ਹਾਏ ਬੁਢਾਪਾ ਨਾ ਆਵੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮਨੁੱਖ ਦੀ ਸਦੀਆਂ ਤੋਂ ਇੱਛਾ ਰਹੀ ਹੈ ਕਿ ਲੰਮੀ ਉਮਰ ਭੋਗੀ ਜਾਵੇ ਅਤੇ ਬੁਢਾਪਾ ਨਾ ਆਵੇ। ਮਰਦ ਅਤੇ ਔਰਤ ਹਮੇਸ਼ਾ ਜਵਾਨ ਤੇ ਤੰਦਰੁਸਤ ਰਹਿਣ ਦੀ ਜੀਤੋੜ ਕੋਸ਼ਿਸ਼ ਕਰਦੇ...

Fruits and Vegetables

ਮਨੁੱਖ ਦੀ ਸਦੀਆਂ ਤੋਂ ਇੱਛਾ ਰਹੀ ਹੈ ਕਿ ਲੰਮੀ ਉਮਰ ਭੋਗੀ ਜਾਵੇ ਅਤੇ ਬੁਢਾਪਾ ਨਾ ਆਵੇ। ਮਰਦ ਅਤੇ ਔਰਤ ਹਮੇਸ਼ਾ ਜਵਾਨ ਤੇ ਤੰਦਰੁਸਤ ਰਹਿਣ ਦੀ ਜੀਤੋੜ ਕੋਸ਼ਿਸ਼ ਕਰਦੇ ਹਨ। ਸ਼ਾਇਦ ਕੋਈ ਵੀ ਨਹੀਂ ਚਾਹੁੰਦਾ ਕਿ ਠਾਠਾਂ ਮਾਰਦੇ, ਚਮਕਦੇ ਚਿਹਰੇ ਉਤੇ ਝੁਰੜੀਆਂ ਅਤੇ ਬੇਜਾਨ ਚਮੜੀ ਲਟਕਦੀ ਦਿਸੇ। ਅੱਜ ਦੇ ਦੂਸ਼ਿਤ ਵਾਤਾਵਰਣ ਅਤੇ ਫ਼ਸਲਾਂ ਤੇ ਹੁੰਦੇ ਖ਼ਤਰਨਾਕ ਕੀਟਨਾਸ਼ਕਾਂ ਦੇ ਛਿੜਕਾਅ ਕਾਰਨ ਜ਼ਹਿਰੀਲਾ ਹੋ ਰਿਹਾ ਖਾਣਾ ਜੋ ਬਿਲਕੁਲ ਵੀ ਲੰਮੀ ਉਮਰ ਦੀ ਗਾਰੰਟੀ ਨਹੀਂ ਬਣ ਸਕਦਾ। ਅਸੀ ਇਸ ਖ਼ਤਰਨਾਕ ਖੇਡ ਦਾ ਤਮਾਸ਼ਾ ਕੱਛਾਂ 'ਚ ਹੱਥ ਵਾੜੀ ਮੂਕ ਦਰਸ਼ਕ ਬਣ ਕੇ ਵੇਖ ਰਹੇ ਹਾਂ।

ਹੱਲ ਕੱਢਣ ਲਈ ਕੋਈ ਵਿਰਲਾ ਹੀ ਦਿਮਾਗ਼ ਖੁਰਚ ਰਿਹਾ ਹੈ। ਸਾਡੇ ਮਾਸੂਮ ਬੱਚੇ ਇਸ ਮਾੜੀ ਰੱਖੀ ਜਾ ਹੀ ਨੀਂਹ ਦਾ ਸ਼ਿਕਾਰ, ਸੋਕੜਾ, ਕੁਪੋਸ਼ਣ, ਤਣਾਅ ਅਤੇ ਨਵੀਆਂ-ਨਵੀਆਂ ਅਜੀਬ ਬਿਮਾਰੀਆਂ ਜੰਮਣ ਸਾਰ ਹੀ ਪੱਲੇ ਪਾ ਕੇ, ਸੁਨਿਹਰੇ ਭਵਿੱਖ ਨੂੰ ਕਾਲ ਬਣਾ ਕੇ ਡੂੰਘੇ ਖੂਹ 'ਚ ਸੁਟ ਰਹੇ ਹਨ। ਕਾਰਨ ਹੈ ਦਿਨੋ-ਦਿਨ ਹੱਥੀਂ ਹੋ ਰਹੇ ਕੰਮ ਦੀ ਘਾਟ, ਜਿਸ ਦੀ ਥਾਂ ਮਸ਼ੀਨੀ ਯੁੱਗ ਨੇ ਲੈ ਲਈ ਹੈ।

ਵਿਚਾਰਾ ਇਨਸਾਨ ਮਸ਼ੀਨਾਂ ਤੋਂ ਕੰਮ ਕਰਵਾ ਕੇ ਆਪ ਹੱਡਤੋੜਵੀਂ ਮਿਹਨਤ ਤੋਂ ਬੱਚ ਕੇ ਅਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਰਿਹਾ ਹੈ। ਕਈ ਵਿਚਾਰੇ ਘਰ ਦੀ ਰੋਟੀ ਵੀ ਕੰਮ ਤੇ ਨਾਲ ਨਹੀਂ ਲੈ ਕੇ ਜਾਂਦੇ। ਹੋਟਲਾਂ, ਢਾਬੇ, ਫ਼ਾਸਟ ਫ਼ੂਡ ਦੀਆਂ ਰੇਹੜੀਆਂ ਦੇ ਆਲੇ-ਦੁਆਲੇ ਹੋ ਕੇ ਸਰੀਰ ਦਾ 'ਰਾਮ ਨਾਮ ਸਤ ਹੈ' ਛੇਤੀ ਹੀ ਕਰਵਾ ਕੇ ਅਪਣੇ ਚਿਹਰੇ ਨੂੰ ਚਮਕੀਲਾ ਬਣਾਉਣ ਲਈ ਫ਼ੇਅਰ ਐਂਡ ਲਵਲੀ ਉਤੇ ਆਸ ਲਾ ਕੇ ਹੀ ਜਵਾਨ ਬਣਨ ਦੇ ਸੁਪਨੇ ਵੇਖ ਰਹੇ ਹਨ।

ਬਾਹਰ ਦੀ ਤੰਦੂਰੀ ਰੋਟੀ, ਤੇਜ਼ ਮਿਰਚ-ਮਸਾਲੇ ਵਾਲੇ ਕੁਲਚੇ-ਛੋਲੇ, ਸਮੋਸੇ, ਕੋਲਡ ਡਰਿੰਕ ਪੀ ਕੇ ਆਉਂਦੇ-ਜਾਂਦੇ ਬੰਦੇ ਨੂੰ ਅਪਣੀ ਸ਼ਾਨ ਵਿਖਾਉਣ ਦੀ ਭਾਰੀ ਭੁੱਲ ਕਰ ਰਹੇ ਹਨ। ਮਹਿੰਗੇ ਮਹਿੰਗੇ ਰੇਸਤਰਾਂ, ਕੇ.ਐਫ਼.ਸੀ., ਮੈਕਡੋਨਲਡ, ਡੋਮੀਨੋ ਪੀਜ਼ਾ, ਆਦਿ ਵਿਚ ਸਾਰੇ ਪ੍ਰਵਾਰ ਨੂੰ ਫ਼ਾਸਟ ਫ਼ੂਡ ਖੁਆ ਕੇ ਸ਼ਰੇਆਮ ਘਾਤਕ ਬਿਮਾਰੀਆਂ ਨੂੰ ਬਹੁਤ ਸੌਖਾ ਸੱਦਾ ਦੇ ਰਹੇ ਹਨ। ਕਿਸੇ ਚੀਜ਼ ਦੀ ਆਦਤ ਨਹੀਂ ਪਾ ਰਹੇ। ਅੰਮ੍ਰਿਤ ਵੇਲੇ ਕੋਈ ਉਠਣਾ ਨਹੀਂ ਚਾਹੁੰਦਾ। ਨੀਂਦ ਪਿਆਰੀ ਹੈ। ਬੱਚਿਆਂ ਨੂੰ ਟੀ.ਵੀ. ਤੋਂ ਪਰੇ ਨਹੀਂ ਕਰਦੇ। ਕਾਰਟੂਨ ਚੰਗੇ ਲਗਦੇ ਹਨ। ਬੱਚੇ ਵੀ ਕਾਰਟੂਨ ਹੀ ਬਣਨਗੇ।

ਲੱਸੀ, ਦੁੱਧ, ਜੂਸ ਪੀਂਦੇ ਨਹੀਂ, ਕੋਲਡ ਡਰਿੰਕਾਂ ਦੇ ਫੱਟੇ ਚੁੱਕੀ ਜਾਂਦੇ ਹਨ। ਕਹਿੰਦੇ ਨੇ 'ਡਰ ਕੇ ਆਗੇ ਜੀਤ ਹੈ', 'ਠੰਢਾ ਮਤਲਬ ਕੋਕਾ ਕੋਲਾ'। ਬੈੱਡ ਉਤੇ ਹੀ ਬੈੱਡ ਟੀ ਪੀਣੀ ਚਾਹੁੰਦੇ ਹਨ। ਉਠਣ ਨੂੰ ਜੀ ਨਹੀਂ ਕਰਦਾ। ਵੀਰ ਜੀ ਜਲਦੀ ਉਠੋ ਸੈਰ ਕਰੋ, ਕਸਰਤ ਕਰੋ, ਯੋਗ ਕਰੋ, ਬੁਢਾਪਾ ਕਿਵੇਂ ਆਵੇਗਾ? ਕੁਇੰਟਲਾਂ ਦੇ ਹਿਸਾਬ ਨਾਲ ਵਜ਼ਨ ਵਧਾਈ ਬੈਠੇ ਹੋ। ਚਿੱਲੀ ਚਿਕਨ, ਬਟਰ ਚਿਕਨ ਛੱਡ ਨਹੀਂ ਸਕਦੇ। ਘੱਟੋ ਘੱਟ 2-3 ਲੀਟਰ ਪਾਣੀ ਰੋਜ਼ ਪੀਵੋ। 150-200 ਰੁਪਏ ਦਾ ਪੀਜ਼ਾ ਛੱਡ ਕੇ ਘਰ ਨੂੰ ਚੰਗੇ ਵਧੀਆ ਫ਼ਰੂਟ, ਪੱਤੇਦਾਰ ਸਬਜ਼ੀਆਂ ਲੈ ਕੇ ਜਾਉ।

ਮੁਕਦੀ ਗੱਲ, ਚੰਗਾ ਕੁਦਰਤੀ ਖਾਣਾ ਖਾਉ। ਸਰ੍ਹੋਂ ਦੇ ਤੇਲ ਦਾ ਤੜਕਾ ਲਾਉ। ਸ਼ਰਾਬ, ਪਰੌਂਠੇ, ਕੇਕ, ਪੇਸਟਰੀ, ਪੀਜ਼ਾ, ਪਾਸਤੇ ਨੂੰ ਮੱਥਾ ਟੇਕੋ। ਸਵੇਰ ਦਾ ਖਾਣਾ ਖਾ ਕੇ ਜ਼ਰੂਰ ਜਾਉ। ਤਿੰਨ ਵੇਲੇ ਦਾ ਖਾਣਾ ਸਮੇਂ ਸਿਰ ਖਾਉ। ਖਾਣੇ ਵੇਲੇ ਰੋਟੀ ਖਾਣ ਤੇ ਹੀ ਧਿਆਨ ਦਿਉ, ਟੀ.ਵੀ., ਮੋਬਾਈਲ, ਲੈਪਟਾਪ ਨੂੰ ਬੰਦ ਰੱਖੋ। ਵਟਸਐਪ, ਫ਼ੇਸਬੁਕ, ਛੱਡ ਕੇ ਗੂਗਲ ਉਤੇ ਚੰਗੀ ਖੁਰਾਕ ਦੀ ਜਾਣਕਾਰੀ ਲਵੋ। ਪੇਟ ਸਾਫ਼ ਰੱਖੋ, ਕਬਜ਼ ਕਦੇ ਵੀ ਨਾ ਹੋਵੇ। ਮੈਂ ਉਹ ਯੋਗ ਹੀ ਲਿਖਦਾ ਹਾਂ ਜੋ ਸੌਖੇ ਬਣਾ ਸਕੋ। ਕਈ ਆਯੁਰਵੈਦਿਕ ਨੁਸਖੇ ਹਰ ਕੋਈ ਨਹੀਂ ਬਣਾ ਸਕਦਾ। ਬਹੁਤ ਔਖੇ ਅਤੇ ਮਿਹਨਤ ਨਾਲ ਬਣਦੇ ਹਨ।

ਜੇ ਬੁਢਾਪਾ ਦੂਰ ਕਰਨਾ ਹੈ ਤਾਂ ਹੇਠ ਲਿਖੇ ਕਿਸੇ ਵੀ ਫ਼ਾਰਮੂਲੇ ਨੂੰ ਪੂਰੇ ਪਰਹੇਜ਼ ਨਾਲ ਅਤੇ ਸਮੇਂ ਸਿਰ ਲਗਾਤਾਰ ਖਾਉ। ਲਉ ਜੀ ਜਵਾਨ ਰਹਿਣ ਦੇ ਨੁਸਖ਼ੇ ਨੋਟ ਕਰੋ:-

1. ਬਦਾਮ ਗਿਰੀ, ਚਾਰੇ ਮਗਜ਼, ਖਸਖਸ=250-250 ਗ੍ਰਾਮ, ਕਮਰਕਸ 25 ਗ੍ਰਾਮ, ਤਾਲਮਖਾਣਾ ਕਾਕੜਸਿੰਗੀ, ਅਸਗੰਧ, ਚੀਕਣੀ ਸੁਪਾਰੀ, ਲਾਜਵੰਤੀ, ਰੁਮੀ ਮਸਤਗੀ ਅਸਲੀ, ਤਬਾਸੀਰ ਅਸਲੀ, ਛੋਟੀ ਇਲਾਚੀ ਬੀਜ, ਜਾਮਣ ਗੁਠਲੀ, ਸਾਲਮ ਪੰਜਾ=30-30 ਗ੍ਰਾਮ, 1 ਚਮਚ ਸਵੇਰੇ ਸ਼ਾਮ ਦੁੱਧ ਨਾਲ ਲਵੋ। ਬੇਮਿਸਾਲ ਤਾਕਤ ਮਿਲ ਕੇ ਬੁਢਾਪਾ ਨਹੀਂ ਆਵੇਗਾ।

2. ਪਿਆਜ਼ ਦੀ ਖੀਰ: ਪਿਆਜ਼ ਛਿਲ ਕੇ ਉਸ ਦੇ ਚਾਵਲਾਂ ਜਿੰਨੇ ਟੋਟੇ ਕਰ ਲਉ। ਤਿੰਨ ਛਟਾਂਕ ਲੈ ਕੇ ਪਾਣੀ ਨਾਲ 2-3 ਵਾਰੀ ਧੋ ਲਵੋ। ਫਿਰ 250 ਗ੍ਰਾਮ ਗਊ ਦੇ ਦੁੱਧ 'ਚ ਪਕਾਉ। ਜਦੋਂ ਖੀਰ ਵਾਂਗ ਬਣ ਜਾਵੇ ਤਾਂ ਓਨਾ ਹੀ ਸ਼ਹਿਦ ਪਾ ਕੇ ਫਿਰ ਪਕਾਉ। ਜਦੋਂ ਖੀਰ ਵਾਂਗ ਗਾੜ੍ਹਾ ਹੋ ਜਾਵੇ ਤਾਂ ਸਫ਼ੈਦ ਮੁਸਲੀ, ਪਾਨ ਦੀ ਜੜ੍ਹ, ਦਾਲਚੀਨੀ ਹਰ ਚੀਜ਼ ਸਵਾ ਤੋਲਾ ਪੀਸ ਕੇ ਮਿਲਾਉ। 1-2 ਤੋਲੇ ਰੋਜ਼ 10 ਦਿਨ ਖਾਉ। ਸਾਲ ਵਿਚ ਇਕ ਵਾਰ ਹੀ ਸਰਦੀ ਦੇ ਦਿਨਾਂ 'ਚ ਖਾਉ। ਜਵਾਨੀ ਬਰਕਰਾਰ ਰਹੇਗੀ।

3. ਅੰਬ ਦਾ ਰਸ (ਮਿੱਠਾ) 250 ਗ੍ਰਾਮ, ਸਾਲਮ ਮਿਸ਼ਰੀ, ਸਫ਼ੈਦ ਮੁਸਲੀ ਪੀਸ ਕੇ 6-6 ਗ੍ਰਾਮ ਗਊ ਦਾ ਦੁੱਧ, ਤਾਜ਼ਾ 250 ਗ੍ਰਾਮ, ਅਦਰਕ ਰਸ, ਪਿਆਜ਼ ਰਸ 1-1 ਤੋਲਾ, ਅੰਡੇ ਦੀ ਜ਼ਰਦੀ, ਦੇਸੀ ਘਿਉ 1-1 ਤੋਲਾ, ਕੇਸਰ 2 ਰੱਤੀ, ਗੁਲਾਬ ਦੇ ਅਰਕ 'ਚ ਖਰਲ ਕਰ ਕੇ ਸੱਭ ਨੂੰ ਮਿਲਾ ਲਵੋ। 5 ਗ੍ਰਾਮ ਦੇਸੀ ਖੰਡ, 5 ਗ੍ਰਾਮ ਇਹ ਯੋਗ ਰੋਜ਼ 3 ਤੋਂ 4 ਵਜੇ ਪੀਉ। ਸਦਾ ਜਵਾਨ ਅਤੇ ਲਾਲ ਸੁਰਖ਼ ਬਣੇ ਰਹੋਗੇ। 

4. ਦੇਸੀ ਬਰਫ਼ੀ : ਕੱਦੂ ਦੇ ਬੀਜ ਦੀ ਗਿਰੀ, ਖੀਰੇ ਦੀ ਗਿਰੀ, ਖਰਬੂਜ਼ੇ ਦੇ ਬੀਜ ਛਿੱਲੇ ਹੋਏ, ਨਾਰੀਅਲ, ਮਿੱਠੇ ਬਦਾਮ, ਅਖਰੋਟ, ਚਿਰੋਂਜੀ, ਚਿਲਗੋਜ਼ੇ ਸੱਭ ਦੀਆਂ ਗਿਰੀਆਂ 1-1 ਛਟਾਂਕ ਬਰੀਕ ਪੀਹ ਕੇ 5 ਕਿਲੋ ਗਊ ਦੇ ਦੁੱਧ 'ਚ ਪਾ ਕੇ ਪਕਾਉ। ਜਦੋਂ ਪੱਕਣ ਲੱਗੇ ਤਾਂ ਡੇਢ ਕਿੱਲੋ ਚੀਨੀ ਮਿਲਾ ਕੇ ਖੋਆ ਬਣਾਉ। ਤਿਆਰ ਹੋਣ ਤੇ ਬਰਤਨ 'ਚ ਪਾ ਕੇ ਬਰਫ਼ੀ ਵਾਂਗ ਪੀਸ ਬਣਾ ਲਵੋ। ਸਵੇਰੇ-ਸ਼ਾਮ 2-4 ਤੋਲੇ ਖਾਉ। ਮਾਨਸਿਕ ਅਤੇ ਸਰੀਰਕ ਸ਼ਕਤੀ, ਬਿਰਧ ਅਵਸਥਾ 'ਚ ਸੁਧਾਰ ਹੋਵੇਗਾ। 

5. ਨਿਰਗੁੰਡੀ (ਸਭਾਲੂ) ਦੀ ਜੜ੍ਹ ਦਾ ਚੂਰਨ ਅੱਧਾ ਕਿੱਲੋ ਸ਼ਹਿਦ, 1 ਕਿੱਲੋ ਖਰਲ 'ਚ ਚੰਗੀ ਤਰ੍ਹਾਂ ਘੋਟੋ। ਜਦੋਂ ਚੰਗੀ ਤਰ੍ਹਾਂ ਮਿਲ ਜਾਣ ਤਾਂ ਮਿੱਟੀ ਦੇ ਭਾਂਡੇ 'ਚ ਪਾ ਕੇ ਢੱਕਣ ਨੂੰ ਕਪੜਸਿਟੀ ਕਰ ਕੇ ਕਣਕ ਦੇ ਢੇਰ 'ਚ ਦਬਾ ਕੇ 1 ਮਹੀਨੇ ਲਈ ਛੱਡ ਦਿਉ। ਮਹੀਨੇ ਮਗਰੋਂ ਕੱਢ ਕੇ 10 ਗ੍ਰਾਮ ਰੋਜ਼ ਖਾਉ। ਸਰੀਰ ਦਾ ਰੰਗ ਸੋਨੇ ਵਰਗਾ, ਨਜ਼ਰ ਇੱਲ ਵਰਗੀ, ਬੁਢਾਪੇ ਦਾ ਹਮਲਾ ਨਹੀਂ ਹੋਵੇਗਾ। 

6. ਵਾਵੜਿੰਗ, ਸਫ਼ੈਦ ਪੁਨਰਵਾ, ਚਿਤਰਕ ਦੀ ਜੜ੍ਹ ਦੀ ਛਿੱਲ, ਸਤ ਗਿਲੋ, ਸੁੰਢ, ਕਾਲੀ ਮਿਰਚ ਛੋਟੀਆਂ ਮਘਾਂ, ਅਸ਼ਗੰਧ ਨਗੌਰੀ, ਅਸਲੀ ਬਿਧਾਰਾ, ਵੱਡੀ ਹਰੜ ਛਿਲਕਾ, ਬਰੇੜੇ ਦਾ ਛਿਲਕਾ, ਆਂਵਲਾ ਬਿਨ ਗੁਠਲੀ ਸੱਭ ਨੂੰ ਬਰਾਬਰ ਲੈ ਕੇ ਕੁੱਟ ਲਵੋ। ਮੈਦੇ ਵਾਂਗ ਪਾਊਡਰ ਹੋਵੇ। ਗੁੜ ਮਿਲਾ ਕੇ 6-6 ਗ੍ਰਾਮ ਦੀਆਂ ਗੋਲੀਆਂ ਬਣਾ ਕੇ ਛਾਂ 'ਚ ਸੁਕਾ ਲਵੋ। 1 ਗੋਲੀ ਰਾਤ ਨੂੰ ਦੁੱਧ ਨਾਲ ਲਵੋ। ਚਲਦੇ ਚਲਦੇ ਸਾਹ ਫੁਲਦਾ ਹੋਵੇ, ਪੇਟ, ਜਿਗਰ, ਫੇਫੜੇ, ਦਿਲ, ਦਿਮਾਗ਼ ਨਜ਼ਰ ਤੇਜ਼ ਹੋਵੇਗੀ। ਕਿਸੇ ਚੰਗੇ ਅਤੇ ਵਿਸ਼ਵਾਸਪਾਤਰ ਪਨਸਾਰੀ ਤੋਂ ਹੀ ਖ਼ਰੀਦੋ।

7. ਕੱਚੀ ਹਲਦੀ ਦਾ ਰਸ 10 ਗ੍ਰਾਮ ਸ਼ਹਿਦ ਮਿਲਾ ਕੇ ਚੱਟੋ, ਰਾਤ ਨੂੰ ਸੁੱਕੀ ਹਲਦੀ ਦਾ ਚੂਰਨ 2 ਗ੍ਰਾਮ, 5 ਗ੍ਰਾਮ ਸ਼ਹਿਦ ਮਿਲਾ ਕੇ ਬਕਰੀ ਦੇ ਦੁੱਧ ਕੋਸੇ ਨਾਲ ਲਵੋ। ਡੇਢ ਮਹੀਨੇ 'ਚ ਤੁਸੀ ਵੇਖੋਗੇ ਕਿ ਵੀਰਜ ਗਾੜ੍ਹਾ ਹੋਵੇਗਾ, ਵਾਰ ਵਾਰ ਪਿਸ਼ਾਬ ਆਉਣਾ ਬੰਦ ਹੋਵੇਗਾ, ਭੁੱਖ ਦੀ ਕਮੀ, ਬੇਚੈਨੀ ਘਬਰਾਹਟ ਅਤੇ ਚਿੜਚੜਾਪਨ ਵੀ ਦੂਰ ਹੋਵੇਗਾ। 

8. ਪੁਨਰਵਾ ਦੀ ਤਾਜ਼ੀ ਜੜ੍ਹ, 6 ਗ੍ਰਾਮ ਦੁੱਧ ਨਾਲ 1 ਸਾਲ ਲਗਾਤਾਰ ਲਵੋ। ਇਹ ਰਾਜ਼ ਆਯੁਰਵੈਦਿਕ ਗ੍ਰੰਥਾਂ ਦਾ ਹੈ। ਦਿਲ, ਦਿਮਾਗ਼, ਜਿਗਰ ਦੀ ਪੁਰਾਣੀ ਅਤੇ ਪੁਰਾਣੀ ਖ਼ਰਾਬੀ ਦੂਰ ਹੋ ਕੇ ਤਾਕਤਵਰ ਵੀਰਜ ਪੈਦਾ ਹੋਵੇਗਾ। 

9. ਚੰਦਰੋਦਯਾ ਰਸ ਜਾਂ ਲਕਮੀ ਵਿਲਾਸ ਰਸ ਗੋਲਡ ਵੀ ਬੁਢਾਪੇ ਨੂੰ ਨੇੜੇ ਨਹੀਂ ਆਉਣ ਦਿੰਦਾ ਇਹ ਦੋਵੇਂ ਬਣੇ ਬਣਾਏ ਮਿਲ ਜਾਂਦੇ ਹਨ। 
ਬੇਨਤੀ : ਇਹ ਸਾਰਾ ਗਿਆਨ ਕਿਸੇ ਕੋਲ ਵੀ ਜਮਾਂਦਰੂ ਨਹੀਂ ਹੁੰਦਾ ਸੱਭ ਕੋਲ, ਕਿਤਾਬਾਂ, ਪੁਰਾਣੇ ਵੈਦਾਂ, ਗਿਆਨਵਾਨ ਸਾਧੂਆਂ ਕੋਲੋਂ ਪ੍ਰਾਪਤ ਹੁੰਦਾ ਹੈ। ਲੋੜ ਹੁੰਦੀ ਹੈ ਲਗਨ ਅਤੇ ਮਿਹਨਤ ਦੀ। ਕਈ ਦਵਾਈਆਂ ਨੂੰ ਬਣਾਉਣ ਲਈ ਕਈ ਸਾਲ ਲੱਗ ਜਾਂਦੇ ਹਨ। ਬਹੁਤ ਮਿਹਨਤ ਨਾਲ ਬਣਦੀਆਂ ਹਨ। ਸੋ ਹੱਥ ਜੋੜ ਕੇ ਬੇਨਤੀ ਇਸ ਨਿਮਾਣੇ ਸੇਵਕ ਦੀ ਪ੍ਰਵਾਨ ਕਰਨੀ।

ਆਯੁਰਵੈਦ ਬਹੁਤ ਪੁਰਾਣਾ ਹੈ। ਇਸ ਅੰਮ੍ਰਿਤ ਨੂੰ ਅਪਣਾਉ। ਅੱਜ ਦੇ ਕਈ, ਖ਼ੈਰ ਸਾਰੇ ਨਹੀਂ, ਨਿਰਦਈ ਅਤੇ ਰੋਗੀਆਂ ਦੀ ਛਿੱਲ ਲਾਹੁਣ ਵਾਲੇ ਡਾਕਟਰਾਂ ਤੋਂ ਬਚੋ। ਇਨਸਾਨੀਅਤ ਦੀ ਸੇਵਾ ਕਰੋ ਜੋ ਗਿਆਨ ਦਿਲ 'ਚ ਲਈ ਬੈਠੇ ਹੋ, ਉਸ ਨੂੰ ਵੰਡ ਕੇ ਸਰਬੱਤ ਦਾ ਭਲਾ ਕਰੋ ਜੀ।
ਸੰਪਰਕ : 75278-60906