ਕਾਸ਼, ਨੇਤਾ ਲੋਕ ਪੈਂਤੜੇਬਾਜ਼ੀਆਂ ਛੱਡ ਕੇ ਦੇਸ਼ ਲਈ ਗੰਭੀਰ ਹੁੰਦੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜਦੋਂ ਵੀ ਵੋਟਾਂ ਦੇ ਦਿਨ ਨੇੜੇ ਆਉਂਦੇ ਨੇ ਤਾਂ ਰਾਜਨੀਤਕ ਆਗੂਆਂ ਦੁਆਰਾ ਤਰ੍ਹਾਂ-ਤਰ੍ਹਾਂ ਦੇ ਵਾਅਦੇ, ਜੁਮਲੇ, ਪੈਂਤੜੇ, ਦਾਅ ਪੇਚ ਖੇਡੇ ਜਾਂਦੇ ਨੇ।

Leaders

ਜਦੋਂ ਵੀ ਵੋਟਾਂ ਦੇ ਦਿਨ ਨੇੜੇ ਆਉਂਦੇ ਨੇ ਤਾਂ ਰਾਜਨੀਤਕ ਆਗੂਆਂ ਦੁਆਰਾ ਤਰ੍ਹਾਂ-ਤਰ੍ਹਾਂ ਦੇ ਵਾਅਦੇ, ਜੁਮਲੇ, ਪੈਂਤੜੇ, ਦਾਅ ਪੇਚ ਖੇਡੇ ਜਾਂਦੇ ਨੇ। ਕਈ ਵਾਅਦੇ ਤਾਂ ਸਚਮੁਚ ਹੀ ਕਰਾਮਾਤਾਂ ਵਰਗੇ ਲਗਦੇ ਨੇ, ਜੋ ਹਾਕਮਾਂ ਦੀ ਮਤਲਬੀ ਸੋਚ ਵੀ ਪ੍ਰਗਟ ਕਰਦੇ ਨੇ। ਇਕ ਨਵਾਂ ਹੀ ਦਾਅ-ਪੇਚ ਖੇਡਿਆ ਜਾ ਰਿਹਾ ਸੀ, ਦਲਿਤਾਂ, ਗ਼ਰੀਬਾਂ ਦੇ ਘਰਾਂ ਵਿਚ ਜਾ ਕੇ ਖਾਣਾ ਖਾਣ ਅਤੇ ਫ਼ੋਟੋ ਖਿਚਵਾ ਕੇ ਖ਼ਬਰਾਂ ਲਗਵਾਉਣ ਦਾ। ਹੈਰਾਨੀ ਹੁੰਦੀ ਹੈ, ਸੋਚ ਕੇ ਕਿ ਤੁਸੀ ਸਾਬਤ ਕੀ ਕਰਨਾ ਚਾਹੁੰਦੇ ਓ?

ਇਹ ਕਿ ਤੁਸੀ ਵੱਡੇ ਲੋਕ ਹੋ ਅਤੇ ਛੋਟੇ ਲੋਕਾਂ ਦੇ ਘਰ ਖਾਣਾ ਖਾ ਕੇ ਤੁਸੀ ਮਹਾਨਤਾ ਵਾਲਾ ਕੰਮ ਕਰ ਰਹੇ ਓ। ਮਜ਼ਾ ਤਾਂ ਇਸ ਗੱਲ ਵਿਚ ਸੀ, ਜੇ ਸਾਰਿਆਂ ਨੂੰ ਇਸ ਕਾਬਲ ਬਣਾ ਦਿਤਾ ਜਾਂਦਾ ਕਿ ਹਰ ਕੋਈ ਤੁਹਾਡੇ ਵਰਗਾ ਖਾਣਾ ਖਾ ਸਕਦਾ ਤੇ ਰਹਿਣਾ-ਸਹਿਣ ਰੱਖ ਸਕਦਾ। ਯਕੀਨੀ ਬਣਾਇਆ ਜਾਂਦਾ ਕਿ ਕੋਈ ਭੁੱਖਾ ਨਾ ਸੌਂਵੇ ਪਰ ਇਹ ਮੇਰੇ ਦੇਸ਼ ਦੀ ਤ੍ਰਾਸਦੀ ਹੈ ਕਿ ਇਥੇ ਤਾਂ ਅੰਨ ਪੈਦਾ ਕਰਨ ਵਾਲਾ ਹੀ ਖ਼ੁਦਕੁਸ਼ੀਆਂ ਕਰ ਰਿਹਾ ਹੈ।

ਅੱਜ ਵੀ ਵੱਡੇ ਲੋਕਾਂ, ਰਾਜਨੀਤਕ ਆਗੂਆਂ ਤੇ ਸਰਕਾਰਾਂ ਦੇ ਹੱਥ ਵਿਚ ਬਹੁਤ ਕੁੱਝ ਹੈ। ਜੇਕਰ ਉਹ ਗੰਭੀਰਤਾ ਨਾਲ ਸੋਚਣ ਤਾਂ ਗ਼ਰੀਬੀ ਦਾ ਕੋਹੜ ਦੇੇਸ਼ ਵਿਚੋਂ ਕਢਿਆ ਜਾ ਸਕਦਾ ਹੈ ਪਰ ਗੰਭੀਰਤਾ ਤੇ ਦੇਸ਼ ਪ੍ਰੇਮ ਦੀ ਭਾਵਨਾ ਹੈ ਕਿੱਥੇ? ਜੇ ਹੁੰਦੀ ਤਾਂ ਮੇਰੇ ਕਿਸਾਨ ਵੀਰ, ਭੈਣ, ਭਰਾ ਐਨੇ ਮਹੀਨਿਆਂ ਤੋਂ ਇੰਝ ਸੜਕਾਂ ਤੇ ਨਾ ਰੁਲਦੇ। ਇਨ੍ਹਾਂ ਆਗੂਆਂ ਦੀ ਸੋਚ ਹੈ ਕਿ ਸੰਘਰਸ਼ ਲੰਮਾ ਖਿੱਚ ਕੇ ਕਮਜ਼ੋਰ ਕੀਤਾ ਜਾ ਸਕਦਾ ਹੈ, ਤੋੜਿਆ ਜਾ ਸਕਦਾ ਹੈ। ਪਰ ਇਤਿਹਾਸ ਗਵਾਹ ਹੈ ਕਿ ਐਨਾ ਲੰਮਾ ਸੰਘਰਸ਼ ਵੀ ਕਦੇ ਨਹੀਂ ਸੀ ਚਲਿਆ।

ਨਾਇਕ ਤੇ ਖਲਨਾਇਕ ਹਮੇਸ਼ਾ ਚੇਤਿਆਂ ਵਿਚ ਰਹਿੰਦੇ ਨੇ। ਮੁਬਾਰਕਬਾਦ ਹੈ ਉਨ੍ਹਾਂ ਵੀਰਾਂ, ਭੈਣਾਂ ਨੂੰ ਜਿਨ੍ਹਾਂ ਦੇ ਹਿੱਸੇ ਇਹ ਜੰਗ ਆਈ ਹੈ। ਇਨ੍ਹਾਂ ਮਿੱਟੀ ਨਾਲ ਜੁੜੇ, ਭੋਲੇ-ਭਾਲੇ ਲੋਕਾਂ ਵਿਚ ਕੋਈ ਪੈਂਤੜੇਬਾਜ਼ੀ ਨਹੀਂ, ਇਹ ਸਾਦਾ ਖਾਣ ਵਾਲੇ ਤੇ ਦੂਜਿਆਂ ਨੂੰ ਛਕਾਉਣ ਵਾਲੇ ਨੇ। ਰਾਜਨੀਤਕ ਆਗੂਆਂ ਵਾਂਗੂ ਕਿਸੇ ਦੇ ਘਰ ਰੋਟੀ ਖਾ ਕੇ ਫ਼ੋਟੋਆਂ ਖਿਚਵਾਣ ਵਾਲੇ ਨਹੀਂ, ਸਗੋਂ ਹਰ ਕਿਸੇ ਨੂੰ ਛਕਾ ਕੇ, ਹੱਥ ਜੋੜਨ ਵਾਲੇ ਨੇ। ਇਸ ਸੰਘਰਸ਼ ਦਾ ਭਵਿੱਖ ਕੀ ਹੋਵੇਗਾ? ਪਤਾ ਨਹੀਂ, ਪਰ ਇਹ ਸੁਨੇਹਾ ਸਾਰੀ ਦੁਨੀਆਂ ਤਕ ਜ਼ਰੂਰ ਪਹੁੰਚ ਗਿਆ ਹੈ ਕਿ ਭਾਰਤ ਦੇਸ਼ ਵਿਚ ਅੰਨਦਾਤਾ ਕਿੰਨਾ ਦੁਖੀ ਹੈ ਤੇ ਸਰਕਾਰਾਂ ਅਪਣੀ ਜਨਤਾ ਦਾ ਦੁੱਖ ਕਿੰਨੀ ਸੁਹਿਰਦਤਾ ਨਾਲ ਸੁਣਦੀਆਂ, ਸਮਝਦੀਆਂ ਤੇ ਸੁਲਝਾਉਂਦੀਆਂ ਨੇ। 

ਸੁਖਜੀਵਨ ਕੁਲਬੀਰ ਸਿੰਘ
ਸੰਪਰਕ: 7340923044