ਮੁਕ ਗਿਆ ਪਾਣੀ ਤਾਂ ਸਮਝੋ ਖ਼ਤਮ ਕਹਾਣੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ਼ਹਿਰ ਦੀਆਂ ਫ਼ੈਕਟਰੀਆਂ ਇਕ ਦਿਨ ਵਿਚ ਕਈ ਟਨ ਪੀਣ ਵਾਲਾ ਪਾਣੀ ਖ਼ਰਾਬ ਕਰਦੀਆਂ ਹਨ।

Drought

ਦੁਨੀਆ ਵਿਚ ਜਿਥੇ ਮਨੁੱਖ ਨੂੰ ਧਰਤੀ ਦਾ ਬਹੁਤ ਸਮਝਦਾਰ ਪ੍ਰਾਣੀ ਸਮਝਿਆ ਜਾਂਦਾ ਹੈ, ਉੱਥੇ ਇਹੀ ਸਮਝਦਾਰ ਮਨੁੱਖ ਅਕਲਮੰਦ ਹੁੰਦੇ ਹੋਏ ਵੀ ਬਹੁਤ ਥਾਵਾਂ ਤੇ ਬੇਅਕਲੀ ਦੇ ਅਨੇਕਾਂ ਸਬੂਤ ਪੇਸ਼ ਕਰਦਾ ਹੈ। ਸਾਇੰਸਦਾਨਾਂ, ਚੰਗੇ ਮਾਹਰਾਂ ਨੇ ਸਮੇਂ-ਸਮੇਂ ਤੇ ਆ ਰਹੀ ਮੁਸ਼ਕਿਲਾਂ ਤੇ ਪੌਣ ਪਾਣੀ, ਸਿਹਤ ਸਬੰਧੀ ਖੇਤੀਬਾੜੀ, ਪ੍ਰਦੂਸ਼ਣ ਆਦਿ ਸਮੱਸਿਆਵਾਂ ਲਈ ਸੁਚੇਤ ਕੀਤਾ ਹੈ ਤੇ ਲਗਾਤਾਰ ਕਰ ਵੀ ਰਹੇ ਹਨ ਪਰ ਨਾਸਮਝ ਮਨੁੱਖ ਲਾਪ੍ਰਵਾਹੀ ਦੀਆਂ ਹੱਦਾਂ ਪਾਰ ਕਰਦਾ ਜਾ ਰਿਹਾ ਹੈ। ਅੱਜ ਦੇ ਸਮੇਂ ਵਿਚ ਸੱਭ ਤੋਂ ਚਿੰਤਾਜਨਕ ਮੁੱਦਾ ਪਾਣੀ ਦੀ ਲਗਾਤਾਰ ਆ ਰਹੀ ਘਾਟ ਦਾ ਹੈ। ਲਗਾਤਾਰ ਹੇਠ ਜਾ ਰਹੇ ਜ਼ਮੀਨ ਹੇਠਲੇ ਪਾਣੀ ਦਾ ਮੁੱਦਾ ਕੁੱਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਵਿਚ ਉਠਾਇਆ ਗਿਆ ਤੇ ਸਰਬਸੰਮਤੀ ਨਾਲ ਪਾਣੀ ਬਚਾਉਣ ਲਈ ਮਤਾ ਵੀ ਪਾਸ ਕੀਤਾ ਗਿਆ ਤੇ ਸਪੀਕਰ ਸਾਹਬ ਨੇ ਵੀ ਮਸਲੇ ਉਤੇ ਮੰਥਨ ਲਈ ਹਾਊਸ ਕਮੇਟੀ ਬਣਾਉਣ ਦਾ ਐਲਾਨ ਕੀਤਾ।

 ਪਿੰਡਾਂ ਵਿਚ ਲੋਕਾਂ ਨੂੰ ਪਾਣੀ ਮੁਹਈਆ ਕਰਵਾਉਣ ਵਾਲੇ ਨਲਕੇ, ਖੂਹ ਤੇ ਪੱਖਿਆਂ ਵਾਲੇ ਟਿਊਬਵੈੱਲ, ਜ਼ਮੀਨ ਹੇਠਲਾ ਪਾਣੀ ਡੂੰਘਾ ਹੋਣ ਕਰ ਕੇ ਕਦੋਂ ਦੇ ਇਤਿਹਾਸ ਦੇ ਵਰਕੇ ਬਣ ਚੁੱਕੇ ਹਨ। ਜਿਹੜਾ ਪਾਣੀ 50 ਤੋਂ 60 ਫ਼ੁਟ ਜਾਂ ਇਸ ਤੋਂ ਘੱਟ ਡੂੰਘਾਈ ਤੇ ਮਿਲ ਜਾਂਦਾ ਸੀ। ਉਹ ਹੁਣ 100 ਫ਼ੁਟ ਤਕ ਚਲਾ ਗਿਆ ਹੈ। ਇਹ ਡੂੰਘਾਈ ਹੋਰ ਵੀ ਬੜੇ ਸੰਕਟਾਂ ਨੂੰ ਸੱਦਾ ਦੇ ਰਹੀ ਹੈ। ਇਸ ਘਾਤਕ ਸੰਕਟ ਨਾਲ ਨਜਿੱਠਣ ਲਈ ਤੇ ਪਾਣੀ ਦੀ ਬੱਚਤ ਬਾਰੇ ਕੋਈ ਤਸੱਲੀਬਖ਼ਸ਼ ਰਵਈਆ ਅਮਲ ਵਿਚ ਨਹੀਂ ਲਿਆਂਦਾ ਗਿਆ। ਕਈ ਸੂਬਿਆਂ ਵਿਚ ਖੇਤੀਬਾੜੀ ਵਿਚ ਅਜੇ ਵੀ ਹੱਦੋਂ ਵੱਧ ਪਾਣੀ ਖਪਾਉਣ ਵਾਲੇ ਕਣਕ-ਝੋਨਾ ਦੇ ਫ਼ਸਲੀ ਚੱਕਰ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਹ ਸੱਭ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਧਰਤੀ ਹੇਠਲੇ ਪਾਣੀ ਦੀ ਇਕ-ਇਕ ਬੂੰਦ ਖ਼ਤਮ ਨਹੀਂ ਹੁੰਦੀ।

ਜਦੋਂ ਇਹ ਸਮੱਸਿਆ ਵਿਰਾਟ ਰੂਪ ਧਾਰ ਲਵੇਗੀ, ਫਿਰ ਇਹੀ ਮਨੁੱਖ ਗੰਭੀਰ ਸਿੱਟੇ ਸਿਰ ਫੜ ਕੇ ਭੁਗਤੇਗਾ। ਪਾਣੀ ਤੋਂ ਬਿਨਾਂ ਇਸ ਹਰਿਆਵਲ ਦੀਆਂ ਬਾਤਾਂ ਪਾਉਂਦੀ ਧਰਤੀ ਦੀ ਹਾਲਤ ਕਿਹੋ ਜਹੀ ਹੋਵੇਗੀ, ਉਸ ਬਾਰੇ ਸੋਚ ਕੇ ਪੰਜਾਬ ਜਾਂ ਹੋਰ ਸੂਬਿਆਂ ਨੂੰ ਦਿਲੋਂ ਪਿਆਰ ਕਰਨ ਵਾਲੇ ਹਰ ਇਨਸਾਨ ਦੀ ਰੂਹ ਜ਼ਰੂਰ ਕੰਬਣ ਲੱਗ ਪੈਂਦੀ ਹੈ। ਝੋਨਾ ਪਾਣੀ ਦੀ ਖਪਤ ਬਹੁਤ ਵਧਾਉਂਦਾ ਹੈ। ਹੈਰਾਨੀ ਤੇ ਸੋਚ ਦਾ ਵਿਸ਼ਾ ਹੈ ਕਿ ਇਸ ਦੀ ਫ਼ਸਲ ਦੇ ਰਕਬੇ ਵਿਚ ਹਰ ਸਾਲ ਵਾਧਾ ਹੋ ਰਿਹਾ ਹੈ। ਅਨੁਮਾਨ ਹੈ ਕਿ ਇਕ ਕਿਲੋ ਚੌਲ ਪੈਦਾ ਕਰਨ ਲਈ 3 ਹਜ਼ਾਰ ਤੋਂ 5 ਹਜ਼ਾਰ ਲਿਟਰ ਪਾਣੀ ਦੀ ਲੋੜ ਪੈਂਦੀ ਹੈ। ਪੰਜਾਬ ਵਿਚ ਇਸ ਵੇਲੇ 170 ਲੱਖ ਟਨ ਦੇ ਕਰੀਬ ਚੌਲਾਂ ਦੀ ਪੈਦਾਵਾਰ ਹੋ ਰਹੀ ਹੈ ਜਿਸ ਵਾਸਤੇ 70 ਖ਼ਰਬ ਲੀਟਰ ਪਾਣੀ ਦੀ ਵਰਤੋਂ ਹੋ ਰਹੀ ਹੈ। ਆਪਾਂ ਫਿਰ ਵੀ ਇਸ ਫ਼ਸਲ ਦੇ ਪਿੱਛੇ ਪੈ ਕੇ ਪਾਣੀ ਦੀ ਕਮੀ ਦੀ ਗੰਭੀਰ ਸਥਿਤੀ ਪੈਦਾ ਕਰ ਰਹੇ ਹਾਂ। 

ਪਾਣੀ ਬਿਨਾਂ ਸਮਾਂ ਲੰਘਾਉਣਾ ਬਹੁਤ ਔਖਾ ਹੈ। ਸੋਚੋ ਜੇਕਰ ਕੁੱਝ ਘੰਟੇ ਪਾਣੀ ਨਾ ਮਿਲੇ ਤਾਂ ਅਪਣੀ ਪਿਆਸ ਨਾਲ ਕੀ ਹਾਲਤ ਹੋਵੇਗੀ। ਪੀਣ ਵਾਲੇ ਪਾਣੀ ਦੀ ਕਿੱਲਤ ਹੱਦਾਂ ਟੱਪ ਗਈ ਹੈ। ਮੋਟਰ ਸਾਈਕਲ, ਗੱਡੀ ਮੋਟਰ ਧੋਣ ਵੇਲੇ, ਕਪੜੇ ਧੋਣ ਵੇਲੇ, ਨਹਾਉਣ ਵੇਲੇ, ਭਾਂਡੇ ਧੋਣ ਵੇਲੇ ਲੋੜ ਤੋਂ ਵੱਧ ਪਾਣੀ ਵਹਾਉਣਾ ਆਪਣੀ ਆਦਤ ਬਣ ਗਈ ਹੈ। 1985 ਤੋਂ 2019 ਤਕ, 34 ਸਾਲ ਵਿਚ ਪਾਣੀ ਜ਼ਮੀਨ ਹੇਠੋਂ ਹੱਦੋਂ ਵਧ ਖ਼ਤਮ ਹੋ ਚੁੱਕਾ ਹੈ। ਹਾਲਾਤ ਇਹੀ ਰਹੇ ਤਾਂ 2037 ਤਕ, 18 ਸਾਲ ਤਕ ਪੰਜਾਬ ਦੀ ਧਰਤੀ ਅੱਧੀ ਤੋਂ ਜ਼ਿਆਦਾ ਸੁੱਕ ਜਾਵੇਗੀ। ਅੱਜ ਤੁਹਾਡੀ ਪਾਣੀ ਦੀ ਬਚਾਈ ਬੂੰਦ-ਬੂੰਦ ਆਉਣ ਵਾਲੇ ਭਵਿੱਖ ਨੂੰ ਪਾਣੀ ਦੀ ਖ਼ਤਰਨਾਕ ਕਿੱਲਤ ਤੋਂ ਬਚਾਅ ਲਵੇਗੀ। ਮੈਂ ਯਕੀਨ ਕਰਦਾ ਹਾਂ ਕਿ ਤੁਸੀ ਕਦੇ ਵੀ ਨਹੀਂ ਚਾਹੋਗੇ ਕਿ ਅਪਣੇ ਬੱਚੇ ਬੂੰਦ-ਬੂੰਦ ਪਾਣੀ ਲਈ ਤਰਸਣ ਪਿਆਸ ਨਾਲ, ਸੋਕੇ ਨਾਲ ਤੇ ਭਿਆਨਕ ਨਤੀਜੇ ਭੁਗਤਣ। ਪਾਣੀ ਕੁਦਰਤ ਦੀ ਅਨੋਖੀ ਦੇਣ ਹੈ। ਇਸ ਬਿਨਾਂ ਜੀਵਨ ਬਾਰੇ ਸੋਚਣਾ ਵੀ ਸੰਭਵ ਨਹੀਂ। ਪੈਸੇ ਦੀ ਦੌੜ ਵਿਚ ਅੰਨ੍ਹੇ ਹੋਏ ਵਪਾਰੀ ਫ਼ੈਕਟਰੀਆਂ ਤੇ ਕਾਰਖਾਨਿਆਂ ਦੇ ਮਾਲਕ ਕੁਦਰਤੀ ਸ੍ਰੋਤਾਂ ਬਾਰੇ ਨਹੀ ਸੋਚਦੇ, ਪਾਣੀ ਹੀ ਜੀਵਨ ਹੈ ਪਰ ਮੰਨਦਾ ਕੌਣ ਹੈ।

ਸ਼ਹਿਰ ਦੀਆਂ ਫ਼ੈਕਟਰੀਆਂ ਇਕ ਦਿਨ ਵਿਚ ਕਈ ਟਨ ਪੀਣ ਵਾਲਾ ਪਾਣੀ ਖ਼ਰਾਬ ਕਰਦੀਆਂ ਹਨ। ਪਾਣੀ ਸਿੱਧਾ ਜ਼ਮੀਨ ਤੋਂ ਲੈ ਕੇ ਨਾਲਿਆਂ ਵਿਚ ਗੰਦਾ ਕਰ ਕੇ ਛੱਡ ਦਿਤਾ ਜਾਂਦਾ ਹੈ। ਇਹ ਪਾਣੀ ਏਨਾ ਗੰਦਾ ਹੁੰਦਾ ਹੈ ਕਿ ਜੇਕਰ ਇਸ ਨੂੰ ਖੇਤਾਂ ਵਿਚ ਸੁੱਟਿਆ ਜਾਵੇ ਤਾਂ ਫ਼ਸਲ ਖ਼ਰਾਬ ਹੋ ਜਾਵੇਗੀ। ਮਨੁੱਖ ਨੂੰ ਆਕਸੀਜਨ, ਪਾਣੀ, ਖਾਣੇ ਦੀ ਲੋੜ ਹਮੇਸ਼ਾ ਰਹਿੰਦੀ ਹੈ। ਇਨ੍ਹਾਂ ਵਿਚੋਂ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅੰਕੜੇ ਕਹਿੰਦੇ ਹਨ ਧਰਤੀ ਤੇ 71 ਫ਼ੀ ਸਦੀ ਪਾਣੀ ਹੈ, ਉਸ ਵਿਚੋਂ 2 ਫ਼ੀ ਸਦੀ ਪਾਣੀ ਪੀਣ ਯੋਗ ਹੈ। ਜੇਕਰ ਆਪਾਂ ਕਿਸੇ ਨਾਸਮਝ ਨੂੰ ਸਮਝਾਉਣ ਬੈਠ ਜਾਈਏ ਤਾਂ ਬਿਨਾਂ ਮਤਲਬ ਦੀ ਬਹਿਸ ਕਰਨ ਲੱਗ ਜਾਵੇਗਾ ਕਿ ਧਰਤੀ ਤੇ ਪਾਣੀ ਕਿੱਦਾਂ ਮੁੱਕ ਜਾਊ? ਨਹਿਰਾਂ, ਨਦੀਆਂ, ਝੀਲਾਂ, ਸਮੁੰਦਰ, ਮੀਂਹ ਦਾ ਪਾਣੀ ਹੜ੍ਹ ਲਿਆ ਦਿੰਦਾ ਹੈ। ਪਾਣੀ ਕਿਥੋਂ ਖ਼ਤਮ ਹੋ ਜਾਊ? ਤਾਂ ਉਸ ਨੂੰ ਇਹ ਸਮਝਾਉ ਕਿ ਪੀਣ ਵਾਲੇ ਪਾਣੀ ਤੇ ਇਨ੍ਹਾਂ ਪਾਣੀਆਂ ਵਿਚ ਬਹੁਤ ਫ਼ਰਕ ਹੈ। ਸਮੱਸਿਆ ਪੀਣ ਵਾਲੇ ਪਾਣੀ ਦੀ ਘਾਤਕ ਰੂਪ ਪੈਂਦਾ ਕਰ ਰਹੀ ਹੈ।

ਇਥੇ ਸਾਫ਼ ਇਹੀ ਗੱਲ ਹੈ ਜਦੋਂ ਤਕ ਇਨ੍ਹਾਂ ਨੂੰ ਪਾਣੀ ਮਿਲਦਾ ਹੈ, ਇਹ ਅਜਿਹੀਆਂ ਗੱਲਾਂ ਤਾਂ ਕਰਦੇ ਹੀ ਰਹਿਣਗੇ। ਜਦੋਂ ਪਾਣੀ ਤੋਂ ਵਾਂਝੇ ਹੋ ਗਏ ਫਿਰ ਪਤਾ ਲੱਗੇਗਾ ਕਿ ਪਾਣੀ ਦੀ ਅਸਲ ਵਿਚ ਕੀਮਤ ਕੀ ਹੈ। ਸ਼ਹਿਰਾਂ ਵਿਚ ਲਗਭਗ 25 ਫ਼ੀ ਸਦੀ ਸ਼ਹਿਰੀ ਜਨਸੰਖਿਆ ਨੂੰ ਸਾਫ਼ ਪਾਣੀ ਨਹੀਂ ਪਹੁੰਚਾ ਰਿਹਾ ਸਰਵੇ ਕਹਿੰਦੇ ਹਨ ਲਗਭਗ 16632 ਕਿਸਾਨ 2369 ਔਰਤਾਂ ਆਤਮਹਤਿਆ ਕਰ ਕੇ ਜੀਵਨ ਖ਼ਤਮ ਕਰਦੀਆਂ ਹਨ। 14.4 ਸੋਕੇ ਕਾਰਨ ਸਾਲ ਵਿਚ ਮਰਦੇ ਹਨ। ਅੰਨਪੜ੍ਹਤਾ, ਆਤਮਹੱਤਿਆ, ਲੜਾਈ ਵਗੈਰਾ ਮੁੱਦਿਆਂ ਪਿੱਛੇ ਕਿਤੇ ਨਾ ਕਿਤੇ ਮੁੱਖ ਕਾਰਨ ਪਾਣੀ ਦੀ ਕਮੀ ਹੈ ਕਿਉਂਕਿ ਪਾਣੀ ਦੀ ਕਮੀ ਕੁੱਝ ਸੂਬੇ ਭਵਿੱਖ ਲਈ ਬੱਚਿਆ ਦੀ ਸਿਖਿਆ ਲਈ ਅਧਿਕਾਰ ਤੇ ਖ਼ੁਸ਼ਹਾਲ ਜੀਵਨ ਜਿਊਣ ਦੇ ਅਧਿਕਾਰ ਨਹੀਂ ਕਰ ਸਕਦੇ। ਆਪ ਜੀ ਇਸ ਗੱਲ ਤੇ ਗੌਰ ਕਰੋ ਕਿ ਅਪਣੇ ਦੇਸ਼ ਦੇ ਕੁੱਝ ਅਜਿਹੇ ਸੂਬੇ ਵੀ ਹਨ ਜੋ ਜੀਵਨ ਜਿਊਣ ਲਈ ਪਾਣੀ ਨੂੰ ਘਰ ਤਕ ਉਪਲੱਬਧ ਕਰਵਾਉਣ ਲਈ ਕਿੰਨਾ ਸੰਘਰਸ਼ ਕਰਦੇ ਹਨ।

ਭਾਰਤ ਵਿਚ ਜਿਵੇਂ ਰਾਜਸਥਾਨ, ਗੁਜਰਾਤ ਆਦਿ ਅਜਿਹੇ ਸੂਬੇ ਹਨ ਜਿਥੇ ਔਰਤਾਂ/ਕੁੜੀਆਂ ਸਾਫ਼ ਤੇ ਪੀਣ ਯੋਗ ਪਾਣੀ ਘਰ ਤਕ ਪਹੰਚਾਉਣ ਲਈ ਲੰਮੀ ਦੂਰੀ ਤੈਅ ਕਰਦੀਆਂ ਹਨ। ਦੂਰੋਂ-ਦੂਰੋਂ ਪਾਣੀ ਭਰ ਕੇ ਅਪਣੇ ਪ੍ਰਵਾਰ ਦੀ ਪਿਆਸ ਬੁਝਾਉਂਦੀਆਂ ਹਨ। ਰਾਜਸਥਾਨ ਵਿਚ ਕਈ ਮੁਟਿਆਰਾਂ ਪਾਣੀ ਦੀ ਪੂਰਤੀ ਲਈ ਵੀ ਨਹੀਂ ਕਰਦੀਆਂ ਕਿਉਂਕਿ ਸਾਰੀ ਦਿਹਾੜੀ ਦੂਰੋਂ ਪਾਣੀ ਢੋਣ ਵਿਚ ਹੀ ਲੰਘ ਜਾਂਦੀ ਹੈ। ਇਹ ਇਕ ਕੌੜਾ ਸੱਚ ਹੈ। ਜਿਨ੍ਹਾਂ ਨੂੰ ਪਾਣੀ ਘਰੇ ਮਿਲਦਾ ਹੈ ਉਹ ਇਸ ਨੂੰ ਖ਼ਰਾਬ ਕਰਨ ਦੀ ਕਸਰ ਨਹੀਂ ਛਡਦੇ। ਆਪਾਂ ਅਪਣੇ ਤੇ ਮੋਟਾ ਜਿਹਾ ਹਿਸਾਬ ਲਗਾਉਂਦੇ ਹਾਂ। ਘਰ ਦਾ ਇਕ ਮੈਂਬਰ ਔਸਤਨ 240 ਲੀਟਰ ਪਾਣੀ ਵਰਤਦਾ ਹੈ। 4 ਮੈਂਬਰ ਵਾਲਾ ਪ੍ਰਵਾਰ ਔਸਤਨ 960 ਲੀਟਰ ਪਾਣੀ ਰੋਜ਼ ਵਰਤਦਾ ਹੈ। ਬਾਕੀ ਪਾਣੀ ਕਪੜੇ ਧੌਣ, ਨਹਾਉਣ, ਪੌਦਿਆਂ ਨੂੰ ਪਾਣੀ ਦੇਣਾ, ਬਾਥਰੂਮ, ਮੋਟਰ ਸਾਈਕਲ, ਗੱਡੀ ਆਦਿ ਕਿੰਨੀਆਂ ਥਾਵਾਂ ਤੇ ਪਾਣੀ ਦੀ ਲੋੜ ਪੈਂਦੀ ਹੈ। ਇਨ੍ਹਾਂ ਸੱਭ ਜ਼ਰੂਰਤਾਂ ਵਿਚ ਆਪਾਂ ਨੂੰ ਸੰਕੋਚ ਨਾਲ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਹੱਲ ਆਪਾਂ ਰਲ ਮਿਲ ਕੇ ਕੱਢਾਂਗੇ ਗੱਲਾਂ ਨਾਲ ਕੋਈ ਹੱਲ ਨਹੀਂ ਹੋਣਾ ਫ਼ਾਲਤੂ ਦੀ ਬਹਿਸ ਕਰਨ ਨਾਲੋਂ ਚੰਗਾ ਹੈ ਕਿ ਸੰਕਟ ਨੂੰ ਨੱਥ ਪਾਈਏ।

ਝੋਨੇ ਦੀ ਆਪਾਂ ਪਹਿਲਾਂ ਗੱਲ ਕੀਤੀ ਜਿੱਥੇ ਪਾਣੀ ਦਾ ਸੰਕਟ ਸਾਡੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਥੇ ਇਹ ਦਸਣਾ ਲਾਜ਼ਮੀ ਬਣਦਾ ਹੈ ਕਿ ਝੋਨਾ ਪੰਜਾਬ ਦੀ ਰਵਾਇਤੀ ਫ਼ਸਲ ਨਹੀਂ ਸਗੋਂ ਇਹ ਉਨ੍ਹਾਂ ਰਾਜਾਂ ਦੀ ਬੀਜੀ ਜਾਣ ਵਾਲੀ ਫ਼ਸਲ ਹੈ ਜਿਨ੍ਹਾਂ ਵਿਚ ਮੌਨਸੂਨ ਦੀ ਰੁੱਤ ਵਿਚ ਜ਼ਿਆਦਾ ਮੀਂਹ ਨਾਲ ਨੀਵੇਂ ਇਲਾਕਿਆਂ ਵਿਚ ਮੀਂਹ ਦਾ ਪਾਣੀ ਖੜਾ ਰਹਿੰਦਾ ਹੈ ਤੇ ਹੋਰ ਕੋਈ ਫ਼ਸਲ ਨਹੀਂ ਹੁੰਦੀ। ਹੁਣ ਪੰਜਾਬ ਦਾ ਦੁਖਾਂਤ ਇਹ ਹੈ ਕਿ ਇਥੇ ਸੇਮ ਰਹਿਤ ਇਲਾਕੇ, ਜਿਥੇ ਹੋਰ ਫ਼ਸਲਾਂ ਹੋਣ ਦੀਆਂ ਵੱਧ ਸੰਭਾਵਨਾਵਾਂ ਮੌਜੂਦ ਹਨ, ਉਨ੍ਹਾਂ ਥਾਵਾਂ ਤੇ ਵੀ ਵੱਧ ਪਾਣੀ ਖਪਾਉਣ ਵਾਲੀ ਇਹ ਫ਼ਸਲ ਬੀਜ ਕੇ ਪਾਣੀ ਦਾ ਖ਼ਾਤਮਾ ਕੀਤਾ ਜਾ ਰਿਹੈ। ਰਾਜ ਦੇ ਕਿਸਾਨਾਂ ਕੋਲ ਕਣਕ ਤੇ ਝੋਨੇ ਦਾ ਕੋਈ ਕਾਮਯਾਬ ਬਦਲ ਨਾ ਹੋਣ ਕਰ ਕੇ ਇਸ ਫ਼ਸਲ ਦੀ ਕਾਸ਼ਤ ਕਿਸਾਨਾਂ ਦੀ ਮਜਬੂਰੀ ਬਣ ਚੁੱਕੀ ਹੈ। ਉਤੋਂ ਮੁਫ਼ਤ ਬਿਜਲੀ ਦੀ ਸਹੂਲਤ ਨੇ ਵੀ ਜ਼ਮੀਨ ਹੇਠਲੇ ਪਾਣੀ ਦੀ ਦੁਰਵਰਤੋਂ ਨੂੰ ਉਤਸ਼ਾਹਿਤ ਕੀਤਾ ਹੈ। ਬਹੁਤ ਦੇਸ਼ਾਂ ਨੇ ਇਸ ਖ਼ਤਰੇ ਨੂੰ ਭਾਂਪਦੇ ਹੋਏ ਤਬਦੀਲੀਆਂ ਸ਼ੁਰੂ ਕਰ ਦਿਤੀਆਂ ਹਨ। ਮਿਸਾਲ ਵਜੋਂ ਆਸਟ੍ਰੇਲੀਆ ਨੇ ਇਸ ਸੱਭ ਦਾ ਧਿਆਨ ਰੱਖ ਕੇ 2001 ਤੋਂ 2009 ਤਕ ਪਾਣੀ ਦੀ ਫ਼ਾਲਤੂ ਵਰਤੋਂ ਉਤੋਂ ਰੋਕ ਲਗਾ ਕੇ 40 ਫ਼ੀ ਸਦੀ ਤਕ ਪਾਣੀ ਬਚਾਅ ਲਿਆ ਹੈ। ਇਸ ਉਪਰਾਲੇ ਵਜੋਂ ਉਨ੍ਹਾਂ ਦੀ ਅਰਥ ਵਿਵਸਥਾ ਵਿਚ 30 ਫ਼ੀ ਸਦੀ ਵਾਧਾ ਵੀ ਹੋ ਗਿਆ ਹੈ।

ਡੈਮ, ਕਨਾਲ, ਅੇਕੁਈਡਕਟ, ਪਾਈਪਾਂ ਰੈਜ਼ਰਵਾਇਰ ਆਦਿ ਬਣਾ ਕੇ ਪਾਣੀ ਨੂੰ ਖ਼ੂਬਸੂਰਤ ਤਰੀਕੇ ਨਾਲ ਸੰਭਾਲ ਲਿਆ ਗਿਆ ਹੈ। ਇਹ ਮਿਸਾਲ ਪੂਰੀ ਦੁਨੀਆਂ ਅੱਗੇ ਰੱਖੀ ਗਈ ਹੈ ਕਿ ਜੇਕਰ ਮਨੁੱਖੀ ਜੀਵਨ ਬਚਾਉਣਾ ਹੈ ਤਾਂ ਇਹੋ ਢੰਗ ਹੀ ਬਚਿਆ ਹੈ। ਹਾਲੇ ਵੀ ਵੇਲਾ ਹੈ। ਜ਼ਿਆਦਾ ਕੀਟਨਾਸ਼ਕ ਫ਼ਸਲਾਂ ਤੇ ਛਿੜਕ ਕੇ ਪਾਣੀ ਜ਼ਹਿਰੀਲਾ ਨਾ ਕਰੀਏ। ਮੀਂਹ ਦਾ ਪਾਣੀ ਸਾਂਭ ਕੇ ਰੇਨ ਵਾਟਰ ਹਾਰਵੈਸਟਿੰਗ ਕਰ ਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਾ ਲਈਏ। ਪੰਜਾਬ ਵਿਚ ਹੋਰਾਂ ਸੂਬਿਆਂ ਨਾਲੋਂ ਬਹੁਤ ਕੀਟਨਾਸ਼ਕ ਦਵਾਈਆਂ ਦਾ ਛੜਕਾਅ ਕੀਤਾ ਜਾ ਰਿਹਾ ਹੈ। ਪਾਣੀ ਦੀ ਸ਼ੁੱਧਤਾ ਵੀ ਇਕ ਬਹੁਤ ਵੱਡਾ ਮਸਲਾ ਬਣ ਰਿਹਾ ਹੈ। ਸੂਬੇ ਦੇ ਪਿੰਡਾਂ, ਕਸਬਿਆਂ ਵਿਚ ਛਪੜਾਂ ਟੋਭਿਆਂ ਨੂੰ ਬਰਸਾਤੀ ਮੌਸਮ ਤੋਂ ਪਹਿਲਾਂ ਸਾਫ਼ ਕਰਨ ਲਈ ਜਾਗਰੂਕਤਾ ਪੈਦਾ ਕੀਤੀ ਜਾਵੇ। ਪਿੰਡਾਂ ਦੇ ਛਪੜਾਂ ਦੇ ਪਾਣੀ ਨੂੰ ਸੋਧ ਕੇ ਤੇ ਮੀਂਹ ਦੇ ਪਾਣੀ ਦੀ ਖੇਤੀ ਲਈ ਵਰਤੋਂ ਕਰ ਕੇ ਜ਼ਮੀਨ ਹੇਠਲੇ ਪਾਣੀ ਦੀ ਕਾਫ਼ੀ ਬੱਚਤ ਕੀਤੀ ਜਾ ਸਕਦੀ ਹੈ।

ਜੇਕਰ ਆਪਾਂ ਇਸੇ ਤਰ੍ਹਾਂ ਬੇਫ਼ਿਕਰ ਹੋ ਕੇ ਪਾਣੀ ਦੀ ਬਰਬਾਦੀ ਕਰਦੇ ਰਹੇ ਤਾਂ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ। ਇਸ ਤੋਂ ਪਹਿਲਾਂ ਕਿ ਪਾਣੀ ਦੀ ਆਖ਼ਰੀ ਬੂੰਦ ਵੀ ਖ਼ਤਮ ਹੋ ਜਾਵੇ, ਪੰਜਾਬ ਤੇ ਹਰ ਸੂਬਿਆਂ ਦੇ ਸਮੂਹ ਲੋਕਾਂ ਨੂੰ ਜਾਗਣਾ ਪਵੇਗਾ। ਆਉ ਆਪਾਂ ਪਾਣੀ ਦੀ ਬੱਚਤ ਦੇ ਕੁੱਝ ਉਪਾਅ ਕਰ ਕੇ ਅਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਅ ਲਈਏ। ਸਕੂਲ, ਰੇਲਵੇ ਸਟੇਸ਼ਨ, ਬੱਸ ਅੱਡਾ ਜਿੱਥੇ ਕਿਤੇ ਵੀ ਟੂਟੀ ਖੁੱਲ੍ਹੀ ਮਿਲੇ ਤਾਂ ਉਸ ਨੂੰ ਤੁਰਤ ਬਿਨਾਂ ਦੇਰੀ ਕੀਤੇ, ਬੰਦ ਕਰੋ। ਬਾਗ਼ ਬਗੀਚੀ, ਪੇਡ ਪੌਦਿਆਂ ਨੂੰ ਰਾਤ ਨੂੰ ਪਾਣੀ ਦਿਉ। ਇਸ ਨਾਲ ਪਾਣੀ ਦਾ ਵਾਸ਼ਪੀਕਰਨ ਨਹੀਂ ਹੁੰਦਾ, ਘੱਟ ਪਾਣੀ ਨਾਲ ਹੀ ਚੰਗੀ ਸਿੰਚਾਈ ਹੋ ਜਾਂਦੀ ਹੈ। ਪਾਣੀ ਲਈ ਸਖ਼ਤ ਕਾਨੂੰਨ ਬਣਨੇ ਚਾਹੀਦੇ ਹਨ। ਜੇਕਰ ਕੋਈ ਪਾਣੀ ਬਰਬਾਦ ਕਰਦਾ ਹੈ, ਉਸ ਵਿਰੁਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਬਿਨ ਮਤਲਬ ਤੋਂ ਸੜਕਾਂ ਧੋਣੀਆਂ, ਦੁਕਾਨਾਂ ਮੁਹਰੇ ਪੀਣ ਵਾਲਾ ਪਾਣੀ ਨਹੀਂ ਛਿੜਕਣਾ ਚਾਹੀਦਾ। ਝੋਨਾ ਨਹਿਰਾਂ ਜਾਂ ਸੂਏ ਨੇੜੇ ਲਗਾਉਣ ਦੀ ਹੀ ਆਗਿਆ ਮਿਲਣੀ ਚਾਹੀਦੀ ਹੈ। ਧਰਤੀ ਹੇਠੋਂ ਪੀਣ ਯੋਗ ਪਾਣੀ ਬੱਚ ਸਕਦਾ ਹੈ। ਇਸ ਤੋਂ ਇਲਾਵਾ ਜਿਥੇ ਵੀ ਜਿਹੜੇ ਵੀ ਤਰੀਕੇ ਨਾਲ ਪਾਣੀ ਬਚਦਾ ਹੈ, ਆਪਾਂ ਨੂੰ ਜ਼ਿੰਮੇਵਾਰੀ ਸਮਝ ਕੇ ਪਹਿਲ ਕਰਨੀ ਚਾਹੀਦੀ ਹੈ।
ਵੈਦ ਬੀ.ਕੇ ਸਿੰਘ ,ਸੰਪਰਕ : 98726-10005