Lohri Special Article: ਸਾਡੇ ਪੈਰਾਂ ਹੇਠ ਰੋੜ, ਲੋਹੜੀ ਦੇ ਕੇ ਛੇਤੀ-ਛੇਤੀ ਤੋਰ

ਸਪੋਕਸਮੈਨ Fact Check

ਵਿਚਾਰ, ਵਿਸ਼ੇਸ਼ ਲੇਖ

Lohri Special Article: ਜ਼ਿੰਦਗੀ ਨੂੰ ਜਿਊਣ, ਰਸਮਾਂ-ਰਿਵਾਜਾਂ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿਚ ਪੰਜਾਬੀ ਹਮੇਸ਼ਾ ਹੀ ਸਭ ਤੋਂ ਅੱਗੇ ਰਹੇ ਹਨ।

Lohri Special Article

ਜ਼ਿੰਦਗੀ ਨੂੰ ਜਿਊਣ, ਰਸਮਾਂ-ਰਿਵਾਜਾਂ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿਚ ਪੰਜਾਬੀ ਹਮੇਸ਼ਾ ਹੀ ਸਭ ਤੋਂ ਅੱਗੇ ਰਹੇ ਹਨ। ਹਾਲਾਤ ਕਿਹੋ ਜਿਹੇ ਵੀ ਰਹੇ ਹੋਣ, ਪੰਜਾਬੀ ਹਰ ਹਾਲ ਵਿਚ ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿੰਦੇ ਹਨ। ਕਦੀ ਹਾਲਾਤ ਅਨੁਸਾਰ ਢਲ ਜਾਂਦੇ ਤੇ ਕਦੇ ਹਾਲਾਤ ਨੂੰ ਅਪਣੇ ਅਨੁਸਾਰ ਢਾਲ ਲੈਂਦੇ ਹਨ। ਗਰਮੀ-ਸਰਦੀ ਦੇ ਮੌਸਮ ਵੀ ਕੰਮ ਕਰਨ ਜਾਂ ਤਿਉਹਾਰ ਮਨਾਉਣ ਸਮੇਂ ਇਨ੍ਹਾਂ ਦੇ ਰਾਹ ਵਿਚ ਨਹੀਂ ਆਉਂਦੇ। ਅਜਿਹਾ ਹੀ ਇਕ ਤਿਉਹਾਰ ਹੈ ਲੋਹੜੀ, ਜੋ ਭਰ ਸਰਦੀ ਵਿਚ ਪੋਹ ਮਹੀਨੇ ਦੇ ਆਖ਼ਰੀ ਦਿਨ ਮਨਾਇਆ ਜਾਂਦਾ ਹੈ ਜਦੋਂਕਿ ਰਾਤ ਨੂੰ ਲੋਹੜੀ ਅਤੇ ਅਗਲੇ ਦਿਨ ਮਾਘ ਦਾ ਮਹੀਨਾ ਚੜ੍ਹ ਜਾਂਦਾ ਹੈ ਅਤੇ ਮਾਘੀ ਦੇ ਤਿਉਹਾਰ ਦਾ ਸਿੱਖ ਇਤਿਹਾਸ ਵਿਚ ਬਹੁਤ ਵੱਡਾ ਮਹੱਤਵ ਹੈ।

ਲੋਹੜੀ ਸ਼ਬਦ ਦਾ ਮੂਲ ਤਿਲ+ਰੋੜੀ ਹੈ ਜੋ ਸਮਾਂ ਪਾ ਕੇ ਤਿਲੋੜੀ ਤੇ ਫਿਰ ਲੋਹੜੀ ਬਣ ਗਈ ਕਿਉਂਕਿ ਜਿਸ ਘਰ ਵਿਚ ਮੁੰਡਾ ਜੰਮਿਆ ਹੋਵੇ ਜਾਂ ਕਿਸੇ ਦਾ ਨਵਾਂ ਵਿਆਹ ਹੋਇਆ ਹੋਵੇ ਜਾਂ ਕਿਸੇ ਨੇ ਨਵਾਂ ਮਕਾਨ ਬਣਾਇਆ ਹੋਵੇ ਤਾਂ ਉਸ ਦੀ ਲੋਹੜੀ ਵੰਡੀ ਜਾਂਦੀ ਹੈ ਜਿਸ ਵਿਚ ਮੁੰਗਫਲੀ, ਰਿਉੜੀਆਂ, ਗੱਚਕ, ਮੱਕੀ ਦੇ ਭੁੰਨੇ ਹੋਏ ਫੁੱਲੇ ਹੁੰਦੇ ਹਨ ਅਤੇ ਲੋਹੜੀ ਵਾਲੀ ਰਾਤ ਗਲੀ ਮੁਹੱਲੇ ਦੇ ਲੋਕ ਉਸ ਖ਼ੁਸ਼ੀ ਵਾਲੇ ਘਰ ਦੇ ਅੱਗੇ ਸਾਰੇ ਧੂਣੀ ਬਾਲ ਕੇ ਇੱਕਠੇ ਹੁੰਦੇ ਹਨ ਤੇ ਉਸ ਧੂਣੀ ਵਾਲੀ ਅੱਗ ਵਿਚ ਤਿਲ ਤੇ ਰਿਉੜੀਆਂ ਸੁੱਟਦੇ ਹਨ। ਇਕ ਦੂਜੇ ਨੂੰ ਵੰਡਦੇ ਹਨ ਜੋ ਕਿ ਆਪਸੀ ਸਭਿਆਚਾਰ ਤੇ ਸਮਾਜਕ ਸਾਂਝਾ ਦਾ ਬਹੁਤ ਵੱਡਾ ਪ੍ਰਤੀਕ ਹੈ ਜੋ ਅੱਜਕਲ ਦੇ ਜ਼ਮਾਨੇ ਵਿਚ ਅਤਿ ਮਹੱਤਵਪੂਰਣ ਅਤੇ ਲੋੜੀਂਦਾ ਹੈ। ਹੁਣ ਸਮਾਜ ਵਿਚ ਜਾਗ੍ਰਿਤੀ ਆਉਣ ਕਾਰਨ ਮੌਜੂਦਾ ਸਮੇਂ ਕੁੜੀ ਅਤੇ ਮੁੰਡੇ ਵਿਚ ਲੋਕਾਂ ਨੇ ਫ਼ਰਕ ਮਿਟਾ ਕੇ ਮੁੰਡੇ ਦੇ ਨਾਲ-ਨਾਲ ਕੁੜੀਆਂ ਦੀ ਲੋਹੜੀ ਵੀ ਮਨਾਉਣੀ ਸ਼ੁਰੂ ਕਰ ਦਿਤੀ ਹੈ ਜੋ ਕਿ ਬਹੁਤ ਪ੍ਰਸ਼ੰਸਾਯੋਗ ਕੰਮ ਹੈ। 

ਲੋਹੜੀ ਦਾ ਤਿਉਹਾਰ ਮਨਾਉਣ ਪਿੱਛੇ ਇਕ ਬਹੁਤ ਪੁਰਾਣਾ ਇਤਿਹਾਸ ਹੈ ਕਿ ਇਹ ਦੁੱਲਾ ਭੱਟੀ ਦੀ ਪ੍ਰਸ਼ੰਸਾ ਵਿਚ ਮਨਾਇਆ ਜਾਂਦਾ ਹੈ ਜੋ ਲਾਹੌਰ ਇਲਾਕੇ ਦੇ ਭੱਟੀਆਂ ਪਿੰਡ (ਹੁਣ ਪਾਕਿਸਤਾਨ ਲਹਿੰਦੇ ਪੰਜਾਬ ਵਿਚ) ਰਾਜਾ ਅਕਬਰ ਦੇ ਸਮੇਂ ਮੁਸਲਮਾਨ ਡਾਕੂ ਸੀ। ਉਹ ਅਮੀਰ ਲੋਕਾਂ ਦੇ ਘਰ ਲੁੱਟ ਕੇ ਗ਼ਰੀਬਾਂ ਵਿਚ ਵੰਡ ਦਿੰਦਾ ਸੀ ਅਤੇ ਗ਼ਰੀਬ ਅਤੇ ਨਿਰਬਲ ਲੋਕਾਂ ਦੀ ਮਦਦ ਕਰਦਾ ਸੀ। ਗ਼ਰੀਬਾਂ ਦੀਆਂ ਅਨੇਕਾਂ ਕੁੜੀਆਂ ਦੀ ਇੱਜ਼ਤ ਦੀ ਰੱਖਿਆ ਵੀ ਕਰਦਾ ਸੀ ਅਤੇ ਉਨ੍ਹਾਂ ਦੇ ਵਿਆਹ ਵੀ ਅਪਣੇ ਖ਼ਰਚੇ ’ਤੇ ਕਰ ਦਿੰਦਾ ਸੀ। ਜ਼ਿਕਰਯੋਗ ਹੈ ਕਿ ਉਸ ਸਮੇਂ ਦੇ ਮੁਗ਼ਲ ਰਾਜ ਦੇ ਹਾਕਮ ਕਈ ਸੋਹਣੀਆਂ ਕੁੜੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ ਅਤੇ ਉਨ੍ਹਾਂ ਨਾਲ ਜਬਰਦਸਤੀ ਕਰਦੇ ਸਨ, ਜਿਨ੍ਹਾਂ ਨੂੰ ਇਹ ਦੁੱਲਾ ਭੱਟੀ ਬਚਾ ਕੇ ਲਿਆਉਂਦਾ ਸੀ।

ਅਜਿਹੀ ਹੀ ਇਕ ਗਾਥਾ ਲੋਹੜੀ ਨਾਲ ਜੁੜੀ ਹੋਈ ਹੈ ਕਿ ਲਾਹੌਰ ਦੇ ਇਕ ਬ੍ਰਾਹਮਣ ਦੀਆਂ ਦੋ ਕੁੜੀਆਂ ਸੁੰਦਰੀ ਅਤੇ ਮੁੰਦਰੀ ਦੀ ਨੇੜੇ ਦੇ ਪਿੰਡ ਵਿਚ ਵਿਆਹ ਰਖਿਆ ਹੋਇਆ ਸੀ ਪਰ ਕਿਸੇ ਮੁਗ਼ਲ ਹਾਕਮ ਦੀ ਉਨ੍ਹਾਂ ਕੁੜੀਆਂ ’ਤੇ ਅੱਖ ਮੈਲੀ ਹੋ ਗਈ, ਜੋ ਉਨ੍ਹਾਂ ਨੂੰ ਲੈ ਜਾਣਾ ਚਾਹੁੰਦਾ ਸੀ, ਜਿਸ ਦੇ ਡਰ ਕਾਰਨ ਕੁੜੀ ਦੇ ਸਹੁਰਾ ਪ੍ਰਵਾਰ ਵਾਲਿਆਂ ਨੇ ਡਰਦੇ ਹੋਏ ਕੁੜੀਆਂ ਨਾਲ ਵਿਆਹ ਕਰਨ ਤੋਂ ਮਨ੍ਹਾਂ ਕਰ ਦਿਤਾ। ਇਹ ਗੱਲ ਜੰਗਲ ਦੀ ਅੱਗ ਵਾਂਗ ਇਲਾਕੇ ਵਿਚ ਫੈਲ ਗਈ ਸੀ। ਜਦੋਂ ਦੁੱਲੇ ਭੱਟੀ ਨੂੰ ਇਸ ਗੱਲ ਦਾ ਪਤਾ ਲਗਿਆ ਤਾਂ ਉਹ ਉਸ ਬ੍ਰਾਹਮਣ ਦੇ ਘਰ ਆਇਆ ਤੇ ਉਸ ਤੋਂ ਸਾਰੀ ਗੱਲ ਪੁੱਛੀ ਤੇ ਉਸ ਨੂੰ ਹੌਂਸਲਾ ਦਿਤਾ ਕਿ ਫ਼ਿਕਰ ਨਾ ਕਰੇ, ਇਹ ਕੁੜੀਆਂ ਅੱਜ ਤੋਂ ਮੇਰੀਆਂ ਵੀ ਭੈਣਾਂ ਹਨ। ਇਨ੍ਹਾਂ ਦੇ ਵਿਆਹ ਮੈਂ ਉਸੇ ਜਗ੍ਹਾ ਹੀ ਕਰਾਂਗਾ। ਫਿਰ ਦੁੱਲਾ ਭੱਟੀ ਮੁੰਡੇ ਵਾਲਿਆਂ ਦੇ ਘਰ ਗਿਆ ਅਤੇ ਉਨ੍ਹਾਂ ਨੂੰ ਵੀ ਕਿਹਾ ਕਿ ਮੁਗ਼ਲ ਹਾਕਮਾਂ ਨੂੰ ਮੈਂ ਨਜਿੱਠਾਗਾਂ ਤੇ ਤੁਹਾਡੀ ਰੱਖਿਆ ਵੀ ਕਰਾਂਗਾ। ਸੁੰਦਰੀ ਤੇ ਮੁੰਦਰੀ ਨੂੰ ਵਿਆਹ ਕੇ ਲਿਆਓ, ਮੈਂ ਮੌਕੇ ’ਤੇ ਹਾਜ਼ਰ ਰਹਾਂਗਾ। ਇਤਿਹਾਸ ਕਹਿੰਦਾ ਹੈ ਕਿ ਦੁੱਲੇ ਭੱਟੀ ਨੇ ਭੈਣਾਂ ਬਣਾ ਕੇ ਸੁੰਦਰੀ ਅਤੇ ਮੁੰਦਰੀ ਦਾ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਝੋਲੀ ਵਿਚ ਸ਼ਗਨ ਵਜੋਂ ਸ਼ੱਕਰ ਪਾਈ ਅਤੇ ਹੋਰ ਵੀ ਮਦਦ ਕੀਤੀ। ਇਸੇ ਕਰ ਕੇ ਹੀ ਮੁੰਡੇ ਕੁੜੀਆਂ ਟੋਲੀਆਂ ਬਣਾ ਕੇ ਜਦੋਂ ਘਰਾਂ ਵਿਚ ਲੋਹੜੀ ਮੰਗਣ ਜਾਂਦੇ ਹਨ ਤਾਂ ਇਹ ਗੀਤ ਗਾਉਂਦੇ ਹਨ:

ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ ਹੋ,
ਸੇਰ ਸ਼ੱਕਰ ਪਾਈ ਹੋ...
ਕੁੜੀ ਦਾ ਸਾਲੂ ਪਾਟਾ ਹੋ, ਕੁੜੀ ਦਾ ਜੀਵੇ ਚਾਚਾ ਹੋ।
ਜੇ ਘਰ ਵਾਲਿਆਂ ਵਲੋਂ ਲੋਹੜੀ ਦੇਣ ਵਿਚ ਦੇਰ ਹੋ ਜਾਵੇ ਤਾਂ ਮੁੰਡੇ/ਕੁੜੀਆਂ ਇਹ ਗੀਤ ਵੀ ਗਾਉਂਦੇ ਹਨ:
ਸਾਡੇ ਪੈਰਾਂ ਹੇਠ ਸਲਾਈਆਂ, 
ਅਸੀਂ ਕਿਹੜੇ ਵੇਲੇ ਦੀਆਂ ਆਈਆਂ,
ਸਾਡੇ ਪੈਰਾਂ ਹੇਠ ਰੋੜ੍ਹ, ਸਾਨੂੰ ਛੇਤੀ ਛੇਤੀ ਤੋਰ। 

ਅਜਿਹੇ ਹੋਰ ਕਈ ਗੀਤ ਵੀ ਗਾਏ ਜਾਂਦੇ ਹਨ।  ਸਾਡਾ ਸਭਿਆਚਾਰ ਇਹ ਵੀ ਹੈ ਕਿ ਲੋਹੜੀ ਵਾਲੀ ਰਾਤ ਜਦੋਂ ਲੋਕ ਅੱਗ ਵਿਚ ਤਿਲ ਸੁੱਟਦੇ ਹਨ ਤਾਂ ਇਹ ਵੀ ਕਹਿੰਦੇ ਹਨ :  ‘‘ਈਸ਼ਰ ਆ ਦਲਿੱਦਰ ਜਾ,  ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ’’ ਅਤੇ ਇਹ ਵੀ ਕਹਿੰਦੇ ਹਨ ਕਿ ‘‘ਲੋਹੜੀਏ ਵਿਚਾਰੀਏ, ਭਰੀ ਆਵੀਂ ਤੇ ਸੱਖਣੀ ਜਾਵੀਂ’’। 
ਆਪਸੀ ਭਾਈਚਾਰੇ ਦਾ ਇਹ ਵੀ ਸੰਕੇਤ ਹੈ ਕਿ ਜੇ ਗਲੀ ਮਹੁੱਲੇ ਜਾਂ ਆਂਢ ਗੁਆਂਢ ਵਿਚ ਕਿਸੇ ਘਰ ਸੋਗ ਹੋਵੇ ਤਾਂ ਆਂਢੀ ਗੁਆਢੀ/ਮੁਹੱਲੇ ਵਾਲੇ ਵੀ ਲੋਹੜੀ ਨਹੀਂ ਮਨਾਉਂਦੇ। ਲੋਹੜੀ ਦਾ ਸਭਿਆਚਾਰ ਸਾਨੂੰ ਇਹ ਸਿਖਾਉਂਦਾ ਹੈ ਕਿ ਅਸੀਂ ਆਪਸ ਵਿਚ ਮਿਲ ਜੁੱਲ ਕੇ ਰਹੀਏ, ਆਂਢ ਗੁਆਂਢ ਗਲੀ ਮੁਹੱਲੇ ਅਪਣੀਆਂ ਖ਼ੁਸ਼ੀਆਂ ਸਾਂਝੀ ਕਰੀਏ, ਕਿਸੇ ਗ਼ਰੀਬ ਦੀ ਧੀ ਦੀ ਰੱਖਿਆ ਅਤੇ ਮਦਦ ਕਰੀਏ।

ਉਨ੍ਹਾਂ ਲੋਕਾਂ ਨੂੰ ਵੀ ਸਿੱਧੇ ਰਸਤੇ ਪਾਉਣ ਦੀ ਕੋਸ਼ਿਸ਼ ਕਰੀਏ ਜੋ ਇਸ ਮੌਕੇ ਸ਼ਰਾਬਾਂ ਪੀ ਕੇ ਲੜਾਈ ਝਗੜੇ ਅਤੇ ਹੁੱਲੜਬਾਜ਼ੀ ਕਰਦੇ ਹਨ ਅਤੇ ਲੜਾਈ ਝਗੜੇ ਕਰ ਕੇ ਆਪਸੀ ਖੁੰਧਕਾਂ ਕੱਢਦੇ ਹਨ। ਕੁੱਝ ਨੌਜਵਾਨ ਪਤੰਗਬਾਜ਼ੀ ਕਰਦੇ ਹਨ ਜਿਸ ਵਿਚ ਉਹ ਚਾਈਨਾ ਡੋਰ ਦੀ ਵਰਤੋਂ ਕਰ ਕੇ ਆਮ ਆਉਣ ਜਾਣ ਵਾਲੇ ਲੋਕਾਂ ਲਈ ਹਾਦਸਿਆਂ ਦਾ ਕਾਰਨ ਬਣਦੇ ਹਨ ਕਿਉਂਕਿ ਇਹ ਚਾਈਨਾ ਡੋਰ ਕਈ ਵਾਰ ਆਉਣ ਜਾਉਣ ਵਾਲਿਆਂ ਦੇ ਗਲ ਵਿਚ ਫਸ ਜਾਂਦੀ ਹੈ ਤੇ ਕਈ ਪੰਛੀਆਂ ਦੇ ਗਲ ਵਿਚ ਫਸ ਕੇ ਉਨ੍ਹਾਂ ਦੀ ਮੌਤ ਦਾ ਕਾਰਨ ਬਣਦੀ ਹੈ। ਅਜਿਹਾ ਹੀ ਹਾਦਸਾ ਪਿਛਲੇ ਦਿਨੀਂ ਇਕ ਪਤੰਗ ਉਡਾਉਣ ਵਾਲੇ ਦੀ ਚਾਈਨਾ ਡੋਰ ਇਕ ਬੱਚੇ ਦੇ ਗਲ ਵਿਚ ਫੱਸਣ ਕਾਰਨ ਉਸ ਦੇ ਗਲੇ ਦੀ ਨਸ ਕੱਟੀ ਗਈ ਅਤੇ ਉਹ ਗੰਭੀਰ ਹਾਲਤ ਵਿਚ ਇਲਾਜ ਅਧੀਨ ਹੈ। ਅਜਿਹੀਆਂ ਹੀ ਹੋਰ ਵੀ ਬਹੁਤ ਸਾਰੀ ਘਟਨਾਵਾਂ ਕਈ ਥਾਂਈ ਵਾਪਰਦੀਆਂ ਹਨ ਜੋ ਮੀਡੀਆ ਵਿਚ ਨਹੀਂ ਆਉਂਦੀਆਂ।

ਸੋ ਚਾਈਨਾ ਡੋਰ ਜਿੱਥੇ ਬਣ ਰਹੀ ਹੈ ਤੇ ਫਿਰ ਦੁਕਾਨਾਂ ਤੇ ਵਿੱਕ ਰਹੀ ਹੈ ਤਾਂ ਇਹ ਸਭ ਸਰਕਾਰ ਤੇ ਪ੍ਰਸ਼ਾਸਨ ਦੀ ਢਿਲ ਕਾਰਨ ਹੀ ਹੈ। ਇਸ ਪ੍ਰਤੀ ਜਨਤਾ ਵਲੋਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਇੱਕਜੁਟਤਾ ਨਾਲ ਅਵਾਜ਼ ਬੁਲੰਦ ਕਰ ਕੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੂਰ ਕੀਤੀ ਜਾਵੇ। ਸੋ ਅਜਿਹੀਆਂ ਉਪਰੋਕਤ ਲਿਖੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਚੰਗੇ ਅਤੇ ਆਪਸੀ ਮੇਲ ਜੋਲ ਵਾਲੇ ਸਭਿਆਚਾਰ ਨੂੰ ਲੋਹੜੀ ਦੇ ਤਿਉਹਾਰ ਉੱਤੇ ਅਪਣਾਈਏ ਤਾਂ ਫਿਰ ਹੀ ਇਹ ਲੋਹੜੀ ਦਾ ਤਿਉਹਾਰ ਸਾਡੇ ਲਈ ਸ਼ੁੱਭ ਸਾਬਤ ਹੋਵੇਗਾ। ਆਓ ਇਹ ਕਾਮਨਾ ਕਰੀਏ ਕਿ : 
ਹਾਸਿਆਂ ਭਰੀ ਦੀਵਾਲੀ ਆਵੇ ਸੋਹਣੀ ਆਵੇ ਲੋਹੜੀ,
ਆਪਾਂ ਸਾਰੇ ਰਲ ਮਿਲ ਰਹੀਏ ਕਦੇ ਖੁਸ਼ੀ ਨਾ ਹੋਵੇ ਥੋੜੀ।