ਚਿੱਠੀਆਂ : ਕੋਰੋਨਾ ਕਹਿਰ ਅੱਗੇ ਵਿਗਿਆਨ ਵੀ ਹੋਇਆ ਬੌਣਾ
ਅਮਰੀਕਾ ਵਿਗਿਆਨਕ ਤਰੱਕੀ ਦਾ ਅਪਣੇ ਆਪ ਨੂੰ ਅਲੰਬਰਦਾਰ ਸਮਝਦਾ ਹੈ।
ਅਮਰੀਕਾ ਵਿਗਿਆਨਕ ਤਰੱਕੀ ਦਾ ਅਪਣੇ ਆਪ ਨੂੰ ਅਲੰਬਰਦਾਰ ਸਮਝਦਾ ਹੈ। ਉਸ ਨੂੰ ਭਰਮ ਹੈ ਕਿ ਉਸ ਵਲੋਂ ਬਣਾਈਆਂ ਤੋਪਾਂ ਤੇ ਟੈਂਕ ਕਿਸੇ ਵੀ ਵਕਤ ਕਿਸੇ ਵੀ ਦੇਸ਼ ਨੂੰ ਖ਼ਤਰਾ ਖੜਾ ਕਰ ਸਕਦੇ ਹਨ। ਉਸ ਦੀ ਤਾਕਤ ਦਾ ਲੋਹਾ ਦੁਨੀਆਂ ਮੰਨਦੀ ਵੀ ਹੈ। ਵਿਕਾਸਸ਼ੀਲ ਦੇਸ਼ ਅਮਰੀਕਾ ਤੋਂ ਪੈਸਾ ਉਧਾਰ ਲੈ ਕੇ ਅਪਣਾ ਕੰਮ ਚਲਾਉਂਦੇ ਹਨ। ਤੇਲ ਦੀ ਸਪਲਾਈ ਵਿਚ ਜੇਕਰ ਅਮਰੀਕਾ ਕਿਸੇ ਨਾਲ ਰੁਸ ਜਾਵੇ ਤਾਂ ਸਮਝੋ ਉਸ ਦੇਸ਼ ਦਾ ਪਹੀਆ ਜਾਮ ਹੋ ਜਾਵੇਗਾ।
ਤਕਰੀਬਨ ਤਿੰਨ ਦਹਾਕੇ ਪਹਿਲਾਂ ਇਸ ਵੱਡੇ ਵਿਕਾਸਸ਼ੀਲ ਦੇਸ਼ ਨੇ ਇਕ ਅਰਬ ਦੇਸ਼ ਦੇ ਤੇਲ ਦੇ ਖੂਹਾਂ ਉਤੇ ਕਬਜ਼ਾ ਕਰ ਲਿਆ ਸੀ। ਅਜਿਹੇ ਧੱਕੜ ਕੰੰਮ ਇਹ ਦੇਸ਼ ਪਹਿਲਾਂ ਤੋਂ ਹੀ ਕਰਦਾ ਆ ਰਿਹਾ ਹੈ। ਗੱਲ ਕਰ ਰਹੇ ਸੀ ਅਮਰੀਕਾ ਦੀ ਰਾਜਸੀ, ਤਕਨੀਕੀ, ਫ਼ੌਜੀ ਤੇ ਸਿਹਤ ਦੇ ਖੇਤਰਾਂ ਵਿਚ ਕਾਬਲੀਅਤ ਦੀ। ਇਨ੍ਹਾਂ ਖੇਤਰਾਂ ਵਿਚ ਇਸ ਮੁਲਕ ਦਾ ਸਿੱਕਾ ਚਲਦੈ ਪਰ ਕੋਰੋਨਾ ਰੂਪੀ ਬੀਮਾਰੀ ਨੇ ਇਸ ਮੁਲਕ ਨੂੰ ਪੁੱਠਾ ਗੇੜਾ ਦੇ ਦਿਤਾ, ਜੋ ਹੁਣ ਇਸ ਦੇ ਕਾਬੂ ਆਉਂਦਾ ਨਹੀਂ ਦਿਸਦਾ। ਸਿਆਣੇ ਕਹਿੰਦੇ ਹਨ ਕਿ ਕਈ ਵਾਰੀ ਕਿਸੇ ਛੋਟੇ ਬੰਦੇ ਦੀ ਕਹੀ ਗੱਲ ਵੀ ਮਤਲਬ ਦੀ ਹੁੰਦੀ ਹੈ ਤੇ ਮੰਨ ਲੈਣੀ ਚਾਹੀਦੀ ਹੈ।
ਜਦੋਂ ਚੀਨ ਤੇ ਇਟਲੀ ਤੋਂ ਬਾਅਦ ਕੋਰੋਨਾ ਨੇ ਅਮਰੀਕਾ ਵਿਚ ਦਸਤਕ ਦਿਤੀ ਤਾਂ ਅਮਰੀਕਾ ਦਾ ਰਾਸ਼ਟਰਪਤੀ ਅਪਣੇ ਮੁਲਕ ਨੂੰ ਕਰਫ਼ਿਊ ਵਰਗੀ ਸਥਿਤੀ ਵਿਚ ਪਾਉਣਾ ਨਾ ਮੰਨਿਆ। ਕਹਿੰਦਾ ਅਮਰੀਕਾ ਕਦੇ ਰੁਕਿਆ ਨਹੀਂ ਪਰ ਹੁਣ ਉੱਥੇ ਕਾਫ਼ੀ ਵੱਡੇ ਪੱਧਰ ਉਤੇ ਕੋਰੋਨਾ ਰੂਪੀ ਬਿਮਾਰੀ ਫੈਲ ਚੁੱਕੀ ਹੈ ਤੇ ਲੱਖਾਂ ਲੋਕ ਇਸ ਦੀ ਗ੍ਰਿਫ਼ਤ ਵਿਚ ਹਨ ਪਰ ਹੁਣ ਗੱਲ ਵੱਸ ਤੋਂ ਬਾਹਰ ਹੈ।
ਅਮਰੀਕਾ ਵਿਚ ਹਸਪਤਾਲਾਂ ਦੇ ਹਸਪਤਾਲ ਬੀਮਾਰਾਂ ਨਾਲ ਭਰ ਗਏ ਹਨ। ਸਿਹਤ ਸਹੂਲਤਾਂ ਦੀਆਂ ਚੂਲਾਂ ਹਿੱਲ ਗਈਆਂ ਹਨ ਤੇ ਇਸ ਵਕਤ ਇਥੇ ਸਥਿਤੀ ਕਾਫ਼ੀ ਚਿੰਤਾਜਨਕ ਹੈ। ਚੀਨ, ਇਟਲੀ, ਅਮਰੀਕਾ, ਕੈਨੇਡਾ, ਅਸਟਰੇਲੀਆ ਵਰਗੇ ਦੇਸ਼ਾਂ ਦੇ ਸਿਹਤ ਵਿਗਿਆਨੀਆਂ ਦਾ ਕੋਰੋਨਾ ਬਿਮਾਰੀ ਦਾ ਇਲਾਜ ਲੱਭਣ ਲਈ ਟਿੱਲ ਲੱਗ ਚੁੱਕੈ ਪਰ ਅਜੇ ਵੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ।
ਪੇਟ ਵਿਚ ਪਲ ਰਿਹਾ ਬੱਚਾ ਮੁੰਡਾ ਹੈ ਜਾਂ ਕੁੜੀ ਦੱਸਣ ਵਾਲਾ ਵਿਗਿਆਨ ਕੋਰੋਨਾ ਵਾਇਰਸ ਅੱਗੇ ਬੇਵਸ ਨਜ਼ਰ ਆ ਰਿਹੈ। ਇਸ ਬਿਮਾਰੀ ਦੁਆਰਾ ਲੋਕਾਂ ਨੂੰ ਅਪਣੀ ਲਪੇਟ ਵਿਚ ਲੈਂਦਿਆਂ ਤਕਰੀਬਨ ਦੋ ਢਾਈ ਮਹੀਨੇ ਹੋ ਚੁੱਕੇ ਹਨ ਪਰ ਹੁਣ ਤਕ ਕੋਰੋਨਾ ਦਾ ਕੋਈ ਇਲਾਜ ਨਾ ਲੱਭਣਾ ਸਿਹਤ ਵਿਗਿਆਨ ਨੂੰ ਚਿੜਾਉਣ ਵਾਲੀ ਗੱਲ ਲਗਦੀ ਹੈ।
ਦੁਨੀਆਂ ਨੂੰ ਟੈਂਕਾਂ, ਤੋਪਾਂ ਤੇ ਮਿਜ਼ਾਈਲਾਂ ਨਾਲ ਡਰਾਉਣ ਵਾਲੇ ਦੇਸ਼ਾਂ ਦਾ ਹਾਲ ਇਸ ਸਮੇਂ ਬੇਹਦ ਮਾੜਾ ਹੈ। ਉਨ੍ਹਾਂ ਕੋਲ ਅਸਲਾ ਹੈ ਪਰ ਇਸ ਬੀਮਾਰੀ ਦਾ ਇਲਾਜ ਨਾ ਹੋਣ ਕਾਰਨ ਉਨ੍ਹਾਂ ਦੇ ਨਾਗਰਿਕਾਂ ਦੀ ਜਾਨ ਨੂੰ ਖ਼ਤਰਾ ਹੈ। ਕੋਰੋਨਾ ਕਾਰਨ ਦੇਸ਼ ਦੀ ਆਰਥਿਕਤਾ ਦਾ ਹੋਇਆ ਬੂਰਾ ਹਾਲ ਵੇਖ ਕੇ ਜਰਮਨ ਦੇਸ਼ ਦਾ ਇਕ ਵੱਡਾ ਮੰਤਰੀ ਖ਼ੁਦਕੁਸ਼ੀ ਵੀ ਕਰ ਚੁਕਿਐ।
ਰੱਬ ਦੀ ਤਾਕਤ ਨੂੰ ਵੰਗਾਰਣ ਵਾਲਾ ਵਿਗਿਆਨ ਅਜਿਹੀਆਂ ਸਥਿਤੀਆਂ ਵਿਚ ਤਕਰੀਬਨ ਫੇਲ੍ਹ ਹੀ ਹੁੰਦਾ ਆਇਆ ਹੈ। ਇਥੇ ਇਸ ਤਰ੍ਹਾਂ ਲਗਦਾ ਹੈ ਜਦੋਂ ਤਕ ਵਿਗਿਆਨੀ ਇਸ ਮਰਜ਼ ਦਾ ਇਲਾਜ ਲੱਭਣਗੇ ਪਰ ਤਦ ਤਕ ਕਾਫ਼ੀ ਦੇਰ ਹੋ ਚੁੱਕੀ ਹੋਵੇਗੀ। ਖ਼ੈਰ ਪ੍ਰਮਾਤਮਾ ਕ੍ਰਿਪਾ ਕਰਨ ਤਾਕਿ ਬੇਕਸੂਰ ਲੋਕ ਮੌਤ ਦੇ ਮੂੰਹ ਜਾਣੋਂ ਬੱਚ ਸਕਣ।
-ਪ੍ਰੋ. ਧਰਮਜੀਤ ਮਾਨ, ਸੰਪਰਕ : 94784-60084