ਖ਼ਤਰੇ ਤੋਂ ਖ਼ਾਲੀ ਨਹੀਂ ਹੁਣ ਸੋਸ਼ਲ ਮੀਡੀਆ ਉਤੇ ਅਫ਼ਵਾਹ ਫੈਲਾਉਣਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸੋਸ਼ਲ ਮੀਡੀਆ ਰਾਹੀਂ ਜਨਤਕ ਹੋਣ ਵਾਲੀ ਨਕਲੀ ਖ਼ਬਰ ਸਰਕਾਰ ਲਈ ਹੁਣ ਗੰਭੀਰ ਚੁਨੌਤੀ ਬਣ ਰਹੀ ਹੈ...

Social Media

ਸੋਸ਼ਲ ਮੀਡੀਆ ਰਾਹੀਂ ਜਨਤਕ ਹੋਣ ਵਾਲੀ ਨਕਲੀ ਖ਼ਬਰ ਸਰਕਾਰ ਲਈ ਹੁਣ ਗੰਭੀਰ ਚੁਨੌਤੀ ਬਣ ਰਹੀ ਹੈ। ਉਥੇ ਹੀ ਆਮ ਜਨਤਾ ਇਸ ਦੇ ਭੈੜੇ ਨਤੀਜੇ ਭੁਗਤ ਰਹੀ ਹੈ। ਪਿਛੇ ਜਹੇ ਵਟਸਐਪ ਉਤੇ ਫੈਲੀ ਅਫ਼ਵਾਹ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ। ਮਹਾਰਾਸ਼ਟਰ ਵਿਚ ਭੀੜ ਨੇ 5 ਲੋਕਾਂ ਨੂੰ ਬੱਚਾ ਚੋਰ ਹੋਣ ਦੇ ਸ਼ੱਕ ਹੇਠ ਕੁੱਟ-ਕੱਟ ਕੇ ਮਾਰ ਦਿਤਾ। ਹਾਲਾਂਕਿ ਇਹ ਪਹਿਲਾ ਅਜਿਹਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਉਤੇ ਫੈਲੀਆਂ ਅਫ਼ਵਾਹਾਂ ਨੇ ਲੋਕਾਂ ਦੀਆਂ ਜਾਨਾਂ ਲਈਆਂ ਹਨ।

ਅਜਿਹੇ ਵਿਚ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਠੀਕ ਤੇ ਗ਼ਲਤ ਖ਼ਬਰਾਂ ਵਿਚਲੇ ਫ਼ਰਕ ਨੂੰ ਸਮਝੋ ਅਤੇ ਲੋਕਾਂ ਦੇ ਬਹਿਕਾਵੇ ਵਿਚ ਬਿਲਕੁਲ ਨਾ ਆਉ। 
ਦੇਸ਼ ਵਿਚ ਵੱਟਸਐਪ ਦੇ 20 ਕਰੋੜ ਉਪਭੋਗੀ ਸਰਗਰਮ ਹਨ। ਵੱਟਸਐਪ ਰਾਹੀਂ ਇਕ ਦੂਜੇ ਨੂੰ ਭੇਜੇ ਜਾਣ ਵਾਲੇ ਵੱਡੀ ਗਿਣਤੀ ਵਿਚ ਸੰਦੇਸ਼, ਫ਼ੋਟੋਆਂ ਤੇ ਵੀਡੀਉ ਨਕਲੀ ਹੁੰਦੇ ਹਨ, ਪ੍ਰੰਤੂ ਬਿਨਾਂ ਸੋਚੇ ਸਮਝੇ ਉਨ੍ਹਾਂ ਨੂੰ ਅੱਗੇ ਭੇਜਣ ਨਾਲ ਇਹ ਵੇਖਦੇ-ਵੇਖਦੇ ਵਾਇਰਲ ਹੋ ਜਾਂਦੇ ਹਨ। ਆਮ ਤੌਰ ਉਤੇ ਸੰਦੇਸ਼ ਨੂੰ ਅੱਗੇ ਭੇਜਣ ਸਮੇਂ ਲੋਕ ਇਸ ਗੱਲ ਦਾ ਬਿਲਕੁਲ ਧਿਆਨ ਨਹੀਂ ਰਖਦੇ ਕਿ ਉਸ ਦਾ ਲੋਕਾਂ ਉਤੇ ਕੀ ਅਸਰ ਪਵੇਗਾ। 

ਸੁਪਰੀਮ ਕੋਰਟ ਨੇ ਇਸ ਸਬੰਧੀ ਜਿਹੜੀ ਸਖ਼ਤੀ ਵਰਤੀ ਹੈ, ਉਸ ਦੇ ਮੱਦੇਨਜ਼ਰ ਹੁਣ ਜੇਕਰ ਕਿਸੇ ਬੰਦੇ ਨੂੰ ਫ਼ੇਸਬੁੱਕ ਅਕਾਊਂਟ ਜਾਂ ਵੱਟਸਐਪ ਉਤੇ ਅਜਿਹਾ ਕੋਈ ਸੰਦੇਸ਼ ਮਿਲਦਾ ਹੈ ਜਿਸ ਨਾਲ ਉਸ ਦੀ ਧਾਰਮਕ ਭਾਵਨਾ ਜਾਂ ਸ਼ਰਧਾ ਨੂੰ ਸੱਟ ਪਹੁੰਚਦੀ ਹੈ, ਤਾਂ ਉਹ ਭੇਜਣ ਵਾਲੇ ਵਿਰੁਧ ਮਕੱਦਮਾ ਦਰਜ ਕਰਵਾ ਸਕਦਾ ਹੈ। ਇਸ ਲਈ ਕੋਈ ਵੀ ਸੰਦੇਸ਼ ਬਿਨਾਂ ਸੋਚੇ ਸਮਝੇ ਕਿਸੇ ਨੂੰ ਅੱਗੇ ਨਾ ਭੇਜੋ, ਭਾਵੇਂ  ਉਹ ਚੁਟਕਲਾ ਹੀ ਕਿਉਂ ਨਾ ਹੋਵੇ। ਜੇਕਰ ਅਜਿਹਾ ਹੋਇਆ ਤਾਂ ਪੁਲਿਸ ਤੁਹਾਡੇ ਘਰ ਦਾ ਦਰਵਾਜ਼ਾ ਕਦੇ ਵੀ ਖੜਕਾ ਸਕਦੀ ਹੈ। 

ਅਜਕਲ ਸੋਸ਼ਲ ਮੀਡੀਆ ਸੱਭ ਤੋਂ ਤੇਜ਼ ਚਾਲ ਨਾਲ ਦੌੜਨ ਵਾਲਾ ਪ੍ਰਸਾਰਣ ਪਲੇਟਫ਼ਾਰਮ ਬਣ ਚੁਕਾ ਹੈ। ਜਿੰਨੀ ਤੇਜ਼ੀ ਨਾਲ ਫ਼ੇਸਬੁੱਕ, ਵੱਟਸਐਪ, ਟਵਿੱਟਰ, ਲਿੰਕਡਿਨ ਵਰਗੀਆਂ ਸੋਸ਼ਲ ਸਾਈਟਾਂ ਉਤੇ ਸੰਦੇਸ਼ ਵਾਇਰਲ ਹੁੰਦੇ ਹਨ, ਉਨੀ ਤੇਜ਼ੀ ਤਾਂ ਸ਼ਾਇਦ ਇਲੈਕਟਰਾਨਿਕ ਮੀਡੀਆ ਵੀ ਨਹੀਂ ਵਿਖਾ ਸਕਦਾ। ਅੱਜ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਦੇ ਹੱਥਾਂ ਵਿਚ ਸਮਾਰਟ ਫ਼ੋਨ ਹੈ। ਔਰਤਾਂ ਘਰ ਦਾ ਸਾਰਾ ਕੰਮ ਧੰਦਾ ਭੁੱਲ ਕੇ ਮੋਬਾਈਲ ਉਤੇ ਹੀ ਸਾਰਾ ਦਿਨ ਇਧਰ-ਉਧਰ ਦੀਆਂ ਗੱਲਾਂ ਵਿਚ ਰੁਝੀਆਂ ਰਹਿੰਦੀਆਂ ਹਨ।

ਇਕ ਸੰਦੇਸ਼ ਫ਼ੋਨ ਉਤੇ ਆਇਆ ਨਹੀਂ ਕਿ ਮਿੰਟਾਂ ਵਿਚ ਹੀ ਦੂਜੇ ਗਰੁੱਪਾਂ ਵਿਚ ਚਲਾ ਗਿਆ। ਚੁਟਕਲੇ, ਵਿਚਾਰ, ਤਸਵੀਰਾਂ, ਧਾਰਮਕ ਸੁਨੇਹੇ, ਸਿਹਤ, ਪਕਵਾਨ ਤੇ ਪਤਾ ਨਹੀਂ ਕੀ-ਕੀ ਸੋਸ਼ਲ ਸਾਈਟਾਂ ਉਤੇ ਸਾਂਝਾ ਹੋ ਰਿਹਾ ਹੈ। ਖ਼ਾਲੀ ਸਮਾਂ ਤਾਂ ਹੁਣ ਕਿਸੇ ਕੋਲ ਬਚਿਆ ਹੀ ਨਹੀਂ। ਅਜੋਕੇ ਸਮੇਂ ਵਿਚ 200 ਮਿਲੀਅਨ ਉਪਭੋਗੀ ਵੱਟਸਐਪ ਉਤੇ ਕਾਰਜਸ਼ੀਲ ਹਨ। ਵੱਟਸਐਪ ਸਾਰਿਆਂ ਦੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਬਣ ਚੁਕਾ ਹੈ। ਸਾਰੇ ਅਪਣੇ ਦੋਸਤਾਂ, ਰਿਸ਼ਤੇਦਾਰਾਂ ਤੇ ਪ੍ਰਵਾਰਕ ਮੈਂਬਰਾਂ ਨਾਲ ਸੰਪਰਕ ਵਿਚ ਰਹਿਣ ਲਈ ਇਸ ਦੀ ਵਰਤੋਂ ਕਰਦੇ ਹਨ।

ਪ੍ਰੰਤੂ ਇਹੀ ਵੱਟਸਐਪ ਇਨ੍ਹੀਂ ਦਿਨੀਂ ਫ਼ਰਜ਼ੀ ਖ਼ਬਰਾਂ, ਵੀਡੀਉ ਫੈਲਾਉਣ ਦਾ ਜ਼ਰੀਆ ਵੀ ਬਣ ਗਿਆ ਹੈ। ਇਹੀ ਵਰਤੋਂ ਕਰਨ ਵਾਲੇ ਉਪਭੋਗੀ ਵੱਟਸਐਪ ਦੀ ਗੁਮਨਾਮ ਦੁਨੀਆਂ ਵਿਚ ਅਫ਼ਵਾਹਾਂ ਦਾ ਸ਼ਿਕਾਰ ਵੀ ਹੋ ਰਹੇ ਹਨ। ਅਫ਼ਵਾਹ ਕਿਥੋਂ ਆਈ, ਕਿਸ ਨੇ ਭੇਜੀ, ਇਹ ਕਿਸੇ ਨੂੰ ਨਹੀਂ ਪਤਾ, ਪਰ ਭੇਡਚਾਲ ਵਿਚ ਅਸੀ ਇਸ ਨੂੰ ਅੱਗੇ ਭੇਜ ਦਿੰਦੇ ਹਾਂ, ਭਾਵੇਂ ਸਾਡਾ ਉਦੇਸ਼ ਅਪਣੇ ਜਾਣਨ ਵਾਲਿਆਂ ਨੂੰ ਕਿਸੇ ਘਟਨਾ ਪ੍ਰਤੀ ਸਾਵਧਾਨ ਕਰਨਾ ਹੀ ਹੁੰਦਾ ਹੈ। 

ਅਫ਼ਵਾਹਾਂ ਫੈਲਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ : ਇਸ ਲਈ ਹੁਣ ਤੁਸੀ ਸਾਵਧਾਨ ਹੋ ਜਾਉ, ਹੁਣ ਅਦਾਲਤ ਬਿਨਾਂ ਸੋਚੇ ਸਮਝੇ ਸੰਦੇਸ਼ ਅੱਗੇ ਕਰਨ ਵਾਲਿਆਂ ਉਤੇ ਕਾਫ਼ੀ ਸਖ਼ਤ ਹੈ। ਹੁਣੇ ਹੀ ਦੱਖਣ ਭਾਰਤ ਦੇ ਭਾਜਪਾ ਲੀਡਰ ਐਸ. ਵੀ. ਸੇਖ਼ਰ, ਜੋ ਪਹਿਲਾਂ ਇਕ ਪੱਤਰਕਾਰ ਤੇ ਚੰਗੇ ਅਦਾਕਾਰ ਵੀ ਰਹਿ ਚੁਕੇ ਹਨ, ਨੂੰ ਹਾਈ ਕੋਰਟ ਤੋਂ ਝਾੜ ਪਈ ਤੇ ਉਨ੍ਹਾਂ ਦੀ ਜ਼ਮਾਨਤ ਲਈ ਦਿਤੀ ਅਰਜ਼ੀ ਤਕ ਵੀ ਰੱਦ ਕਰ ਦਿਤੀ। ਸ਼ੇਖ਼ਰ ਦਾ ਕਸੂਰ ਇਹ ਸੀ ਕਿ ਉਨ੍ਹਾਂ ਨੇ ਬਿਨਾਂ ਸੋਚੇ ਸਮਝੇ ਔਰਤਾਂ ਨੂੰ ਬੇਇਜ਼ਤ ਕਰਨ ਵਾਲਾ ਇਕ ਸੰਦੇਸ਼ ਅਪਣੇ ਫ਼ੇਸਬੁੱਕ ਅਕਾਊਂਟ ਉਤੇ ਸਾਂਝਾ ਕੀਤਾ ਤੇ ਅੱਗੇ ਭੇਜਿਆ ਸੀ। 

ਐਸ. ਵੀ. ਸ਼ੇਖ਼ਰ ਦੱਖਣ ਭਾਰਤ ਵਿਚ ਭਾਜਪਾ ਦੇ ਵੱਡੇ ਆਗੂ ਮੰਨੇ ਜਾਂਦੇ ਹਨ। ਉਨ੍ਹਾਂ ਨੇ ਅਪ੍ਰੈਲ ਮਹੀਨੇ ਵਿਚ ਔਰਤ ਮੀਡੀਆ ਕਰਮਚਾਰੀਆਂ ਨਾਲ ਜੁੜੀ ਇਕ ਇਤਰਾਜ਼ਯੋਗ ਗੱਲ ਅਪਣੇ ਫ਼ੇਸਬੁੱਕ ਅਕਾਊਂਟ ਉਤੇ ਸਾਂਝੀ ਕੀਤੀ ਸੀ, ਜੋ ਉਨ੍ਹਾਂ ਨੂੰ ਕਿਸੇ ਹੋਰ ਨੇ ਭੇਜੀ ਸੀ। ਸ਼ੇਖ਼ਰ ਉਸ ਖ਼ਬਰ ਨੂੰ ਲਿਖਣ ਵਾਲੇ ਨਹੀਂ ਸਨ, ਇਸ ਦੇ ਬਾਵਜੂਦ ਵੀ ਉਨ੍ਹਾਂ ਵਿਰੁਧ ਮਾਮਲਾ ਦਰਜ ਹੋ ਗਿਆ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਤਕ ਦੀ ਨੌਬਤ ਆ ਗਈ। ਗ੍ਰਿਫ਼ਤਾਰੀ ਤੋਂ ਬਚਣ ਲਈ ਐਸ. ਵੀ. ਸ਼ੇਖ਼ਰ ਮਦਰਾਸ ਹਾਈਕੋਰਟ ਗਏ, ਜਿਥੇ ਉਨ੍ਹਾਂ ਨੂੰ ਅਦਾਲਤ ਦੀ ਝਾੜ ਸਹਿਣੀ ਪਈ ਅਤੇ ਉਨ੍ਹਾਂ ਦੀ ਪੇਸ਼ ਕੀਤੀ ਗਈ ਅਗੇਤੀ ਜ਼ਮਾਨਤ ਅਰਜ਼ੀ ਰੱਦ ਕਰ ਦਿਤੀ ਗਈ।

ਫਿਰ ਉਹ ਸੁਪਰੀਮ ਕੋਰਟ ਗਏ। ਉਥੇ ਵੀ ਅਦਾਲਤ ਨੇ ਉਨ੍ਹਾਂ ਦੀ ਇਸ ਹਰਕਤ ਉਤੇ ਝਿੜਕਦਿਆਂ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿਤੀ। ਸੁਪਰੀਮ ਕੋਰਟ ਦੀ ਨਿਆਂਮੂਰਤੀ ਐਲ. ਨਾਗੇਸ਼ਵਰ ਰਾਵ ਤੇ ਐਮ. ਐਮ. ਸ਼ਾਂਤਨਾ ਗੌੜਾਰ ਦੇ ਬੈਂਚ ਨੇ ਐਸ. ਵੀ. ਸ਼ੇਖ਼ਰ ਦੇ ਵਕੀਲ ਬਾਲਾ ਜੀ ਸ੍ਰੀਨਿਵਾਸਨ ਨੂੰ ਕਿਹਾ, ''ਤੁਸੀ ਬਹੁਤ ਵੱਡੇ ਅਦਾਕਾਰ ਹੋ। ਤੁਸੀ ਨਹੀਂ ਜਾਣਦੇ ਹੋਵੇਗੇ ਪਰ ਅਸੀ ਜਾਣਦੇ ਹਾਂ। ਪਰ ਕਾਨੂੰਨ ਤਹਿਤ ਕਿਸੇ ਨਾਲ ਨਰਮੀ ਨਹੀਂ ਵਰਤੀ ਜਾ ਸਕਦੀ। ਤੁਸੀ ਹੇਠਲੀ ਅਦਾਲਤ ਵਿਚ ਜਾਉ ਤੇ ਜ਼ਮਾਨਤ ਦੀ ਮੰਗ ਕਰੋ।'' 

ਬੈਂਚ ਨੇ ਉਨ੍ਹਾਂ ਦੀ ਜ਼ਮਾਨਤ ਦੀ ਬੇਨਤੀ ਨੂੰ ਠੁਕਰਾਉਂਦੇ ਹੋਏ ਕਿਹਾ ਕਿ ਕਾਨੂੰਨ ਬਹੁਤ ਸਪੱਸ਼ਟ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ ਪੱਤਰ ਦਾਇਰ ਹੋ ਜਾਣ ਉਤੇ ਦੋਸ਼ੀ ਨੂੰ ਜ਼ਮਾਨਤ ਲੈਣੀ ਹੁੰਦੀ ਹੈ। ਇਸ ਤੋਂ ਪਹਿਲਾਂ ਮਦਰਾਸ ਹਾਈਕੋਰਟ ਨੇ ਐਸ. ਵੀ. ਸ਼ੇਖ਼ਰ ਦੁਆਰਾ ਭੱਦੇ ਸੰਦੇਸ਼ ਨੂੰ ਅੱਗੇ ਭੇਜਣ ਉਤੇ ਕਿਹਾ ਸੀ ਕਿ ਕਿਸੇ ਆਏ ਸੰਦੇਸ਼ ਨੂੰ ਕਿਸੇ ਹੋਰ ਨੂੰ ਭੇਜਣ ਦਾ ਮਤਲਬ ਹੈ ਕਿ ਤੁਸੀ ਉਸ ਨੂੰ ਪ੍ਰਵਾਨ ਕਰਦੇ ਹੋ ਤੇ ਉਸ ਸੰਦੇਸ਼ ਦੀ ਹਮਾਇਤ ਕਰਦੇ ਹੋ। 

ਜੇਕਰ ਕਿਸੇ ਆਮ ਵਿਅਕਤੀ ਵਾਂਗ ਮਸ਼ਹੂਰ ਵਿਅਕਤੀ ਇਸ ਤਰ੍ਹਾਂ ਦੇ ਸੰਦੇਸ਼ ਅੱਗੇ ਭੇਜੇ ਤਾਂ ਆਮ ਜਨਤਾ ਇਸ ਗੱਲ ਉਤੇ ਵਿਸ਼ਵਾਸ ਕਰੇਗੀ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲ ਰਹੀਆਂ ਹਨ, ਜੋ ਇਸ ਸਮਾਜ ਲਈ ਗ਼ਲਤ ਸੁਨੇਹਾ ਬਣ ਜਾਂਦਾ ਹੈ। ਸ਼ੇਖ਼ਰ ਦੇ ਸੰਦੇਸ਼ ਵਿਚ ਭਾਸ਼ਾ ਤੇ ਵਰਤੇ ਗਏ ਸ਼ਬਦ ਅਪ੍ਰਤੱਖ ਨਹੀਂ ਹਨ, ਸਗੋਂ ਪ੍ਰਤੱਖ ਸਮਰੱਥਾ ਵਾਲੀ ਅਸ਼ਲੀਲ ਭਾਸ਼ਾ ਹੈ ਜਿਨ੍ਹਾਂ ਬਾਰੇ ਇਸ ਸਮਰੱਥਾ ਤੇ ਉਮਰ ਦੇ ਵਿਅਕਤੀ ਤੋਂ ਉਮੀਦ ਨਹੀਂ ਕੀਤੀ ਜਾਂਦੀ। ਅਦਾਲਤ ਨੇ ਸਪੱਸ਼ਟ ਰੂਪ ਵਿਚ ਕਿਹਾ ਕਿ ਅਪਣੇ ਪ੍ਰਸ਼ੰਸ਼ਕਾਂ ਲਈ ਇਕ ਆਦਰਸ਼ ਮਾਡਲ ਹੋਣ ਦੀ ਬਜਾਏ ਉਨ੍ਹਾਂ ਨੇ ਇਕ ਗ਼ਲਤ ਮਿਸਾਲ ਪੇਸ਼ ਕੀਤੀ ਹੈ।

ਹਰ ਰੋਜ਼ ਇਸ ਸੋਸ਼ਲ ਮੀਡੀਆ ਉਤੇ ਸਮਾਜਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿਚ ਨੌਜੁਆਨ ਗਭਰੂਆਂ ਨੂੰ ਗ੍ਰਿਫ਼ਤਾਰ ਹੁੰਦਿਆਂ ਵੇਖਦੇ ਹਾਂ। ਕਾਨੂੰਨ ਹਰ ਇਕ ਲਈ ਬਰਾਬਰ ਹੈ ਤੇ ਲੋਕਾਂ ਦਾ ਸਾਡੀ ਨਿਆਂਪਾਲਿਕਾ ਵਿਚ ਵਿਸ਼ਵਾਸ ਨਹੀਂ ਖ਼ਤਮ ਹੋਣਾ ਚਾਹੀਦਾ। ਗ਼ਲਤੀਆਂ ਤੇ ਅਪਰਾਧ ਬਰਾਬਰ ਨਹੀਂ ਹਨ। ਸਿਰਫ਼ ਬੱਚੇ ਹੀ ਗ਼ਲਤੀਆਂ ਕਰ ਸਕਦੇ ਹਨ, ਜਿਨ੍ਹਾਂ ਨੂੰ ਮਾਫ਼ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਬਜ਼ੁਰਗਾਂ ਦੁਆਰਾ ਕੀਤਾ ਜਾਂਦਾ ਹੈ ਤਾਂ ਇਹ ਜੁਰਮ ਹੋ ਸਕਦਾ ਹੈ। 

ਨਕਲੀ ਸੰਦੇਸ਼ ਗੰਭੀਰ ਚੁਨੌਤੀ : ਸੋਸ਼ਲ ਮੀਡੀਆ ਰਾਹੀਂ ਜਨਤਕ ਹੋਣ ਵਾਲੀ ਨਕਲੀ ਖ਼ਬਰ ਸਰਕਾਰ ਲਈ ਹੁਣ ਗੰਭੀਰ ਚੁਨੌਤੀ ਬਣ ਰਹੀ ਹੈ, ਉਥੇ ਹੀ ਆਮ ਜਨਤਾ ਇਸ ਦੇ ਭੈੜੇ ਨਤੀਜੇ ਭੁਗਤ ਰਹੀ ਹੈ। ਪਿਛੇ ਜਹੇ ਵਟਸਐਪ ਉਤੇ ਫੈਲੀ ਅਫ਼ਵਾਹ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ। ਮਹਾਰਾਸ਼ਟਰ ਵਿਚ ਭੀੜ ਨੇ 5 ਲੋਕਾਂ ਨੂੰ ਬੱਚਾ ਚੋਰ ਹੋਣ ਦੇ ਸ਼ੱਕ ਹੇਠ ਕੁੱਟ-ਕੱਟ ਕੇ ਮਾਰ ਦਿਤਾ। ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਉਤੇ ਫੈਲੀਆਂ ਅਫ਼ਵਾਹਾਂ ਨੇ ਲੋਕਾਂ ਦੀਆਂ ਜਾਨਾਂ ਲਈਆਂ ਹਨ।

ਅਜਿਹੇ ਵਿਚ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਠੀਕ ਤੇ ਗ਼ਲਤ ਖ਼ਬਰਾਂ ਵਿਚਲੇ ਫ਼ਰਕ ਨੂੰ ਸਮਝੋ ਅਤੇ ਲੋਕਾਂ ਦੇ ਬਹਿਕਾਵੇ ਵਿਚ ਬਿਲਕੁਲ ਨਾ ਆਉ। ਦੇਸ਼ ਵਿਚ ਵੱਟਸਐਪ ਦੇ 20 ਕਰੋੜ ਉਪਭੋਗੀ ਸਰਗਰਮ ਹਨ। ਵੱਟਸਐਪ ਰਾਹੀਂ ਇਕ ਦੂਜੇ ਨੂੰ ਭੇਜੇ ਜਾਣ ਵਾਲੇ ਵੱਡੀ ਗਿਣਤੀ ਵਿਚ ਸੰਦੇਸ਼ ਤੇ ਫ਼ੋਟੋਆਂ ਤੇ ਵੀਡੀਉ ਨਕਲੀ ਹੁੰਦੇ ਹਨ, ਪ੍ਰੰਤੂ ਬਿਨਾਂ ਸੋਚੇ ਸਮਝੇ ਉਨ੍ਹਾਂ ਨੂੰ ਅੱਗੇ ਭੇਜਣ ਨਾਲ ਇਹ ਵੇਖਦੇ-ਵੇਖਦੇ ਵਾਇਰਲ ਹੋ ਜਾਂਦੇ ਹਨ। ਆਮ ਤੌਰ ਉਤੇ ਸੰਦੇਸ਼ ਨੂੰ ਅੱਗੇ ਭੇਜਣ ਸਮੇਂ ਲੋਕ ਇਸ ਗੱਲ ਦਾ ਬਿਲਕੁਲ ਧਿਆਨ ਨਹੀਂ ਰਖਦੇ ਕਿ ਉਸ ਦਾ ਲੋਕਾਂ ਉਤੇ ਕੀ ਅਸਰ ਪਵੇਗਾ। 

ਖ਼ਤਰਨਾਕ ਨਤੀਜੇ : ਬਿਨਾਂ ਸੋਚੇ ਸਮਝੇ ਸੰਦੇਸ਼ ਨੂੰ ਅੱਗੇ ਤੋਰ ਦੇਣਾ ਕਿੰਨਾ ਖ਼ਤਰਨਾਕ ਹੋ ਸਕਦਾ ਹੈ, ਇਸ ਦੀ ਉਦਾਹਰਣ ਦਿੰਦੇ ਹਾਂ। 4 ਸਾਲ ਪੁਰਾਣੇ ਇਕ ਸੰਦੇਸ਼ ਨੂੰ ਕਈ ਲੋਕਾਂ ਨੇ ਵੇਖ ਕੇ ਅੱਗੇ ਤੋਰ ਦਿਤਾ ਤੇ ਜਦ ਅਸਲੀਅਤ ਸਾਹਮਣੇ ਆਈ ਤਾਂ ਸਾਰੇ ਹੈਰਾਨ ਰਹਿ ਗਏ। ਬੰਗਲੁਰੂ ਦੇ ਬਾਣਸ਼ੰਕਰੀ ਇਲਾਕੇ ਵਿਚ ਰਹਿਣ ਵਾਲੇ ਵਪਾਰੀ ਪ੍ਰਸ਼ਾਂਤ ਨੂੰ ਵੱਟਸਐਪ ਉਤੇ ਇਕ ਸੰਦੇਸ਼ ਮਿਲਿਆ ਜਿਸ ਵਿਚ ਕਿਹਾ ਗਿਆ ਸੀ ਕਿ ਕੈਂਪਗੌੜਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਹਸਪਤਾਲ ਵਿਚ ਇਕ ਬੱਚਾ ਸਿਰ ਵਿਚ ਲੱਗੀ ਸੱਟ ਤੋਂ ਬਾਅਦ ਭਰਤੀ ਹੈ ਅਤੇ ਉਸ ਦੀ ਪਛਾਣ ਨਹੀਂ ਹੋ ਸਕੀ।

ਉਸ ਦੇ ਮਾਪਿਆਂ ਦਾ ਛੇਤੀ ਪਤਾ ਲਗਾਉਣ ਲਈ ਇਸ ਫ਼ੋਟੋ ਨੂੰ ਅੱਗੇ ਕਰਨ ਲਈ ਕਿਹਾ ਗਿਆ ਸੀ। ਇਹ ਸੰਦੇਸ਼ ਪ੍ਰਸ਼ਾਂਤ ਨੂੰ ਵੀ ਕਿਸੇ ਨੇ ਭੇਜਿਆ ਸੀ। ਇਸ ਵਿਚ ਜਿਹੜੇ ਬੱਚੇ ਦੀ ਫ਼ੋਟੋ ਸੀ, ਉਸ ਦੀ ਸ਼ਕਲ ਉਨ੍ਹਾਂ ਦੇ ਭਣੇਵੇਂ ਨਾਲ ਮਿਲਦੀ ਜੁਲਦੀ ਸੀ। ਉਨ੍ਹਾਂ ਨੇ ਤੁਰਤ ਅਪਣੀ ਭੈਣ ਨੂੰ ਫ਼ੋਨ ਕੀਤਾ। ਪੁੱਤਰ ਦੇ ਹਸਪਤਾਲ ਵਿਚ ਭਰਤੀ ਹੋਣ ਦੀ ਗੱਲ ਸੁਣ ਕੇ ਉਹ ਬੇਹਦ ਪ੍ਰੇਸ਼ਾਨ ਹੋ ਗਈ। ਉਨ੍ਹਾਂ ਦੇ ਪ੍ਰਵਾਰ ਵਿਚ ਭੂਚਾਲ ਆ ਗਿਆ। ਉਨ੍ਹਾਂ ਦੀ ਭੈਣ ਅਪਣੇ ਪਤੀ ਨਾਲ ਅਪਣੇ ਪੁੱਤਰ ਦੇ ਸਕੂਲ ਪਹੁੰਚੀ, ਜਿਥੇ ਉਨ੍ਹਾਂ ਨੇ ਵੇਖਿਆ ਕਿ ਉਨ੍ਹਾਂ ਦਾ ਪੁੱਤਰ ਤਾਂ ਬਿਲਕੁਲ ਠੀਕ-ਠਾਕ ਹੈ।

ਹਾਲਾਂਕਿ ਸਕੂਲ ਦੇ ਪ੍ਰਿੰਸੀਪਲ ਇਸ ਗੱਲ ਤੋਂ ਕਾਫ਼ੀ ਨਰਾਜ਼ ਹੋਏ ਕਿ ਪੜ੍ਹੇ ਲਿਖੇ ਹੋ ਕੇ ਵੀ ਤੁਸੀ ਵੱਟਸਐਪ ਉਤੇ ਆਇਆ ਸੰਦੇਸ਼ ਵੇਖ ਕੇ ਕਿਵੇਂ ਭਰੋਸਾ ਕਰ ਸਕਦੇ ਹੋ?
ਉਧਰ, ਪ੍ਰਸ਼ਾਂਤ ਉਸ ਵਿਅਕਤੀ ਨੂੰ ਲੱਭਣ ਲੱਗ ਗਏ, ਜਿਨ੍ਹਾਂ ਨੇ ਸੱਭ ਤੋਂ ਪਹਿਲਾਂ ਇਹ ਸੰਦੇਸ਼ ਭੇਜਿਆ ਸੀ। ਜਦ ਉਨ੍ਹਾਂ ਨੇ ਉਸ ਬੰਦੇ ਦਾ ਪਤਾ ਲਗਾਇਆ ਤਾਂ ਸੱਚ ਜਾਣ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਉਸ ਬੰਦੇ ਨੇ ਦਸਿਆ ਕਿ ਉਸ ਨੇ ਨਵਾਂ ਫ਼ੋਨ ਲਿਆ ਸੀ ਤੇ ਅਪਣੇ ਬੈਕਅੱਪ ਨੂੰ ਰੀਸਟੋਰ ਕਰ ਰਿਹਾ ਸੀ। ਇਹ ਵੇਖਣ ਲਈ ਕਿ ਉਸ ਦਾ ਵਟਸਐਪ ਕੰਮ ਕਰ ਰਿਹਾ ਹੈ ਜਾਂ ਨਹੀਂ, ਉਸ ਨੇ 4 ਸਾਲ ਪੁਰਾਣਾ ਸੰਦੇਸ਼ ਗ਼ਲਤੀ ਨਾਲ ਸਾਂਝਾ ਕਰ  ਦਿਤਾ। 

ਸਾਵਧਾਨ ਹੋ ਜਾਉ : ਜੇਕਰ ਤੁਸੀ ਵੀ ਵੱਟਸਐਪ ਦਾ ਹਰ ਸੰਦੇਸ਼ ਬਿਨਾਂ ਸੋਚੇ ਸਮਝੇ ਅੱਗੇ ਭੇਜ ਰਹੇ ਹੋ ਤਾਂ ਹੁਣ ਸਾਵਧਾਨ ਹੋ ਜਾਉ ਕਿਉਂਕਿ ਇਸ ਮਾਮਲੇ ਵਿਚ ਹੁਣ ਦੇਸ਼ ਦੀਆਂ ਅਦਾਲਤਾਂ ਸਖ਼ਤ ਹੋ ਚੁਕੀਆਂ ਹਨ। ਪੁਲਿਸ ਵੀ ਹੁਣ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਮਿਲਣ ਉਤੇ ਤੁਰਤ ਮਾਮਲਾ ਦਰਜ ਕਰ ਕੇ ਦੋਸ਼ੀ ਵਿਰੁਧ ਕਾਰਵਾਈ ਕਰਨ ਲੱਗੀ ਹੈ। ਹੁਣੇ-ਹੁਣੇ ਬਹਰਾਇਚ ਦੇ ਬੜੀਹਾਟ ਨਿਵਾਸੀ ਨੂੰ ਵਟਸਐਪ ਉਤੇ ਇਤਰਾਜ਼ਯੋਗ ਕਾਰਟੂਨ ਭੇਜਣ ਵਾਲੇ ਲਖਨਊ ਨਿਵਾਸੀ ਚੰਦਰ ਸ਼ੇਖ਼ਰ ਉਤੇ ਮਾਮਲਾ ਦਰਜ ਹੋਇਆ ਹੈ।

ਬੜੀਹਾਟ ਨਿਵਾਸੀ ਸ਼ਫ਼ਾਕ ਅਲੀ ਨੇ ਥਾਣੇ ਵਿਚ ਤਹਿਰੀਰ ਦੇ ਕੇ ਦਸਿਆ ਕਿ ਉਨ੍ਹਾਂ ਦੇ ਮੋਬਾਈਲ ਉਤੇ ਇਕ ਬੰਦੇ ਨੇ ਇਤਰਾਜ਼ਯੋਗ ਕਾਰਟੂਨ ਭੇਜਿਆ ਹੈ। ਜਾਂਚ ਤੋਂ ਪਤਾ ਲੱਗਾ ਕਿ ਉਹ ਨੰਬਰ ਲਖਨਊ ਦੇ ਅਲੀਗੰਜ ਨਿਵਾਸੀ ਚੰਦਰ ਸ਼ੇਖ਼ਰ ਤ੍ਰਿਪਾਠੀ ਵਰਤ ਰਹੇ ਹਨ। ਸ਼ਰਾਫ਼ ਅਲੀ ਦੇ ਬਿਆਨ ਉਤੇ ਪੁਲਿਸ ਨੇ ਚੰਦਰ ਸ਼ੇਖ਼ਰ ਤ੍ਰਿਪਾਠੀ ਉਤੇ ਧਾਰਮਕ ਪਾਗ਼ਲਪਣ ਫੈਲਾਉਣ ਤੇ ਇਤਰਾਜ਼ਯੋਗ ਪ੍ਰਦਰਸ਼ਨ ਕਰਨ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਜੇਲ ਭੇਜ ਦਿਤਾ। 

ਇੰਟਰਨੈੱਟ ਦੇ ਨੁਸਖਿਆਂ ਤੋਂ ਬਚੋ : ਸੋਸ਼ਲ ਮੀਡੀਆ ਉਤੇ ਫੈਲਣ ਵਾਲੀਆਂ ਫ਼ਰਜ਼ੀ ਖ਼ਬਰਾਂ ਦੇ ਅਸਰ ਹੇਠ ਆ ਕੇ ਲੋਕ ਅਪਣੀ ਸਿਹਤ ਨਾਲ ਖਿਲਵਾੜ ਕਰਨ ਤੋਂ ਵੀ ਨਹੀਂ ਪਿੱਛੇ ਹਟ ਰਹੇ। ਖ਼ਾਸ ਤੌਰ ਉਤੇ ਇਹਨੀਂ ਦਿਨੀਂ ਸੋਸ਼ਲ ਮੀਡੀਆ ਉਤੇ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਦੇ ਨੁਸਖ਼ੇ ਵੀ ਤੇਜ਼ੀ ਨਾਲ ਫੈਲ ਰਹੇ ਹਨ। ਕਈ ਵਾਰ ਤਾਂ ਕੈਂਸਰ, ਟੀ.ਬੀ. ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਵੀ ਆਯੁਰਵੈਦਿਕ ਜਾਂ ਯੂਨਾਨੀ ਇਲਾਜ ਵੱਟਸਐਪ ਗਰੁੱਪ ਵਿਚ ਸਾਂਝਾ ਹੋਣ ਲਗਦਾ ਹੈ ਤੇ ਇਨ੍ਹਾਂ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣ ਵਿਚ ਔਰਤਾਂ ਦੀ ਹਿੱਸੇਦਾਰੀ ਸੱਭ ਤੋਂ ਵੱਧ ਹੁੰਦੀ ਹੈ।

ਹੁਣ ਵੱਟਸਐਪ ਨੇ 5 ਤੋਂ ਵੱਧ ਲੋਕਾਂ ਨੂੰ ਇਕ ਵਾਰ ਵਿਚ ਸੰਦੇਸ਼ ਭੇਜਣ ਉਤੇ ਪਾਬੰਦੀ ਲਗਾ ਦਿਤੀ ਹੈ। ਸੁਪਰੀਮ ਕੋਰਟ ਨੇ ਇਸ ਸਬੰਧੀ ਜਿਹੜੀ ਸਖ਼ਤੀ ਵਰਤੀ ਹੈ, ਉਸ ਦੇ ਮੱਦੇਨਜ਼ਰ ਹੁਣ ਜੇਕਰ ਕਿਸੇ ਬੰਦੇ ਨੂੰ ਫੇਸਬੁੱਕ ਅਕਾਊਂਟ ਜਾਂ ਵੱਟਸਐਪ ਉਤੇ ਅਜਿਹਾ ਕੋਈ ਸੰਦੇਸ਼ ਮਿਲਦਾ ਹੈ ਜਿਸ ਨਾਲ ਉਸ ਦੀ ਧਾਰਮਕ ਭਾਵਨਾ ਜਾਂ ਸ਼ਰਧਾ ਨੂੰ ਸੱਟ ਪਹੁੰਚਦੀ ਹੈ ਤਾਂ ਉਹ ਭੇਜਣ ਵਾਲੇ ਵਿਰੁਧ ਮਕੱਦਮਾ ਦਰਜ ਕਰਵਾ ਸਕਦਾ ਹੈ। ਇਸ ਲਈ ਕੋਈ ਵੀ ਸੰਦੇਸ਼ ਬਿਨਾਂ ਸੋਚੇ ਸਮਝੇ ਕਿਸੇ ਨੂੰ ਅੱਗੇ ਨਾ ਭੇਜੋ, ਭਾਵੇਂ  ਉਹ ਚੁਟਕਲਾ ਹੀ ਕਿਉਂ ਨਾ ਹੋਵੇ। ਜੇਕਰ ਅਜਿਹਾ ਹੋਇਆ ਤਾਂ ਪੁਲਿਸ ਤੁਹਾਡੇ ਘਰ ਦਾ ਦਰਵਾਜ਼ਾ ਕਦੇ ਵੀ ਖੜਕਾ ਸਕਦੀ ਹੈ। 

ਮੂਲ ਲੇਖਕ : ਨਸੀਮ ਅੰਸਾਰੀ ਕੋਚਰ

ਅਨੁਵਾਦ : ਪਵਨ ਕੁਮਾਰ ਰੱਤੋਂ
ਸੰਪਰਕ : 94173-71455