ਅਜਾਇਬ ਘਰ ਵਾਲਾ ਘਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜੈਸੀ ਕੋਕੋ ਵੈਸੇ ਬੱਚੇ' ਇਹ ਅਖਾਣ ਇਸ ਲੇਖ ਦੇ ਲੇਖਕ ਤੇ ਢੁਕਵਾਂ ਬੈਠਦਾ ਹੈ। ਕਾਰਨ? ਮੇਰੇ ਪਿਤਾ ਜੀ ਲਕੜੀ ਦੇ ਕਾਰੀਗਰ ਹੋਣ......

Small Museum house

ਜੈਸੀ ਕੋਕੋ ਵੈਸੇ ਬੱਚੇ' ਇਹ ਅਖਾਣ ਇਸ ਲੇਖ ਦੇ ਲੇਖਕ ਤੇ ਢੁਕਵਾਂ ਬੈਠਦਾ ਹੈ। ਕਾਰਨ? ਮੇਰੇ ਪਿਤਾ ਜੀ ਲਕੜੀ ਦੇ ਕਾਰੀਗਰ ਹੋਣ ਦੇ ਬਾਵਜੂਦ ਸੇਪੀਪੁਣੇ ਦਾ ਧੰਦਾ ਤਾਂ ਨਹੀਂ ਸਨ ਕਰਦੇ, ਪਰ ਉਨ੍ਹਾਂ ਆਰੀਆਂ, ਤੇਸੇ, ਵਰਮੇ, ਹਥੌੜੇ, ਸੁੰਬੇ, ਛੈਣੀਆਂ, ਆਈਰਨਾਂ ਆਦਿ ਦਾ ਜੁਗਾੜ ਘਰ 'ਚ ਸਾਂਭਿਆ ਹੋਇਆ ਸੀ। ਅੰਮ੍ਰਿਤ ਵੇਲੇ ਉਨ੍ਹਾਂ ਦਾ ਗੁਰਬਾਣੀ ਪਾਠ ਅਤੇ ਕਿਸਾਨਾਂ ਵਲੋਂ ਹਲਾਂ, ਕਹੀਆਂ, ਰੰਬੇ, ਟੋਕੇ ਦੀਆਂ ਛੁਰੀਆਂ ਚੰਡਣ ਦੀ ਠਕ-ਠਕ ਸਾਰੇ ਪਿੰਡ 'ਚ ਸੁਣਾਈ ਦਿੰਦੀ ਸੀ। ਉਨ੍ਹਾਂ ਬੱਚਿਆਂ ਦੇ ਖੇਡਣ ਲਈ ਘੁੱਗੀ ਰੇਹੜੇ, ਊਠ, ਗੱਡੇ ਅਤੇ ਹੱਥ ਰੇਹੜੂ ਆਦਿ ਬਣਾਏ ਹੋਏ ਸਨ।

ਬੱਚੇ ਇਨ੍ਹਾਂ ਨਾਲ ਦਿਲਪਰਚਾਵਾ ਕਰਦੇ ਅਤੇ ਉਨ੍ਹਾਂ ਦੇ ਮਾਪੇ 'ਵਸਦਾ ਰਹੁ ਵੱਸਣ ਸਿਆਂ' ਲੱਖ ਲੱਖ ਅਸੀਸਾਂ ਦਿੰਦੇ ਸਨ। ਖੂਹਾਂ 'ਚ ਡਿੱਗੀਆਂ ਬਾਲਟੀਆਂ ਅਤੇ ਖੇਡਦੇ ਬੱਚੇ ਵੀ ਡਿੱਗ ਪੈਂਦੇ, ਵੱਸਣ ਸਿੰਘ (ਮੇਰੇ ਪਿਤਾ) ਜੀ ਦਾ ਸੁਝਾਇਆ ਵਸੀਲਾ ਹੀ ਕੰਮ ਆਉਂਦਾ। ਮੇਰੇ ਮਾਤਾ ਜੀ ਪੱਕੀ ਫ਼ਸਲ ਦੇ ਸਿੱਟੇ ਅਤੇ ਮੁੰਜਰਾਂ ਚੁਣ ਕੇ ਘਰ ਦਾ ਨਿੱਕ-ਸੁਕ ਖ਼ਰੀਦ ਲਿਆਉਂਦੇ, ਬੱਚਤ ਦੇ ਪੈਸੇ ਗੋਲਕ (ਛੋਟੀ ਟਰੰਕੀ) 'ਚ ਸਾਂਭ ਲੈਂਦੇ। ਇਹ ਬੱਚਤ ਖ਼ਜ਼ਾਨਾ ਅਕਸਰ ਆਨਾ, ਦੁਆਨੀ, ਅਠਾਨੀ, ਚੁਆਨੀ ਜਾਂ ਕਦੀ-ਕਦਾਈਂ ਚਾਂਦੀ ਦੇ ਸਿੱਕੇ ਨਾਲ ਵੀ ਭਰਪੂਰ ਰਹਿੰਦਾ।

ਮੇਰੇ ਮਾਤਾ-ਪਿਤਾ ਜੀ 2003 ਅਤੇ 2004 'ਚ ਸੁਰਗਵਾਸ ਹੋ ਗਏ ਸਨ। ਬਾਬੇ ਨਾਨਕ ਦੀ ਸਿਖਿਆ 'ਕਿਰਤ ਕਰੋ, ਵੰਡ ਛਕੋ' ਦੇ ਮੁਦਈਆਂ ਦਾ ਵਡਮੁੱਲਾ ਖ਼ਜ਼ਾਨਾ ਮੈਂ ਸਾਂਭੀ ਬੈਠਾ ਹਾਂ। ਇਥੋਂ ਹੀ ਸ਼ੁਰੂਆਤ ਹੋਈ ਅਜਾਇਬ ਘਰ ਦੀ। ਖ਼ਜ਼ਾਨਾ ਸੰਭਾਲਣ ਅਤੇ ਨਵੀਆਂ ਨਵੀਆਂ ਵਸਤਾਂ ਬਣਾਉਣ ਦੀ ਚੇਟਕ ਮੈਨੂੰ ਜੱਦੀ ਗੁਣਾਂ ਜਾਂ ਵਿਰਸੇ ਤੋਂ ਮਿਲੀ ਅਮੁੱਲੀ ਦਾਤ ਹੈ। ਮਾਂ ਦੀ ਗੋਲਕ ਇਸ ਘੜੀ ਸੈਂਕੜੇ, ਹਜ਼ਾਰਾਂ ਦੀ ਨਾ ਹੋ ਕੇ ਲੱਖਾਂ ਦੀ ਦੌਲਤ ਨਾਲ ਭਰਪੂਰ ਹੈ।

ਹਰ ਤਰ੍ਹਾਂ ਦੇ, ਹਰ ਕਾਲ ਦੇ ਨੋਟ ਅਤੇ ਸਿੱਕੇ ਜਿਥੋਂ-ਕਿਥੋਂ, ਜਿਵੇਂ-ਤਿਵੇਂ ਦਸ ਪੈਂਦੀ ਹੈ, ਹਰ ਹਾਲ ਵਿਰਾਸਤ ਖ਼ਜ਼ਾਨੇ 'ਚ ਹਾਜ਼ਰ ਹੋ ਜਾਂਦੇ ਹਨ। ਵਿਰਾਸਤੀ ਖ਼ਜ਼ਾਨੇ ਨੂੰ ਨਵੇਕਲੀ ਦਿੱਖ ਦੇਣ ਦੇ ਮਨੋਰਥ ਸਿੱਕਿਆਂ ਦੇ ਮਾਡਲ ਚਾਂਦੀ, ਰਬੜ, ਭਾਂਡਿਆਂ ਦੀ ਕਲਟੀ (ਕਲੀ) ਆਦਿ ਧਾਤਾਂ ਅਤੇ ਸਫ਼ੈਦ ਸੀਮੇਂਟ ਨਾਲ ਤਿਆਰ ਕੀਤੇ ਅਜਾਇਬ ਘਰਾਂ 'ਚ ਸੁਸ਼ੋਭਿਤ ਹਨ।

ਇਨ੍ਹਾਂ ਵਿਚੋਂ ਵਿਸ਼ੇਸ਼ਕਰ ਬਾਬਾ ਬੰਦਾ ਸਿੰਘ ਬਹਾਦਰ ਕਾਲ (1720 ਈ.) ਦਾ ਸ੍ਰੀ ਗੁਰੂ ਨਾਨਕ ਦੇਵ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ 'ਚ: ਸਿੱਕਾ ਜਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ। ਫ਼ਤਿਹ ਗੋਬਿੰਦ ਸ਼ਾਹਿ-ਮਾਹਾਨ ਫ਼ਜ਼ਲਿ ਸੱਚਾ ਸਾਹਿਬ ਅਸਤ।। ਦਾ ਠੱਪਾ ਲਗਿਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਜਾਂ ਸਿੱਖ ਕਾਲ (1804 ਈ.) ਦਾ ਸਿੱਕਾ ਵੀ ਬਾਬੇ ਨਾਨਕ ਦੀ ਵਡਿਆਈ ਉਜਾਗਰ ਕਰਦਾ ਹੈ।

ਇਸ ਦੇ ਇਕ ਪਾਸੇ ਬਾਬਾ ਨਾਨਕ ਇਲਾਹੀ ਬਾਣੀ ਗਾਉਂਦੇ ਹੋਏ, ਭਾਈ ਮਰਦਾਨਾ ਰਬਾਬ ਵਜਾਉਂਦੇ ਹੋਏ, ਜਦਕਿ ਦੂਜੇ ਪਾਸੇ ਬਾਬਾ 'ਬਲਿਹਾਰੀ ਕੁਦਰਤ ਵਸਿਆ' ਦੇ ਇਕਾਂਤ 'ਚ ਵਿਚਰ ਰਹੇ ਹਨ। ਬ੍ਰਿਟਿਸ਼ ਹਕੂਮਤ ਦੇ ਸਿੱਕੇ, ਛੱਤਰਪਤੀ ਸ਼ਿਵਾਜੀ ਜਨਮ ਸ਼ਤਾਬਦੀ, ਸਵਾਮੀ ਵਿਵੇਕਾਨੰਦ ਜਨਮ ਸ਼ਤਾਬਦੀ, ਸ਼ਹੀਦ ਭਗਤ ਸਿੰਘ ਜਨਮ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਨੂੰ ਦਰਸਾਉਂਦੇ ਮਾਡਲ ਸਿੱਕੇ ਵਰਣਨਯੋਗ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਸਿੱਕੇ ਉਤੇ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਚਿੱਤਰ ਉਕਰਿਆ ਹੋਇਆ ਹੈ।

350 ਰੁਪਏ ਦੀ ਕੀਮਤ ਦਾ ਇਹ ਮਾਡਲ ਸਿੱਕਾ ਮਾਣਯੋਗ ਪ੍ਰਧਾਨ ਮੰਤਰੀ ਨੂੰ ਵੀ ਭੇਜਿਆ ਗਿਆ ਹੈ।  ਵਿਰਾਸਤੀ ਖ਼ਜ਼ਾਨੇ ਦੇ ਸਿੱਕਿਆਂ ਤੋਂ ਇਲਾਵਾ ਅਜਾਇਬ ਘਰ 'ਚ ਪੁਰਾਤਨ ਵਸਤਾਂ, ਜਿਵੇਂ ਕਿ ਰਾਜਪੂਤ ਕਾਲ ਦੇ ਵੱਟੇ-ਤਕੜੀਆਂ, ਜਿੰਦਰੇ, ਨਾਲੰਦਾ ਦੀ ਤਰਜ਼ ਦੇ ਟੱਲ (ਵੱਡ ਅਕਾਰੀ), ਕਸ਼ਮੀਰੀ ਕਾਹਵਾ ਕੇਤਲੀ, ਸਦੀਆਂ ਪੁਰਾਣੇ ਕੜੇ ਵਾਲੇ ਗਲਾਸ, ਗੜਵੀਆਂ, ਕੜਛੀਆਂ, ਜੱਗ, ਛੰਨੇ, ਗੜਵੇ ਅਤੇ ਕੁਰੂਕੁਸ਼ੇਤਰ ਦੇ ਸੂਰਜ ਗ੍ਰਹਿਣ ਮੌਕੇ ਬਾਬੇ ਨਾਨਕ ਜੀ ਦੀ ਇਥੋਂ ਦੀ ਮਾਈ ਨੂੰ ਬਖਸ਼ਿਸ਼ ਕੀਤੀ ਸੁਰਾਹੀ ਦਾ ਮਾਡਲ ਅਜਾਇਬ ਘਰ ਦੇ ਅਜੂਬਿਆਂ 'ਚ ਸ਼ੁਮਾਰ ਹਨ। ਇਤਿਹਾਸ ਵਿਚ ਇਸ ਦਾ ਨਾਂ 'ਨਾਨਕਸ਼ਾਹੀ ਬਰਤਨ' ਬੋਲਦਾ ਹੈ। 

ਮੇਰੇ ਪਿਤਾ ਵਲੋਂ ਬਣਾਏ ਘੁੱਗੀ ਰੇਹੜੇ ਆਦਿ ਸਮੇਂ ਦੀ ਭੇਟ ਚੜ੍ਹ ਚੁੱਕੇ ਹਨ ਪਰ ਮੁਦਤਾਂ ਬਾਅਦ ਵੀ ਉਨ੍ਹਾਂ ਰੇਹੜਿਆਂ ਦੇ ਗੇੜੇ ਦਰ ਗੇੜੇ ਦਿਲ-ਦਿਮਾਗ਼ ਦੇ ਵਿਹੜੇ ਸੁਖਾਵੇਂ ਹੂਟੇ ਦਿੰਦੇ ਪ੍ਰਤੀਤ ਹੁੰਦੇ ਹਨ। ਪਿਤਾ ਪੁਰਖੀ ਸਿਧਾਂਤ ਤੋਂ ਉਤਸ਼ਾਹਿਤ ਹੋ ਕੇ ਮੈਂ ਵੀ ਹਲ, ਪੰਜਾਲੀ, ਤਰੰਗਲੀ, ਊਠ ਰੇਹੜਾ, ਕੁੱਕੜ ਅਤੇ ਬਾਂਦਰ ਰੇਹੜਾ ਬਣਾਉਣ ਜੋਗਾ ਹੋਇਆ ਹਾਂ।

ਵੈਸੇ ਕਬੂਤਰ, ਕਾਂ, ਤੋਤੇ, ਇੱਲਾਂ, ਗਿਰਝਾਂ, ਚੱਕੀਰਾਹੇ, ਡੱਡੂ, ਕਿਰਲੇ, ਸ਼ੇਰ, ਚੀਤੇ, ਹਿਰਨ, ਬਾਂਦਰ, ਲੂੰਬੜ, ਬਗਲੇ, ਬਿਜੜੇ, ਜਿਰਾਫ਼, ਮਗਰਮੱਛਾਂ ਦੇ ਸੰਸਾਰ ਤੋਂ ਇਲਾਵਾ ਚੰਬਲ ਘਾਟੀ ਨਸਲ ਦੀਆ ਸਫ਼ੈਦ ਚਿੜੀਆਂ ਦੀਆ ਡਾਰਾਂ ਅਜਾਇਬ ਘਰ 'ਚ ਚੋਗਾ ਚੁਗਦੀਆਂ, ਚਹਿਚਹਾਉਂਦੀਆਂ ਜਾਪਦੀਆਂ ਹਨ। ਰੂਸੀ ਇਨਕਲਾਬ ਦੇ ਮੋਢੀ ਲੈਨਿਨ ਦਾ ਬੁੱਤ, ਭਗਤ ਰਵਿਦਾਸ, ਮਾਤਾ-ਪਿਤਾ ਸੇਵਕ ਸ਼ਰਵਣ ਕੁਮਾਰ, ਸ਼ਹੀਦ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਮਹਾਰਾਣੀ ਝਾਂਸੀ ਦਾ ਬੁੱਤ, ਦੁੱਧ ਰਿੜਕਦੀ ਝਾਂਜਰਾਂ ਵਾਲੀ, ਚਰਖਾ ਚੰਦਨ ਦਾ ਕਤਦੀ ਸੁਆਣੀ, ਰਸੋਈ 'ਚ ਰੁੱਝੀ ਬੇਬੇ ਬੁੱਢੀ,

ਬੇਬੇ ਨੂੰ ਮਿਲਣ ਆਈ ਜਗਤ ਮਾਸੀ, ਸ਼ਾਹਬਾਦ ਮਾਰਕੰਡਾ ਦੀ ਇੰਟਰਨੈਸ਼ਨਲ ਹਾਕੀ ਖਿਡਾਰਨ, ਸਟਾਫ਼ ਨਰਸ ਅਤੇ ਡਾਕਟਰ ਤੋਂ ਛੁੱਟ ਸ੍ਰੀ ਪੰਜਾ ਸਾਹਿਬ ਦਾ ਮਾਡਲ ਅਜਾਇਬ ਘਰ ਦੀਆਂ ਵਡਮੁੱਲੀਆਂ ਧਰੋਹਰਾਂ ਹਨ। 'ਨਸ਼ਾ ਅਤੇ ਨਾਸ਼' ਮਾਡਲ ਦੇਸ਼ ਦੇ ਮੌਜੂਦਾ ਹਾਲਾਤ, ਵਿਸ਼ੇਸ਼ ਕਰ ਕੇ ਪੰਜਾਬ ਦੀ ਨਿਘਰੀ ਦਸ਼ਾ ਦੀ ਮੂੰਹਬੋਲਦੀ ਦੁੱਖ ਭਰੀ ਕਹਾਣੀ ਬਿਆਨ ਕਰਦੇ ਪ੍ਰਤੀਤ ਹੁੰਦੇ ਹਨ। 'ਮਹਿਫ਼ਲ ਮਿੱਤਰਾਂ ਦੀ...' ਵਿਚ ਨੌਜੁਆਨੀ ਦਾ ਘਾਣ ਅਤੇ ਵਸਦੇ-ਰਸਦੇ ਘਰਾਂ ਦਾ ਹਸ਼ਰ ਕੀ ਹੋ ਨਿਬੜਦਾ ਹੈ, ਚੁਬਾਰੇ ਚੜ੍ਹੇ, ਖੌਰੂ ਪਾਉਂਦੇ ਧਾਕੜ ਬਾਂਦਰਾਂ ਦੀਆਂ ਬਾਂਦਰੀਆਂ ਤੋਂ ਪੁੱਛ ਕੇ ਵੇਖੋ।

ਮੈਂ ਦੇਸ਼ ਭਰ 'ਚ ਘੁੰਮਿਆ ਫਿਰਿਆ ਹਾਂ। ਸ੍ਰੀ ਝੀਰਾ ਸਾਹਿਬ, ਸ੍ਰੀ ਮਣੀਕਰਨ ਸਾਹਿਬ, ਸ੍ਰੀ ਪਟਨਾ ਸਾਹਿਬ, ਸ੍ਰੀ ਪਾਉਂਟਾ ਸਾਹਿਬ, ਸ੍ਰੀ ਚਮਕੌਰ ਸਾਹਿਬ ਅਤੇ ਲਖਨੌਰ ਸਾਹਿਬ ਆਦਿ ਧਾਰਮਿਕ ਅਸਥਾਨਾਂ, ਜਦਕਿ ਹਲਦੀ ਘਾਟੀ, ਚਿਤੌੜਗੜ੍ਹ, ਭਰਤਪੁਰ, ਗਵਾਲੀਅਰ, ਨਾਲੰਦਾ, ਗਯਾ, ਬੌਧਗਯਾ, ਅਜੰਤਾ-ਏਲੋਰਾ, ਐਲੀਫ਼ੈਂਟਾ ਅਤੇ ਬਰਾਬਰ ਦੀਆਂ ਗੁਫ਼ਾਵਾਂ, ਇਨ੍ਹਾਂ ਇਤਿਹਾਸਕ ਥਾਵਾਂ ਦੇ ਪੱਥਰਾਂ ਦੀਆਂ ਝੋਲੀਆਂ ਭਰ ਲਿਆਇਆ ਹਾਂ। ਦੇਸ਼ ਦੇ ਮਰਜੀਵੜੇ ਗੋਰਾ-ਬਾਦਲ, ਜੈਮਲ ਫ਼ੱਤਾ, ਹੇਮੂ, ਪ੍ਰਿਥਵੀ ਰਾਜ ਚੌਹਾਨ, ਮਹਾਰਾਣਾ ਸਾਂਗਾ, ਟੀਪੂ ਸੁਲਤਾਨ, ਝਾਂਸੀ ਦੀ ਰਾਣੀ, ਤਾਂਤੀਆ ਟੋਪੇ, ਮੰਗਲ ਪਾਂਡੇ, ਅਕਾਲੀ ਫੂਲਾ ਸਿੰਘ,

ਹਰੀ ਸਿੰਘ ਨਲਵਾ, ਚੰਦਰ ਸ਼ੇਖਰ ਆਜ਼ਾਦ, ਹੁਸੈਨੀਵਾਲਾ ਦੇ ਸ਼ਹੀਦ, ਬੀ.ਕੇ. ਦੱਤ, ਊਧਮ ਸਿੰਘ ਅਤੇ ਹੋਰ ਸੈਂਕੜੇ ਗੁਮਨਾਮ ਸ਼ਹੀਦਾਂ ਦੀਆਂ ਪੈੜਾਂ ਦੀ ਪਵਿੱਤਰ ਮਿੱਟੀ ਦੀਆਂ ਪੋਟਲੀਆਂ ਅਜਾਇਬ ਘਰ 'ਚ ਸ਼ਭਾਏਮਾਨ ਕੀਤੀਆਂ ਹਨ। ਸੱਚਾਈ ਤਾਂ ਇਹ ਹੈ ਕਿ ਇਹ ਨਿਰੇ ਪੱਥਰ ਜਾਂ ਮਿੱਟੀ ਹੀ ਨਹੀਂ ਸਗੋਂ ਸ਼ਹੀਦੀ ਦਸਤਾਵੇਜ਼ ਹਨ ਜੋ ਆਉਣ ਵਾਲੀਆਂ ਨਸਲਾਂ ਦੇ ਰਾਹ ਰੁਸ਼ਨਾਉਂਦੇ ਰਹਿਣਗੇ।

ਦੇਸ਼ ਦੀਆਂ ਪ੍ਰਮੁੱਖ ਅਖ਼ਬਾਰਾਂ, ਖ਼ਾਸ ਕਰ ਕੇ ਰੋਜ਼ਾਨਾ ਸਪੋਕਸਮੈਨ 'ਚ ਸਮੇਂ ਸਮੇਂ ਤੇ ਪ੍ਰਕਾਸ਼ਤ ਸ਼ਹੀਦ ਫ਼ੌਜੀਆਂ ਦੀਆਂ ਦਰਦਨਾਕ ਖ਼ਬਰਾਂ ਅਤੇ ਸਰਕਾਰਾਂ ਦੇ ਲਾਰੇ-ਲੱਪੇ ਦੀ ਭੇਟ ਚੜ੍ਹੇ ਕਿਸਾਨਾਂ ਦੀਆਂ ਤਸਵੀਰਾਂ, ਆਜ਼ਾਦੀ ਪ੍ਰਾਪਤੀ ਲਈ ਬੱਬਰਾਂ ਤੇ ਗ਼ਦਰੀਆਂ ਦਾ ਜਜ਼ਬਾ, ਜਾਬਰਾਂ ਦਾ ਜਬਰ, ਕਾਲੇ ਪਾਣੀਆਂ ਤੋਂ ਸੁਣੀਦਾ ਇਨਕਲਾਬ ਜ਼ਿੰਦਾਬਾਦ ਦਾ ਗੀਤ, ਸੱਭੇ ਇਕ ਛੱਤ ਥੱਲੇ ਮੂਰਤੀਮਾਨ ਹਨ ਰਸਾਲਿਆਂ, ਪੈਂਫ਼ਲਟਾਂ, ਅਖ਼ਬਾਰਾਂ ਅਤੇ ਦਸਤਾਵੇਜ਼ਾਂ ਦੀਆਂ ਕਤਰਨਾਂ ਦੁਆਰਾ। 'ਮੇਰਾ ਰੰਗ ਦੇ ਬਸੰਤੀ ਚੋਲਾ' ਗੀਤ ਗਾਉਣ ਵਾਲੇ ਲੋਕਾਈ ਦੇ ਦਿਲਾਂ ਉਤੇ ਰਾਜ ਕਰ ਕੇ ਅਮਰ ਅਹੁਦਾ ਪਾ ਗਏ।

ਅਜਾਇਬ ਘਰ ਦੀ ਖ਼ਾਸੀਅਤ ਜਾਂ ਇਸ ਨੂੰ ਚਾਰ ਚੰਨ ਲਾਉਂਦੀ ਇਸ ਦੀ ਹੁਤਾਤਮਾ ਸਿਮਰਤੀ (ਸ਼ਹੀਦ ਭਗਤ ਸਿੰਘ ਯਾਦਗਾਰੀ) ਲਾਈਬ੍ਰੇਰੀ 'ਚ ਬੋਧੀ ਸਾਹਿਤ,  ਸੂਫ਼ੀ/ਭਗਤੀ, ਵੀਰ ਕਾਲ ਸਾਹਿਤ, ਗ਼ਦਰੀ ਅਤੇ ਇਨਕਲਾਬੀ ਸਾਹਿਤ ਤੋਂ ਛੁੱਟ ਵਰਤਮਾਨ ਕਾਲ ਦਾ ਲਗਭਗ ਸਾਰਾ ਸਾਹਿਤ ਮੌਜੂਦ ਹੈ। ਉਚੇਰੀ  ਪੜ੍ਹਾਈ, ਖ਼ਾਸ ਕਰ ਕੇ ਐਮ.ਏ., ਪੀ.ਐਚ.ਡੀ. ਦੇ ਖੋਜੀ ਵਿਦਿਆਰਥੀ ਲਾਇਬ੍ਰੇਰੀ ਨੂੰ ਤਰਜੀਹ ਦਿੰਦੇ ਹਨ। ਕੋਈ ਸਮਾਂ ਸੀ ਜਦੋਂ ਹਰਿਆਣਾ ਸਾਹਿਤ ਦੇ ਖੇਤਰ 'ਚ ਫਾਡੀ ਗਿਣਿਆ ਜਾਂਦਾ ਰਿਹਾ ਹੈ। ਪਰ ਹਿੰਦੀ/ਪੰਜਾਬੀ ਸਾਹਿਤ ਅਕਾਦਮੀਆਂ ਹੀ ਹੋਂਦ ਨੇ ਫਾਡੀ ਤੋਂ ਡਾਢੀ ਲੰਮੀ ਪੁਲਾਂਘ ਪੁੱਟੀ ਹੈ।

ਮੇਰੇ ਹੀ ਖ਼ਿੱਤੇ ਦੇ ਸਾਹਿਤ ਅਕਾਦਮੀ ਦੇ ਸਨਮਾਨਤ ਸਾਹਿਤਕਾਰ ਜੋਗਿੰਦਰ ਸਿੰਘ ਪ੍ਰਿੰਸੀਪਲ ਅਤੇ ਕਹਾਣੀਕਾਰ ਦਰਸ਼ਨ ਸਿੰਘ ਸਾਹਿਤ ਨੂੰ ਸਮਰਪਿਤ ਸਾਹਿਤ ਰਤਨ ਹਨ। ਇਹ ਲਿਖਣਾ ਕੁਥਾਂ ਨਹੀਂ ਹੋਵੇਗਾ ਕਿ ਸਾਰਾ ਸਾਹਿਤ ਪੜ੍ਹਿਆ ਵੀ ਜਾਂਦਾ ਹੈ, ਚੰਗੀ ਸਾਂਭ-ਸੰਭਾਲ ਵੀ ਹੁੰਦੀ ਹੈ ਪਰ ਰੁਮਾਲਿਆਂ 'ਚ ਲਪੇਟਣਾ ਅਤੇ ਧੂਫ਼-ਬੱਤੀ ਤੋਂ ਪਰਹੇਜ਼ ਵਰਤਿਆ ਜਾਂਦਾ ਹੈ।

ਸੁਭਾਗਾ ਸਮਾਂ 1975, ਬਿਨ ਦਾਜ-ਦਹੇਜ ਸਵੀਕਾਰੀ ਜੀਵਨ-ਸਾਥਣ ਦਾ ਲਾਲ ਚੂੜਾ, ਲਾਲ ਪਰਾਂਦਾ, ਚਾਂਦੀ ਛੱਲੇ, ਲਾਵਾਂ ਵੇਲੇ ਦੀ ਪੰਜ ਕਾਪੜੀ, ਕਿਸੇ ਰਵਿਦਾਸ ਵੰਸ਼ੀ ਦੇ ਬਣਾਏ ਮਜ਼ਬੂਤ ਸੈਂਡਲ ਆਦਿ ਦੇ ਭਰੋਸੇ ਬੀਤੇ ਵੇਲੇ ਨੂੰ ਯਾਦ ਕਰ ਲਈਦਾ ਹੈ। ਵਿਹਲੜ, ਪਾਖੰਡੀ, ਸਾਧਾਂ, ਧਰਮ ਦੇ ਠੇਕੇਦਾਰਾਂ ਦੀਆਂ ਮੋਮੋਠਗਣੀਆਂ ਤੋਂ ਮੁਕਤ, ਕਿਰਤ-ਕਰਮ 'ਚ ਚੁਸਤ 144 ਸਰਦ-ਗਰਮ ਰੁੱਤਾਂ ਹੰਢਾ ਚੁੱਕਾ ਅਪਣਾ ਸਰੀਰ ਵੀ ਸਾਂਭ ਰਖਿਆ ਹੈ ਅਜਾਇਬ ਘਰ ਵਾਲੇ ਘਰ 'ਚ। 
ਸੰਪਰਕ : 94669-38792