ਸਿੱਖੋ! ਭਰਾ-ਮਾਰੂ ਜੰਗ ਤੋਂ ਹੱਟ ਕੇ ਜਗਤ ਜਲੰਦੇ ਨੂੰ ਰੁਸ਼ਨਾਉ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕੋਰੋਨਾ ਮਹਾਮਾਰੀ ਸਾਰੇ ਸੰਸਾਰ ਉਤੇ ਕਹਿਰ ਬਰਪਾ ਰਹੀ ਹੈ। ਜਿਥੇ ਇਕ ਪਾਸੇ ਵੱਡਾ ਮੈਡੀਕਲ ਸੰਕਟ ਆ ਖੜਾ ਹੋਇਆ ਹੈ

Sikh

ਕੋਰੋਨਾ ਮਹਾਮਾਰੀ ਸਾਰੇ ਸੰਸਾਰ ਉਤੇ ਕਹਿਰ ਬਰਪਾ ਰਹੀ ਹੈ। ਜਿਥੇ ਇਕ ਪਾਸੇ ਵੱਡਾ ਮੈਡੀਕਲ ਸੰਕਟ ਆ ਖੜਾ ਹੋਇਆ ਹੈ, ਉਥੇ ਭ੍ਰਿਸ਼ਟ ਸਰਕਾਰਾਂ ਦਾ ਅਣਮਨੁੱਖੀ ਕਰੂਪ ਚੇਹਰਾ ਵੀ ਸਾਹਮਣੇ ਆ ਗਿਆ ਹੈ। ਤਾਨਾਸ਼ਾਹ ਨਿਜ਼ਾਮ ਇਸ ਸਮੇਂ ਮਨੁੱਖੀ ਹੱਕਾਂ ਨੂੰ ਕੁਚਲ ਕੇ ਅਪਣੀ ਸੱਤਾ ਹੋਰ ਪੱਕੀ ਕਰਨ ਵਿਚ ਰੁਝਿਆ ਹੋਇਆ ਹੈ।

ਭਾਰਤ ਵਿਚ ਕਰੋੜਾਂ ਮਜ਼ਦੂਰਾਂ ਨੂੰ ਨਾ ਸਿਰਫ਼ ਭੁੱਖਮਰੀ ਵੱਲ ਧੱਕ ਦਿਤਾ ਬਲਕਿ ਕਈ ਦਹਾਕਿਆਂ ਦੀ ਜਦੋ-ਜਹਿਦ ਤੋਂ ਬਾਦ ਮਿਲੇ ਮਜ਼ਦੂਰਾਂ ਦੇ ਹੱਕਾਂ ਨੂੰ ਇਕ ਝਟਕੇ ਵਿਚ ਘਟਾ ਦਿਤਾ ਹੈ। ਇਸ ਸਾਰੇ ਵਰਤਾਰੇ ਵਿਚ ਜੇ ਅਸੀ ਪੰਥ ਵਿਚ ਮਹਾਂਮਾਰੀ ਤੋਂ ਪਹਿਲਾਂ ਸ਼ੁਰੂ ਹੋਏ ਵਿਵਾਦ ਉਤੇ ਨਜ਼ਰ ਮਾਰੀਏ ਤਾਂ ਉਹ ਬਹੁਤ ਹੀ ਨੀਂਵੇਂ ਪੱਧਰ ਦਾ ਜਾਪਦਾ ਹੈ। ਪੰਥ ਦੋ ਧਿਰਾਂ ਵਿਚ ਵੰਡਿਆ ਦਿਸਦਾ ਹੈ ਤੇ ਭਰਾ-ਮਾਰੂ ਜੰਗ ਵਲ ਵੱਧ ਰਿਹਾ ਹੈ।

ਇਹ ਵਿਵਾਦ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਤੇ ਉਨ੍ਹਾਂ ਨਾਲ ਜੁੜੇ ਪ੍ਰਚਾਰਕਾਂ ਵਲੋਂ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਦੀ ਵਿਆਖਿਆ ਪ੍ਰਣਾਲੀ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੀ ਸ਼ਿਕਾਇਤ ਤੋਂ ਸ਼ੁਰੂ ਹੁੰਦਾ ਹੈ। ਪਰ ਗੁਰਬਾਣੀ ਕਾਵਿ ਰੂਪ ਵਿਚ ਲਿਖੀ ਗਈ ਹੈ ਨਾ ਕਿ ਵਾਰਤਕ ਰੂਪ ਵਿਚ। ਗੁਰਬਾਣੀ ਵਿਆਖਿਆ ਦੀ ਡੁੰਘਾਈ ਤੇ ਵਿਸਤਾਰ ਦਾ ਸਮੇਂ, ਸਥਾਨ ਜਾਂ ਮਨੁੱਖ ਦੀ ਸਮਝ ਦੀਆਂ ਹੱਦਾਂ ਅਨੁਸਾਰ ਅੰਤਰ ਤਾਂ ਆਵੇਗਾ ਹੀ।

ਗੁਰਬਾਣੀ ਦੇ ਉਹ ਅਰਥ ਹੀ ਸਹੀ ਕਹੇ ਜਾ ਸਕਦੇ ਹਨ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪਾਠ ਮੂਲ-ਮੰਤਰ ਵਿਚ ਦਰਜ ੴ ਦੀ ਵਿਚਾਰਧਾਰਾ ਅਧੀਨ ਕੀਤੇ ਗਏ ਹੋਣ। ਕੀ ਇਸ ਮਤਭੇਦ ਦਾ ਨਿਬੇੜਾ ਭਰਾ-ਮਾਰੂ ਜੰਗ ਨਾਲ ਹੀ ਹੋ ਸਕਦਾ ਹੈ? ਕੀ ਸੱਭ ਨੂੰ ਅਪਣੀ ਗੱਲ ਰੱਖਣ ਦੀ ਖੁਲ੍ਹ ਨਹੀਂ ਹੋਣੀ ਚਾਹੀਦੀ? ਘੱਟੋ-ਘੱਟ ਇਸ ਗੱਲ ਤੇ ਤਾਂ ਸਹਿਮਤੀ ਬਣਾ ਲੈਣੀ ਚਾਹੀਦੀ ਹੈ ਕਿ ਅਸੀ ਇਕ-ਦੂਜੇ ਤੋਂ ਅਸਿਹਮਤ ਹਾਂ।

ਸ਼ਿਕਾਇਤ ਕੀ ਹੈ : ਭਾਈ ਰਣਜੀਤ ਸਿੰਘ ਵਿਰੁਧ ਜੋ ਸ਼ਿਕਾਇਤ ਕੀਤੀ ਗਈ ਹੈ, ਉਸ ਵਿਚ ਪ੍ਰਮੁੱਖ ਇਹ ਹੈ ਕਿ ਉਹ ਅਪਣੇ ਪ੍ਰਚਾਰ ਦੌਰਾਨ ਇਹ ਕਹਿੰਦੇ ਹਨ ਕਿ ‘ਗੁਰੂ ਗਿਆਨ ਹੈ, ਗੁਰਬਾਣੀ ਗੁਰੂ ਤਕ ਪਹੁੰਚਣ ਦਾ ਜ਼ਰੀਆ ਹੈ, ਅਕਾਲ ਤਖ਼ਤ ਇਕ ਇਮਾਰਤ ਹੈ।’ ਇਥੇ ਇਹ ਗੱਲ ਦਸਣੀ ਬਣਦੀ ਹੈ ਕਿ ਇਹ ਬੋਲ ਬੜੇ ਲੰਮੇ-ਲੰਮੇ ਵਿਖਿਆਨ ਦਾ ਇਕ ਹਿੱਸਾ ਹਨ ਤੇ ਪੂਰੇ ਸੰਦਰਭ ਨੂੰ ਸਮਝੇ ਬਿਨਾਂ ਕਿਸੇ ਵੀ ਵਿਸ਼ੇ ਦਾ ਫ਼ੈਸਲਾ ਨਹੀਂ ਕਢਿਆ ਜਾ ਸਕਦਾ।

ਪਰ ਸ਼ਿਕਾਇਤ ਨੂੰ ਜਿਸ ਤਰ੍ਹਾਂ ਸੰਗਤ ਤਕ ਪਹੁੰਚਾਇਆ ਗਿਆ ਹੈ ਅਸੀ ਉਸੇ ਤਰ੍ਹਾਂ ਹੀ ਲਿਖ-ਵਿਚਾਰ ਰਹੇ ਹਾਂ। ਇਸ ਤੋਂ ਇਲਾਵਾ ਇਹ ਵੀ ਸ਼ਿਕਾਇਤ ਹੈ ਕਿ ਭਾਈ ਰਣਜੀਤ ਸਿੰਘ ਉਨ੍ਹਾਂ ਪ੍ਰਚਲਤ ਜਨਮ-ਸਾਖੀਆਂ ਨੂੰ ਵੀ ਨਕਾਰਦੇ ਹਨ, ਜਿਨ੍ਹਾਂ ਵਿਚ ‘ਕਰਾਮਾਤਾਂ’ ਹੋਈਆਂ ਦੱਸੀਆਂ ਜਾਂਦੀਆਂ ਹਨ।

‘ਗਿਆਨ’ ਲਫ਼ਜ਼ ਦਾ ਬਹੁਤ ਵਿਸ਼ਾਲ ਦਾਇਰਾ ਹੈ। ਕਿਸ ਦੇ ਗਿਆਨ ਦੀ ਗੱਲ ਹੋ ਰਹੀ ਹੈ, ਇਸ ਲਫ਼ਜ਼ ਦੀ ਮਹੱਤਤਾ ਉਸ ਤੇ ਨਿਰਭਰ ਕਰਦੀ ਹੈ। ਗੁਰਬਾਣੀ ਵਿਚ ਇਕ ਕਰਤਾਰ ਦੇ ਸੱਚੇ ਗਿਆਨ ਨੂੰ ‘ਗੁਰੂ’ ਕਈ ਥਾਈਂ ਕਿਹਾ ਗਿਆ ਹੈ।
ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ॥ (ਪੰ:864)
ਗੁਰ ਦੀਪਕੁ ਗਿਆਨੁ ਸਦਾ ਮਨਿ ਬਲਿਆ ਜੀਉ॥ (ਪੰ.173)

‘ਜ਼ਰੀਏ’ ਨਾਲੋਂ ਬੇਹਤਰ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਜੇ ਗੁਰਬਾਣੀ ਦਾ ਫ਼ੁਰਮਾਨ ਹੈ ‘ਪੋਥੀ ਪਰਮੇਸਰ ਕਾ ਥਾਨੁ॥’ ਤਾਂ ਫਿਰ ‘ਜ਼ਰੀਆ’ ਇਕ ਹੇਠਲੇ ਦਰਜੇ ਦੀ ਵਿਆਖਿਆ ਹੀ ਕਹੀ ਜਾ ਸਕਦੀ ਹੈ। ਪਰ ਜੇਕਰ ਗੁਰੂ ਨੂੰ ‘ਲਵਕੁਸ਼ ਦੀ ਔਲਾਦ’ ਜਾਂ ਗੁਰਬਾਣੀ ਦਾ ਵੇਦਿਕ ‘ਮੰਤਰਾਂ’ ਵਾਂਗ ਜਾਪ ਕਰ ਕੇ ਮਨ ਭਾਉਂਦੇ ਫੱਲ ਪਾਉਣ ਦਾ ਪ੍ਰਚਾਰ ਕੀਤਾ ਜਾ ਸਕਦੈ ਤਾਂ ਫਿਰ ‘ਜ਼ਰੀਆ’ ਤੇ ਬਵਾਲ ਖੜਾ ਕਰਨਾ ਸ਼ਰਧਾ ਅਧੀਨ ਨਹੀਂ ਬਲਕਿ ਸਾਜ਼ਸ਼ ਅਧੀਨ ਹੀ ਜਾਪਦਾ ਹੈ।

ਸ਼੍ਰੀ ਅਕਾਲ ਤਖ਼ਤ ਸਾਹਿਬ ਜਾਂ ਹੋਰ ਗੁਰੂ ਸਾਹਿਬ ਨਾਲ ਜੁੜੇ ਇਤਿਹਾਸਕ ਅਸਥਾਨ ਸਿੱਖਾਂ ਵਾਸਤੇ ਕੇਵਲ ‘ਇਮਾਰਤ’ ਨਹੀਂ ਹੋ ਸਕਦੇ। ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਜੋ ਲਾਸਾਨੀ ਸ਼ਹੀਦੀ ਇਤਿਹਾਸ ਦਾ ਗਵਾਹ ਹੈ ਤੇ ਪੰਥ ਦੀ ਪ੍ਰਭੂਸੱਤਾ ਦਾ ਪ੍ਰਤੀਕ ਹੈ। ‘ਇਮਾਰਤ’ ਵਰਗੇ ਸ਼ਬਦਾਂ ਤੋਂ ਸੰਕੋਚ ਕਰਨਾ ਬਣਦਾ ਹੈ ਪਰ ਜਿਸ ਸੰਦਰਭ ਵਿਚ ਇਹ ਗੱਲ ਕਹੀ ਗਈ ਹੈ, ਉਹ ਸ਼ਬਦਾਂ ਦੀ ਚੋਣ ਜਿੰਨਾਂ ਹੀ ਜ਼ਰੂਰੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਦਾ ਰਾਜਨੀਤਕ ਲਾਭ ਲੈਣ ਵਾਸਤੇ ਗ਼ਲਤ ਵਰਤੋਂ ਹੁੰਦੀ ਆਈ ਹੈ।  
(ਬਾਕੀ ਅਗਲੇ ਬੁਧਵਾਰ) 
ਸੰਪਰਕ : +9-733-223-2075