ਐਟਮ ਬੰਬ ਤੋਂ ਵੀ ਖ਼ਤਰਨਾਕ-ਵਧਦੀ ਆਬਾਦੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਐਟਮ ਬੰਬ ਦਾ ਨਾਂ ਸੁਣਦਿਆਂ ਹੀ ਹਰ ਸ਼ਕਤੀਸ਼ਾਲੀ ਤੋਂ ਸ਼ਕਤੀਸ਼ਾਲੀ ਮਨੁੱਖ ਵੀ ਤ੍ਰਹਿ ਜਾਂਦਾ ਹੈ ਪਰ ਵਧਦੀ ਆਬਾਦੀ ਤੋਂ ਮਨੁੱਖ ਨੂੰ ਬਿਲਕੁਲ ਵੀ ਡਰ ਨਹੀਂ ਲਗਦਾ.............

Increasing Population in India

ਐਟਮ ਬੰਬ ਦਾ ਨਾਂ ਸੁਣਦਿਆਂ ਹੀ ਹਰ  ਸ਼ਕਤੀਸ਼ਾਲੀ ਤੋਂ ਸ਼ਕਤੀਸ਼ਾਲੀ ਮਨੁੱਖ ਵੀ ਤ੍ਰਹਿ ਜਾਂਦਾ ਹੈ ਪਰ ਵਧਦੀ ਆਬਾਦੀ ਤੋਂ ਮਨੁੱਖ ਨੂੰ ਬਿਲਕੁਲ ਵੀ ਡਰ ਨਹੀਂ ਲਗਦਾ। ਸ਼ਾਇਦ ਮਨੁੱਖ ਇਸ ਧੀਮੇ ਜ਼ਹਿਰ ਤੋਂ ਅਣਜਾਣ ਹੈ। ਕਿਸੇ ਸਿਆਣੇ ਨੇ ਵਧਦੀ ਆਬਾਦੀ ਬਾਰੇ ਸਮਝਾਇਆ ਹੈ ਕਿ ਦੁਨੀਆਂ ਦੀ ਆਬਾਦੀ ਇਕ ਅਰਬ ਤਕ ਪਹੁੰਚਣ ਲਈ ਇਕ ਲੱਖ ਸਾਲ ਦਾ ਸਮਾਂ ਲੱਗਾ ਅਤੇ ਉਸ ਤੋਂ 100 ਸਾਲਾਂ ਬਾਅਦ ਹੀ ਇਹ ਆਬਾਦੀ 2 ਅਰਬ ਹੋ ਗਈ ਅਤੇ ਉਸ ਤੋਂ ਅਗਲੇ 50 ਸਾਲਾਂ 'ਚ ਇਹ ਦੁਗਣੀ ਹੋ ਗਈ। 1970 ਵਿਚ ਦੁਨੀਆਂ ਦੀ ਵਸੋਂ 4 ਅਰਬ ਹੋ ਗਈ ਸੀ ਅਤੇ ਹੁਣ ਇਹ 8 ਅਰਬ ਹੋ ਗਈ ਹੈ। ਜ਼ਰਾ ਸੋਚੋ, ਆਉਣ ਵਾਲੇ 50 ਸਾਲਾਂ ਵਿਚ ਇਹ

ਆਬਾਦੀ ਕਿੰਨੀ ਹੋ ਜਾਵੇਗੀ। ਪਤਾ ਨਹੀਂ, ਉਦੋਂ ਮਨੁੱਖ ਨੂੰ ਧਰਤੀ 'ਤੇ ਰਹਿਣ ਲਈ ਥਾਂ ਮਿਲੇਗੀ ਵੀ ਜਾਂ ਨਹੀਂ। ਸਰਕਾਰਾਂ ਨੇ ਵਧਦੀ ਆਬਾਦੀ ਨੂੰ ਰੋਕਣ ਲਈ ਕੋਈ ਵੀ ਠੋਸ ਤੇ ਕਾਰਗਰ ਤਰੀਕਾ ਨਹੀਂ ਅਪਣਾਇਆ। ਅਨਾਜ ਪੈਦਾ ਕਰਨ ਲਈ ਧਰਤੀ ਸੁੰਗੜਦੀ ਜਾ ਰਹੀ ਹੈ ਅਤੇ ਜ਼ਰਖ਼ੇਜ਼ ਉਪਜਾਊ ਜ਼ਮੀਨਾਂ 'ਤੇ ਵੱਡੀਆਂ-ਵੱਡੀਆਂ ਇਮਾਰਤਾਂ ਬਣਾ ਕੇ ਰੀਅਲ ਅਸਟੇਟ ਕਾਰੋਬਾਰੀ ਅਪਣੇ ਹੱਥ ਰੰਗ ਰਹੇ ਹਨ ਅਤੇ ਅੰਨ ਪੈਦਾ ਕਰਨ ਵਾਲਾ ਅੰਨਦਾਤਾ (ਕਿਸਾਨ) ਖ਼ੁਦਕੁਸ਼ੀਆਂ ਕਰ ਰਿਹਾ ਹੈ। ਅਮੀਰੀ ਅਤੇ ਗ਼ਰੀਬੀ ਦਾ ਪਾੜਾ ਦਿਨੋਂ ਦਿਨ ਵਧ ਰਿਹਾ ਹੈ। ਬੇਰੁਜ਼ਗਾਰੀ ਦੇ ਦੈਂਤ ਨੇ ਇਕ ਵਿਕਰਾਲ ਰੂਪ ਧਾਰ ਲਿਆ ਹੈ ਅਤੇ ਕਰੋੜਾਂ ਦੀ ਗਿਣਤੀ ਵਿਚ ਪੜ੍ਹੇ ਲਿਖੇ

ਬੇਰੁਜ਼ਗਾਰਾਂ ਦੀ ਫ਼ੌਜ ਦਿਨੋਂ ਦਿਨ ਵਧਦੀ ਜਾ ਰਹੀ ਹੈ। ਰੁਜ਼ਗਾਰ ਨਾ ਮਿਲਣ ਕਰ ਕੇ ਵਿਹਲੜ ਬੇਰੁਜ਼ਗਾਰ ਨੌਜਵਾਨ ਨਸ਼ਿਆਂ, ਲੁੱਟਾਂ ਖੋਹਾਂ ਅਤੇ ਜੁਰਮ ਦੀ ਦਲਦਲ ਵਿਚ ਧਸ ਰਹੇ ਹਨ। ਆਬਾਦੀ ਵਧਣ ਦੇ ਅਨੇਕਾਂ ਕਾਰਨ ਹੋ ਸਕਦੇ ਹਨ। ਭਾਰਤ ਵਿਚ ਸੱਭ ਤੋਂ ਵੱਡਾ ਕਾਰਨ ਲੋਕਤੰਤਰ ਹੈ। ਸਰਕਾਰ ਨੂੰ ਸਿਰਫ਼ 'ਵੋਟ ਬੈਂਕ' ਚਾਹੀਦਾ ਹੈ। ਜੇਕਰ ਉਹ ਵੋਟ ਬੈਂਕ ਗ਼ਰੀਬ ਤੇ ਅਨਪੜ੍ਹ ਹੋਵੇ ਤਾਂ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਅੱਜ ਤਕ ਕਿਸੇ ਵੀ ਸਿਆਸੀ ਪਾਰਟੀ ਨੇ ਅਪਣੇ ਚੋਣ ਮੈਨੀਫ਼ੈਸਟੋ ਵਿਚ ਆਬਾਦੀ ਨੂੰ ਕੰਟਰੋਲ ਕਰਨ ਦਾ ਕਦੇ ਵੀ ਵਾਅਦਾ ਨਹੀਂ ਕੀਤਾ ਸਗੋਂ ਝੂਠੇ ਵਾਅਦਿਆਂ ਤੋਂ ਇਲਾਵਾ ਕੁੱਝ ਵੀ ਨਹੀਂ ਕੀਤਾ। ਮਨੁੱਖ ਨੇ ਅੱਜ ਅਜਿਹੀਆਂ ਐਕਸ

ਕਿਰਨਾਂ ਦੀ ਖੋਜ ਕਰ ਲਈ ਹੈ ਜਿਹੜੀਆਂ ਮਨੁੱਖ ਦੇ ਪੂਰੇ ਸਰੀਰ ਅੰਦਰਲੀ ਤਸਵੀਰ ਸਾਹਮਣੇ ਲਿਆ ਦਿੰਦੀਆਂ ਹਨ ਅਤੇ ਮਨੁੱਖੀ ਸਰੀਰ ਦੀਆਂ ਅੰਦਰੂਨੀ ਬਿਮਾਰੀਆਂ ਨੂੰ ਬਿਨਾਂ ਸਰੀਰ ਦੀ ਚੀੜ-ਫਾੜ ਕੀਤਿਆਂ, ਉਨ੍ਹਾਂ ਨੂੰ ਠੀਕ ਕਰਨ ਦੀ ਸਮਰਥਾ ਪ੍ਰਾਪਤ ਕਰ ਲਈ ਹੈ ਪਰ ਫਿਰ ਵੀ ਪਤਾ ਨਹੀਂ ਇਸ ਆਬਾਦੀ ਦੇ ਵਾਧੇ ਮੂਹਰੇ ਮਨੁੱਖ ਬੇਵੱਸ ਕਿਉਂ ਹੈ? ਆਬਾਦੀ ਦੇ ਵਾਧੇ ਨੂੰ ਰੋਕਣ ਦੀ ਜ਼ੁੰਮੇਵਾਰੀ ਸਿਹਤ ਮਹਿਕਮੇ ਦੇ ਸਿਰ 'ਤੇ ਹੈ। ਅੱਗੋਂ ਸਿਹਤ ਮਹਿਕਮਾ ਆਬਾਦੀ ਦੇ ਵਾਧੇ ਨੂੰ ਰੋਕਣ ਲਈ ਅਪਣੇ ਵਿਭਾਗ ਵਿਚ ਕੰਮ ਕਰਦੀਆਂ ਏ. ਐਨ. ਐਮਜ਼ ਦੇ ਸਿਰ 'ਤੇ ਜ਼ੁੰਮੇਵਾਰੀ ਸੁੱਟ ਕੇ ਖ਼ੁਦ ਸੁਰਖੁਰੂ ਹੋ ਜਾਂਦਾ ਹੈ। ਕੀ ਆਬਾਦੀ ਦੇ ਵਾਧੇ ਨੂੰ ਰੋਕਣ ਦਾ ਜ਼ਿੰਮਾ

ਸਿਰਫ਼ ਏ.ਐਨ.ਐਮਜ਼ ਦਾ ਹੀ ਹੈ? ਜੇਕਰ ਸਿਹਤ ਮਹਿਕਮੇ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਬਾਦੀ ਵਧ ਰਹੀ ਹੈ ਤਾਂ ਸਾਨੂੰ ਸੋਚਣਾ ਪੈਣਾ ਹੈ ਕਿ ਗ਼ਲਤੀ ਕਿਥੇ ਹੈ ਤੇ ਇਸ ਨੂੰ ਕਿਵੇਂ ਸੁਧਾਰਿਆ ਜਾਵੇ ਤਾਕਿ ਵਧਦੀ ਆਬਾਦੀ 'ਤੇ ਰੋਕ ਲੱਗ ਸਕੇ। ਸੱਭ ਤੋਂ ਸੌਖੀ ਤੇ ਸਪੱਸ਼ਟ ਉਦਾਹਰਣ ਸਾਡੇ ਸਾਹਮਣੇ ਚੀਨ ਦੀ ਹੈ, ਜਿਸ ਨੇ ਇਹ ਕਾਨੂੰਨ ਬਣਾਇਆ ਹੈ ਕਿ 'ਇਕ ਜੋੜਾ, ਇਕ ਬੱਚਾ'। ਸਾਡੇ ਸਿਹਤ ਮਹਿਕਮੇ ਨੇ ਪਹਿਲਾਂ ਨਾਹਰਾ ਲਾਇਆ ਸੀ 'ਦੋ ਜਾਂ ਤਿੰਨ ਬੱਚੇ, ਹੁੰਦੇ ਨੇ ਘਰ 'ਚ ਅੱਛੇ।' ਉਸ ਤੋਂ ਬਾਅਦ ਇਹ ਨਾਹਰਾ ਬਦਲ ਦਿਤਾ ਗਿਆ ਤੇ ਨਵਾਂ ਨਾਹਰਾ ਲਾਇਆ ਗਿਆ 'ਅਸੀਂ ਦੋ, ਸਾਡੇ ਦੋ'। ਸਰਕਾਰੀ ਮਹਿਕਮਿਆਂ 'ਚ ਕੰਮ ਕਰਦੀਆਂ ਔਰਤਾਂ ਨੂੰ ਪਹਿਲਾਂ ਤਿੰਨ

ਬੱਚਿਆਂ ਲਈ ਜਣੇਪਾ ਛੁੱਟੀ ਦਿਤੀ ਜਾਂਦੀ ਸੀ ਪਰ ਪਿਛਲੇ ਕੁੱਝ ਸਾਲਾਂ ਤੋਂ ਦੋ ਬੱਚਿਆਂ ਲਈ ਜਣੇਪਾ ਛੁੱਟੀ ਕੀਤੀ ਗਈ ਹੈ ਜੋ ਕਿ ਕਾਬਲੇ ਗ਼ੌਰ ਵੀ ਹੈ ਅਤੇ ਕਾਬਲੇ ਤਾਰੀਫ਼ ਵੀ। ਸਾਡੇ ਸਿਹਤ ਮਹਿਕਮੇ ਵਲੋਂ ਸਿਰਫ਼ ਵਿਸ਼ਵ ਆਬਾਦੀ ਦਿਵਸ ਵਾਲੇ ਦਿਨ ਹੀ ਆਬਾਦੀ ਘਟਾਉਣ ਦਾ ਸੁਨੇਹਾ ਦਿਤਾ ਜਾਂਦਾ ਹੈ ਪਰ ਸਾਡੇ ਭਾਰਤੀ ਲੋਕ ਇੰਨੇ ਵੀ ਸਿਆਣੇ ਨਹੀਂ ਕਿ ਉਹ ਸਿਰਫ਼ ਭਾਸ਼ਣਾਂ ਨਾਲ ਹੀ ਵਧਦੀ ਆਬਾਦੀ ਨੂੰ ਕੰਟਰੋਲ ਕਰਨ ਵਿਚ ਸਹਿਯੋਗ ਕਰਨ ਲੱਗ ਪੈਣਗੇ। ਇਸ ਲਈ ਸਾਨੂੰ ਵਧਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਠੋਸ ਨਿਯਮ ਅਤੇ ਕਰੜੇ ਕਾਨੂੰਨ ਬਣਾਉਣੇ ਪੈਣਗੇ ਤਾਂ ਹੀ ਇਸ ਦੈਂਤ ਨੂੰ ਬੋਤਲ ਵਿਚ ਬੰਦ ਕੀਤਾ ਜਾ ਸਕੇਗਾ। ਵਧਦੀ ਆਬਾਦੀ ਨੂੰ

ਕੰਟਰੋਲ ਕਰਨ ਲਈ ਜੇਕਰ ਅਸੀਂ ਚੀਨ ਵਰਗਾ 'ਇਕ ਜੋੜਾ,ਇਕ ਬੱਚਾ' ਦਾ ਤਰੀਕਾ ਨਹੀਂ ਅਪਣਾ ਸਕਦੇ ਤਾਂ ਵੀ ਅਸੀਂ ਦੇਸ਼ ਅੰਦਰ ਕੁੱਝ ਕਾਨੂੰਨ ਤਾਂ ਬਣਾ ਹੀ ਸਕਦੇ ਹਾਂ, ਜਿਨ੍ਹਾਂ ਉਪਰ ਬਿਨਾਂ ਕੋਈ ਭੇਦਭਾਵ ਕੀਤਿਆਂ ਅਮਲ ਕੀਤਾ ਜਾਵੇ। ਸੱਭ ਤੋਂ ਪਹਿਲਾਂ ਘੱਟੋ-ਘੱਟ ਸਿਹਤ ਵਿਭਾਗ ਦੇ ਨਾਹਰੇ 'ਅਸੀਂ ਦੋ, ਸਾਡੇ ਦੋ' ਨੂੰ ਕਾਨੂੰਨੀ ਮਾਨਤਾ ਦਿਤੀ ਜਾਵੇ। ਫਿਰ ਭਾਵੇਂ ਕੋਈ ਵੀ ਹੋਵੇ, ਅਮੀਰ ਜਾਂ ਗ਼ਰੀਬ, ਜੇਕਰ ਉਹ ਤੀਜਾ ਬੱਚਾ ਪੈਦਾ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ। ਉਸ ਤੋਂ ਜਾਂ ਤਾਂ ਖ਼ਜ਼ਾਨੇ ਵਿਚ ਪੈਸੇ ਜਮ੍ਹਾਂ ਕਰਾਏ ਜਾਣ ਜਾਂ ਫਿਰ ਉਸ ਨੂੰ ਮਿਲਦੀਆਂ ਸਰਕਾਰੀ ਸਹੂਲਤਾਂ ਬੰਦ ਕਰ ਦਿਤੀਆਂ ਜਾਣ। ਇਸ ਤੋਂ ਬਾਅਦ ਤੀਜੇ ਬੱਚਾ

ਪੈਦਾ ਹੋਣ 'ਤੇ ਇਕ ਨਿਸ਼ਚਿਤ ਰਕਮ ਹਰ ਮਹੀਨੇ ਉਸ ਬੱਚੇ ਦੇ ਖਾਤੇ ਵਿਚ ਜਮ੍ਹਾਂ ਕਰਾਉਣ ਲਈ ਵੀ ਮਾਂ ਪਿਉ ਨੂੰ ਕਿਹਾ ਜਾ ਸਕਦਾ ਹੈ ਤਾਕਿ ਉਹ ਬੱਚਾ ਵੱਡਾ ਹੋ ਕੇ ਅਪਣੀ ਜ਼ਿੰਦਗੀ ਸੁਧਾਰ ਸਕੇ। ਜੇਕਰ ਕੋਈ ਵੀ ਜੋੜਾ ਇਕ ਬੱਚੇ ਤੋਂ ਬਾਅਦ ਹੀ ਨਸਬੰਦੀ ਜਾਂ ਨਲਬੰਦੀ ਕਰਵਾਉਂਦਾ ਹੈ ਤਾਂ ਉਸ ਬੱਚੇ ਨੂੰ ਜਨਮ ਤੋਂ ਲੈ ਕੇ ਉਸ ਦੇ ਜਵਾਨ ਹੋਣ ਤਕ ਬੱਚੇ ਦੀ ਸਿਹਤ ਅਤੇ ਸਿਖਿਆ ਦਾ ਸਾਰਾ ਖ਼ਰਚਾ ਸਰਕਾਰ ਉਠਾਵੇ ਅਤੇ ਸਿਖਿਆ ਪ੍ਰਾਪਤੀ ਤੋਂ ਬਾਅਦ ਉਸ ਬੱਚੇ ਨੂੰ ਸਰਕਾਰੀ ਨੌਕਰੀ ਪਹਿਲ ਦੇ ਆਧਾਰ 'ਤੇ ਦਿਤੀ ਜਾਵੇ। ਇਹੋ ਸ਼ਰਤ ਦੋ ਬੱਚਿਆਂ ਤੋਂ ਬਾਅਦ ਅਜਿਹਾ ਅਪ੍ਰੇਸ਼ਨ ਕਰਵਾਉਣ ਵਾਲੇ 'ਤੇ ਵੀ ਲਾਗੂ ਕੀਤੀ ਜਾ ਸਕਦੀ ਹੈ। ਭਾਰਤ ਇਕ ਲੋਕਤੰਤਰਿਕ

ਦੇਸ਼ ਹੈ। ਇਸ ਵਿਚ ਮੰਤਰੀਆਂ ਤੋਂ ਲੈ ਕੇ ਹੇਠਾਂ ਪੰਚਾਇਤ ਮੈਂਬਰਾਂ ਲਈ ਸਿਰਫ਼ ਦੋ ਬੱਚਿਆਂ ਤਕ ਅਤੇ ਸਰਕਾਰੀ ਕਰਮਚਾਰੀਆਂ ਲਈ ਸਿਰਫ਼ ਦੋ ਬੱਚੇ ਪੈਦਾ ਕਰਨ ਲਈ ਵੀ ਅਜਿਹਾ ਕਾਨੂੰਨ ਬਣੇ ਤੇ ਇਹ ਕਾਨੂੰਨ ਬਿਨਾਂ ਜਾਤ-ਪਾਤ, ਧਰਮ ਅਤੇ ਆਮਦਨ ਹੱਦ ਦੇ ਲਾਗੂ ਕੀਤਾ ਜਾਵੇ ਤਾਂ ਆਬਾਦੀ ਦੇ ਵਾਧੇ ਨੂੰ ਠਲ੍ਹ ਪੈ ਸਕਦੀ ਹੈ। ਆਬਾਦੀ ਦੇ ਵਾਧੇ ਲਈ ਭਾਵੇਂ ਕਿੰਨੇ ਵੀ ਤਰੀਕੇ ਅਪਣਾਏ ਜਾਣ, ਜਦ ਤਕ ਉਨ੍ਹਾਂ ਨੂੰ ਸੱਚੇ ਦਿਲੋਂ ਲਾਗੂ ਨਹੀਂ ਕੀਤਾ ਜਾਂਦਾ, ਉਨਾ ਚਿਰ ਇਸ ਦੇ ਸਾਰਥਕ ਨਤੀਜੇ ਸਾਹਮਣੇ ਨਹੀਂ ਆਉਣਗੇ। ਵਧਦੀ ਅਬਾਦੀ ਲਈ 'ਭ੍ਰਿਸ਼ਟਾਚਾਰ' ਵੀ ਅਜਿਹਾ ਕਾਰਨ ਹੈ ਜੋ ਸਾਡੇ ਦੇਸ਼ ਦੀ ਉਨਤੀ ਤੇ ਖ਼ੁਸ਼ਹਾਲੀ ਦੇ ਰਾਹ ਵਿਚ ਰੋੜਾ ਬਣਦਾ ਹੈ। ਇਸ

ਵਿਚ ਸਰਮਾਏਦਾਰ, ਸਰਕਾਰ ਅਤੇ ਭ੍ਰਿਸ਼ਟ ਅਫ਼ਸਰਸ਼ਾਹੀ ਦੇ ਨਾਂ ਸ਼ਾਮਲ ਕੀਤੇ ਜਾ ਸਕਦੇ ਹਨ। ਪਰਵਾਰ ਨਿਯੋਜਨ ਲਈ ਕਾਪਰ ਟੀ, ਕੰਡੋਮ, ਓਰਲ ਪਿਲਜ਼ ਗੋਲੀਆਂ ਦੀ ਖ਼ਰੀਦੋ-ਫ਼ਰੋਖ਼ਤ ਸਮੇਂ ਜੋ 'ਭ੍ਰਿਸ਼ਟਾਚਾਰ' ਕੀਤਾ ਜਾਂਦਾ ਹੈ, ਉਹ ਸੱਭ ਦੀਆਂ ਨਜ਼ਰਾਂ ਤੋਂ ਉਹਲੇ ਹੈ। ਫਿਰ ਜਦੋਂ ਕਾਨੂੰਨ ਬਣ ਗਿਆ ਤਾਂ ਇਨ੍ਹਾਂ ਮਨਸੂਈ ਢੰਗ ਤਰੀਕਿਆਂ ਦੀ ਲੋੜ ਹੀ ਨਹੀਂ ਰਹਿਣੀ। ਫਿਰ ਅਫ਼ਸਰਸ਼ਾਹੀ ਤੇ ਸ਼ਰਮਾਏਦਾਰ ਅਪਣੇ ਹੱਥ ਨਹੀਂ ਰੰਗ ਸਕਣਗੇ। ਭਾਰਤ ਵਰਗਾ ਦੇਸ਼ ਜੋ ਸੋਨੇ ਦੀ ਚਿੜੀ ਕਹਾਉਂਦਾ ਸੀ, ਇਸੇ ਭ੍ਰਿਸ਼ਟਾਚਾਰ ਕਾਰਨ ਹੀ ਇਕ 'ਨਰਕ ਕੁੰਡ' ਦਾ ਰੂਪ ਧਾਰਨ ਕਰ ਚੁਕਿਆ ਹੈ। ਅੱਜ ਅਸੀਂ 'ਵਿਸ਼ਵ ਆਬਾਦੀ ਦਿਵਸ' ਮਨਾ ਰਹੇ ਹਾਂ ਤਾਂ ਸਾਨੂੰ ਜ਼ਰੂਰ

ਸੋਚਣਾ ਪੈਣਾ ਹੈ ਕਿ ਇਸ ਧਰਤੀ ਉਪਰਲੇ ਸਵਰਗ ਨੂੰ ਕਿਵੇਂ ਬਚਾ ਕੇ ਰਖਣਾ ਹੈ ਅਤੇ ਜੇਕਰ ਆਬਾਦੀ ਦੇ ਵਾਧੇ ਨੂੰ ਠਲ੍ਹ ਪੈ ਜਾਵੇ ਤਾਂ ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਗ਼ਰੀਬੀ ਜਿਹੀਆਂ ਅਲਾਮਤਾਂ ਅਪਣੇ ਆਪ ਹੀ ਖ਼ਤਮ ਹੋ ਜਾਣਗੀਆਂ। ਆਉ, ਵਧਦੀ ਅਬਾਦੀ ਨੂੰ ਸਾਰਥਕ ਤਰੀਕਿਆਂ ਨਾਲ ਕੰਟਰੋਲ ਕਰੀਏ, ਸਿਰਫ਼ ਭਾਸ਼ਣ ਦੇ ਕੇ ਗੋਂਗਲੂਆਂ ਤੋਂ ਮਿੱਟੀ ਨਾ ਝਾੜੀਏ। ਜੇਕਰ ਵਧਦੀ ਆਬਾਦੀ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਇਕ ਦਿਨ ਅਜਿਹਾ ਆਵੇਗਾ ਕਿ ਮਨੁੱਖ ਹੀ ਮਨੁੱਖ ਹੀ ਮਨੁੱਖ ਨੂੰ ਖਾਣ ਲਈ ਮਜਬੂਰ ਹੋ ਜਾਵੇਗਾ। ਇਸ ਲਈ ਇਕ ਦਿਨ ਮਨੁੱਖ ਦੀ ਤਬਾਹੀ ਦਾ ਮੂਲ ਕਾਰਨ ਵਧਦੀ ਆਬਾਦੀ ਹੀ ਬਣੇਗਾ।

ਅੱਜ ਵਿਸ਼ਵ ਆਬਾਦੀ ਦਿਵਸ ਸਮੇਂ ਪੂਰੇ ਵਿਸ਼ਵ  ਦੇ ਹੁਕਮਰਾਨਾਂ ਨੂੰ ਸਿਰਜੋੜ ਕੇ ਇਸ ਵਧਦੀ ਆਬਾਦੀ ਨੂੰ ਕਾਬੂ ਕਰਨ ਲਈ ਸੋਚਣਾ ਪਵੇਗਾ। ਇਸੇ ਲਈ ਮੈਂ ਕਹਿ ਰਿਹਾ ਹਾਂ ਕਿ ਵਧਦੀ ਆਬਾਦੀ ਐਟਮ ਬੰਬ ਤੋਂ ਵੀ ਵੱਧ ਖ਼ਤਰਨਾਕ ਹੈ ਕਿਉ ਜੋ ਐਟਮ ਬੰਬ ਸਿਰਫ਼ ਉਸ ਥਾਂ 'ਤੇ ਹੀ ਜ਼ਿਆਦਾ ਨੁਕਸਾਨ ਕਰਦਾ ਹੈ, ਜਿਥੇ ਉਹ ਡਿਗਦਾ ਹੈ ਪਰ ਵਧਦੀ ਆਬਾਦੀ ਤਾਂ ਪੂਰੇ ਵਿਸ਼ਵ ਨੂੰ ਅਪਣੇ ਲਪੇਟੇ ਵਿਚ ਲੈ ਰਹੀ ਹੈ। ਕੀ ਅਸੀਂ ਪਰਲੋ ਦੇ ਆਉਣ ਦੀ ਉਡੀਕ ਵਿਚ ਹੱਥ 'ਤੇ ਹੱਥ ਧਰ ਕੇ ਬੈਠੇ ਰਹਾਂਗੇ ਜਾਂ ਫਿਰ ਵਧਦੀ ਆਬਾਦੀ ਨੂੰ ਰੋਕਣ ਲਈ ਸਾਰਥਕ ਯਤਨ ਵੀ ਕਰਾਂਗੇ?     ਸੰਪਰਕ : 94173-94805