਪੈਸੇ ਪੱਖੋਂ ਸੱਭ ਯੋਜਨਾਵਾਂ ਰੁਕੀਆਂ ਹੋਈਆਂ ਹਨ।

ਐਲਾਨ ਭਾਵੇਂ ਅਜੇ ਵੀ ਹੋ ਰਹੇ ਹਨ ਪਰ ਉਨ੍ਹਾਂ ਉਤੇ ਅਮਲ ਕੋਈ ਨਹੀਂ। ਪਾਰਟੀ ਦੀਆਂ ਸਿਆਸੀ ਗਤੀਵਿਧੀਆਂ ਵੀ ਬਸ ਉਨੀਆਂ ਕੁ ਹੀ ਹਨ ਜਿੰਨੀਆਂ ਕੁ ਜ਼ਰੂਰੀ ਹਨ। ਲੋਕਾਂ ਨੂੰ ਵਿਖਾਉਣ ਲਈ ਰੁਜ਼ਗਾਰ ਮੇਲੇ ਲੱਗ ਰਹੇ ਹਨ। ਵੈਸੇ ਹਾਲ ਆਮ ਆਦਮੀ ਪਾਰਟੀ ਦਾ ਵੀ ਚੰਗਾ ਨਹੀਂ। ਮੋਟੇ ਤੌਰ ਉਤੇ ਇਹ ਦਿੱਲੀ ਤੇ ਪੰਜਾਬ ਦੇ ਦੋ ਧੜਿਆਂ ਵਿਚ ਵੰਡੀ ਪਈ ਹੈ। ਇਕ ਦੀ ਵਾਗਡੌਰ ਹਰਪਾਲ ਚੀਮੇ ਹੱਥ ਹੈ ਤੇ ਦੂਜੇ ਦੀ ਸੁਖਪਾਲ ਖਹਿਰੇ ਹੱਥ। ਇਸ ਪਾਰਟੀ ਤੋਂ ਪੰਜਾਬ ਦੇ ਲੋਕਾਂ ਨੂੰ ਬੜੀਆਂ ਆਸਾਂ ਬਝੀਆਂ ਸਨ ਪਰ ਇਸ ਦੀ ਆਪਸੀ ਲੜਾਈ ਕਾਰਨ ਸੱਭ ਕੁੱਝ ਧੂੜ ਘੱਟੇ ਵਿਚ ਰੁਲ ਗਿਆ ਹੈ।

ਜਦੋਂ ਤੁਸੀ ਇਹ ਸਤਰਾਂ ਪੜ੍ਹ ਰਹੋ ਹੋਵੋਗੇ, ਉਸ ਵੇਲੇ ਤਕ 2018 ਦੇ ਸੂਰਜ ਦੀਆਂ ਕਿਰਨਾਂ ਪੱਛਮ ਦੀ ਗੁੱਠੇ ਸਮਾ ਕੇ ਨਵੇਂ ਦਿਨ ਸ਼ੁਰੂ ਹੋ ਚੁੱਕੇ ਹੋਣਗੇ। ਇਸ ਦੌਰਾਨ ਜ਼ਿੰਦਗੀ ਦੇ ਹਰ ਖੇਤਰ ਵਿਚ ਬਹੁਤ ਕੌੜੀਆਂ ਮਿਠੀਆਂ ਯਾਦਾਂ ਵਾਪਰੀਆਂ ਹਨ। ਇਥੇ ਸਿਰਫ਼ ਪੰਜਾਬ ਦੀ ਸਿਆਸੀ ਭੋਇਂ ਦਾ ਹੀ ਜ਼ਿਕਰ ਕੀਤਾ ਜਾਵੇਗਾ। ਇਕ ਗੱਲ ਤਾਂ ਸਪੱਸ਼ਟ ਹੈ ਕਿ ਪੰਜਾਬ ਦੀ ਜਿਸ ਧਰਤੀ ਉਤੇ ਲੰਮੇ ਸਮੇਂ ਤੋਂ ਕਾਂਗਰਸ ਤੇ ਅਕਾਲੀ ਦਲ ਦਾ ਦਬਦਬਾ ਸੀ, ਉਥੇ ਪਿਛਲੇ ਕੁੱਝ ਸਾਲਾਂ ਤੋਂ ਆਮ ਆਦਮੀ ਪਾਰਟੀ ਵੀ ਅਪਣੀ ਦਸਤਕ ਦੇ ਗਈ। ਬੀਤੇ ਸਾਲ ਦੇ ਲੇਖੇ ਜੋਖੇ ਪੱਖੋਂ ਜੇ ਇਨ੍ਹਾਂ ਤਿੰਨਾਂ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਵੇਖੀ ਜਾਵੇ ਤਾਂ ਕਾਫ਼ੀ ਨਿਰਾਸ਼ਾ ਪੱਲੇ ਪੈਂਦੀ ਹੈ।

ਕੁੱਲ ਮਿਲਾ ਕੇ ਇਹ ਵਰ੍ਹਾ ਇਨ੍ਹਾਂ ਤਿੰਨਾਂ ਸਿਆਸੀ ਧਿਰਾਂ ਨੇ ਇਕ ਦੂਜੇ ਨੂੰ ਤਾਹਨੇ-ਮਿਹਣੇ ਦਿੰਦਿਆਂ ਕੱਟ ਲਿਆ ਹੈ ਤੇ ਲੋਕਾਂ ਦੇ ਮੁੱਦਿਆਂ ਵਲ ਰੱਤੀ ਭਰ ਵੀ ਧਿਆਨ ਨਹੀਂ ਦਿਤਾ। ਪੰਜਾਬ ਉਤੇ 25 ਸਾਲ ਹਕੂਮਤ ਕਰਨ ਦੇ ਦਾਅਵੇ ਕਰਨ ਵਾਲਾ ਅਕਾਲੀ ਦਲ  ਇਸ ਕਦਰ ਭੁੰਜੇ ਲੱਥ ਚੁੱਕਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤਾਂ ਚੁੱਪ ਕਰ ਕੇ ਘਰੇ ਬੈਠ ਗਏ ਹਨ, ਜਦ ਕਿ ਸੁਖਬੀਰ ਬਾਦਲ ਵੀ ਇਹ ਸੋਚਣ ਲੱਗਾ ਹੈ ਕਿ ਲੋਕ ਮਨਾਂ ਵਿਚ ਅਕਾਲੀਆਂ ਪ੍ਰਤੀ ਜੋ ਗੁੱਸਾ ਉਮੜਿਆ ਹੈ, ਉਸ ਨੂੰ ਠੱਲ੍ਹ ਪਾਉਣ ਲਈ ਜੇ ਕਿਸੇ ਨੂੰ ਅਕਾਲੀ ਦਲ ਦਾ ਐਕਟਿੰਗ ਪ੍ਰਧਾਨ ਬਣਾ ਲਿਆ ਜਾਵੇ ਤਾਂ ਸ਼ਾਇਦ ਵਿਗੜੀ ਮੁੜ ਬਣ ਸਕਦੀ ਹੈ।

ਅਸਲ ਵਿਚ ਅਕਾਲੀ ਦਲ ਦੇ 98 ਸਾਲਾਂ ਦੇ ਇਤਿਹਾਸ ਵਿਚ ਕਦੇ ਵੀ ਏਨੀ ਬੇਕਦਰੀ ਨਹੀਂ ਹੋਈ ਜਿੰਨੀ ਪਿਛਲੇ ਦੋ ਚਾਰ ਸਾਲਾਂ ਵਿਚ ਹੋਈ ਹੈ। ਅਸਲੀਅਤ ਵਿਚ ਅਕਾਲੀ ਦਲ ਦੇ ਨਿਘਾਰ ਦਾ ਮੁੱਢ ਉਸ ਦਿਨ ਹੀ ਬੱਝ ਗਿਆ ਸੀ ਜਿਸ ਦਿਨ ਸੁਖਬੀਰ ਬਾਦਲ ਨੇ ਅਕਾਲੀ ਦਲ ਦੀ ਪ੍ਰਧਾਨਗੀ ਸੰਭਾਲੀ ਸੀ। ਉਸੇ ਨੇ ਕੀ ਬਾਦਲ ਸਰਕਾਰ, ਕੀ ਅਕਾਲੀ ਦਲ, ਕੀ ਸ਼੍ਰੋਮਣੀ ਗੁਰਦਾਵਾਰਾ ਪ੍ਰਬੰਧਕ ਕਮੇਟੀ ਤੇ ਕੀ ਅਕਾਲ ਤਖ਼ਤ ਨੂੰ, ਇਕ ਸੀ.ਈ.ਓ ਵਾਂਗ ਚਲਾਉਣਾ ਸ਼ੁਰੂ ਕਰ ਦਿਤਾ ਜਿਸ ਨੂੰ ਬਹੁਤ, ਖ਼ਾਸ ਕਰ ਕੇ ਟਕਸਾਲੀ ਲੀਡਰ ਪਸੰਦ ਨਹੀਂ ਸਨ ਕਰਦੇ।

ਇਹ ਸ਼ਾਇਦ ਇਸ ਲਈ ਕਿ ਸੁਖਬੀਰ ਨੇ ਪਾਰਟੀ ਦੇ ਲੋਕਰਾਜੀ ਸਿਧਾਂਤ ਦੀ ਆਪਸੀ ਸਲਾਹ ਮਸ਼ਵਰੇ ਦੀ ਪਰੰਪਰਾ ਹੀ ਖੂਹ ਖਾਤੇ ਪਾ ਦਿਤੀ ਸੀ। ਇਧਰੋਂ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਾਹਮਣੇ ਆਈ ਅਤੇ ਉਧਰੋਂ ਅਕਾਲੀ ਦਲ ਦੇ ਗੱਲ ਇਸ ਦਾ ਫੰਦਾ ਕਸਿਆ ਜਾਣ ਲੱਗਾ। ਪੰਜਾਬ ਵਿਧਾਨ ਸਭਾ ਵਿਚ ਰਿਪੋਰਟ ਉਤੇ ਬਹਿਸ ਤੋਂ ਭੱਜ ਜਾਣ ਉਤੇ ਲਗਪਗ ਸਾਰੀ ਲੀਡਰਸ਼ਿਪ ਤਿਲਮਿਲਾਈ ਤੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਗੁੱਸਾ ਪ੍ਰਗਟ ਕਰ ਦਿਤਾ।

ਮਗਰੇ ਹੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੇ ਵੀ ਅਸਤੀਫ਼ੇ ਦੇ ਦਿਤੇ ਅਤੇ ਅਪਣਾ ਵਖਰਾ ਅਕਾਲੀ ਦਲ ਬਣਾ ਲਿਆ। ਇਹ ਦੋਹਾਂ ਬਾਦਲਾਂ ਲਈ ਵੱਡਾ ਧੱਕਾ ਸੀ ਤੇ ਉਨ੍ਹਾਂ ਨੂੰ ਇਸ ਦੀ ਆਸ ਵੀ ਨਹੀਂ ਸੀ। ਹਾਲਾਂਕਿ ਬਾਦਲਾਂ ਨੇ ਬਾਕੀ ਰਹਿੰਦੀ ਅਕਾਲੀ ਲੀਡਰਸ਼ਿਪ ਨਾਲ ਅਕਾਲ ਤਖ਼ਤ ਸਾਹਿਬ ਉਤੇ ਪਿਛਲੇ ਦਸਾਂ ਵਰ੍ਹਿਆਂ ਦੀਆਂ ਗ਼ਲਤੀਆਂ ਲਈ ਭੁੱਲ ਬਖ਼ਸ਼ਾ ਕੇ ਜੋੜਿਆਂ ਦੀ ਸੇਵਾ ਵੀ ਕੀਤੀ ਤੇ ਲੰਗਰ ਦੀ ਵੀ। ਬਾਦਲ ਪ੍ਰਵਾਰ ਤੇ ਕੁੱਝ ਨਜ਼ਦੀਕੀ ਭਲੇ ਹੀ ਅਪਣੇ ਆਪ ਨੂੰ ਇਸ ਤੋਂ ਸੁਰਖ਼ਰੂ ਹੋਏ ਸਮਝਣ ਪਰ ਲੋਕਾਂ ਨੇ ਉਨ੍ਹਾਂ ਨੂੰ ਸੱਚੇ ਮਨੋ ਅਜੇ ਵੀ ਮਾਫ਼ ਨਹੀਂ ਕੀਤਾ।

ਅੱਜ ਇਹ ਪਾਰਟੀ ਅਪਣਾ ਵਜੂਦ ਕਾਇਮ ਰੱਖਣ ਲਈ ਅੱਕੀਂ ਪਲਾਹੀਂ ਹੱਥ ਮਾਰ ਰਹੀ ਹੈ ਹਾਲਾਂਕਿ ਉਸ ਨੂੰ ਲੋਕਾਂ ਦੇ ਚਲੰਤ ਮੁੱਦੇ ਚੁਕਣੇ ਚਾਹੀਦੇ ਹਨ, ਜੋ ਉਹ ਨਹੀਂ ਚੁੱਕ ਰਹੀ। ਦੂਜੇ ਪਾਸੇ ਕਾਂਗਰਸ ਸੂਬੇ ਦੀ ਸੱਤਾਧਾਰੀ ਧਿਰ ਹੈ ਅਤੇ ਆਮ ਆਦਮੀ ਪਾਰਟੀ ਵੱਡੀ ਵਿਰੋਧੀ ਧਿਰ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦੂਜੀ ਵਿਰੋਧੀ ਧਿਰ ਹੈ। ਸਵਾਲ ਜਿਥੇ ਕਾਂਗਰਸ ਦਾ ਹੈ ਜਾਂ ਇਸ ਦੀ ਸਰਕਾਰ ਦਾ, ਸਮਝੋ ਰਿੜ੍ਹ ਹੀ ਰਹੀ ਹੈ। ਤੇਜ਼ ਚਲ ਨਹੀਂ ਰਹੀ। ਪਹਿਲੇ ਦਿਨੋਂ ਹੀ ਪੰਜਾਬ ਦੇ ਖ਼ਾਲੀ ਖ਼ਜ਼ਾਨੇ ਨੇ ਇਸ ਨੂੰ ਅੱਗੇ ਤੁਰਨ ਹੀ ਨਹੀਂ ਦਿਤਾ।

ਇਹ ਭਾਵੇਂ ਕਿੰਨੇ ਹੀ ਦਾਅਵੇ ਕਰੇ ਕਿ ਇਸ ਨੇ ਲੋਕਾਂ ਨਾਲ ਕੀਤੇ ਬਹੁਤੇ ਚੋਣ ਵਾਅਦੇ ਪੂਰੇ ਕਰ ਦਿਤੇ ਹਨ ਪਰ ਸੱਚ ਕਿਸੇ ਤੋਂ ਵੀ ਛੁਪਿਆ ਹੋਇਆ ਨਹੀਂ। ਕੈਪਟਨ ਅਮਰਿੰਦਰ ਸਿੰਘ ਸਿਵਲ ਸਕੱਤਰੇਤ ਵਾਲੇ ਅਪਣੇ ਦਫ਼ਤਰ ਹੀ ਕਦੇ-ਕਦੇ ਜਾਂਦੇ ਹਨ। ਕਹਿੰਦੇ ਹਨ ਘਰ ਵਾਲਾ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ, ਇਹੀ ਗੱਲ ਦੂਜੇ ਮੰਤਰੀਆਂ ਤੇ ਅਫ਼ਸਰਾਂ ਦੀ ਹੈ। ਪੈਸੇ ਪੱਖੋਂ ਸੱਭ ਯੋਜਨਾਵਾਂ ਰੁਕੀਆਂ ਹੋਈਆਂ ਹਨ। ਐਲਾਨ ਭਾਵੇਂ ਅਜੇ ਵੀ ਹੋ ਰਹੇ ਹਨ ਪਰ ਉਨ੍ਹਾਂ ਉਤੇ ਅਮਲ ਕੋਈ ਨਹੀਂ। ਪਾਰਟੀ ਦੀਆਂ ਸਿਆਸੀ ਗਤੀਵਿਧੀਆਂ ਵੀ ਬਸ ਉਨੀਆਂ ਕੁ ਹੀ ਹਨ ਜਿੰਨੀਆਂ ਕੁ ਜ਼ਰੂਰੀ ਹਨ। ਲੋਕਾਂ ਨੂੰ ਵਿਖਾਉਣ ਲਈ ਰੁਜ਼ਗਾਰ ਮੇਲੇ ਲੱਗ ਰਹੇ ਹਨ।

ਸਨਅਤਾਂ ਦੀ ਸਥਾਪਨਾ ਤੇ ਮੁੜ ਸਥਾਪਨਾ ਲਈ ਦਾਅਵੇ ਕੀਤੇ ਜਾ ਰਹੇ ਹਨ। ਸੱਚ ਕੀ ਹੈ, ਉਹ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ। ਫਿਲਹਾਲ ਹਰ ਪੱਧਰ ਉਤੇ ਵੱਡੀ ਬਿਆਨਬਾਜ਼ੀ ਜਾਰੀ ਹੈ। ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਫ਼ਿਲਹਾਲ ਇਹ ਨਹੀਂ ਕਿਹਾ ਕਿ ਹੁਣ ਤਕ ਅਸੀ ਇਹ ਕਰ ਦਿਤਾ ਹੈ। ਕੁੱਲ ਮਿਲਾ ਕੇ ਪਾਰਟੀ ਵਲੋਂ ਇਕ ਪਾਸੇ ਅਕਾਲੀ ਦਲ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨਾਲ ਹਰ ਵੇਲੇ ਸਿੰਗ ਫਸਾਈ ਰੱਖਣ ਵਾਲੀ ਲੜਾਈ ਜਾਰੀ ਹੈ ਜਿਸ ਦਾ ਲੋਕਾਂ ਨੂੰ ਕੀ ਫ਼ਾਇਦਾ ਹੈ? ਲੋਕਾਂ ਉਤੇ ਬਿਜਲੀ, ਟਰਾਂਸਪੋਰਟ, ਪਾਣੀ ਤੇ ਹੋਰ ਨਿੱਤ ਨਵੇਂ ਟੈਕਸ ਲੱਗ ਰਹੇ ਹਨ ਤੇ ਮੁਲਾਜ਼ਮ ਹਨ ਕਿ ਉਨ੍ਹਾਂ ਨੂੰ ਕਦੇ ਵੇਲੇ ਸਿਰ ਤਨਖ਼ਾਹ ਨਹੀਂ ਮਿਲਦੀ।

ਪਿਛਲੇ ਸਾਲਾਂ ਦਾ ਡੀ ਏ ਵੀ ਨਹੀਂ ਮਿਲਿਆ ਪਰ ਵਿਧਾਇਕ ਅਪਣੀਆਂ ਤਨਖ਼ਾਹਾਂ ਤੇ ਭੱਤੇ ਤਿੰਨ ਗੁਣਾਂ ਵਧਾਉਣ ਲਈ ਪੱਬਾਂ ਭਾਰ ਹੋਏ ਬੈਠੇ ਹਨ। ਦੋ ਸਾਲ ਹੋ ਗਏ, ਨਾ ਨਸ਼ੇ ਬੰਦ ਹੋਏ ਅਤੇ ਨਾ ਨੌਜੁਆਨਾਂ ਨੂੰ ਸਮਾਰਟ ਫ਼ੋਨ ਮਿਲੇ। ਕਿਸਾਨਾਂ ਦੀ ਕਰਜ਼ਾ ਮਾਫ਼ੀ ਹੱਲ ਨਹੀਂ, ਇਹ ਤਾਂ ਸਗੋਂ ਲੋਕਾਂ ਉਤੇ ਬੋਝ ਹੈ। ਵੈਸੇ ਹਾਲ ਆਮ ਆਦਮੀ ਪਾਰਟੀ ਦਾ ਵੀ ਚੰਗਾ ਨਹੀਂ। ਮੋਟੇ ਤੌਰ ਉਤੇ ਇਹ ਦਿੱਲੀ ਤੇ ਪੰਜਾਬ ਦੇ ਦੋ ਧੜਿਆਂ ਵਿਚ ਵੰਡੀ ਪਈ ਹੈ। ਇਕ ਦੀ ਵਾਗਡੌਰ ਹਰਪਾਲ ਚੀਮੇ ਹੱਥ ਹੈ ਤੇ ਦੂਜੇ ਦੀ ਸੁਖਪਾਲ ਖਹਿਰੇ ਹੱਥ। ਇਸ ਪਾਰਟੀ ਤੋਂ ਪੰਜਾਬ ਦੇ ਲੋਕਾਂ ਨੂੰ ਬੜੀਆਂ ਆਸਾਂ ਬਝੀਆਂ ਸਨ

ਪਰ ਇਸ ਦੀ ਆਪਸੀ ਲੜਾਈ ਕਾਰਨ ਸੱਭ ਕੁੱਝ ਧੂੜ ਘਟੇ ਵਿਚ ਰੁਲ ਗਿਆ ਹੈ। ਇਹ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਹੀ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਸੂਬੇ ਵਿਚ ਸਰਕਾਰਾਂ ਹੀ ਉਹ ਆ ਰਹੀਆਂ ਹਨ ਜੋ ਲੋਕ ਮੁੱਦਿਆਂ ਪ੍ਰਤੀ ਧੇਲਾ ਭਰ ਵੀ ਚਿੰਤਤ ਨਹੀਂ। ਸਿਆਸਤ ਵਿਚ ਉਤਰਨ ਵਾਲੇ ਸਰਪੰਚ ਤੋਂ ਲੈ ਕੇ ਐਮ.ਐਲ.ਏ, ਮੰਤਰੀ, ਮੁੱਖ ਮੰਤਰੀ, ਐਮ ਪੀ ਤੇ ਹੋਰ ਅਹੁਦਿਆਂ ਤੇ ਬੈਠੇ ਨੇਤਾ ਸਾਲਾਂ ਵਿਚ ਹੀ ਵੱਡੀਆਂ ਜਾਇਦਾਦਾਂ ਦਾ ਮਾਲਕ ਬਣ ਜਾਂਦਾ ਹੈ। ਜਨਤਾ ਦਾ ਸੇਵਕ ਬਣ ਕੇ ਲੋਕਾਂ ਦੀਆਂ ਵੋਟਾਂ ਲੈਣ ਵਾਲਾ ਨੇਤਾ ਥੋੜੇ ਚਿਰ ਪਿਛੋਂ ਉਨ੍ਹਾਂ ਦੇ ਦੁੱਖ ਦਰਦ ਭੁੱਲ ਜਾਂਦਾ ਹੈ। ਅੱਜ ਸੂਬੇ ਵਿਚ ਕਿਹੜੀ ਸੇਵਾ ਹੈ ਜਿਸ ਉਤੇ ਮਾਣ ਕੀਤਾ ਜਾ ਸਕੇ?

ਸਿਹਤ ਤੇ ਸਿਖਿਆ ਕਿਥੇ ਖੜੀ ਹੈ? ਸਰਕਾਰ ਦਾ ਕੀ ਹਾਲ ਹੈ? ਪੰਜਾਬ ਦਾ ਘਟੋ ਘੱਟ 50 ਲੱਖ ਨੌਜੁਆਨ ਬੇਰੁਜ਼ਗਾਰ ਹੈ। ਪੰਜਾਬ ਵਿਚ ਨਸ਼ਿਆਂ ਦੇ ਫੈਲਾਅ ਦਾ ਇਕ ਵੱਡਾ ਕਾਰਨ ਬੇਰੁਜ਼ਗਾਰੀ ਹੀ ਹੈ। ਕੈਪਟਨ ਨੇ ਹਰ ਘਰ ਇਕ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਕੀ ਉਹ ਵਾਅਦਾ ਪੂਰਾ ਹੋ ਗਿਆ ਹੈ? ਹਰ ਛੋਟੇ ਮੋਟੇ ਦਫ਼ਤਰ ਵਿਚ ਸੈਂਕੜਿਆਂ ਦੇ ਹਿਸਾਬ ਨਾਲ ਆਸਾਮੀਆਂ ਖ਼ਾਲੀ ਹਨ ਪਰ ਭਰੀਆਂ ਨਹੀਂ ਜਾ ਰਹੀਆਂ। ਖਾਲੀ ਥਾਵਾਂ ਦਾ ਬੋਝ ਦੂਜੇ ਮੁਲਾਜ਼ਮਾਂ ਉਤੇ ਪੈ ਰਿਹਾ ਹੈ। ਯੂਰਪੀ ਦੇਸ਼ਾਂ ਵਾਂਗ ਅਸੀ ਵੀ ਕੰਪਿਊਟਰ ਤੋਂ ਕੰਮ ਲੈਣ ਲੱਗੇ ਹਾਂ। ਇਹ ਚੰਗੀ ਗੱਲ ਹੈ ਪਰ ਜ਼ਰਾ ਇਹ ਤਾਂ ਸੋਚੋ ਕਿ ਇਨ੍ਹਾਂ ਕੰਪਿਊਟਰਾਂ ਨੂੰ ਚਲਾਉਣ ਵਾਲੇ ਕੌਣ ਹਨ?

ਉਹ ਤਾਂ ਅਪਣੇ ਹੀ ਸੌੜੀ ਮਾਨਸਿਕਤਾ ਵਾਲੇ ਹਨ। ਛੋਟੇ-ਛੋਟੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਨਿੱਤ ਗੇੜੇ ਲੱਗਣ ਦੀਆਂ ਆਏ ਦਿਨ ਕਈ ਰਿਪੋਰਟਾਂ ਸਾਹਮਣੇ ਆਉਂਦੀਆਂ ਹਨ। ਪੰਜਾਬ ਦੀ ਖੇਤੀ ਘਾਟੇ ਵਾਲੀ ਬਣ ਗਈ ਹੈ। ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ। ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਲਗਭਗ ਡਿੱਗਣ ਕਿਨਾਰੇ ਹਨ। ਮੁਲਾਜ਼ਮਾਂ, ਮਜ਼ਦੂਰਾਂ ਤੇ ਕਿਰਤੀਆਂ ਨੂੰ ਦੋ ਡੰਗ ਦੀ ਰੋਟੀ ਖਾਣੀ ਔਖੀ ਹੋ ਰਹੀ ਹੈ। ਮਹਿੰਗਾਈ ਹੈ ਕਿ ਨਿੱਤ ਵੱਧ ਰਹੀ ਹੈ। ਇਹ ਅਤੇ ਇਹੋ ਜਿਹੀਆਂ ਹੋਰ ਕਈ ਸਮੱਸਿਆਵਾਂ ਹਨ ਜਿਨ੍ਹਾਂ ਨਾਲ ਲੋਕ ਦੋ ਚਾਰ ਹੋ ਰਹੇ ਹਨ

ਪਰ ਆਫਰੀਨ ਇਨ੍ਹਾਂ ਸਿਆਸੀ ਪਾਰਟੀਆਂ ਦੇ ਜੋ ਆਪਸੀ ਲੜਾਈ ਵਿਚ ਹੀ ਹਰ ਵੇਲੇ ਉਲਝੀਆਂ ਰਹਿੰਦੀਆਂ ਹਨ। ਇਨ੍ਹਾਂ ਨੇ ਕਦੀ ਇਨ੍ਹਾਂ ਮੁਸ਼ਕਲਾਂ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਵਿਉਂਤਾਂ ਨਹੀਂ ਘੜੀਆਂ, ਸਗੋਂ ਅਪਣੇ ਸਿਆਸੀ ਮੰਤਵਾਂ ਲਈ ਇਨ੍ਹਾਂ ਨੂੰ ਹੋਰ ਵਰਤਿਆ ਜਾਂਦਾ ਹੈ। ਮਿਸਾਲ ਵਜੋਂ ਕਿਸਾਨ ਦਾ ਕਰਜ਼ਾ ਮਾਫ਼ ਕਰਨਾ ਜਾਂ ਹੋਰ ਵੱਖ-ਵੱਖ ਤਰ੍ਹਾਂ ਦੀਆਂ ਸਬਸਿਡੀਆਂ ਦੇਣੀਆਂ ਤੇ ਖਾਸ ਤੌਰ ਉਤੇ ਲੋੜਵੰਦਾਂ ਨੂੰ ਅਣਦੇਖਿਆ ਕਰ ਕੇ ਉਨ੍ਹਾਂ ਦੇ ਪੱਲੇ ਪਾ ਦੇਣੀਆਂ, ਜਿਨ੍ਹਾਂ ਨੂੰ ਇਨ੍ਹਾਂ ਦੀ ਜ਼ਰੂਰਤ ਹੀ ਨਹੀਂ। ਇਹ ਤਾਂ ਸਿੱਧਾ ਸਰਕਾਰੀ ਖਜ਼ਾਨੇ ਉਤੇ ਬੋਝ ਹੈ ਤੇ ਸਰਕਾਰੀ ਖ਼ਜ਼ਾਨੇ ਵਿਚ ਪੈਸਾ ਕਿਥੋਂ ਆਉਂਦਾ ਹੈ?

ਸਪੱਸ਼ਟ ਹੈ ਲੋਕਾਂ ਤੋਂ ਲਏ ਗਏ ਟੈਕਸਾਂ ਕਾਰਨ। ਕੀ ਇਹ ਵਾਜਬ ਨਹੀਂ ਕਿ ਸਰਕਾਰਾਂ ਜੋ ਕਿਸਾਨੀ ਕਰਜ਼ੇ ਮਾਫ਼ ਕਰਦੀਆਂ ਹਨ ਜਾਂ ਬੇਲੋੜੀਆਂ ਸਬਸਿਡੀਆਂ ਦੇਂਦੀਆਂ ਹਨ, ਉਹ ਪਾਰਟੀ ਫ਼ੰਡਾਂ ਵਿਚੋਂ ਦਿਤੀਆਂ ਜਾਣ, ਲੋਕਾਂ ਵਲੋਂ ਇਕਠੇ ਕੀਤੇ ਟੈਕਸਾਂ ਵਿਚੋਂ ਕਿਉਂ? ਲੋਕਾਂ ਵਲੋਂ ਟੈਕਸ ਦੇ ਕੇ ਭਰਿਆ ਜਾਣ ਵਾਲਾ ਖ਼ਜ਼ਾਨਾ ਅਪਣੇ ਸਿਆਸੀ ਹਿਤਾਂ ਦੀ ਪੂਰਤੀ ਖ਼ਾਤਰ ਇਉਂ ਲੁਟਾ ਦੇਣਾ ਕਿਧਰ ਦੀ ਸਿਆਣਪ ਹੈ?

ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬ ਅੱਜ ਦੋ ਲੱਖ ਵੀਹ ਹਜ਼ਾਰ ਕਰੋੜ ਰੁਪਏ ਦਾ ਕਰਜ਼ਾਈ ਹੈ। ਇਸ ਹਿਸਾਬ ਨਾਲ ਤਾਂ ਪੰਜਾਬ ਦਾ ਸ਼ਾਇਦ ਹੀ ਕੋਈ ਬਾਸ਼ਿੰਦਾ ਹੋਵੇ, ਜੋ ਕਰਜ਼ਾਈ ਨਾ ਹੋਵੇ। ਬੀਤੇ ਸਾਲ ਤਾਂ ਸਾਡੇ ਸਿਰ ਦੱਬ ਕੇ ਕਰਜ਼ਾ ਚੜ੍ਹਿਆ। ਕੀ ਆਸ ਰਖੀਏ ਕਿ ਸੱਭ ਸਿਆਸੀ ਧਿਰਾਂ ਰਲ ਮਿਲ ਕੇ ਕਰਜ਼ੇ ਤੋਂ ਬਚਣ/ਬਚਾਉਣ ਦੇ ਯਤਨ ਕਰਨ ਨਾ ਕਿ ਬਿਆਨਬਾਜ਼ੀ ਰਾਹੀਂ ਖ਼ੁਦ ਤਮਾਸ਼ਾ ਵੇਖਣ ਤੇ ਦੂਜਿਆਂ ਨੂੰ ਵਿਖਾਉਣ।

ਸ਼ੰਗਾਰਾ ਸਿੰਘ ਭੁੱਲਰ
ਸੰਪਰਕ : 98141-22870