ਲੋਹੜੀ ਤੋਂ ਅਗਲੇ ਦਿਨ 'ਮਾਘ' ਮਹੀਨੇ ਨਾਲ ਹੁੰਦੀ ਹੈ ਇੱਕ ਨਵੀਂ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦੇਸ਼ ਭਰ 'ਚ ਵੱਖ-ਵੱਖ ਨਾਵਾਂ ਨਾਲ ਮਨਾਇਆ ਜਾਂਦਾ ਹੈ ਇਹ ਤਿਉਹਾਰ 

Representational Image

ਮੋਹਾਲੀ : ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਤਿਉਹਾਰਾਂ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਸਾਲ ਦਾ ਪਹਿਲਾ ਤਿਉਹਾਰ ਕੁਝ ਹੀ ਦਿਨਾਂ 'ਚ ਆਉਣ ਵਾਲਾ ਹੈ। ਅਜਿਹੇ 'ਚ ਹਰ ਕੋਈ ਮਕਰ ਸੰਕ੍ਰਾਂਤੀ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਹੈ। ਇਸ ਤਿਉਹਾਰ ਦੇ ਸਬੰਧ ਵਿੱਚ ਇੱਕ ਮਾਨਤਾ ਹੈ ਕਿ ਜਦੋਂ ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਇਸ ਨੂੰ 'ਸੰਕ੍ਰਾਂਤੀ' ਕਿਹਾ ਜਾਂਦਾ ਹੈ। ਲੋਕ ਇਸ ਤਿਉਹਾਰ ਨੂੰ ਵੱਖ-ਵੱਖ ਤਰੀਕਿਆਂ ਨਾਲ ਮਨਾਉਂਦੇ ਹਨ। ਇਸ ਨੂੰ ਮਨਾਉਣ ਦੇ ਤਰੀਕਿਆਂ ਦੇ ਨਾਲ-ਨਾਲ ਵੱਖ-ਵੱਖ ਰਿਵਾਇਤਾਂ ਅਨੁਸਾਰ ਅਤੇ ਸੂਬਿਆਂ ਵਿੱਚ ਇਸ ਦਾ ਨਾਮ ਵੀ ਵੱਖਰਾ ਹੈ। ਕਈ ਥਾਵਾਂ 'ਤੇ ਮਕਰ ਸੰਕ੍ਰਾਂਤੀ ਦੇ ਨਾਂ ਨਾਲ ਜਾਣੇ ਜਾਂਦੇ ਇਸ ਤਿਉਹਾਰ ਨੂੰ ਕਈ ਸੂਬਿਆਂ ਵਿਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਵੱਖ-ਵੱਖ ਰਾਜਾਂ ਵਿੱਚ ਮਕਰ ਸੰਕ੍ਰਾਂਤੀ ਦਾ ਤਿਉਹਾਰ ਕਿਸ ਨਾਂ ਨਾਲ ਮਸ਼ਹੂਰ ਹੈ-

ਪੰਜਾਬ ਵਿਚ ਮਾਘੀ

ਮਕਰ ਸੰਕ੍ਰਾਂਤੀ ਨੂੰ ਪੰਜਾਬ ਵਿੱਚ ਲੋਹੜੀ ਵੀ ਕਿਹਾ ਜਾਂਦਾ ਹੈ। ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਣ ਵਾਲਾ ਇਹ ਤਿਉਹਾਰ ਪੰਜਾਬੀਆਂ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਨੂੰ ਸਿੱਖਾਂ ਦਾ ਨਵਾਂ ਸਾਲ ਵੀ ਮੰਨਿਆ ਜਾਂਦਾ ਹੈ। ਮਕਰ ਸੰਕ੍ਰਾਂਤੀ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਮਾਘੀ ਵੀ ਕਿਹਾ ਜਾਂਦਾ ਹੈ। ਪੋਹ ਦੇ ਮਹੀਨੇ ਨਾਲ ਸਾਲ ਦਾ ਅੰਤ ਹੁੰਦਾ ਹੈ ਅਤੇ ਮਾਘ ਦੇ ਮਹੀਨੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਪੰਜਾਬ ਵਿਚ ਇਹ ਰਿਵਾਜ਼ ਵੀ ਪ੍ਰਚਲਿਤ ਹੈ ਕਿ ਪੋਹ ਦੇ ਆਖਰੀ ਦਿਨ ਰਾਤ ਨੂੰ ਚੌਲਾਂ ਅਤੇ ਮਾਂਹ ਦੀ ਖਿਚੜੀ ਰਿੰਨ੍ਹੀ ਜਾਂਦੀ ਹੈ ਜੋ ਅਗਲੀ ਸਵੇਰ ਯਾਨੀ ਮਾਘ ਦੇ ਪਹਿਲੇ ਦਿਨ ਤੜਕੇ ਖਾਧੀ ਜਾਂਦੀ ਹੈ। ਪੁਰਾਣੇ ਸਮੇਂ ਤੋਂ ਚਲਦੀ ਆ ਰਹੀ ਰਿਵਾਇਤ ਅਨੁਸਾਰ ਨਾਲ ਇਹ ਵੀ ਕਿਹਾ ਜਾਂਦਾ ਹੈ 'ਪੋਹ ਰਿੱਧੀ, ਮਾਘ ਖਾਧੀ'।

ਕੀਤੀ ਜਾਂਦੀ ਹੈ ਪਤੰਗਬਾਜ਼ੀ 
ਲੋਹੜੀ ਦੇ ਤਿਉਹਾਰ ਨੂੰ ਵੱਖ-ਵੱਖ ਰੂਪਾਂ ਵਿਚ ਮਨਾਇਆ ਜਾਂਦਾ ਹੈ। ਇਸ ਮੌਕੇ ਗੁੜ ਦੇ ਪਕਵਾਨ ਬਣਾਏ ਜਾਂਦੇ ਹਨ ਅਤੇ ਮੂੰਗਫਲੀ ਅਤੇ ਗੱਚਕ ਖਾਸ ਖਾਣੇ ਹੁੰਦੇ ਹਨ। ਬੱਚਿਆਂ ਤੋਂ ਲੈ ਕੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਹੁੰਦਾ ਹੈ। ਪੰਜਾਬ ਦੇ ਮਾਲਵਾ ਇਲਾਕੇ ਵਿਚ ਮਿਊਜ਼ਿਕ ਸਿਸਟਮ ਲਗਾ ਕੇ ਪਤੰਗਬਾਜ਼ੀ ਕੀਤੀ ਜਾਂਦੀ ਹੈ।

ਉੱਤਰ ਪ੍ਰਦੇਸ਼ ਵਿੱਚ ਮਕਰ ਸੰਕ੍ਰਾਂਤੀ

ਉੱਤਰ ਪ੍ਰਦੇਸ਼ ਸਮੇਤ ਦੇਸ਼ ਵਿਚ ਕਈ ਥਾਵਾਂ 'ਤੇ ਇਸ ਤਿਉਹਾਰ ਨੂੰ ਮਕਰ ਸੰਕ੍ਰਾਂਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹਾਲਾਂਕਿ, ਯੂਪੀ ਦੇ ਕੁਝ ਹਿੱਸਿਆਂ ਵਿੱਚ ਇਸ ਤਿਉਹਾਰ ਨੂੰ ਖਿਚੜੀ ਵੀ ਕਿਹਾ ਜਾਂਦਾ ਹੈ। ਦਰਅਸਲ, ਮਕਰ ਸੰਕ੍ਰਾਂਤੀ ਵਾਲੇ ਦਿਨ ਉੜਦ ਦੀ ਦਾਲ ਅਤੇ ਚੌਲਾਂ ਦਾ ਦਲੀਆ ਬਣਾਉਣ ਦਾ ਰਿਵਾਜ ਹੈ। ਇਹੀ ਕਾਰਨ ਹੈ ਕਿ ਕਈ ਥਾਵਾਂ 'ਤੇ ਇਹ ਤਿਉਹਾਰ 'ਖਿਚੜੀ' ਨਾਮ ਨਾਲ ਮਸ਼ਹੂਰ ਹੈ। ਇਸ ਦਿਨ ਖਿਚੜੀ ਦੇ ਨਾਲ-ਨਾਲ ਤਿਲ ਦੇ ਲੱਡੂ ਦਾ ਵੀ ਬਹੁਤ ਮਹੱਤਵ ਹੈ।

ਰਾਜਸਥਾਨ ਅਤੇ ਗੁਜਰਾਤ ਵਿੱਚ ਉੱਤਰਾਯਣ

ਮਕਰ ਸੰਕ੍ਰਾਂਤੀ ਨੂੰ ਰਾਜਸਥਾਨ ਅਤੇ ਗੁਜਰਾਤ ਵਿੱਚ ਉੱਤਰਾਯਨ ਵਜੋਂ ਜਾਣਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਮਕਰ ਸੰਕ੍ਰਾਂਤੀ 'ਤੇ, ਸੂਰਜ ਦੱਖਣਯਨ ​​ਤੋਂ ਉੱਤਰਾਯਨ ਵੱਲ ਮੁੜਦਾ ਹੈ। ਇਸ ਕਾਰਨ ਇਸ ਤਿਉਹਾਰ ਨੂੰ ਕਈ ਥਾਵਾਂ 'ਤੇ ਉੱਤਰਾਯਨ ਵੀ ਕਿਹਾ ਜਾਂਦਾ ਹੈ। ਇਸ ਦੌਰਾਨ ਇੱਥੇ ਪਤੰਗ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ। ਇੱਥੇ ਮਕਰ ਸੰਕ੍ਰਾਂਤੀ ਦਾ ਤਿਉਹਾਰ ਦੋ ਦਿਨ ਮਨਾਇਆ ਜਾਂਦਾ ਹੈ।

ਤਾਮਿਲਨਾਡੂ ਵਿੱਚ ਪੋਂਗਲ
ਮਕਰ ਸੰਕ੍ਰਾਂਤੀ ਨੂੰ ਤਾਮਿਲਨਾਡੂ ਵਿੱਚ ਪੋਂਗਲ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਇੱਥੇ ਪੋਂਗਲ ਚਾਰ ਦਿਨਾਂ ਦਾ ਤਿਉਹਾਰ ਹੈ। ਇਸ ਤਹਿਤ ਪਹਿਲੇ ਦਿਨ ਭੋਗੀ ਪੋਂਗਲ, ਦੂਜੇ ਦਿਨ ਸੂਰਿਆ ਪੋਂਗਲ, ਤੀਜੇ ਦਿਨ ਮੱਟੂ ਪੋਂਗਲ ਅਤੇ ਚੌਥੇ ਦਿਨ ਕੰਨਿਆ ਪੋਂਗਲ ਮਨਾਇਆ ਜਾਂਦਾ ਹੈ। ਇਸ ਦੌਰਾਨ ਇੱਥੇ ਚੌਲਾਂ ਦੇ ਪਕਵਾਨ ਪਕਾਏ ਜਾਂਦੇ ਹਨ।