ਜਨਮ ਦਿਨ 'ਤੇ ਵਿਸ਼ੇਸ਼- ਛੋਟੇ ਕਿਸਾਨਾਂ ਦਾ ਸਮਰੱਥ ਕਥਾਕਾਰ ਵਰਿਆਮ ਸਿੰਘ ਸੰਧੂ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਕਵਿਤਾ ਤੋਂ ਬਾਅਦ ਉਸ ਨੇ ਕਹਾਣੀ ਨੂੰ ਅਪਣੇ ਵਿਚਾਰ ਪ੍ਰਗਟਾਵੇ ਦਾ ਮਾਧਿਅਮ ਬਣਾਇਆ ਹੈ

waryam singh sandhu

ਵਰਿਆਮ ਸਿੰਘ ਸੰਧੂ ਇਕ ਪੰਜਾਬੀ ਕਹਾਣੀਕਾਰ ਹੈ। 2000 ਵਿਚ, ਉਸ ਨੂੰ ਅਪਣੇ ਕਹਾਣੀ ਸੰਗ੍ਰਹਿ ‘ਚੌਥੀ ਕੂਟ’ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ। ਉਸ ਦੀਆਂ ਰਚਨਾਵਾਂ ਹਿੰਦੀ, ਬੰਗਾਲੀ, ਉਰਦੂ ਅਤੇ ਅੰਗਰੇਜ਼ੀ ਵਿਚ ਵੀ ਅਨੁਵਾਦ ਹੋ ਚੁਕੀਆਂ ਹਨ। ਸੰਧੂ ਦਾ ਜਨਮ 10 ਸਤੰਬਰ 1945 ਨੂੰ ਨਾਨਕੇ ਪਿੰਡ ਚਵਿੰਡਾ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਹ ਪੰਜ ਭੈਣ-ਭਰਾ ਹਨ। ਤਿੰਨ ਭੈਣਾਂ ਅਤੇ ਦੋ ਭਰਾ। ਵਰਿਆਮ ਸਿੰਘ ਸੰਧੂ ਸੱਭ ਤੋਂ ਵੱਡਾ, ਪਲੇਠੀ ਦਾ ਪੁੱਤਰ ਹੈ। ਬੀ.ਏ., ਬੀ.ਐੱਡ. ਕਰ ਕੇ ਉਹ ਸਕੂਲ ਅਧਿਆਪਕ ਬਣ ਗਿਆ।

ਨੌਕਰੀ ਦੇ ਨਾਲ-ਨਾਲ ਉਸ ਨੇ ਐਮ.ਏ., ਐਮ.ਫ਼ਿਲ. ਕਰ ਲਈ ਅਤੇ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਪੰਜਾਬੀ ਲੈਕਚਰਾਰ ਲੱਗ ਜਾਣ ਪਿਛੋਂ ਪੀ.ਐਚ.ਡੀ. ਵੀ ਕਰ ਲਈ। ਉਹ ਆਸ਼ਾਵਾਦ ਵਿਚ ਯਕੀਨ ਰੱਖਣ ਵਾਲਾ ਮਾਰਕਸਵਾਦੀ ਲੇਖਕ ਹੈ। ਪੰਜਾਬ ਦੀ ਛੋਟੀ ਕਿਰਸਾਨੀ ਦਾ ਉਹ ਸਮਰੱਥ ਕਥਾਕਾਰ ਹੈ। ਸਿਆਸੀ ਤੌਰ ਤੇ ਚੇਤੰਨ ਹੋਣ ਕਰ ਕੇ ਉਹ ਨਿਮਨ ਕਿਰਸਾਨੀ ਜਾਂ ਨਿਮਨ ਵਰਗਾਂ ਦੇ ਸੰਕਟਾਂ ਦੀ ਟੇਕ ਕਿਸਮਤ ’ਤੇ ਰੱਖਣ ਦੀ ਥਾਂ ਸਮਾਜਕ, ਰਾਜਨੀਤਿਕ, ਆਰਥਕ ਕਾਰਨਾਂ ਨੂੰ ਮਿਥਦਾ ਹੈ। ਉਹ ਸਮੱਸਿਆਵਾਂ ਦੀ ਡੂੰਘਾਈ ਵਿਚ ਜਾ ਕੇ ਥਾਹ ਪਾਉਣ ਵਾਲਾ ਵਿਚਾਰਸ਼ੀਲ ਸਾਹਿਤਕਾਰ ਹੈ।

ਕਵਿਤਾ ਤੋਂ ਬਾਅਦ ਉਸ ਨੇ ਕਹਾਣੀ ਨੂੰ ਅਪਣੇ ਵਿਚਾਰ ਪ੍ਰਗਟਾਵੇ ਦਾ ਮਾਧਿਅਮ ਬਣਾਇਆ ਹੈ। ਹੁਣ ਉਹ ਅਪਣਾ ਸੇਵਾਮੁਕਤ ਜੀਵਨ ਹੋਰ ਵੀ ਇਕਾਗਰਚਿੱਤ ਹੋ ਕੇ ਸਾਹਿਤ ਰਚਨਾ ਦੇ ਲੇਖੇ ਲਾ ਰਿਹਾ ਹੈ। ਪਿਛਲੇ ਸਾਲਾਂ ਵਿਚ ਉਸ ਨੇ ਗ਼ਦਰ ਪਾਰਟੀ ਦੇ ਇਤਿਹਾਸ ਬਾਰੇ ਖੋਜ ਕਰ ਕੇ ਵੀ ਕਈ ਪੁਸਤਕਾਂ ਲਿਖੀਆਂ ਹਨ।
ਵਰਿਆਮ ਸਿੰਘ ਸੰਧੂ ਦਾ ਕਹਾਣੀ-ਸੰਗ੍ਰਹਿ ‘ਲੋਹੇ ਦੇ ਹੱਥ’ ਛਪਿਆ। ਇਸ ਵਿਚਲੀਆਂ ਕਹਾਣੀਆਂ ਦਾ ਰਚਨਾ ਕਾਲ ਪੰਜਾਬ ਵਿਚ ਨਕਸਲਬਾੜੀ ਲਹਿਰ ਦਾ ਹੈ। ਪੰਜਾਬ ਦੇ ਗ਼ਰੀਬ ਲੋਕਾਂ ਪ੍ਰਤੀ ਹਮਦਰਦੀ ਅਤੇ ਫ਼ਲਸਰੂਪ ਉਪਜੇ ਰੋਹ ਦਾ ਅਨੁਭਵ ਇਨ੍ਹਾਂ ਕਹਾਣੀਆਂ ਵਿਚ ਪ੍ਰਗਟਾਇਆ ਗਿਆ ਹੈ।

ਉਸ ਦੇ ਦੂਜੇ ਕਹਾਣੀ-ਸੰਗ੍ਰਹਿ ‘ਅੰਗ-ਸੰਗ’ ਵਿਚਲੀਆ ਕਹਾਣੀਆਂ ਵੀ ਸਮਾਜਕ ਚੇਤਨਾ ਨੂੰ ਵਿਸ਼ਾ-ਵਸਤੂ ਬਣਾਉਦੀਆਂ ਹਨ। ਅਗਲੇ ਦੋ ਕਹਾਣੀ-ਸੰਗ੍ਰਹਿ ‘ਭੱਜੀਆ ਬਾਹੀਂ’ ਅਤੇ ‘ਚੌਥੀ ਕੂਟ’ ਪੰਜਾਬ ਵਿਚ ਪੈਦਾ ਹੋਈ ਖਾੜਕੂ ਲਹਿਰ ਦੇ ਸਰੋਕਾਰਾਂ ਨਾਲ ਸਬੰਧਤ ਹਨ।ਡਾ. ਜੋਗਿੰਦਰ ਸਿੰਘ ਰਾਹੀਂ ਅਨੁਸਾਰ ਵਰਿਆਮ ਸੰਧੂ ਦੀਆਂ ਬਹੁਤੀਆਂ ਕਹਾਣੀਆਂ ਬੜੀ ਤੇਜ਼ੀ ਨਾਲ ਬੇਜ਼ਮੀਨ ਹੋ ਰਹੀ ਛੋਟੀ ਕਿਰਸਾਨੀ ਦੀਆਂ ਆਰਥਕ, ਭਾਈਚਾਰਕ, ਸਭਿਆਚਾਰਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਨਾਲ ਸੰਬੰਧਤ ਹਨ

ਬਸ ਅਹਿਸਾਸ ਹੀ ਦਸ ਰਿਹੈ ਬਈ ਕਹਾਣੀ ਅੰਦਰ ਕੋਈ ਛੁਪੀ ਹੋਈ ‘ਸ਼ਕਤੀ’ ਹੈ ਜੋ ਦਿਲ-ਦਿਮਾਗ ਨੂੰ ਝੰਜੋੜੇ ਮਾਰ ਰਹੀ ਹੈ। ਇਹੋ ਕਹਿ ਕੇ ਗੱਲ ਖ਼ਤਮ ਕਰਦਾ ਹਾਂ, ਜੇ  ‘ਕੋਈ ਕਮਿਊਨਿਸਟ ਲੀਡਰ ਇਸ ਵਿਸ਼ੇ ਉਤੇ ਦੋ ਸੌ ਭਾਸ਼ਣ ਦੇਵੇ ਜਾਂ ਕੋਈ ਬੁੱਧੀਮਾਨ ਸੌ ਲੇਖ ਲਿਖੇ ਤਾਂ ਵੀ ਉਹ ਕੁੱਝ ਮਹਿਸੂਸ ਨਹੀਂ ਕਰਵਾ ਸਕਦੇ ਜੋ ਤੇਰੀ ਇਕੱਲੀ ਇਸ ਕਹਾਣੀ ਨੇ ਕਰਵਾ ਦਿਤਾ ਹੈ।’’