ਕੋਰੋਨਾ ਫੈਲਾਉਣ ਲਈ ਸਿਰਫ਼ ਪ੍ਰਵਾਸੀ ਪੰਜਾਬੀਆਂ ਨੂੰ ਹੀ ਕੀਤਾ ਜਾ ਰਿਹੈ ਬਦਨਾਮ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕੋਰੋਨਾ ਜਦਕਿ ਪਿਛਲੇ ਦੋ ਮਹੀਨਿਆਂ ਦੌਰਾਨ ਹੋਰ ਸੂਬਿਆਂ ਵਿਚ ਵਿਦੇਸ਼ੋਂ ਭਾਰਤ ਪਰਤੇ 14 ਲੱਖ 7 ਹਜ਼ਾਰ ਪ੍ਰਵਾਸੀ

File Photo

ਇਕ ਪਾਸੇ ਸੰਸਾਰ ਕੋਰੋਨਾ ਨਾਂ ਦੀ ਮਹਾਂਮਾਰੀ ਤੋਂ ਚਿੰਤਤ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਸਾਰੀ ਕਾਇਨਾਤ ਉਦਾਸ ਨਜ਼ਰ ਆਉਂਦੀ ਹੈ। ਸਾਰੀ ਦੁਨੀਆਂ ਇਸ ਮਹਾਂਮਾਰੀ ਤੋਂ ਅਪਣੇ-ਅਪਣੇ ਮੁਲਕ ਨੂੰ ਬਚਾਉਣ ਲਈ ਇਮਾਨਦਾਰੀ ਨਾਲ ਕੰਮ ਕਰਦੀ ਵਿਖਾਈ ਦੇ ਰਹੀ ਹੈ। ਜੇਕਰ ਸਰਕਾਰਾਂ ਨੇ ਤਾਲਾਬੰਦੀ ਕੀਤੀ ਹੈ ਤਾਂ ਉਹ ਬਕਾਇਦਾ ਢੰਗ ਨਾਲ ਬਿਨਾਂ ਕਿਸੇ ਅਣਮਨੁੱਖੀ ਸਖ਼ਤੀ ਦੇ ਕਾਨੂੰਨ ਦੇ ਡਰ ਨਾਲ ਲਾਗੂ ਕੀਤੇ ਹੋਏ ਹਨ। ਇਸ ਦਾ ਲੋਕਾਂ ਵਲੋਂ ਵੀ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਮਸਲਾ ਕਿਸੇ ਵੀ ਦੇਸ਼ ਦਾ ਨਿਜੀ ਨਹੀਂ ਰਿਹਾ ਬਲਕਿ ਹਰ ਕੋਈ ਸਾਵਧਾਨੀਆਂ ਵਰਤ ਕੇ ਬਚਣ ਦੇ ਯਤਨ ਵਿਚ ਹੈ।

ਇਸ ਦੁਖ ਦੀ ਘੜੀ ਵਿਚ ਪੂਰੀ ਦੁਨੀਆਂ ਦੇ ਦੇਸ਼ਾਂ ਦੀਆਂ ਸਰਕਾਰਾਂ ਅਪਣੇ ਨਾਗਰਿਕਾਂ ਲਈ ਫ਼ਿਕਰਮੰਦ ਹਨ। ਸਰਕਾਰ ਵਲੋਂ ਤਾਲਾਬੰਦੀ ਦੇ ਚਲਦੇ ਦਿਲ ਖੋਲ੍ਹ ਕੇ ਫ਼ੰਡ ਜਾਰੀ ਕੀਤੇ ਜਾ ਰਹੇ ਹਨ ਤਾਕਿ ਕੋਈ ਵੀ ਤਾਲਾਬੰਦੀ ਦੇ ਸਮੇਂ ਭੁੱਖਾ ਨਾ ਰਹੇ। ਸੱਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਦੀ ਸਿਹਤ ਨੂੰ ਧਿਆਨ ਵਿਚ ਰਖਦੇ ਹੋਏ ਸਿਹਤ ਸਹੂਲਤਾਂ ਨੂੰ ਬਰਕਰਾਰ ਰਖਿਆ ਹੋਇਆ ਹੈ। ਕਿਸੇ ਪਾਸੇ ਨਫ਼ਰਤ ਪਨਪਦੀ ਵਿਖਾਈ ਨਹੀਂ ਦੇ ਰਹੀ। ਕੈਨੇਡਾ, ਅਮਰੀਕਾ ਸਮੇਤ ਬਹੁਤ ਸਾਰੇ ਯੂਰਪ ਦੇ ਦੇਸ਼ ਹਨ ਜਿਨ੍ਹਾਂ ਵਿਚ ਚੀਨੀ ਲੋਕ ਵੱਡੀ ਗਿਣਤੀ ਵਿਚ ਵਸਦੇ ਹਨ।

ਪਰ ਕਿਸੇ ਵੀ ਮੁਲਕ ਦੇ ਨਾਗਰਿਕਾਂ ਨੇ ਸਿੱਧੇ ਤੌਰ ਉਤੇ ਚੀਨੀਆਂ ਨੂੰ ਇਸ ਮਹਾਂਮਾਰੀ ਲਈ ਜ਼ਿੰਮੇਵਾਰ ਕਹਿ ਕੇ ਜ਼ਲੀਲ ਨਹੀਂ ਕੀਤਾ ਜਦੋਂ ਕਿ ਸਾਰੀ ਦੁਨੀਆਂ ਵਿਚ ਹੀ ਇਹ ਵਾਇਰਸ ਚੀਨ ਤੋਂ ਪੈਦਾ ਹੋਣ ਜਾਂ ਦੂਜੇ ਦੇਸ਼ਾਂ ਤਕ ਪਹੁੰਚਾਉਣ ਲਈ ਚੀਨ ਬਦਨਾਮ ਵੀ ਹੋ ਚੁੱਕਾ ਹੈ। ਇਧਰ ਸਾਡਾ ਭਾਰਤ ਹੈ ਜਿਸ ਦਾ ਰੱਬ ਹੀ ਰਾਖਾ ਹੈ। ਇਥੇ ਇਸ ਮਹਾਂਮਾਰੀ ਨਾਲ ਨਜਿੱਠਣ ਦਾ ਢੰਡੋਰਾ ਸੱਭ ਤੋਂ ਵੱਧ ਪਿੱਟਿਆ ਜਾ ਰਿਹਾ ਹੈ ਪਰ ਜ਼ਮੀਨੀ ਪੱਧਰ ਉਤੇ ਹਾਲਾਤ ਇਹ ਹਨ ਕਿ ਨਾ ਹੀ ਸਰਕਾਰਾਂ ਸੁਹਿਰਦ ਹਨ ਤੇ ਨਾ ਹੀ ਭਾਰਤੀ ਲੋਕ ਇਸ ਬੀਮਾਰੀ ਨੂੰ ਕੋਈ ਬਹੁਤੀ ਗੰਭੀਰਤਾ ਨਾਲ ਲੈਂਦੀ ਵਿਖਾਈ ਦੇ ਰਹੇ ਹਨ।

ਜੇਕਰ ਕੇਂਦਰ ਸਰਕਾਰ ਦੀ ਗੱਲ ਕਰੀਏ  ਤਾਂ ਪਹਿਲੇ ਦਿਨ ਤੋਂ ਹੀ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਨੂੰ ਵਿਸ਼ਵ ਸਿਹਤ ਸੰਸਥਾ ਵਲੋਂ ਦਿਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਘਰਾਂ ਵਿਚ ਰਹਿਣ ਲਈ ਸਮਝਾ ਰਿਹਾ ਹੈ, ਮਹਾਂਮਾਰੀ ਦੇ ਮਾੜੇ ਪ੍ਰਭਾਵ ਨੂੰ ਬੇਅਸਰ ਕਰਨ ਲਈ ਆਪਸੀ ਸੰਪਰਕ ਤੋੜਨ ਲਈ ਕਹਿ ਰਿਹਾ ਰਿਹਾ ਹੈ। ਇਸੇ ਕਵਾਇਦ ਨੂੰ ਅੱਗੇ ਤੋਰਦਿਆਂ ਬੀਤੀ 22 ਮਾਰਚ ਨੂੰ ਪੂਰੇ ਭਾਰਤ ਅੰਦਰ ਇਕ ਦਿਨ ਦਾ ਜਨਤਕ ਕਰਫ਼ਿਊ ਲਗਾਉਣ ਦਾ ਹੁਕਮ ਦਿਤਾ ਸੀ ਤਾਕਿ ਆਪਸੀ ਸੰਪਰਕ ਤੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ।

ਪਰ ਉਸੇ ਦਿਨ ਹੀ ਸ਼ਾਮ ਦੇ ਪੰਜ ਵਜੇ ਸਿਹਤ ਸਹੂਲਤਾਂ ਦੇ ਰਹੇ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਕਾਮਿਆਂ ਦੀ ਹੌਸਲਾ ਅਫ਼ਜ਼ਾਈ ਲਈ ਭਾਰਤੀਆਂ ਨੂੰ ਤਾੜੀਆਂ-ਥਾਲੀਆਂ ਤੇ ਟੱਲੀਆਂ ਵਜਾਉਣ ਦਾ ਹੋਕਾ ਵੀ ਦੇ ਦਿੰਦਾ ਹੈ ਜਿਸ ਨੂੰ ਭਾਰਤੀਆਂ ਨੇ ਸਿਰ ਮੱਥੇ ਮੰਨਿਆ। ਦੇਸ਼ ਭਰ ਵਿਚੋਂ ਵੱਡੀ ਗਿਣਤੀ ਨਾਗਰਿਕਾਂ ਨੇ ਘਰਾਂ ਵਿਚੋਂ ਬਾਹਰ ਆ ਕੇ ਸੜਕਾਂ ਚੌਕਾਂ ਵਿਚ ਇਕੱਠੇ ਹੋ ਕੇ ਥਾਲੀਆਂ-ਟੱਲੀਆਂ ਵਜਾ ਕੇ ਭਾਰਤ ਦਾ ਦੁਨੀਆਂ ਪੱਧਰ ਉਤੇ ਜਲੂਸ ਕਢਿਆ। ਇਸ ਤੋਂ ਵੀ ਹੈਰਾਨ ਕਰਨ ਵਾਲੀ ਤੇ ਚਿੰਤਾ ਵਾਲੀ ਗੱਲ ਇਹ ਰਹੀ ਕਿ ਇਨ੍ਹਾਂ ਭੀੜਾਂ ਦੀ ਅਗਵਾਈ ਵੀ ਬਹੁਤ ਥਾਈਂ ਕੇਂਦਰ ਤੇ ਰਾਜ ਕਰਦੀ ਧਿਰ ਦੇ ਆਗੂ ਠੀਕ ਉਸ ਢੰਗ ਨਾਲ ਕਰ ਰਹੇ ਸਨ

ਜਿਸ ਤਰ੍ਹਾਂ ਕਦੇ ਦਿੱਲੀ ਵਿਚ ਸਿੱਖਾਂ ਦੇ ਕੀਤੇ ਜਾਣ ਵਾਲੇ ਕਤਲ-ਏ-ਆਮ ਸਮੇਂ ਉਸ ਮੌਕੇ ਰਾਜ ਕਰਦੀ ਧਿਰ ਦੇ ਆਗੂ ਕਰਦੇ ਵੇਖੇ ਗਏ ਸਨ ਤੇ ਜਿਸ ਤਰ੍ਹਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਹੋਣ ਵਾਲੇ ਫ਼ਿਰਕੂ ਦੰਗਿਆਂ ਵਿਚ ਮੌਜੂਦਾ ਰਾਜ ਕਰਦੀ ਧਿਰ ਦੇ ਆਗੂ ਭੀੜਾਂ ਦੀ ਅਗਵਾਈ ਕਰਦੇ ਵੇਖੇ ਗਏ ਹਨ। ਸੋ ਜੇਕਰ ਇਸ ਵਰਤਾਰੇ ਨੂੰ ਗਹਿਰਾਈ ਨਾਲ ਵਾਚਿਆ ਜਾਵੇ ਤਾਂ ਕਿਤੇ ਨਾ ਕਿਤੇ ਇਸ ਵਿਚ ਵੀ ਲੋਕਾਂ ਨੂੰ ਮੂਰਖ ਬਣਾ ਕੇ ਇਕ ਖ਼ਾਸ ਏਜੰਡੇ ਲਈ ਤਿਆਰ ਕੀਤਾ ਜਾ ਰਿਹਾ ਬਤੀਤ ਹੁੰਦਾ ਹੈ ਕਿਉਂਕਿ ਭਾਰਤ ਦੀ ਇਸ ਟੱਲੀਆਂ ਵਜਾਉਣ ਵਾਲੀ ਫ਼ਜ਼ੂਲ ਹਰਕਤ ਨਾਲ ਪੂਰੀ ਦੁਨੀਆਂ ਵਿਚ ਬਦਨਾਮੀ ਹੋਈ ਹੈ।

ਪਰ ਭਾਰਤੀ ਹਾਕਮਾਂ ਨੇ, ਜਿਹੜੇ ਕੋਰੋਨਾ ਦੀ ਦਹਿਸ਼ਤ ਦਾ ਸਾਇਆ ਭਾਰਤ ਉਤੇ ਵੀ ਬੁਰੀ ਤਰ੍ਹਾਂ ਮੰਡਰਾ ਰਹੇ ਹੋਣ ਦੀ ਦੁਹਾਈ ਵੀ ਦਿੰਦੇ ਰਹਿੰਦੇ ਹਨ, ਉਨ੍ਹਾਂ ਵਲੋਂ ਇਕ ਵਾਰ ਵੀ ਇਸ ਗ਼ਲਤੀ ਉਤੇ ਅਫ਼ਸੋਸ ਪ੍ਰਗਟ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਕਾਰਵਾਈ ਨੂੰ ਗ਼ਲਤੀ ਹੀ ਕਬੂਲਿਆ ਗਿਆ ਹੈ। ਇਸ ਬਦਨਾਮੀ ਦੀਆਂ ਅਜਿਹੀਆਂ ਵੀਡੀਉ ਵੀ ਸਾਹਮਣੇ ਆ ਰਹੀਆਂ ਸਨ ਜਿਸ ਵਿਚ ਖ਼ੁਦ ਪੁਲਿਸ ਵਾਲੇ ਭੀੜ ਦਾ ਸਾਥ ਦਿੰਦੇ ਤੇ ਖ਼ੁਦ ਸੰਖ ਵਜਾਉਂਦੇ ਵਿਖਾਈ ਦਿੰਦੇ ਹਨ। ਇਸ ਹਰਕਤ ਨਾਲ ਇਕ ਦਿਨ ਦੇ ਜਨਤਾ ਕਰਫ਼ਿਊ ਨੂੰ ਪੂਰੀ ਤਰ੍ਹਾਂ ਮਿੱਟੀ ਵਿਚ ਮਿਲਾ ਦਿਤਾ। ਜਦੋ ਵਿਸ਼ਵ ਸਿਹਤ ਸੰਸਥਾ (ਡਬਲਿਊਐਚਓ) ਸਮਾਜਕ ਫ਼ਾਸਲਾ  ਬਣਾਈ ਰੱਖਣ ਦੇ ਦਿਸ਼ਾ ਨਿਰਦੇਸ਼ ਦਿੰਦੀ ਸਪੱਸ਼ਟ ਆਖ ਰਹੀ ਹੈ

ਕਿ ਘੱਟੋ-ਘੱਟ ਆਪਸੀ ਦੂਰੀ ਇਕ ਮੀਟਰ ਜਾਂ ਤਿੰਨ ਫ਼ੁੱਟ ਹੋਣੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਤਾਂ ਉਸ ਮੌਕੇ ਭਾਰਤੀ ਜਨਤਾ ਵਿਸ਼ਵ ਸਿਹਤ ਸੰਸਥਾ ਦੇ ਨਿਰਦੇਸ਼ਾਂ ਦਾ ਸ਼ਰੇਆਮ ਸੜਕਾਂ, ਚੌਕਾਂ ਵਿਚ ਮਜ਼ਾਕ ਉਡਾਉਂਦੀ ਵੇਖੀ ਗਈ ਹੈ ਜਿਸ ਨੂੰ ਬਕਾਇਦਾ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਉਤਸ਼ਾਹਿਤ ਕੀਤਾ ਗਿਆ ਸੀ।
ਕੀ ਇਹ ਮਹਾਂਮਾਰੀ ਨੂੰ ਖ਼ੁਦ ਸੱਦਾ ਦੇਣ ਵਾਲਾ ਵਰਤਾਰਾ ਨਹੀਂ ਸੀ? ਕੀ ਇਸ ਵਰਤਾਰੇ ਤੋਂ ਇਹ ਸਪੱਸ਼ਟ ਨਹੀਂ ਹੁੰਦਾ ਕਿ ਭਾਰਤੀ ਤੰਤਰ ਜਿੰਨਾਂ ਅਪਣੇ ਫ਼ਿਰਕੂ ਏਜੰਡੇ ਪ੍ਰਤੀ ਗੰਭੀਰ ਹੈ, ਓਨਾ ਇਸ ਮਹਾਂਮਾਰੀ ਦੀ ਰੋਕਥਾਮ ਲਈ ਗੰਭੀਰ ਨਹੀਂ? ਇਨ੍ਹਾਂ ਸਵਾਲਾਂ ਉਤੇ ਹਰ ਭਾਰਤੀ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਬਣਦਾ ਹੈ ਤਾਕਿ ਇਸ ਮਹਾਂਮਾਰੀ ਦੇ ਕਰੋਪ ਦਾ ਲਾਹਾ ਲੈਣ ਦੀ ਤਾਕ ਵਿਚ ਬੈਠੇ ਫ਼ਿਰਕੂ ਲੋਕਾਂ ਨੂੰ ਬੇਪਰਦ ਕੀਤਾ ਜਾ ਸਕੇ।

ਇਹ ਯਕੀਨੀ ਬਣਾਉਣਾ ਪਵੇਗਾ ਕਿ ਅਪਣੀ ਤੇ ਅਪਣੇ ਪ੍ਰਵਾਰ ਦੀ ਸਿਹਤ ਨਾਲ ਸਮਝੌਤਾ ਕਰ ਕੇ ਕੋਈ ਅਜਿਹਾ ਕਦਮ ਪੁੱਟਣ ਤੋਂ ਪਹਿਲਾਂ ਇਕ ਵਾਰ ਨਹੀਂ, ਬਲਕਿ ਸੌ ਵਾਰ ਸੋਚਿਆ ਜਾਵੇ। ਹੁਣ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਇਥੇ ਵੀ ਸੱਭ ਅੱਛਾ ਨਹੀਂ ਹੈ। ਇਥੇ ਅਪਣੇ ਹੀ ਵਿਦੇਸ਼ੀ (ਪ੍ਰਵਾਸੀ) ਭਰਾਵਾਂ ਨੂੰ ਬਿਨਾਂ ਕੁੱਝ ਸੋਚੇ ਬਦਨਾਮ ਕਰਨ ਦੀ ਕਵਾਇਦ ਬੜੀ ਤੇਜ਼ੀ ਨਾਲ ਚਲਦੀ ਵਿਖਾਈ ਦੇ ਰਹੀ ਹੈ। ਭਾਰਤੀ ਮੀਡੀਆ ਜਾਣਬੁੱਝ ਕੇ ਪੰਜਾਬੀ ਪ੍ਰਵਾਸੀ ਭਰਾਵਾਂ ਨੂੰ ਹੀ ਨਿਸ਼ਾਨਾ ਬਣਾ ਕੇ ਪੰਜਾਬੀਆਂ ਵਿਚ ਅਪਣੇ ਭਰਾਵਾਂ ਪ੍ਰਤੀ ਨਫ਼ਰਤ ਸਿਰਜ ਕੇ ਦੋਫਾੜ ਕਰਨ ਦੀ ਪੂਰੀ ਵਾਹ ਲਗਾ ਰਿਹਾ ਹੈ

ਜਿਸ ਨੂੰ ਨਾ ਹੀ ਪੰਜਾਬ ਦੇ ਲੋਕਾਂ ਨੇ ਤੇ ਨਾ ਹੀ ਉਨ੍ਹਾਂ ਰਾਜਸੀ ਪਾਰਟੀਆਂ ਨੇ ਜਿਨ੍ਹਾਂ ਨੇ ਲੱਖਾਂ ਡਾਲਰ ਉਨ੍ਹਾਂ ਵਿਦੇਸੀ ਪੰਜਾਬੀਆਂ ਤੋਂ ਫ਼ੰਡਾਂ ਦੇ ਰੂਪ ਵਿਚ ਇਕੱਠੇ ਕੀਤੇ ਤੇ ਨਾ ਹੀ ਅਕਾਲੀ ਦਲ (ਬਾਦਲ) ਨੇ ਗੰਭੀਰਤਾ ਨਾਲ ਲਿਆ ਹੈ। ਹਾਲਾਂਕਿ ਪੰਜਾਬ ਸਰਕਾਰ ਪ੍ਰਵਾਸੀਆਂ ਦੀ ਬਦਨਾਮੀ ਲਈ ਚਿੰਤਤ ਦਿਸ ਰਹੀ ਹੈ ਤੇ ਲੋਕਾਂ ਨੂੰ ਪ੍ਰਵਾਸੀਆਂ ਨਾਲ ਵਿਤਕਰਾ ਕਰਨ ਤੋਂ ਵਰਜ ਰਹੀ ਹੈ। ਇਹ ਕੋਈ ਪਹਿਲਾ ਮੌਕਾ ਨਹੀਂ, ਬਲਕਿ ਪੰਜਾਬ ਨੂੰ ਪਹਿਲਾਂ ਵੀ ਅਜਿਹੀਆਂ ਸਾਜ਼ਿਸ਼ਾਂ ਕਰ ਕੇ ਬਹੁਤ ਕਮਜ਼ੋਰ ਕੀਤਾ ਜਾ ਚੁੱਕਾ ਹੈ ਜਿਸ ਕਰ ਕੇ ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਪੰਜਾਬ ਦੇ ਪਾਣੀਆਂ, ਬਿਜਲੀ ਤੇ ਪੰਜਾਬੀ ਬੋਲਦੇ ਇਲਕਿਆਂ ਵਾਲੇ ਲੰਮੇ ਸਮੇਂ ਤੋਂ ਲਟਕਦੇ ਮਸਲੇ ਦਮ ਤੋੜ ਚੁੱਕੇ ਪ੍ਰਤੀਤ ਹੁੰਦੇ ਹਨ।

ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਤਾਂ ਅਕਾਲੀਆਂ ਨੇ ਏਨੀ ਗਰਦਸ਼ ਵਿਚ ਸੁੱਟ ਦਿਤਾ ਕਿ ਅੱਜ ਦੀ ਪੀੜ੍ਹੀ ਜਾਣਦੀ ਤਕ ਵੀ ਨਹੀਂ ਕਿ ਉਸ ਵਿਚ ਲਿਖਿਆ ਕੀ ਹੈ। ਪੰਜਾਬੀਆਂ ਤੇ ਖ਼ਾਸ ਕਰ ਕੇ ਸਿੱਖਾਂ ਅੰਦਰ ਇਸ ਕਦਰ ਧੜੇਬੰਦੀਆਂ ਪੈਦਾ ਕਰ ਕੇ ਪੰਜਾਬ ਦੀ ਤਾਕਤ ਨੂੰ ਕਮਜ਼ੋਰੀ ਵਿਚ ਬਦਲ ਦਿਤਾ ਹੈ ਤਾਕਿ ਪੰਜਾਬ ਦੇ ਹੱਕਾਂ ਤੇ ਮਾਰੇ ਗਏ ਕੇਂਦਰੀ ਡਾਕੇ ਦਾ ਹਿਸਾਬ ਕਿਤਾਬ ਲੈਣ ਵਾਲਾ ਕੋਈ ਇਹ ਦਾਅਵਾ ਕਰਨ ਦੀ ਹਿੰਮਤ ਹੀ ਨਾ ਕਰ ਸਕੇ। ਪਰ ਪੰਜਾਬੀ ਇਹ ਸਾਰਾ ਕੁੱਝ ਸਮਝਣ ਤੋਂ ਲਾਹਪ੍ਰਵਾਹ ਹਨ। ਪਹਿਲਾਂ ਉਨ੍ਹਾਂ ਨੂੰ ਅਤਿਵਾਦੀ ਕਹਿ ਕੇ ਮਾਰਿਆ ਗਿਆ ਫਿਰ ਨਸ਼ਿਆਂ ਨਾਲ ਮਾਰਿਆ ਗਿਆ ਤੇ ਬਚਦਿਆਂ ਨੂੰ ਦੇਸ਼ ਛੱਡ ਕੇ ਬਾਹਰਲੇ ਦੇਸ਼ਾਂ ਵਲ ਰੁਖ਼ ਕਰਨਾ ਪਿਆ। ਲਿਹਾਜ਼ਾ ਅੱਜ ਪੰਜਾਬ ਦੀ 60 ਫ਼ੀ ਸਦੀ ਨੌਜੁਆਨੀ ਵਿਦੇਸ਼ਾਂ ਵਿਚ ਪ੍ਰਵਾਸ ਕਰ ਚੁੱਕੀ ਹੈ।

ਇਹੀ ਕਾਰਨ ਹੈ ਕਿ ਹੁਣ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦਿਆਂ ਫਿਰ ਪੰਜਾਬ ਵਿਰੋਧੀ ਸ਼ਾਤਰ ਲੋਕਾਂ ਵਲੋਂ ਪੰਜਾਬ ਦੇ ਲੋਕਾਂ ਦਾ ਅਪਣੇ ਹੀ ਕਿਦੇਸ਼ੀਂ ਵਸਦੇ ਪੁਤਰਾਂ, ਧੀਆਂ, ਭਰਾਵਾਂ ਨਾਲ ਬਿਖੇੜਾ ਪਾਉਣ ਲਈ ਇਸ ਨਵੀਂ ਸਾਜ਼ਿਸ਼ ਨੂੰ ਅੰਜਾਮ ਦਿਤਾ ਜਾ ਰਿਹਾ ਹੈ ਜਿਸ ਵਿਚ ਪੰਜਾਬੀ ਪ੍ਰਵਾਸੀ ਭਰਾਵਾਂ ਨੂੰ ਪੰਜਾਬ ਅੰਦਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਫੈਲਾਉਣ ਦੇ ਦੋਸ਼ੀ ਠਹਿਰਾਇਆ ਜਾ ਰਿਹਾ ਹੈ।

ਜਦੋਂ ਕਿ ਪਿਛਲੇ ਦੋ ਮਹੀਨਿਆਂ ਦੇ ਅੰਕੜੇ ਕੁੱਝ ਹੋਰ ਤੱਥ ਬਿਆਨ ਕਰਦੇ ਹਨ। ਪਿਛਲੇ ਦੋ ਮਹੀਨਿਆਂ ਵਿਚ ਕੁੱਲ 15 ਲੱਖ ਲੋਕ ਵਿਦੇਸ਼ਾਂ ਤੋਂ ਭਾਰਤ ਆਏ ਦੱਸੇ ਗਏ ਹਨ, ਜਿਨ੍ਹਾਂ ਵਿੱਚ 93 ਹਜ਼ਾਰ ਪੰਜਾਬੀ ਹਨ ਤੇ  ਬਾਕੀ ਬਚਦੇ 14 ਲੱਖ 7 ਹਜ਼ਾਰ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਰਹਿ ਰਹੇ ਹਨ। ਉਨ੍ਹਾਂ ਦੀ ਕਦੇ ਕਿਸੇ ਮੀਡੀਏ ਜਾਂ ਸੋਸ਼ਲ ਮੀਡੀਏ ਉਤੇ ਚਰਚਾ ਨਹੀਂ ਸੁਣੀ ਗਈ ਤੇ ਨਾ ਹੀ ਉਨ੍ਹਾਂ ਨੂੰ ਇਸ ਮਹਾਂਮਾਰੀ ਦੇ ਜ਼ਿੰਮੇਵਾਰ ਮੰਨ ਕੇ ਕੋਈ ਭੰਡੀ ਪ੍ਰਚਾਰ ਸੁਣਿਆ ਗਿਆ ਹੈ। ਫਿਰ ਮਹਿਜ਼ 93 ਹਜ਼ਾਰ ਪੰਜਾਬੀਆਂ ਨੂੰ ਹੀ ਕਿਉਂ ਬਦਨਾਮ ਕੀਤਾ ਜਾ ਰਿਹੈ?

ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਦਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਨਾਂ ਬਹੁਤ ਪਿੱਛੇ ਆਉਂਦਾ ਹੈ ਪਰ ਬਦਨਾਮ ਸਿਰਫ਼ ਪੰਜਾਬ ਦੇ ਵਿਦੇਸ਼ੀ ਵਸੇ ਭਰਾਵਾਂ ਨੂੰ ਹੀ ਕੀਤਾ ਜਾ ਰਿਹਾ ਹੈ। ਇਸ ਲਈ ਇਹ ਸਵਾਲ ਸਮੁੱਚੇ ਪੰਜਾਬੀਆਂ ਦੇ ਧਿਆਨ ਦੀ ਮੰਗ ਕਰਦਾ ਹੈ ਜਿਸ ਉਤੇ ਗੰਭੀਰਤਾ ਨਾਲ ਸੋਚਿਆ ਜਾਣਾ ਬਣਦਾ ਹੈ। ਵਿਦੇਸ਼ਾਂ ਵਿਚ ਵਸਦੇ ਸਾਡੇ ਅਪਣੇ ਪੁੱਤਰ, ਭਰਾ, ਦੋਸਤ, ਮਿੱਤਰ, ਸਕੇ ਸਬੰਧੀ ਹੀ ਤਾਂ ਹਨ, ਜਿਨ੍ਹਾਂ ਤੋਂ ਸਾਨੂੰ ਕਿਸੇ ਡੂੰਘੀ ਸਾਜ਼ਿਸ਼ ਤਹਿਤ ਕੋਰੋਨਾ ਮਹਾਂਮਾਰੀ ਦੇ ਨਾਂ ਉਤੇ ਦੂਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਕਿਉਕਿ ਕੇਂਦਰੀ ਤਾਕਤਾਂ ਇਹ ਬਹੁਤ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ

ਵਿਦੇਸ਼ਾਂ ਵਿਚ ਵਸਦੇ ਪਪੰਜਾਬੀਆਂ ਖ਼ਾਸ ਕਰ ਕੇ ਸਿੱਖਾਂ ਨੇ ਅਪਣੇ ਪਿਛੋਕੜ ਨੂੰ ਨਾ ਹੀ ਕਦੇ ਭੁੱਲਿਆ ਹੈ ਤੇ ਨਾ ਹੀ ਕਦੇ ਟੁੱਟੇ ਹਨ। ਜਿਹੜੇ ਅਪਣੇ ਪੰਜਾਬ ਦੇ ਹੱਕਾਂ ਨੂੰ ਦਿਵਾਉਣ ਦੀ ਤਾਂਘ ਮਨਾਂ ਵਿਚ ਰਖਦੇ ਹਨ, ਉਹ ਵਿਦੇਸ਼ੀਂ ਵਸਦੇ ਪੰਜਾਬੀ ਭਾਈਚਾਰੇ ਦੇ ਲੋਕ ਹੀ ਹਨ। ਇਸ ਲਈ ਉਹ ਤਾਕਤਾਂ ਜਿਹੜੀਆਂ ਕਦੇ ਵੀ ਪੰਜਾਬ ਨੂੰ ਖ਼ੁਸ਼ਹਾਲ ਵੇਖਣਾ ਨਹੀਂ ਚਾਹੁੰਦੀਆਂ, ਉਨ੍ਹਾਂ ਨੇ ਹੁਣ ਕੋਰੋਨਾ ਵਾਇਰਸ ਦੀ ਆੜ ਹੇਠ ਵਿਦੇਸ਼ਾਂ ਵਿਚ ਵਸਦੇ ਸਿੱਖਾਂ, ਪੰਜਾਬੀਆਂ ਤੇ ਪੰਜਾਬ ਦੇ ਲੋਕਾਂ ਵਿਚ ਵੀ ਪਾੜ ਪਾ ਦੇਣ ਦਾ ਮਨਸੂਬਾ ਘੜਿਆ ਹੈ। ਸੋ ਸਾਨੂੰ ਇਸ ਤੋਂ ਸੁਚੇਤ ਹੁੰਦੇ ਹੋਏ ਜਿਥੇ ਇਸ ਮਹਾਂਮਾਰੀ ਦੇ ਸੰਕਟ ਵਿਚੋਂ ਕਾਮਯਾਬ ਹੋ ਕੇ ਨਿਕਲਣਾ ਹੈ, ਉਥੇ ਪੰਜਾਬ ਦੀ ਰੀੜ੍ਹ ਦੀ ਹੱਡੀ ਬਣੇ ਸਾਡੇ ਪ੍ਰਵਾਸੀ ਭਰਾਵਾਂ ਪ੍ਰਤੀ ਭਾਰਤੀ ਮੀਡੀਏ ਤੇ ਸੋਸ਼ਲ ਮੀਡੀਏ ਰਾਹੀਂ ਕੀਤੇ ਜਾਂਦੇ ਭੰਡੀ ਪ੍ਰਚਾਰ ਦਾ ਡਟ ਕੇ ਵਿਰੋਧ ਕਰਨਾ ਹੈ ਤਾਕਿ ਪੰਜਾਬ ਵਿਰੋਧੀਆਂ ਦੇ ਮਨਸੂਬੇ ਕਿਸੇ ਵੀ ਕੀਮਤ ਉਤੇ ਸਫ਼ਲ ਨਾ ਹੋ ਸਕਣ। ਸੰਪਰਕ : 99142-58142