ਫਿਰ ਮੈਂ ਕਦੇ ਕੇਸ ਨਾ ਕਟਵਾ ਸਕਿਆ
ਜਵਾਨੀ ਵੇਲੇ ਮੇਰੀ ਮਿਹਨਤ ਤੇ ਪਾਣੀ ਫੇਰ ਦਿਤਾ
ਨਵੀਂ ਦਿੱਲੀ : 2002 ਵਿਚ ਮੈਂ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਮੁਕਤਸਰ ਤੋਂ ਬੀ.ਐੱਡ ਕਰ ਰਿਹਾ ਸੀ। ਰੋਜ਼ਾਨਾ ਪਾਠ ਕਰਨ ਦੀ ਆਦਤ ਤਾਂ ਮੈਨੂੰ ਪਹਿਲਾਂ ਤੋਂ ਹੀ ਸੀ ਪਰ ਬੀ ਐੱਡ ਵੇਲੇ ਵੱਧ ਗਈ ਸੀ। ਵੈਸੇ ਤਾਂ ਹੋਸਟਲ ਵਿਚ ਹੇਠਲੀ ਮੰਜ਼ਲ ਵਿਚ ਰਹਿਣ ਵਾਲੇ ਤਕਰੀਬਨ ਸਾਰੇ ਸਿਖਿਆਰਥੀਆਂ ਕੋਲ ਅਪਣੇ-ਅਪਣੇ ਕਮਰੇ ਸਨ ਪਰ ਇਕ ਦੋ ਕਮਰਿਆਂ ਵਿਚ ਬਿਜਲੀ ਦੀ ਸਮੱਸਿਆ ਕਰ ਕੇ ਇਕ ਦੋ ਕਮਰਿਆਂ ਵਿਚ ਦੋ-ਦੋ ਸਿਖਿਆਰਥੀ ਰਹਿੰਦੇ ਸਨ। ਫਿਰ ਬਿਜਲੀ ਠੀਕ ਕਰਵਾ ਦਿਤੀ ਗਈ। ਮੇਰੇ ਨਾਲ ਕਮਰੇ ਵਿਚ ਰਹਿਣ ਵਾਲੇ ਸਾਥੀ ਨੇ ਪੇਪਰ ਨੇੜੇ ਆਉਣ ਤੇ ਹੋਰ ਕਮਰਾ ਲੈ ਲਿਆ ਸੀ। ਫਿਰ ਕਾਉਣੀ ਪਿੰਡ ਤੋਂ ਆਉਂਦੇ ਇਕਬਾਲ ਸਿੰਘ ਨੇ, ਜੋ ਰੋਜ਼ ਪਿੰਡ ਤੋਂ ਆਉਂਦਾ ਸੀ, ਪੇਪਰਾਂ ਦੇ ਨੇੜੇ ਹੋਸਟਲ ਵਿਚ ਰਹਿਣ ਦੀ ਅਰਜ਼ੀ ਦਿਤੀ। ਕੋਈ ਕਮਰਾ ਖ਼ਾਲੀ ਨਾ ਹੋਣ ਕਾਰਨ ਵਾਰਡਨ ਨੇ ਕਿਸੇ ਸਿਖਿਆਰਥੀ ਨਾਲ ਐਡਜਸਟ ਕਰਨ ਲਈ ਕਿਹਾ। ਕੋਈ ਵੀ ਨਾ ਮੰਨਿਆ ਤਾਂ ਮੈਂ ਅਪਣੇ ਨਾਲ ਰਹਿਣ ਦਿਤਾ। ਪੇਪਰ ਹੋਣ ਤੋਂ ਬਾਅਦ ਅਸੀ ਅਪਣੇ-ਅਪਣੇ ਘਰਾਂ ਨੂੰ ਆ ਗਏ, ਸਮਾਂ ਬੀਤਦਾ ਰਿਹਾ।
ਸਾਲ ਕੁ ਬਾਅਦ ਮੈਨੂੰ ਇਕਬਾਲ ਸਿੰਘ ਦੁਆਰਾ ਮੇਰੇ ਲਈ ਕਹੇ ਸ਼ਬਦ ਯਾਦ ਆਏ ਕਿਉਂਕਿ ਉਸ ਦੁਆਰਾ ਮੇਰੇ ਲਈ ਕੀਤੀ ਭਵਿੱਖਬਾਣੀ ਸੱਚੀ ਸਾਬਤ ਹੋ ਗਈ ਸੀ। ਮੇਰੇ ਵਿਚਾਰ ਤੇ ਗੁਰਬਾਣੀ ਪ੍ਰਤੀ ਸ਼ਰਧਾ ਕਰ ਕੇ ਉਸ ਨੇ ਕਿਹਾ ਸੀ ਕਿ ਮੈਂ ਜਲਦੀ ਹੀ ਕੇਸ-ਦਾੜ੍ਹੀ ਰੱਖ ਕੇ ਪੱਗ ਬੰਨ੍ਹਣ ਲੱਗ ਜਾਵਾਂਗਾ, ਜੋ ਮੈਂ ਹੁਣ ਹਾਂ। ਬਾਕੀ ਮੇਰੇ ਬੀਬੀ ਜੀ ਦੀਆਂ ਗਾਲ੍ਹਾਂ ਨੂੰ ਵੀ ਮੈਂ ਨਜ਼ਰ ਅੰਦਾਜ਼ ਨਾ ਕਰ ਸਕਿਆ। ਉਹ ਕਹਿੰਦੇ ਸਨ ਕਿ ''ਮੈਂ ਸਿੱਖੀ ਨੂੰ ਸਾਂਭਣ ਲਈ ਬਚਪਨ ਵਿਚ ਔਖੇ ਹੋ ਕੇ ਤੈਨੂੰ ਸਕੂਲ ਲਈ ਤਿਆਰ ਕਰ ਕੇ ਭੇਜਦੀ ਰਹੀ। ਤੂੰ ਜਵਾਨੀ ਵੇਲੇ ਮੇਰੀ ਮਿਹਨਤ ਤੇ ਪਾਣੀ ਫੇਰ ਦਿਤਾ।'' ਬੀਬੀ ਜੀ ਵੀ ਠੀਕ ਕਹਿੰਦੇ ਸਨ। ਉਨ੍ਹਾਂ ਨੇ ਅਪਣੇ ਸਾਰੇ ਬੱਚਿਆਂ ਨੂੰ ਸਿੱਖੀ ਸਰੂਪ ਵਿਚ ਪਾਲ ਪੋਸ ਕੇ ਵੱਡਾ ਕੀਤਾ ਸੀ।
ਪਹਿਲਾਂ ਮੇਰੇ ਛੋਟੇ ਭਰਾ ਨੇ ਚੰਡੀਗੜ੍ਹ ਪੜ੍ਹਨ ਵੇਲੇ ਕੇਸ ਕਟਵਾ ਦਿਤੇ ਸਨ। ਬੀਬੀ ਨੂੰ ਬਹੁਤ ਦੁੱਖ ਹੋਇਆ ਸੀ ਉਸ ਵੇਲੇ। ਫਿਰ ਮੇਰੇ ਵੱਡੇ ਭੈਣ ਜੀ ਮੈਨੂੰ ਅਮਰੀਕਾ ਭੇਜਣਾ ਚਾਹੁੰਦੇ ਸਨ ਰਿਸ਼ਤਾ ਕਰਵਾ ਕੇ। ਕੁੜੀ ਵਾਲਿਆਂ ਦੀ ਕਲੀਨ ਸ਼ੇਵ ਮੁੰਡੇ ਦੀ ਮੰਗ ਸੀ। ਮੇਰੇ ਬੀਬੀ ਜੀ ਮੈਨੂੰ ਕੇਸ ਕਟਵਾਉਣ ਦੀ ਸ਼ਰਤ ਤੇ ਬਾਹਰ ਨਹੀਂ ਭੇਜਣਾ ਚਾਹੁੰਦੇ ਸਨ। ਫਿਰ ਮੈਂ ਛੋਟੇ ਭਰਾ ਨਾਲ ਕੁੱਝ ਚਿਰ ਚੰਡੀਗੜ੍ਹ ਰਿਹਾ। ਉਸ ਦੌਰਾਨ ਮੈਂ ਕੇਸ ਕਟਵਾ ਦਿਤੇ ਸਨ। ਰਿਸ਼ਤਾ ਤਾਂ ਨਾ ਹੋਇਆ ਪਰ ਮੈਂ ਕੱਟੇ ਵਾਲਾਂ ਨਾਲ ਵਾਪਸ ਮਾਨਸਾ ਬੀਬੀ ਕੋਲ ਆਉਣ ਤੋਂ ਡਰਦਾ ਰਿਹਾ। ਜਦ ਮੈਂ ਹਿੰਮਤ ਕਰ ਕੇ ਵਾਪਸ ਘਰੇ ਆਇਆ ਤਾਂ ਬੀਬੀ ਨੇ ਮੈਨੂੰ ਮਾਫ਼ ਨਾ ਕੀਤਾ। ਉਹ ਕਾਫ਼ੀ ਦੇਰ ਤਕ ਮੇਰੇ ਨਾਲ ਰੁੱਸੇ ਰਹੇ। ਬੀਬੀ ਜੀ ਨੂੰ ਸਿੱਖੀ ਗੁੜ੍ਹਤੀ ਵਿਚ ਮਿਲੀ ਸੀ। ਮੇਰੇ ਨਾਨਾ-ਨਾਨੀ ਦੋਵਾਂ ਅੰਮ੍ਰਿਤ ਛਕਿਆ ਹੋਇਆ ਸੀ। ਫਿਰ ਨਾਨਾ ਜੀ ਨੇ ਅਪਣੇ ਸਾਰੇ ਬੱਚਿਆਂ ਨੂੰ ਸਿੱਖੀ ਨਾਲ ਜੋੜੀ ਰਖਿਆ ਸੀ। ਬੇਸ਼ਕ ਮੇਰੇ ਬੀਬੀ ਜੀ ਨੇ ਅੰਮ੍ਰਿਤ ਨਹੀਂ ਸੀ ਛਕਿਆ ਪਰ 'ਵਾਹਿਗੁਰੂ' ਸ਼ਬਦ ਹਮੇਸ਼ਾ ਉਨ੍ਹਾਂ ਦੇ ਮੁੱਖ ਤੇ ਰਹਿੰਦਾ ਸੀ।
ਵੈਸੇ ਮੈਂ ਘੁੰਗਰਾਲੇ ਵਾਲ ਕਰਵਾਉਣ ਲਈ ਨਾਈ ਕੋਲ ਗਿਆ ਸੀ। ਨਾਈ ਕਹਿੰਦਾ ਥੋੜੇ ਜਹੇ ਵਧਾ ਲੈ। ਫਿਰ ਸਰਦੀ ਆ ਗਈ। ਮੈਂ ਪੱਗ ਬੰਨ੍ਹਣ ਲੱਗ ਪਿਆ। ਮਾਤਾ ਜੀ ਖ਼ੁਸ਼ ਸਨ ਕਿ ਮੈਂ ਫਿਰ ਸਿੱਖੀ ਸਰੂਪ ਵਿਚ ਆ ਗਿਆ। ਸਰਦੀ ਬੀਤਣ ਤਕ ਵਾਲ ਕਾਫ਼ੀ ਵੱਧ ਗਏ ਸਨ। ਮੈਂ ਹੁਣ ਅਪਣੇ ਵਾਲਾਂ ਨੂੰ ਘੁੰਗਰਾਲੇ ਕਰਵਾਉਣ ਦੀ ਤਿਆਰੀ ਵਿਚ ਸੀ ਪਰ ਬੀਬੀ ਜੀ ਨੂੰ ਮੇਰੀ ਇੱਛਾ ਦਾ ਪਤਾ ਲੱਗ ਗਿਆ। ਬੀਬੀ ਜੀ ਮੇਰੇ ਨਾਲ ਬਹੁਤ ਲੜੇ ਤੇ ਵਾਲ ਕਟਵਾਉਣ ਤੇ ਘਰੇ ਨਾ ਵੜਨ ਦੀ ਧਮਕੀ ਮੈਨੂੰ ਮਿਲ ਗਈ। ਫਿਰ ਇਕ ਦਿਨ ਬਸ ਵਿਚ ਸਫ਼ਰ ਕਰ ਰਿਹਾ ਸੀ, ਕੰਡਕਟਰ ਨੇ ਮੈਨੂੰ ਬਾਊ ਜੀ ਕਹਿ ਕੇ ਸੰਬੋਧਨ ਕੀਤਾ। ਮੈਨੂੰ ਬਹੁਤ ਅਜੀਬ ਜਿਹਾ ਲੱਗਾ। ਮੈਂ ਕੰਡਕਟਰ ਨੂੰ ਦਸਿਆ ਕਿ ਮੈਂ ਸਰਦਾਰਾਂ ਦਾ ਮੁੰਡਾ ਹਾਂ ਪਰ ਕੰਡਕਟਰ ਨੇ ਮੈਨੂੰ ਇੰਜ ਵੇਖਿਆ ਜਿਵੇਂ ਮੈਂ ਕੋਈ ਬਹੁਤ ਵੱਡਾ ਗੁਨਾਹ ਕਰ ਲਿਆ ਹੋਵੇ। ਕੰਡਕਟਰ ਨੇ ਮੈਨੂੰ ਕਿਹਾ ਪਹਿਲਾਂ ਸਰਦਾਰਾਂ ਦਾ ਮੁੰਡਾ ਅਖਵਾਉਣ ਦੇ ਕਾਬਲ ਤਾਂ ਬਣ ਜਾ। ਉਸ ਦਾ ਇਸ਼ਾਰਾ ਮੇਰੇ ਕੇਸਾਂ ਵਲ ਸੀ। ਬਸ ਫਿਰ ਕੀ, ਮੈਂ ਕਦੇ ਅਪਣੇ ਕੇਸ ਨਾ ਕਟਵਾ ਸਕਿਆ।
ਸੁਖਦੀਪ ਸਿੰਘ,ਸੰਪਰਕ : 94174-51887