ਵਿਦੇਸ਼ੋਂ ਆਈਆਂ ਪੁਤਰਾਂ ਦੀਆਂ ਲਾਸ਼ਾਂ 'ਤੇ ਹੋਰ ਕਿੰਨਾ ਕੁ ਸਮਾਂ ਵੈਣ ਪੈਣਗੇ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਭਾਵੇਂ ਦੇਸ਼ ਨੂੰ ਅੰਗਰੇਜ਼ਾਂ ਕੋਲੋਂ ਆਜ਼ਾਦ ਹੋਏ ਨੂੰ 70 ਸਾਲ ਹੋ ਗਏ ਹਨ ਪਰ ਅੱਜ ਵੀ ਆਮ ਬੰਦਾ ਮੁਢਲੀਆਂ ਸਹੂਲਤਾਂ ਨੂੰ ਤਰਸ ਰਿਹਾ ਹੈ। ਦੇਸ਼ ਭਾਵੇਂ ਆਜ਼ਾਦ ਹੋ ...

Bodies From abroad

ਭਾਵੇਂ ਦੇਸ਼ ਨੂੰ ਅੰਗਰੇਜ਼ਾਂ ਕੋਲੋਂ ਆਜ਼ਾਦ ਹੋਏ ਨੂੰ 70 ਸਾਲ ਹੋ ਗਏ ਹਨ ਪਰ ਅੱਜ ਵੀ ਆਮ ਬੰਦਾ ਮੁਢਲੀਆਂ ਸਹੂਲਤਾਂ ਨੂੰ ਤਰਸ ਰਿਹਾ ਹੈ। ਦੇਸ਼ ਭਾਵੇਂ ਆਜ਼ਾਦ ਹੋ ਗਿਆ ਪਰ ਦੇਸ਼ ਆਜ਼ਾਦ ਕਰਾਉਣ ਵਾਲੇ ਸ਼ਹੀਦਾਂ ਅਤੇ ਸੂਰਬੀਰਾਂ ਯੋਧਿਆਂ ਦਾ ਸੁਪਨਾ ਪੂਰਾ ਨਹੀਂ ਹੋਇਆ। ਉਹ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਵਿਰੁਧ ਸਨ ਪਰ ਇਥੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗ਼ਰੀਬੀ, ਮਹਿੰਗਾਈ ਲਾਚਾਰੀ ਵਿਚ ਹੋਰ ਵਾਧਾ ਹੋਇਆ ਹੈ। ਜੇ ਅੱਜ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸ਼ਹੀਦ ਵਾਪਸ ਆ ਕੇ ਵੇਖ ਸਕਦੇ ਤਾਂ ਲੀਡਰਾਂ ਵਲੋਂ ਜਨਤਾ ਨਾਲ ਕੀਤੀਆਂ ਧੱਕੇਸ਼ਾਹੀਆਂ ਵੇਖ ਕੇ ਸੋਚਣ ਲਈ ਮਜਬੂਰ ਹੋਣਗੇ ਕਿ ਜਿਨ੍ਹਾਂ ਲੋਕਾਂ ਨੂੰ ਅਸੀ ਕੁਰਬਾਨੀਆਂ ਦੇ ਕੇ ਆਜ਼ਾਦੀ ਲੈ ਕੇ ਦਿਤੀ ਸੀ ਉਨ੍ਹਾਂ ਦੇ ਬੱਚੇ ਹੀ ਅਪਣੀਆਂ ਜ਼ਮੀਨਾਂ ਅਤੇ ਘਰ ਵੇਚ ਕੇ ਅਪਣੀ ਜਾਨ ਖ਼ਤਰੇ ਵਿਚ ਪਾ ਕੇ ਫਿਰ ਗੋਰਿਆਂ ਦੇ ਗ਼ੁਲਾਮ ਹੋਣ ਵਾਸਤੇ ਉਨ੍ਹਾਂ ਦੇ ਦੇਸ਼ ਜਾਂਦੇ ਹਨ। ਉਹ ਜ਼ਰੂਰ ਸੋਚਣਗੇ ਕਿ ਲਾਲਚ ਵੱਸ ਸਰਕਾਰਾਂ ਨੇ ਸਾਡੇ ਸੁਪਨਿਆਂ ਨੂੰ ਹੀ ਮਿੱਟੀ ਵਿਚ ਮਿਲਾਉਣਾ ਸੀ ਤਾਂ ਸਾਨੂੰ ਲਾੜੀ ਮੌਤ ਵਿਆਹੁਣ ਦੀ ਕੀ ਲੋੜ ਸੀ? ਸ਼ਹੀਦ ਭਗਤ ਸਿੰਘ ਨੇ ਤਾਂ ਪਹਿਲਾਂ ਹੀ ਅਪਣੀਆਂ ਲਿਖਤਾਂ ਵਿਚ ਸ਼ੱਕ ਜ਼ਾਹਰ ਕੀਤਾ ਸੀ, “ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡਾ ਦੇਸ਼ ਆਜ਼ਾਦ ਹੋ ਜਾਵੇਗਾ ਪਰ ਮੈਨੂੰ ਡਰ ਹੈ ਕਿ ਇਹ ਚਿੱਟੇ ਬਾਬੂਆਂ ਦੀ ਥਾਂ ਕਾਲੇ ਬਾਬੂਆਂ ਦਾ ਗ਼ੁਲਾਮ ਹੋ ਜਾਵੇਗਾ।''
ਇਥੇ ਵਿਹਲੇ ਫਿਰਦੇ ਬੇਰੁਜ਼ਗਾਰ ਬਾਹਰ ਗਏ ਲੋਕਾਂ ਦੀਆਂ ਲੰਮੀਆਂ ਗੱਡੀਆਂ ਅਤੇ ਅਸਮਾਨ ਛੂੰਹਦੀਆਂ ਕੋਠੀਆਂ ਵੇਖ ਕੇ ਏਜੰਟਾਂ ਦੇ ਢਹੇ ਚੜ੍ਹ ਜਾਂਦੇ ਹਨ। ਇਥੋਂ ਹੀ ਉਨ੍ਹਾਂ ਦੀ ਮਾੜੀ ਕਿਸਮਤ ਦਾ ਮੁੱਢ ਬਝਦਾ ਹੈ ਅਤੇ ਉਹ ਅਪਣੇ ਮਾਪਿਆਂ ਨੂੰ ਬਾਹਰ ਜਾਣ ਲਈ ਪ੍ਰੇਰਦੇ ਹਨ। ਮਾਪੇ ਵੀ ਇਸ ਕੰਮ ਲਈ ਛੇਤੀ ਹੀ ਮੰਨ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਵੀ ਅਪਣੇ ਬੱਚੇ ਦਾ ਤੇ ਅਪਣਾ ਭਵਿੱਖ ਇਸ ਦੇਸ਼ ਵਿਚ ਧੁੰਦਲਾ ਨਜ਼ਰ ਆਉਂਦਾ ਹੈ। ਅੱਜ ਪੰਜਾਬ ਵਿਚ ਬੇਰੁਜ਼ਗਾਰਾਂ ਦੀ 80 ਲੱਖ ਦੀ ਫ਼ੌਜ ਵਿਹਲੀ ਤੁਰੀ ਫਿਰਦੀ ਹੈ। ਜਿਹੜੇ  ਬੱਚੇ ਵਿਹਲੇ ਤੁਰੇ ਫਿਰਦੇ ਹਨ, ਉਹ ਨਸ਼ੇ ਦੇ ਸੌਦਾਗਰਾਂ ਦੇ ਢਹੇ ਚੜ੍ਹ ਜਾਂਦੇ ਹਨ। ਇਹ ਨਸ਼ਿਆਂ ਦੇ ਸੌਦਾਗਰ ਬੱਚਿਆਂ ਨੂੰ ਨਸ਼ੇ ਕਰਨ ਲਾਉਂਦੇ ਹਨ ਤੇ ਉਨ੍ਹਾਂ ਤੋਂ ਨਸ਼ਿਆਂ ਦੀ ਸਪਲਾਈ ਕਰਾਉਂਦੇ ਹਨ। ਗ਼ਰੀਬ ਮਾਪੇ ਕਿੰਨਾ ਕੁ ਸਮਾਂ ਅਪਣੇ ਬੱਚਿਆਂ ਨੂੰ ਘਰਾਂ ਵਿਚ ਡੱਕ ਕੇ ਰਖਣਗੇ? ਬੇਰੁਜ਼ਗਾਰ ਬੱਚੇ ਦੀ ਹਾਲਤ ਤਾਂ ਆਟੇ ਦੇ ਦੀਵੇ ਵਰਗੀ ਹੈ ਜਿਸ ਨੂੰ ਬਾਹਰ ਕਾਂ ਨਹੀਂ ਛਡਦੇ ਤੇ ਅੰਦਰ ਚੂਹੇ ਨਹੀਂ ਛਡਦੇ। ਇਹ ਨਾ ਸੋਚੋ ਕਿ ਮਾਪਿਆਂ ਨੂੰ ਬਾਹਰ ਗਏ ਬੱਚਿਆਂ ਦੀਆਂ ਮੁਸ਼ਕਲਾਂ ਦਾ ਪਤਾ ਨਹੀਂ ਹੁੰਦਾ। ਉਨ੍ਹਾਂ ਨੂੰ ਮਾਲਟਾ ਕਿਸ਼ਤੀ ਕਾਂਡ, ਫ਼ਿਲੀਪੀਨਜ਼ (ਮਨੀਲਾ) ਵਿਚ ਵੱਧ ਤੋਂ ਵੱਧ ਕਤਲਾਂ ਦੀਆਂ ਘਟਨਾਵਾਂ, ਦੁਬਈ ਵਿਚ 16 ਪੰਜਾਬੀਆਂ ਨੂੰ ਫ਼ਾਂਸੀ ਦੀ ਸਜ਼ਾ, ਇਰਾਕ ਵਿਚ ਅਤਿਵਾਦੀਆਂ ਦੀਆਂ ਜਥੇਬੰਦੀਆਂ ਵਲੋਂ 48 ਭਾਰਤੀਆਂ ਨੂੰ ਅਗਵਾ ਕਰ ਕੇ ਮਾਰਨ ਦੀਆਂ ਖ਼ਬਰਾਂ ਸੱਭ ਅੱਜ ਵੀ ਯਾਦ ਹਨ।
ਅੱਜ ਤੋਂ ਚਾਰ ਸਾਲ ਪਹਿਲਾਂ 40 ਭਾਰਤੀਆਂ ਨੂੰ ਇਸਲਾਮਕ ਸਟੇਟ ਦੇ ਅਤਿਵਾਦੀਆਂ ਨੇ ਅਗਵਾ ਕਰ ਕੇ 15 ਜੂਨ 2014 ਨੂੰ ਮਾਰ ਦਿਤਾ ਸੀ। ਇਨ੍ਹਾਂ ਵਿਚੋਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਾਲਾਅਫ਼ਗਾਨਾ ਦਾ ਹਰਜੀਤ ਮਸੀਹ ਕਿਸੇ ਤਰ੍ਹਾਂ ਅਤਿਵਾਦੀਆਂ ਦੇ ਚੁੰਗਲ ਵਿਚੋਂ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਿਆ ਸੀ। ਉਸ ਨੇ ਆ ਕੇ ਜਦੋਂ ਮੀਡੀਆ ਵਿਚ ਗੱਲ ਦੱਸੀ ਤਾਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਨੂੰ ਝੂਠ ਦਾ ਪੁਲੰਦਾ ਦਸਿਆ ਤੇ ਭਾਰਤੀ ਮੁੰਡਿਆਂ ਦੇ ਮਾਪਿਆਂ ਨੂੰ ਝੂਠੇ ਦਿਲਾਸੇ ਦਿੰਦੀ ਰਹੀ। ਕੇਂਦਰ ਸਰਕਾਰ ਨੂੰ ਪਤਾ ਹੋਣ ਦੇ ਬਾਵਜੂਦ ਵੀ ਨੌਜਵਾਨਾਂ ਦੇ ਮਾਪਿਆਂ ਨੂੰ ਹਨੇਰੇ ਵਿਚ ਰਖਿਆ ਤੇ ਉਨ੍ਹਾਂ ਨੂੰ ਜਿਊਂਦੇ ਹੋਣ ਦੇ ਝੂਠੇ ਲਾਰੇ ਲਾਉਂਦੇ ਰਹੇ। ਪਰ ਅਖ਼ੀਰ ਵਿਚ ਗੱਲ ਉਹੀ ਹੋਈ ਜੋ ਗ਼ਰੀਬ ਹਰਜੀਤ ਮਸੀਹ ਪਹਿਲਾਂ ਕਹਿ ਰਿਹਾ ਸੀ ਕਿ 39 ਭਾਰਤੀਆਂ ਨੂੰ ਉਸ ਦੇ ਸਾਹਮਣੇ ਗੋਲੀਆਂ ਮਾਰੀਆਂ ਸਨ। ਉਹ ਗ਼ਰੀਬ ਮਜ਼ਦੂਰ ਸੱਚ ਬੋਲ ਰਿਹਾ ਸੀ ਪਰ ਗ਼ਰੀਬ ਦੀ ਗੱਲ ਅਤੇ ਪੋਹ ਦੇ ਚਾਨਣ ਦੀ ਕਦਰ ਘੱਟ ਹੀ ਹੁੰਦੀ ਹੈ।
ਪਰ ਜਦੋਂ ਇਥੇ ਨਿਕੰਮੀਆਂ ਸਰਕਾਰਾਂ ਚੋਣਾਂ ਤੋਂ ਪਹਿਲਾਂ ਅੱਛੇ ਦਿਨ ਆਏਂਗੇ, ਪੰਜਾਬ ਨੂੰ ਕੈਲੇਫ਼ੋਰਨੀਆ ਬਣਾਵਾਂਗੇ ਵਰਗੇ ਵਾਅਦੇ ਕਰਨ ਅਤੇ ਜਦੋਂ ਵੋਟਾਂ ਤੋਂ ਬਾਅਦ ਕੀਤੇ ਵਾਅਦੇ ਭੁੱਲ ਜਾਣ ਤਾਂ ਦੱਸੋ ਆਮ ਆਦਮੀ ਕੀ ਕਰੇਗਾ? ਇਸ ਹਨੇਰਗਰਦੀ ਕਰ ਕੇ ਹੀ ਮਾਪੇ ਅਪਣੇ ਬੱਚਿਆਂ ਨੂੰ ਜ਼ਮੀਨਾਂ ਗਹਿਣੇ ਬੈਅ ਕਰ ਕੇ ਬਾਹਰ ਭੇਜਣਾ ਹੀ ਬਿਹਤਰ ਸਮਝਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਬਾਹਰ ਕੋਈ ਮਾਂ, ਮਾਸੀ, ਭੂਆ ਨਹੀਂ ਬੈਠੀਆਂ ਜਿਹੜੀਆਂ ਕਹਿ ਦੇਣਗੀਆਂ 'ਲੈ ਪੁੱਤਰ ਰੋਟੀ ਖਾ ਲੈ' ਜਾਂ 'ਕਪੜੇ ਪ੍ਰੈੱਸ ਕੀਤੇ ਪਏ ਨੇ।'' ਉਥੇ ਸੱਭ ਕੁੱਝ ਆਪ ਹੀ ਕਰਨਾ ਪੈਂਦਾ ਹੈ। ਗ਼ੁਲਾਮੀ ਤਾਂ ਗ਼ੁਲਾਮੀ ਹੁੰਦੀ ਹੈ। ਬਾਹਰਲੇ ਦੇਸ਼ਾਂ ਵਿਚ ਕੰਮ ਪਿਆਰਾ ਹੈ, ਚੰਮ ਨਹੀਂ। ਤੁਸੀ ਭੁੱਖੇ ਹੋ ਜਾਂ ਬਿਮਾਰ ਹੋ ਜਾਂ ਪੰਜਾਬ ਵਿਚੋਂ ਗਏ ਫ਼ੋਨ ਨੇ ਤੁਹਾਡਾ ਮਨ ਖ਼ਰਾਬ ਕੀਤਾ ਹੋਵੇ, ਉਨ੍ਹਾਂ ਉਤੇ ਕੋਈ ਅਸਰ ਨਹੀਂ ਹੁੰਦਾ। ਉਨ੍ਹਾਂ ਨੇ ਤੁਹਾਡੇ ਕੋਲੋਂ ਗ਼ੁਲਾਮਾਂ ਵਾਂਗ ਕੰਮ ਲੈਣਾ ਹੈ। ਜਦੋਂ ਮਾਪੇ ਅਪਣੇ ਬੱਚੇ ਨੂੰ ਹਵਾਈ ਅੱਡੇ ਉਤੇ ਛੱਡਣ ਜਾਂਦੇ ਹਨ ਅਤੇ ਬੱਚਾ ਅਪਣਾ ਸਮਾਨ ਚੁੱਕ ਕੇ ਹਵਾਈ ਅੱਡੇ ਦੇ ਅੰਦਰ ਜਾਂਦਾ ਹੈ ਤਾਂ ਉਸ ਸਮੇਂ ਉਸ ਨੂੰ ਛੱਡਣ ਗਿਆਂ ਦੀਆਂ ਅਤੇ ਉਸ ਬੱਚੇ ਦੀਆਂ ਵਿਛੋੜੇ ਵਿਚ ਨਿਕਲੀਆਂ ਧਾਹਾਂ ਲੀਡਰ ਵੀ ਸੁਣਨ। ਜਦੋਂ ਇਥੇ ਬੱਚੇ ਦਾ ਭਵਿੱਖ ਹਨੇਰੇ ਵਿਚ ਹੈ ਤਾਂ ਹੀ ਮਾਪੇ ਬੱਚੇ ਨੂੰ ਬਾਹਰ ਤੋਰਨ ਦਾ ਜੋਖਮ ਲੈਂਦੇ ਹਨ। ਏਨਾ ਕੁੱਝ ਹੋਣ ਦੇ ਬਾਵਜੂਦ ਵੀ ਕੁੱਝ ਲੋਕ ਬਾਹਰ ਜਾਣ ਨੂੰ ਇਸ ਕਰ ਕੇ ਵੀ ਪਸੰਦ ਕਰਦੇ ਹਨ ਕਿ ਜੇਕਰ ਉਨ੍ਹਾਂ ਦਾ ਬੱਚਾ ਬਾਹਰ ਸੈੱਟ ਹੋ ਜਾਂਦਾ ਹੈ, ਭਾਵ ਉੱਥੋਂ ਦੀ ਪੱਕੀ ਨਾਗਰਿਕਤਾ ਮਿਲ ਜਾਂਦੀ ਹੈ ਤਾਂ ਉਸ ਪ੍ਰਵਾਰ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਿਚ ਸੁਧਾਰ ਆ ਜਾਵੇਗਾ। ਉਨ੍ਹਾਂ ਲੋਕਾਂ ਵਾਂਗ ਹੀ ਇਮਾਨਦਾਰ ਅਤੇ ਹੱਕ-ਸੱਚ ਦੀ ਕਮਾਈ ਕਰਨ ਵਰਗੇ ਗੁਣ ਪੈਦਾ ਹੋ ਜਾਂਦੇ ਹਨ।
ਬਾਹਰ ਤਾਂ ਪੰਜਾਬ ਦੇ ਲੀਡਰ ਵੀ ਜਾਂਦੇ ਹਨ, ਪਰ ਲੀਡਰਾਂ ਦੇ ਜਾਣ ਦਾ ਅਤੇ ਆਮ ਆਦਮੀ ਦੇ ਜਾਣ ਦਾ ਦਿਨ-ਰਾਤ ਵਾਲਾ ਫ਼ਰਕ ਹੈ। ਲੀਡਰ ਲੋਕ ਅਪਣੇ ਪਹਿਲਾਂ ਗਏ ਲੋਕਾਂ ਤੋਂ ਪਾਰਟੀ ਫ਼ੰਡ ਦੇ ਨਾਂ ਤੇ ਮਾਇਆ ਇਕੱਠੀ ਕਰਨ ਜਾਂਦੇ ਹਨ। ਜੇਕਰ ਵਾਤਾਵਰਣ ਇਥੇ ਇਨ੍ਹਾਂ ਲੀਡਰਾਂ ਲਈ ਢੁਕਵਾਂ ਨਾ ਹੋਵੇ, ਭਾਵ ਇਥੇ ਗਰਮੀ ਜਾਂ ਠੰਢ ਬਹੁਤੀ ਪਵੇ ਤਾਂ ਵੀ ਬਾਹਰ ਜਾਣਾ ਪਸੰਦ ਕਰਦੇ ਹਨ। ਦੂਜੇ ਦਿਨ ਦੀਆਂ ਅਖ਼ਬਾਰਾਂ ਇਨ੍ਹਾਂ ਦੀਆਂ ਖ਼ਬਰਾਂ ਨਾਲ ਹੀ ਭਰੀਆਂ ਪਈਆਂ ਹੁੰਦੀਆਂ ਹਨ ਕਿ ਫਲਾਣਾ ਮੰਤਰੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਉੱਥੋਂ ਦੀ ਖੇਤੀਬਾੜੀ ਦੇ ਨਵੇਂ ਨਵੇਂ ਜਾਂ ਡੇਅਰੀ ਫ਼ਾਰਮਿੰਗ ਦੇ ਨਵੇਂ ਢੰਗ ਵੇਖਣ ਗਏ। ਤੁਹਾਡੇ ਜਾਣ ਮਗਰੋਂ ਜਿਸ ਖੇਤ ਨੂੰ ਵਾੜ ਨੇ ਬਚਾਉਣਾ ਸੀ, ਉਹ ਵਾੜ ਖੇਤ ਨੂੰ ਖਾਈ ਜਾਂਦੀ ਹੈ। ਬਾਹਰਲੇ ਦੇਸ਼ ਅਤੇ ਅਪਣੇ ਦੇਸ਼ ਦੀਆਂ ਸਰਕਾਰਾਂ ਦਾ ਇਹੀ ਦਿਨ-ਰਾਤ ਦਾ ਫ਼ਰਕ ਹੈ ਕਿ ਉਥੇ ਜਨਤਾ ਤੋਂ ਟੈਕਸਾਂ ਦੇ ਰੂਪ ਵਿਚ ਲਿਆ ਇਕ ਇਕ ਪੈਸਾ ਜਨਤਾ ਦੀ ਭਲਾਈ ਤੇ ਲਾਇਆ ਜਾਂਦਾ ਹੈ। ਇਥੇ ਜਨਤਾ ਤੋਂ ਲਏ ਟੈਕਸਾਂ ਨਾਲ ਬੱਸਾਂ ਦੇ ਫ਼ਲੀਟ, ਅਸਮਾਨ ਛੂੰਹਦੀਆਂ ਕੋਠੀਆਂ, ਪਟਰੌਲ ਪੰਪ ਅਤੇ ਚੰਗੇ ਸ਼ਹਿਰਾਂ ਵਿਚ ਅਪਣੇ ਲਈ ਪਲਾਟ ਖ਼ਰੀਦੇ ਜਾਂਦੇ ਹਨ। ਜੋ ਕੰਮ ਇਥੋਂ ਦੀਆਂ ਸਰਕਾਰਾਂ ਨਹੀਂ ਕਰ ਸਕਦੀਆਂ, ਉਥੇ ਇਕੱਲੇ-ਇਕੱਲੇ ਵਿਅਕਤੀ ਵੀ ਕਰ ਦਿੰਦੇ ਹਨ। ਦੁਬਈ ਵਿਚ 16 ਪੰਜਾਬੀਆਂ ਨੂੰ ਮੌਤ ਦੇ ਮੂੰਹ ਵਿਚੋਂ ਕੱਢਣ ਵਾਲਾ ਇਕੱਲਾ ਇਨਸਾਨ ਐਸ.ਪੀ. ਸਿੰਘ ਓਬਰਾਏ ਸੀ ਜਿਸ ਨੇ ਅਪਣੀ ਹੱਕ ਸੱਚ ਦੀ ਕਮਾਈ ਵਿਚੋਂ ਲੱਖਾਂ ਨਹੀਂ ਕਰੋੜਾਂ ਰੁਪਏ ਦੁਬਈ ਦੀ ਸਰਕਾਰ (ਸ਼ੇਖ) ਨੂੰ ਬਲੱਡ ਮਨੀ ਦੇ ਰੂਪ ਵਿਚ ਦਿਤਾ। ਕੀ ਪੰਜਾਬ ਜਾਂ ਭਾਰਤ ਸਰਕਾਰ ਕੋਲ ਉਸ ਇਨਸਾਨ ਜਿੰਨਾ ਪੈਸਾ ਨਹੀਂ ਸੀ ਕਿ ਦੁਬਈ ਸਰਕਾਰ ਨੂੰ ਬਲੱਡ ਮਨੀ ਦੇ ਕੇ ਉਨ੍ਹਾਂ 16 ਪੰਜਾਬੀਆਂ ਨੂੰ ਉਨ੍ਹਾਂ ਦੇ ਘਰ ਲੈ ਆਉਂਦੇ?
ਆਖ਼ਰ ਵਿਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਇਸ ਦੇਸ਼ ਵਿਚ ਹੀ ਰੁਜ਼ਗਾਰ ਦੇ ਸਾਧਨ ਪੈਦਾ ਕਰੋ। ਹਰ ਬੱਚੇ ਨੂੰ ਉਸ ਦੀ ਯੋਗਤਾ ਮੁਤਾਬਕ ਨੌਕਰੀ ਦਿਉ। ਜੇਕਰ ਕੋਈ ਅਪਣਾ ਕੰਮ ਚਲਾਉਣਾ ਚਾਹੁੰਦਾ ਹੋਵੇ ਤਾਂ ਉਸ ਨੂੰ ਬਹੁਤ ਹੀ ਸਰਲ ਵਿਧੀ ਨਾਲ ਘੱਟ ਵਿਆਜ ਤੇ ਕਰਜ਼ਾ ਦਿਤਾ ਜਾਵੇ। ਇਸ ਦੇ ਨਾਲ ਹੀ ਲਿਮਟ ਵੇਲੇ ਤਹਿਸੀਲਾਂ ਅਤੇ ਬੈਕਾਂ ਵਿਚ ਗੇੜੇ ਤੇ ਗੇੜਾ ਮਾਰਨ ਵਾਲਾ ਸਿਸਟਮ ਖ਼ਤਮ ਕੀਤਾ ਜਾਵੇ। ਕਿਸਾਨ ਦੇ ਇਕ ਏਕੜ ਜ਼ਮੀਨ ਮਗਰ ਉਸ ਦੀ ਅਸਾਨੀ ਨਾਲ ਪੰਜ ਲੱਖ ਦੀ ਲਿਮਟ ਬੰਨ੍ਹ ਦਿਤੀ ਜਾਵੇ ਕਿਉਂਕਿ ਅੱਜ ਉਸ ਦੀ ਇਕ ਏਕੜ ਜ਼ਮੀਨ ਦੀ ਕੀਮਤ ਘੱਟੋ-ਘੱਟ 20 ਲੱਖ ਰੁਪਏ ਹੈ। ਜਦੋਂ ਕਿਸਾਨ ਨੇ ਅਪਣੀ ਜ਼ਮੀਨ ਦੀ ਰਜਿਸਟਰੀ ਬੈਂਕ ਦੇ ਨਾਂ ਕਰਾਉਣੀ ਹੈ ਤਾਂ ਘੱਟੋ ਘੱਟ ਉਸ ਦਾ ਪੂਰਾ ਮੁੱਲ ਤਾਂ ਮੋੜਿਆ ਜਾਵੇ। ਸਰਕਾਰਾਂ ਨੂੰ ਚਾਹੀਦਾ ਕਿ ਭੁੱਖੇ ਨੂੰ ਮੱਛੀ ਨਾ ਦੇਣ, ਉਸ ਨੂੰ ਮੱਛੀ ਫੜਨ ਦੀ ਜਾਚ ਸਿਖਾਉਣ। ਇਥੇ ਵੋਟ ਬੈਂਕ ਨੂੰ ਮਜ਼ਬੂਤ ਰੱਖਣ ਲਈ ਸਰਕਾਰ ਨੇ ਹਰ ਵਰਗ ਨੂੰ ਕੋਈ ਨਾ ਕੋਈ ਸਹੂਲਤ ਦਿਤੀ ਹੈ। ਕਿਸਾਨਾਂ ਦੀਆਂ ਮੋਟਰਾਂ ਦੇ ਬਿਲ ਮਾਫ਼ ਕੀਤੇ। ਕੀ ਕਿਸਾਨਾਂ ਵਿਚ ਖ਼ੁਸ਼ਹਾਲੀ ਆ ਗਈ? ਕਿਸਾਨ ਅੱਜ ਵੀ ਕਰਜ਼ੇ ਦਾ ਮਾਰਿਆ ਖ਼ੁਦਕਸ਼ੀਆਂ ਕਰਦਾ ਹੈ। ਇਸ ਤੋਂ ਹੇਠ ਵਾਲੇ ਵਰਗ ਨੂੰ ਆਟਾ-ਦਾਲ, ਬਿਜਲੀ, ਸ਼ਗਨ ਸਕੀਮ ਆਦਿ ਮੁਫ਼ਤ ਕੀਤਾ। ਕੀ ਉਨ੍ਹਾਂ ਦੀ ਗ਼ਰੀਬੀ ਚੁੱਕੀ ਗਈ? ਹਰ ਵਰਗ ਨੂੰ ਮੁਫ਼ਤ ਵਾਲੀ ਸਹੂਲਤ ਬੰਦ ਹੋਵੇ ਅਤੇ ਸਰਕਾਰ ਉਸ ਨੂੰ ਰੁਜ਼ਗਾਰ ਦੇਵੇ। ਬਾਹਰਲੇ ਦੇਸ਼ ਇਸ ਕਰ ਕੇ ਹੀ ਕਾਮਯਾਬ ਹਨ, ਉਨ੍ਹਾਂ ਨੇ ਅਪਣੇ ਨਾਗਰਿਕਾਂ ਨੂੰ ਰੁਜ਼ਗਾਰ ਦਿਤੇ ਹਨ। ਜੇਕਰ ਅਪਣੇ ਵੋਟ ਬੈਂਕ ਦੀ ਖ਼ਾਤਰ ਹੀ ਪੰਜਾਬ ਨੂੰ ਕੈਲੇਫੋਰਨੀਆ ਤੇ ਪੈਰਿਸ ਬਣਾਉਣ ਵਰਗੇ ਬਿਆਨ ਦੇਣੇ ਹਨ ਤਾਂ ਇਥੇ ਕੁੱਝ ਨਹੀਂ ਹੋਵੇਗਾ। ਹਾਂ ਬਾਹਰਲੇ ਦੇਸ਼ਾਂ ਵਿਚ ਕੰਮ ਕਰਨ ਵਾਲੇ ਜਵਾਨ ਜਦੋਂ ਅਪਣੇ ਦੇਸ਼ ਵਿਚ ਕੰਮ ਕਰਨਗੇ ਤਾਂ ਪੰਜਾਬ ਸੱਚਮੁਚ ਕੈਲੇਫੋਰਨੀਆ ਅਤੇ ਪੈਰਿਸ ਹੀ ਬਣ ਜਾਵੇਗਾ। ਇਸ ਤੋਂ ਇਲਾਵਾ ਨਾ ਹੀ ਕੋਈ ਪੰਜਾਬੀ ਵਿਦੇਸ਼ੀਆਂ ਦੀ ਗੋਲੀ ਦਾ ਸ਼ਿਕਾਰ ਹੋਵੇਗਾ ਅਤੇ ਨਾ ਹੀ ਪੰਜਾਬ ਨੂੰ ਵਿਦੇਸ਼ੋਂ ਆਈਆਂ ਪੁੱਤਰਾਂ ਦੀਆਂ ਲਾਸ਼ਾਂ ਤੇ ਵੈਣ ਪਾਉਣੇ ਪੈਣਗੇ।