ਜ਼ੰਗ ਬਾਜ਼ੋ ਧਰਤੀ ਤੇ ਪ੍ਰਾਣੀਆਂ ਦੀ ਸਲਾਮਤੀ ਲਈ ਐਟਮਬੰਬ ਨਸ਼ਟ ਕਰੋ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

18 ਮਈ 1974 ਨੂੰ ਮੈਂ ਬਰਲਿਨ ਵਿਖੇ ਵਰਲਡ ਫ਼ੈਡਰੇਸ਼ਨ ਆਫ਼ ਡੈਮੋਕ੍ਰੇਟਿਕ ਯੂਥ ਦੀ 10ਵੀਂ ਕਾਂਗਰਸ ਵਿਚ ਭਾਗ ਲੈਣ ਲਈ, ਉਥੇ ਗਿਆ ਸੀ................

Hiroshima

18 ਮਈ 1974 ਨੂੰ ਮੈਂ ਬਰਲਿਨ ਵਿਖੇ ਵਰਲਡ ਫ਼ੈਡਰੇਸ਼ਨ ਆਫ਼ ਡੈਮੋਕ੍ਰੇਟਿਕ ਯੂਥ ਦੀ 10ਵੀਂ ਕਾਂਗਰਸ ਵਿਚ ਭਾਗ ਲੈਣ ਲਈ, ਉਥੇ ਗਿਆ ਸੀ। ਰਾਤ ਨੂੰ ਮੈਂ ਅਪਣੇ ਹੋਟਲ ਦੇ ਕਮਰੇ ਵਿਚ ਗਿਆ, ਇਸ਼ਨਾਨ ਵਗੈਰਾ ਕਰ ਕੇ ਟੀ ਵੀ ਚਲਾਇਆ। ਇਕ ਚੈਨਲ ਉਤੇ ਅੰਗਰੇਜ਼ੀ ਵਿਚ ਖ਼ਬਰ ਆਈ, ਉਹ ਖ਼ਬਰ ਸੁਣ ਕੇ ਮੈਂ ਅਪਣੇ ਪ੍ਰਭਾਵ ਅਪਣੀ ਡਾਇਰੀ ਵਿਚ ਲਿਖੇ ਸਨ ਕਿ ਭਾਰਤ ਨੇ ਪ੍ਰਮਾਣੂ ਧਮਾਕਾ ਕੀਤਾ ਹੈ, ਇਸ ਨਾਲ ਕੋਈ ਖ਼ੁਸ਼ੀ ਨਹੀਂ ਹੋਈ ਜਦਕਿ ਟੀ.ਵੀ. ਵਿਚ ਭਾਰਤ ਦੇ ਲੋਕ ਖ਼ੁਸ਼ੀਆਂ ਮਨਾਉਂਦੇ ਵਿਖਾਏ ਗਏ ਸਨ। ਮੈਂ ਸਮਝਦਾ ਹਾਂ ਕਿ ਇਹ ਕੋਈ ਖ਼ੁਸ਼ੀ ਦੀ ਗੱਲ ਨਹੀਂ।

ਮਨੁੱਖ ਨੇ ਮਨੁੱਖਾਂ ਨੂੰ ਮਾਰਨ ਦਾ ਵਧੀਆ ਪ੍ਰਬੰਧ ਕਰ ਲਿਆ ਹੈ। ਪਹਿਲਾਂ ਅਮਰੀਕਾ ਨੇ ਪ੍ਰਬੰਧ ਕੀਤਾ ਤੇ ਫਿਰ ਸੋਵੀਅਤ ਯੂਨੀਅਨ ਨੇ ਕੀਤਾ। ਸਾਡੇ ਸਾਥੀ ਕਈ ਵਾਰੀ ਕਹਿੰਦੇ ਸੁਣੇ ਗਏ ਹਨ ਕਿ ਸੋਵੀਅਤ ਯੂਨੀਅਨ ਨੇ ਪ੍ਰਮਾਣੂ ਬੰਬ ਬਣਾ ਕੇ ਕੋਈ ਗ਼ਲਤ ਕੰਮ ਨਹੀਂ ਕੀਤਾ। ਦੁਸ਼ਮਣ ਪਾਸ ਜਿਸ ਤਰ੍ਹਾਂ ਦਾ ਹਥਿਆਰ ਹੋਵੇ ਅਪਣੇ ਕੋਲ ਉਸ ਤੋਂ ਵਧ ਕੇ ਹੋਣਾ ਚਾਹੀਦਾ ਹੈ। ਦੁਸ਼ਮਣ ਨੂੰ ਇਸੇ ਤਰ੍ਹਾਂ ਠੱਲ੍ਹ ਪਾਈ ਜਾ ਸਕਦੀ ਹੈ। ਇਸ ਗੱਲ ਦੀ ਤਰਕਸੰਗਤਤਾ ਧੁੰਦਲੀ ਪੈ ਜਾਂਦੀ ਹੈ ਜਦਕਿ ਸਮੁੱਚੀ ਮਨੁੱਖਤਾ ਦੀ ਹੋਂਦ ਨੂੰ ਖ਼ਤਰੇ ਦੀ ਗੱਲ ਸਾਹਮਣੇ ਆ ਜਾਂਦੀ ਹੈ।

ਮੈਂ ਇਹ ਮੰਨਦਾ ਹਾਂ ਕਿ ਅਮਰੀਕੀ ਹਾਕਮਾਂ ਦੇ ਦਿਲਾਂ ਵਿਚ ਮਨੁੱਖਤਾ ਲਈ ਕੋਈ ਥਾਂ ਨਹੀਂ। ਅਮਰੀਕਨ ਸਾਮਰਾਜੀਆਂ ਦੀਆਂ ਨਜ਼ਰਾਂ ਵਿਚ ਇਕ ਵਿਅਕਤੀ ਦਾ ਮੁੱਲ ਸਿਰਫ਼ ਢਾਈ ਡਾਲਰ ਹੀ ਹੈ। ਉਹ ਅਪਣੀ ਧੌਂਸ, ਹੈਂਕੜ ਦੁਨੀਆਂ ਦੇ ਗ਼ਰੀਬ ਮੁਲਕਾਂ, ਵਿਕਾਸ ਕਰ ਰਹੇ ਮੁਲਕਾਂ ਉੱਪਰ ਕਾਇਮ ਰੱਖਣ ਲਈ ਅਤੇ ਆਰਥਕ, ਸਮਾਜਕ ਲੁੱਟ ਕਰਨ ਲਈ ਅਜਿਹੇ ਹਥਿਆਰ ਬਣਾ ਰਿਹਾ ਹੈ। ਪਰ ਸੋਵੀਅਤ ਯੂਨੀਅਨ ਵੀ ਤਾਂ ਉਹੀ ਕੁੱਝ ਕਰ ਰਿਹਾ ਹੈ। ਕੀ ਅਮਰੀਕਾ ਵਿਚ ਇਨਸਾਨ ਨਹੀਂ ਵਸਦੇ? ਜਿਨ੍ਹਾਂ ਨੂੰ ਮਾਰਨ ਲਈ ਰੂਸ ਨੇ ਪ੍ਰਮਾਣੂ ਹਥਿਆਰ ਬਣਾਏ ਹਨ?

ਇਹ ਹਥਿਆਰਾਂ ਦੀ ਹੋੜ ਪਤਾ ਨਹੀਂ ਕਿੱਥੇ ਜਾ ਕੇ ਦਮ ਲਵੇਗੀ? ਪ੍ਰਮਾਣੂ ਬੰਬਾਂ ਦੀ ਮਾਰ ਤਾਂ ਮਨੁੱਖਤਾ ਤਕਰੀਬਨ 30 ਸਾਲ ਪਹਿਲਾਂ ਹੰਢਾ ਚੁੱਕੀ ਹੈ। ਹੀਰੋਸ਼ੀਮਾ ਤੇ ਨਾਗਾਸਾਕੀ ਵਿਚ ਇਨ੍ਹਾਂ ਬੰਬਾਂ ਨੇ ਕਹਿਰ ਲਿਆਂਦਾ ਤੇ ਲੱਖਾਂ ਲੋਕ ਸੜ ਕੇ ਰਾਖ ਹੋ ਗਏ ਤੇ ਲੱਖਾਂ ਬਿਮਾਰ ਹੋ ਕੇ ਮਰ ਗਏ। ਜਪਾਨ ਦੇ ਹਸਪਤਾਲਾਂ ਵਿਚ ਅਜੇ ਵੀ ਬਹੁਤ ਸਾਰੇ ਉਸ ਕਹਿਰ ਤੋਂ ਪ੍ਰਭਾਵਤ ਬਿਮਾਰ ਪਏ ਹਨ। ਮਨੁੱਖ ਧਰਤੀ ਦਾ ਸੱਭ ਤੋਂ ਖ਼ਤਰਨਾਕ ਜਾਨਵਰ ਹੈ, ਜੇਕਰ ਉਸ ਵਿਚ ਹੈਵਾਨੀਅਤ ਪ੍ਰਵੇਸ਼ ਕਰ ਜਾਵੇ। ਵੈਸੇ ਜੰਗਲ ਦੇ ਰਾਜੇ ਸ਼ੇਰ ਨੂੰ ਸੱਭ ਤੋਂ ਵੱਧ ਖ਼ਤਰਨਾਕ ਤੇ ਖ਼ੁੰਖਾਰ ਮੰਨਿਆ ਜਾਂਦਾ ਹੈ, ਪਰ ਉਹ ਵੀ ਤਾਂ ਹੀ ਖ਼ੁੰਖਾਰ ਹੁੰਦਾ ਹੈ।

ਜੇਕਰ ਭੁੱਖਾ ਹੋਵੇ ਜੇ ਰੱਜਿਆ ਹੋਵੇ ਤਾਂ ਉਹ ਬਿਲਕੁਲ ਸ਼ਾਂਤ ਹੋ ਜਾਂਦਾ ਹੈ। ਪਰ ਵਿਗੜਿਆ ਮਨੁੱਖ ਹਮੇਸ਼ਾ ਹੀ ਖ਼ੁੰਖਾਰ ਰਹਿੰਦਾ ਹੈ ਭਾਵੇਂ ਰੱਜਿਆਂ ਵੀ ਹੋਵੇ। ਇਹ ਦੂਜੇ ਦਾ ਹੱਕ ਖੋਹਣ ਤੇ ਦਬਾਉਣ ਲਈ ਹਮੇਸ਼ਾ ਹਰਕਤ ਵਿਚ ਰਹਿੰਦਾ ਹੈ। ਹੀਰੋ ਸ਼ੀਮਾ ਤੇ ਨਾਗਾਸਾਕੀ ਉੱਪਰ ਜੋ ਬੰਬ ਸੁੱਟੇ ਗਏ ਉਨ੍ਹਾਂ ਵਿਚੋਂ ਇਕ ਲਿਟਿਲ ਬੁਆਏ ਨਾਂ ਦਾ ਬੰਬ ਸੀ, ਉਸ ਵਿਚ ਏਨੀ ਗਰਮੀ ਸੀ ਜਿੰਨੀ ਦਸ ਲੱਖ ਟਨ ਕੋਲਾ ਬਾਲ ਕੇ ਪੈਦਾ ਹੋ ਸਕਦੀ ਹੈ। ਜਿਥੇ ਉਹ ਬੰਬ ਸੁਟਿਆ ਗਿਆ ਉਸ ਜਗ੍ਹਾ ਤੋਂ 20 ਕਿਲੋਮੀਟਰ ਦੇ ਦਾਇਰੇ ਵਿਚ ਜਿੰਨੇ ਵੀ ਬਿਜਲੀ ਦੇ ਖੰਭੇ ਸਨ, ਉਹ ਢਾਲ ਦਿਤੇ।

ਅਜਿਹੇ ਵਿਚ ਉਥੇ ਵਸਦੇ ਲੋਕਾਂ ਦਾ ਕੀ ਹਸ਼ਰ ਹੋਇਆ ਹੋਵੇਗਾ, ਸੋਚ ਕੇ ਸ੍ਰੀਰ ਨੂੰ ਝਰਨਾਹਟ ਚੜ੍ਹਦੀ ਹੈ। ਇਸ ਤੋਂ ਇਲਾਵਾ ਜਿਥੋਂ ਤਕ ਉਸ ਵਿਚੋਂ ਨਿਕਲੀਆਂ ਅਲਟਰਾਵਾਇਲਟ ਹਵਾਵਾਂ ਜਿੱਧਰ ਨੂੰ ਗਈਆਂ ਜੀਵਾਂ ਨੂੰ ਤਬਾਹ ਕਰਦੀਆਂ ਚਲੀਆਂ ਗਈਆਂ। ਇਸ ਤੋਂ ਅੱਗੇ ਬੰਬ ਦੇ ਧਮਾਕੇ ਨਾਲ ਜੋ ਧੂੜ ਉੱਠੀ ਹਵਾ ਨਾਲ ਜਿਸ ਵੀ ਬਨਾਸਪਤੀ, ਫ਼ਸਲ ਜਾਂ ਜੀਵ ਉਤੇ ਪਈ ਉਹ ਵੀ ਸੱਭ ਬਿਮਾਰ ਹੋ ਗਏ। ਉਸ ਤੋਂ ਪਿੱਛੋਂ ਧੂੜ ਪਈਆਂ ਫ਼ਸਲਾਂ, ਸਬਜ਼ੀਆਂ, ਅਨਾਜ ਜਿਸ ਨੇ ਵੀ ਖਾਧਾ ਉਹ ਵੀ ਬਿਮਾਰ ਹੋ ਗਿਆ। ਅਜਿਹੇ ਮਨੁੱਖਤਾ ਦਾ ਨਾਸ ਕਰਨ ਵਾਲੇ ਹਥਿਆਰ ਬਣਾਉਣੇ ਸੱਭ ਤੋਂ ਵੱਡਾ ਗੁਨਾਹ ਹੈ।

ਉਹ ਅਮਰੀਕਾ ਹੋਵੇ, ਰੂਸ ਹੋਵੇ ਭਾਰਤ ਹੋਵੇ ਜਾਂ ਕੋਈ ਹੋਰ। ਇਹ ਸੱਭ ਗੁਨਾਹਗਾਰ ਹਨ। ਇਨ੍ਹਾਂ ਨੂੰ ਮੁਆਫ਼ ਕਰਨ ਜਾਂ ਬਖ਼ਸਣ ਦਾ ਸ਼ਬਦ ਮੇਰੇ ਸ਼ਬਦ ਭੰਡਾਰ ਵਿਚ ਨਹੀਂ। ਮਾਰੂ ਹਥਿਆਰ ਬਣਾਉਣ ਵਾਲਿਉ ਜੇਕਰ ਸੰਸਾਰ ਤੇ ਮਨੁੱਖ ਹੀ ਨਾ ਰਿਹਾ ਤਾਂ ਰਾਜ ਕਿਸ ਉਤੇ ਕਰੋਗੇ? ਲੁੱਟ ਕਿਸ ਦੀ ਕਰੋਗੇ? ਗ਼ੁਲਾਮ ਕਿਸ ਨੂੰ ਬਣਾਉਗੇ? ਹੋਸ਼ ਕਰੋ। ਫਿਰ ਪਛਤਾਉਣ ਦਾ ਮੌਕਾ ਵੀ ਨਹੀਂ ਮਿਲਣਾ। ਇਸ ਲਈ ਧਰਤੀ ਦੇ ਪ੍ਰਾਣੀਆਂ ਦੀ ਸਲਾਮਤੀ ਲਈ ਮਾਰੂ ਖ਼ਾਸ ਤੌਰ ਉਤੇ ਪ੍ਰਮਾਣੂ ਬੰਬਾਂ ਨੂੰ ਨਸ਼ਟ ਕਰੋ। ਕੁਦਰਤ ਨੇ ਕਿੰਨੀ ਸੋਹਣੀ ਦੁਨੀਆਂ ਬਣਾਈ ਹੈ। ਤੁਸੀ ਜੰਗਬਾਜ਼ਾਂ, ਲੁਟੇਰਿਆਂ, ਗ਼ੁਲਾਮ ਬਸਤੀਆਂ ਦੇ ਮਾਲਕਾਂ ਨੇ ਇਸ ਨੂੰ ਨਰਕ ਬਣਾ ਕੇ ਰੱਖ ਦਿਤਾ ਹੈ।                  ਸੰਪਰਕ : 98558-63288