ਬਿਰਹਾ ਦਾ ਕਵੀ : ਸ਼ਿਵ ਕੁਮਾਰ ਬਟਾਲਵੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਜਾਬੀ ਕਵੀਆਂ ਵਿਚੋਂ ਸ਼ਿਵ ਨੂੰ ਸਭ ਤੋਂ ਵੱਧ ਗਾਇਆ ਗਿਆ ਹੈ।

Shiv Kumar Batalvi

“ਪੰਜਾਬੀ ਕਵੀਆਂ ਵਿਚੋਂ ਸ਼ਿਵ ਨੂੰ ਸਭ ਤੋਂ ਵੱਧ ਗਾਇਆ ਗਿਆ ਹੈ। ਮੁਹੰਮਦ ਰਫ਼ੀ, ਮਹਿੰਦਰ ਕਪੂਰ, ਜਗਜੀਤ ਸਿੰਘ, ਹੰਸ ਰਾਜ ਹੰਸ, ਜਗਜੀਤ ਜ਼ੀਰਵੀ, ਸ਼ਿੰਗਾਰਾ ਚਾਹਲ, ਆਸ਼ਾ ਭੌਂਸਲੇ, ਪੁਸ਼ਪਾ ਹੰਸ, ਸੁਰਿੰਦਰ ਕੌਰ ਆਦਿ ਗਾਇਕਾਂ ਨੇ ਗਾਇਆ ਹੈ। ਬਲਵੰਤ ਗਾਰਗੀ ਦੇ ਨਾਟਕ ‘ਗਗਨ ਮਹਿ ਥਾਲ’ ਦੇ ਗੀਤ ਵੀ ਸ਼ਿਵ ਨੇ ਗੁਰੂ ਨਾਨਕ ਸ਼ਤਾਬਦੀ ਮੌਕੇ ਲਿਖੇ। 
‘ਪੀੜਾਂ ਦਾ ਪਰਾਗਾ’, ‘ਲਾਜਵੰਤੀ’, ‘ਆਟੇ ਦੀਆਂ ਚਿੜੀਆਂ’, ‘ਮੈਨੂੰ ਵਿਦਾ ਕਰੋ’, ‘ਦਰਦਮੰਦਾਂ ਦੀਆਂ ਆਹੀਂ’, ‘ਬਿਰਹਾ ਤੂੰ ਸੁਲਤਾਨ’, ‘ਲੂਣਾ’, ‘ਮੈਂ ਤੇ ਮੈਨੂੰ’, ‘ਆਰਤੀ’, ਬਿਰਹੜਾ ਆਦਿ ਸ਼ਿਵ ਦੀਆਂ ਮਹੱਤਵਪੂਰਨ ਕਾਵਿ ਪੁਸਤਕਾਂ ਹਨ। ਅਲਵਿਦਾ ਅਤੇ ਅਸਾਂ ਤਾਂ ਜੋਬਨ ਰੁੱਤੇ ਮਰਨਾ ਸ਼ਿਵ ਦੇ ਸੰਪਾਦਤ ਕਾਵਿ-ਸੰਗ੍ਰਹਿ ਹਨ।

ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ।
ਜੋਬਨ ਰੁੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾਂ ਵਾਲਾ।
ਉਪਰੋਕਤ ਸਤਰਾਂ ਤੁਸੀਂ ਕਿਤੇ ਨਾ ਕਿਤੇ ਅਪਣੀ ਜ਼ਿੰਦਗੀ ਵਿਚ ਜ਼ਰੂਰ ਪੜ੍ਹੀਆਂ ਜਾਂ ਸੁਣੀਆਂ ਹੋਣਗੀਆਂ। ਇਨ੍ਹਾਂ ਸਤਰਾਂ ਨੂੰ ਲਿਖਣ ਵਾਲ਼ਾ ਖ਼ੁਦ ਅਪਣੀਆਂ ਲਿਖੀਆਂ ਸਤਰਾਂ ਨਾਲ਼ ਵਫਾ ਨਿਭਾਉਂਦਿਆਂ ਸੱਚੀਂ ਜੋਬਨ ਰੁੱਤੇ 6 ਮਈ 1973 ਨੂੰ ਇਸ ਦੁਨੀਆਂ ਤੋਂ ਅਪਣੇ ਚਾਹੁਣ ਵਾਲਿਆਂ ਨੂੰ ਹਮੇਸ਼ਾ ਲਈ ‘ਅਲਵਿਦਾ’ ਕਹਿ ਗਿਆ ਸੀ।  ਭਲਾ ਇਸ ਤਰ੍ਹਾਂ ਵੀ ਕੋਈ ਅਲਵਿਦਾ ਕਹਿੰਦਾ ਹੁੰਦੈ? 
ਹਾਂ, ਸਾਡੇ ਕੋਲ ਇਕ ਨਾਂ ਅਜਿਹਾ ਹੈ ਜਿਸ ਨੇ ਇੰਝ ਅਲਵਿਦਾ ਕਹਿਣ ਤੋਂ ਪਹਿਲਾਂ ਸਾਹਿਤਕ ਖੇਤਰ ਵਿਚ ‘ਬਿਰਹਾ ਦੇ ਕਵੀ’ ਦੇ ਤੌਰ ’ਤੇ ਅਪਣੀ ਬਹੁਤ ਵੱਡੀ ਪਛਾਣ ਬਣਾਈ।
‘ਬਿਰਹਾ ਦਾ ਕਵੀ’ ਸ਼ਬਦ ਸੁਣਦਿਆਂ ਹੀ ਤੁਹਾਡੇ ਮਨ ’ਚ ਸ਼ਿਵ ਕੁਮਾਰ ਬਟਾਲਵੀ ਦਾ ਨਾਂ ਜ਼ਰੂਰ ਆ ਚੁੱਕਾ ਹੋਵੇਗਾ। ਸ਼ਿਵ ਕੁਮਾਰ ਦੇ ਦੁੱਖਾਂ ਦੀ ਗੱਲ ਕਰਦਿਆਂ ਸੰਤ ਸਿੰਘ ਸੇਖੋਂ ਲਿਖਦੇ ਹਨ ਕਿ “ਸ਼ਿਵ ਕੁਮਾਰ ਦੇ ਦੁੱਖ ਉਥੋਂ ਸ਼ੁਰੂ ਹੁੰਦੇ ਹਨ, ਜਿਥੋਂ ਜੌਹਨ ਕੀਟਸ ਦੇ ਖ਼ਤਮ ਹੁੰਦੇ ਹਨ।”
ਆਉ ਅੱਜ ਪੰਜਾਬੀ ਦੇ ਜੌਹਨ ਕੀਟਸ, ਬਿਰਹਾ ਦੇ ਕਵੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਜ਼ਿੰਦਗੀ ’ਤੇ ਸਾਹਿਤਕ ਸਫ਼ਰ ਨਾਲ ਆਪਾਂ ਸਾਂਝ ਬਣਾਈਏ।

ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 (ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ਮੁਤਾਬਕ 8 ਅਕਤੂਬਰ 1937 ਈ.) ਨੂੰ ਜੰਮੂ-ਕਸ਼ਮੀਰ ਦੀ ਹੱਦ ਨਾਲ ਲਗਦੇ ‘ਸ਼ਕਰਗੜ੍ਹ’ ਤਹਿਸੀਲ ਦੇ ਬੜਾ ਪਿੰਡ ਲੋਹਟੀਆਂ (ਅੱਜਕਲ ਪਾਕਿਸਤਾਨ) ਵਿਚ ਹੋਇਆ ਸੀ। ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਇਕ ਪਿੰਡ ਸੀ। ਉਨ੍ਹਾਂ ਦੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿਚ ਕਾਨੂੰਗੋ ਅਤੇ ਸੇਵਾਮੁਕਤੀ ਵੇਲੇ ਪਟਵਾਰ ਸਕੂਲ ਬਟਾਲਾ ਦੇ ਪ੍ਰਿੰਸੀਪਲ ਸਨ। ਉਨ੍ਹਾਂ ਦੀ ਮਾਤਾ ਸ਼ਾਂਤੀ ਦੇਵੀ ਦੀ ਆਵਾਜ਼ ਬਹੁਤ ਸੁਰੀਲੀ ਸੀ। ਉਹੀ ਸੁਰੀਲਾਪਣ ਸ਼ਿਵ ਦੀ ਆਵਾਜ਼ ਵਿਚ ਵੀ ਸੀ।

ਸ਼ਿਵ ਕੁਮਾਰ ਨੇ ਮੁਢਲੀ ਪੜ੍ਹਾਈ ਬੜਾ ਪਿੰਡ ‘ਲੋਹਤੀਆਂ’ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ। ਸੰਨ 1953 ਵਿਚ ਸ਼ਿਵ ਨੇ ‘ਸਾਲਵੇਸ਼ਨ ਆਰਮੀ ਹਾਈ ਸਕੂਲ’ ਬਟਾਲਾ ਤੋਂ ਦਸਵੀਂ ਪਾਸ ਕੀਤੀ। ਉਸ ਦੇ ਪਿਤਾ ਉਸ ਨੂੰ ਚੰਗਾ ਪੜ੍ਹਾ-ਲਿਖਾ ਕੇ ਉੱਚ ਵਿਦਿਆ ਦਿਵਾ ਕੇ ਇਕ ਕਾਰੋਬਾਰੀ ਵਿਅਕਤੀ ਬਣਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਮਿਲੀ ਕਿਉਂਕਿ ਦਸਵੀਂ ਤੋਂ ਬਾਅਦ ਅਗਲੇ ਦੋ ਸਾਲ ਦੌਰਾਨ ਬਿਨਾ ਕਿਸੇ ਡਿਗਰੀ ਪ੍ਰਾਪਤ ਕਰਨ ਦੇ ਉਸ ਨੇ ਤਿੰਨ ਵਾਰੀ ਕਾਲਜ ਬਦਲੇ। ਪਹਿਲਾਂ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਚ ਐਫ਼.ਐਸ.ਸੀ. ਵਿਚ ਦਾਖ਼ਲਾ ਲਿਆ ਅਤੇ ਇਮਤਿਹਾਨਾਂ ਤੋਂ ਪਹਿਲਾਂ ਹੀ ਛੱਡ ਦਿਤਾ।

ਫਿਰ ਨਾਭੇ ਜਾ ਕੇ ਸਰਕਾਰੀ ਰਿਪੂਦਮਨ ਕਾਲਜ ਵਿਚ ਦਾਖ਼ਲ ਹੋਇਆ, ਪਰ ਕੁੱਝ ਹੀ ਮਹੀਨਿਆਂ ਪਿੱਛੋਂ ਮੁੜ ਆਇਆ ਅਤੇ ਆਰਟਸ ਵਿਸ਼ਿਆਂ ਨਾਲ ਸਿੱਖ ਨੈਸ਼ਨਲ ਕਾਲਜ, ਕਾਦੀਆਂ ਵਿਚ ਦਾਖ਼ਲਾ ਲੈ ਲਿਆ। ਉਥੇ ਵੀ ਇਮਤਿਹਾਨ ਨਾ ਦਿਤਾ ਅਤੇ ਸਾਲ ਬਾਅਦ ਇਹ ਕਾਲਜ ਛੱਡ ਕੇ ਬੈਜਨਾਥ ਜ਼ਿਲ੍ਹਾ ਕਾਂਗੜਾ ਦੇ ਇਕ ਸਕੂਲ ਵਿਚ ਓਵਰਸੀਅਰ ਦੇ ਕੋਰਸ ਵਿਚ ਦਾਖ਼ਲਾ ਲੈ ਲਿਆ। ਫਿਰ ਪਿਤਾ ਕ੍ਰਿਸ਼ਨ ਗੋਪਾਲ ਨੇ ਪੁੱਤਰ ਸ਼ਿਵ ਕੁਮਾਰ ਨੂੰ ਪਟਵਾਰੀ ਲਵਾ ਦਿਤਾ ਪਰ 1961 ਵਿਚ ਉਸ ਨੇ ਇਸ ਨੌਕਰੀ ਤੋਂ ਵੀ ਅਸਤੀਫ਼ਾ ਦੇ ਦਿਤਾ ਅਤੇ 1966 ਤਕ ਬੇਰੁਜ਼ਗਾਰ ਹੀ ਰਿਹਾ। 

ਪਿਤਾ ਕੋਲੋਂ ਉਹ ਕੋਈ ਖ਼ਰਚਾ ਨਹੀਂ ਸੀ ਲੈਂਦਾ। ਇਸ ਲਈ ਇਸ ਸਮੇਂ ਦੌਰਾਨ ਉਹ ਕਦੀ ਕਦਾਈਂ ਕਵੀ ਦਰਬਾਰਾਂ ਵਿਚ ਅਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁੱਝ ਛਪ ਚੁੱਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ ’ਤੇ ਹੀ ਗੁਜ਼ਾਰਾ ਕਰਦਾ ਸੀ। ਕਈ-ਕਈ ਦਿਨ ਉਹ ਦੋਸਤਾਂ-ਯਾਰਾਂ ਦੇ ਘਰੀਂ ਹੀ ਰਹਿੰਦਾ। ਆਖ਼ਰ 1966 ਵਿਚ ਰੋਜ਼ੀ-ਰੋਟੀ ਦੇ ਉਪਰਾਲੇ ਵਜੋਂ ਉਸ ਨੇ ‘ਸਟੇਟ ਬੈਂਕ ਆਫ਼ ਇੰਡੀਆ’ ਦੀ ਬਟਾਲਾ ਬ੍ਰਾਂਚ ਵਿਚ ਕਲਰਕ ਦੀ ਨੌਕਰੀ ਕਰ ਲਈ।

5 ਫ਼ਰਵਰੀ 1967 ਨੂੰ ਸ਼ਿਵ ਦੀ ਸ਼ਾਦੀ ਅਰੁਣਾ ਨਾਲ ਹੋਈ। ਉਨ੍ਹਾਂ ਦੇ ਦੋ ਬੱਚੇ ਮਿਹਰਬਾਨ ਬਟਾਲਵੀ ਤੇ ਬੇਟੀ ਪੂਜਾ ਹੋਏ। ਅਗਲੇ ਸਾਲ ਉਸ ਦੀ ਬਦਲੀ ਚੰਡੀਗੜ੍ਹ ਹੋ ਗਈ। ਇਸੇ ਸਾਲ ਸ਼ਿਵ ਨੂੰ ਉਸ ਦੀ ਸ਼ਾਹਕਾਰ ਕਾਵਿ ਨਾਟਕ ਰਚਨਾ ‘‘ਲੂਣਾ” ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਸਭ ਤੋਂ ਛੋਟੀ ਉਮਰੇ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਸ਼ਿਵ ਕੁਮਾਰ ਬਟਾਲਵੀ ਦੇ ਹਿੱਸੇ ਹੀ ਆਇਆ। 

ਇਸ ਕਾਵਿ ਨਾਟਕ ਵਿਚ ਕਵੀ ਨੇ ਪਹਿਲੀ ਵਾਰ ਲੂਣਾ ਨੂੰ ਨਿਰਦੋਸ਼ ਸਾਬਤ ਕਰਨ ਦਾ ਸਫ਼ਲ ਯਤਨ ਕੀਤਾ।
“ਪੰਜਾਬੀ ਕਵੀਆਂ ਵਿਚੋਂ ਸ਼ਿਵ ਨੂੰ ਸਭ ਤੋਂ ਵੱਧ ਗਾਇਆ ਗਿਆ ਹੈ। ਮੁਹੰਮਦ ਰਫ਼ੀ, ਮਹਿੰਦਰ ਕਪੂਰ, ਜਗਜੀਤ ਸਿੰਘ, ਹੰਸ ਰਾਜ ਹੰਸ, ਜਗਜੀਤ ਜ਼ੀਰਵੀ, ਸ਼ਿੰਗਾਰਾ ਚਾਹਲ, ਆਸ਼ਾ ਭੌਂਸਲੇ, ਪੁਸ਼ਪਾ ਹੰਸ, ਸੁਰਿੰਦਰ ਕੌਰ ਆਦਿ ਗਾਇਕਾਂ ਨੇ ਗਾਇਆ ਹੈ। ਬਲਵੰਤ ਗਾਰਗੀ ਦੇ ਨਾਟਕ ‘ਗਗਨ ਮਹਿ ਥਾਲ’ ਦੇ ਗੀਤ ਵੀ ਸ਼ਿਵ ਨੇ ਗੁਰੂ ਨਾਨਕ ਸ਼ਤਾਬਦੀ ਮੌਕੇ ਲਿਖੇ।

ਉਸ ਦੇ ਜਮਾਤੀ ਸ. ਭੁਪਿੰਦਰ ਸਿੰਘ ਮਾਨ ਅਤੇ ਡਾ: ਬਾਜਵਾ ਦਸਦੇ ਹਨ ਕਿ ਸ਼ਿਵ ਕੁਮਾਰ ਦੀ ਜ਼ਿੰਦਗੀ ਦਾ ਹਰ ਵਰਕਾ ਰਵਾਇਤੀ ਬੰਧਨਾਂ ਤੋਂ ਮੁਕਤ ਸੀ। ਉਹ ਰਿਸ਼ਤਿਆਂ ਨਾਤਿਆਂ ਅਤੇ ਸਬੰਧਾਂ ਦੀ ਪਾਕੀਜ਼ਗੀ ਤੋਂ ਵਾਕਫ਼ ਹੁੰਦਾ ਹੋਇਆ ਵੀ ਸਾਰੇ ਬੰਧਨ ਤੋੜ ਦਿੰਦਾ। ਉਹ ਰਾਵੀ ਦਾ ਪੁੱਤਰ ਸੀ। ਉਸ ਨੂੰ ਦਰਿਆ ਦੇ ਅੱਥਰੇ ਵੇਗ਼ ਦੀ ਗੁੜ੍ਹਤੀ ਸੀ। 

ਸ਼ਿਵ ਬਾਰੇ ਗੱਲ ਕਰਦਿਆਂ ਹਰਭਜਨ ਬਾਜਵਾ ਦਸਦੇ ਹਨ ਕਿ ਜਦ ਕਵੀ ਦਰਬਾਰ ਲਗਦਾ ਤਾਂ ਸ਼ਿਵ ਕੁਮਾਰ ਨੂੰ ਉਦੋਂ ਹੀ ਕਵਿਤਾ ਬੋਲਣ ਲਈ ਆਖਿਆ ਜਾਂਦਾ ਜਦ ਕਵੀ ਦਰਬਾਰ ਸਮਾਪਤ ਹੋਣਾ ਹੋਵੇ, ਕਿਉਂਕਿ ਜੇਕਰ ਸ਼ਿਵ ਪਹਿਲਾਂ ਕਵਿਤਾ ਸੁਣਾ ਦਿੰਦਾ ਤਾਂ ਬਾਅਦ ਵਿਚ ਚਾਹੇ ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ ਕਵਿਤਾ ਗਾਉਣ ਪਰ ਸ਼ਿਵ ਦੀ ਕਵਿਤਾ ਅੱਗੇ ਉਨ੍ਹਾਂ ਦਾ ਰੰਗ ਫਿੱਕਾ ਪੈ ਜਾਂਦਾ। ਸ਼ਿਵ ਕੁਮਾਰ ਦੀ ਕਵੀ ਦਰਬਾਰ ’ਚ ਸਰਦਾਰੀ ਹੁੰਦੀ ਸੀ।

‘ਪੀੜਾਂ ਦਾ ਪਰਾਗਾ’, ‘ਲਾਜਵੰਤੀ’, ‘ਆਟੇ ਦੀਆਂ ਚਿੜੀਆਂ’, ‘ਮੈਨੂੰ ਵਿਦਾ ਕਰੋ’, ‘ਦਰਦਮੰਦਾਂ ਦੀਆਂ ਆਹੀਂ’, ’ਬਿਰਹਾ ਤੂੰ ਸੁਲਤਾਨ’, ‘ਲੂਣਾ’, ‘ਮੈਂ ਤੇ ਮੈਨੂੰ’, ‘ਆਰਤੀ’, ਬਿਰਹੜਾ ਆਦਿ ਸ਼ਿਵ ਦੀਆਂ ਮਹੱਤਵਪੂਰਨ ਕਾਵਿ ਪੁਸਤਕਾਂ ਹਨ। ਅਲਵਿਦਾ ਅਤੇ ਅਸਾਂ ਤਾਂ ਜੋਬਨ ਰੁੱਤੇ ਮਰਨਾ ਸ਼ਿਵ ਦੇ ਸੰਪਾਦਤ ਕਾਵਿ-ਸੰਗ੍ਰਹਿ ਹਨ।

ਸ਼ਿਵ ਦੀ ਗੱਲ ਕਰਦਿਆਂ ਉਹਦੇ ਲਿਖੇ ਰੇਖਾ ਚਿੱਤਰਾਂ ਬਾਰੇ ਵੀ ਸਾਂਝ ਬਣਾਉਣੀ ਜ਼ਰੂਰੀ ਹੈ। ਸ਼ਿਵ ਸ.ਸ. ਮੀਸ਼ਾ ਨੂੰ ਚਿਤਰਦਿਆਂ ਉਸ ਦੇ ਮੁਹਾਂਦਰੇ ਨੂੰ ‘ਮੀਸਣੀ ਮੁਸਕਾਨ’ ਦਾ ਨਾਂ ਦਿੰਦਾ ਹੈ। ਅਜੀਤ ਕੌਰ ਨੂੰ ‘ਉਦਾਸ ਲਾਲਟੈਣ’ ਦਸਦਾ ਹੈ ਅਤੇ ਮੋਹਨ ਭੰਡਾਰੀ ਨੂੰ ਬਹੁਤਾ ਗ਼ਰੀਬੜਾ ਜਿਹਾ ਪੇਸ਼ ਕਰਦਿਆਂ ਉਸ ਨੂੰ ‘ਫੁਲਬਹਿਰੀ ਵਾਲੇ ਹੱਥ’ ਆਖਦਾ ਹੈ। ਸੱਜਣ ਦਸਦੇ ਨੇ ਕਿ ਸ਼ਿਵ ਕੁਮਾਰ ਨੂੰ ਭੰਡਾਰੀ ਵਾਲੇ ਰੇਖਾ ਚਿੱਤਰ ਬਾਰੇ ਆਖ਼ਰੀ ਵੇਲੇ ਤੀਕ ਪਛਤਾਵਾ ਰਿਹਾ ਕਿ ਮੈਂ ਉਸ ਨਾਲ ਧੱਕਾ ਕੀਤਾ ਹੈ। 

1972 ’ਚ ਉਹ ਡਾ. ਗੋਪਾਲ ਪੁਰੀ ਤੇ ਸ਼੍ਰੀਮਤੀ ਕੈਲਾਸ਼ਪੁਰੀ ਦੇ ਸੱਦੇ ’ਤੇ ਇੰਗਲੈਂਡ ਗਿਆ। ਜਦੋਂ ਉਹ ਇੰਗਲੈਂਡ ਪਹੁੰਚਿਆ ਤਾਂ ਉਸ ਦੀ ਆਮਦ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀਆਂ। ਉਸ ਦੇ ਮਾਣ ’ਚ ਸਥਾਨਕ ਪੰਜਾਬੀ ਲੇਖਕਾਂ ਅਤੇ ਉਸ ਦੇ ਚਾਹੁਣ ਵਾਲਿਆਂ ਵਲੋਂ ਕਈ ਪਾਰਟੀਆਂ ਦਿਤੀਆਂ ਗਈਆਂ। ਇੰਗਲੈਂਡ ’ਚ ਉਸ ਦੀਆਂ ਗਤੀਵਿਧੀਆਂ ਭਾਰਤੀ ਮੀਡੀਆ ਅਤੇ ਬੀ.ਬੀ.ਸੀ. ਦੀਆਂ ਖ਼ਬਰਾਂ ਵੀ ਬਣਦੀਆਂ ਰਹੀਆਂ।

ਜਦੋਂ ਸ਼ਿਵ ਇੰਗਲੈਂਡ ਤੋਂ ਸਤੰਬਰ 1972 ’ਚ ਵਾਪਸ ਆਇਆ, ਉਸ ਦੀ ਸਿਹਤ ਵਿਗੜਦੀ ਚਲੀ ਗਈ। ਇੰਗਲੈਂਡ ਵਾਪਸੀ ਤੋਂ ਕੁੱਝ ਮਹੀਨਿਆਂ ਬਾਅਦ ਹੀ ਉਸ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ। ਅਖ਼ੀਰ 6 ਮਈ 1973 ਨੂੰ ਇਹ ਬਿਰਹਾ ਦਾ ਕਵੀ ਹਮੇਸ਼ਾਂ ਲਈ ਅਪਣੇ ਚਾਹੁਣ ਵਾਲਿਆਂ ਨੂੰ ਵਿਦਾ ਕਹਿ ਗਿਆ।
(ਪੰਜਾਬੀ ਅਧਿਆਪਕ)
ਸ. ਸੀ. ਸੈਕੰਡਰੀ ਸਕੂਲ ਮਾਨਾ ਸਿੰਘ ਵਾਲਾ