‘ਉੱਚਾ ਦਰ’ ਦਾ ਤਿਆਰ ਹੋ ਜਾਣਾ ਇਕ ਚਮਤਕਾਰ ਤੋਂ ਘੱਟ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬਾਦਲ ਦੀ ਪੰਜਾਬੀ ਪਾਰਟੀ ਦੀ ਸਰਕਾਰ ਨੇ ‘ਉੱਚਾ ਦਰ’ ਪੂਰਾ ਨਾ ਹੋਣ ਲਈ ਰੁਕਾਵਟਾਂ ਖੜੀਆਂ ਕੀਤੀਆਂ

Ucha Dar Baba Nanak Da

ਮੇਰੇ ਵਲੋਂ ਸੱਭ ਤੋਂ ਪਹਿਲਾਂ ਤਾਂ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਨੂੰ 16ਵੇਂ ਸਾਲ ਵਿਚ ਦਾਖ਼ਲ ਹੋਣ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਬਣ ਕੇ ਤਿਆਰ ਹੋਣ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਸਦਕੇ ਜਾਣ ਨੂੰ ਜੀਅ ਕਰਦਾ ਹੈ। ਬਾਦਲ ਦੀ ਪੰਜਾਬੀ ਪਾਰਟੀ ਦੀ ਸਰਕਾਰ ਨੇ ‘ਉੱਚਾ ਦਰ’ ਪੂਰਾ ਨਾ ਹੋਣ ਲਈ ਰੁਕਾਵਟਾਂ ਖੜੀਆਂ ਕੀਤੀਆਂ। ਫਿਰ ਵੀ ਤੁਸੀ ਕੌਮੀ ਅਜੂਬਾ ਅਤੇ ਸੇਵਾ ਦਾ ਕੁੰਭ ਕੌਮ ਲਈ ਤਿਆਰ ਕਰ ਹੀ ਦਿਤਾ ਹੈ। ਮੈਂ ਸਪੋਕਸਮੈਨ ਰਸਾਲੇ ਦਾ ਵੀ ਪਾਠਕ ਸੀ। ਉਦੋਂ ਵੀ ਮੈਂ ਕਈਆਂ ਦੇ ਮੈਗਜ਼ੀਨ ਬੁਕ ਕਰਵਾਏ ਸਨ। ਮੈਨੂੰ ਇਨਾਮ ਵਿਚ ਵੀ ਸੀ.ਆਰ. ਦੀ ਕੈਸਿਟ ਵੀ ਮਿਲੀ ਸੀ। ਜਦੋਂ ਰੋਜ਼ਾਨਾ ਸਪੋਕਸਮੈਨ ਦਾ ਪਹਿਲਾ ਅੰਕ ਸਾਡੇ ਮਾਨਸਾ ਸ਼ਹਿਰ ਵਿਚ ਆਇਆ ਸੀ, ਉਸ ਤੇ ‘ਉੱਚਾ ਦਰ ਬਾਬੇ ਨਾਨਕ ਦਾ’ ਲਿਖਿਆ ਹੋਇਆ ਸੀ ਜਿਸ ਨੂੰ ਮੈਂ ਅੱਜ ਵੀ ਸ਼ੀਸ਼ੇ ਵਿਚ ਜੜਾ ਕੇ ਸਾਂਭ ਕੇ ਰਖਿਆ ਹੋਇਆ ਹੈ। ਪਹਿਲਾਂ ਤਾਂ ਸਮਝ ਨਾ ਆਵੇ ਕਿ ‘ਉੱਚਾ ਦਰ’ ਦਾ ਮਤਲਬ ਕੀ ਹੋਇਆ?

ਕਾਫ਼ੀ ਦੇਰ ਬਾਅਦ ਸਮਝ ਆਈ ਕਿ ਆਪ ਜੀ ਨੇ ‘ਉੱਚਾ ਦਰ ਬਾਬੇ ਨਾਨਕ ਦਾ’ ਬਣਾਉਣ ਦੀ ਪਹਿਲੇ ਦਿਨ ਤੋਂ ਹੀ ਦਿਲ ਵਿਚ ਤਾਂਘ ਪਾਲੀ ਹੋਈ ਸੀ। ਤੁਸੀ ਯਹੂਦੀਆਂ ਦੇ ਹਾਲੋ ਕਾਸਟ ਦੀ ਤਰਜ਼ ਤੇ ‘ਉੱਚਾ ਦਰ ਬਾਬੇ ਨਾਨਕ ਦਾ’ ‘ਉੱਚਾ ਦਰ’ ਸਿੱਖਾਂ ਲਈ ਬਣਾ ਹੀ ਦਿਤਾ ਤੇ ਤੁਹਾਡੇ ਦ੍ਰਿੜ ਇਰਾਦੇ ਨੇ ਤੁਹਾਨੂੰ ਸਫ਼ਲਤਾ ਵੀ ਦਿਵਾ ਹੀ ਦਿਤੀ। ਤੁਹਾਨੂੰ ਲੱਖ ਲੱਖ ਵਧਾਈਆਂ ਹੋਣ ਤੇ ਸ਼ਾਬਾਸ਼ ਵੀ। ਜਦੋਂ ਤੁਸੀ ਬਪਰੌਰ ਪਿੰਡ ਦੀ ਜ਼ਮੀਨ ਖਰੀਦ ਕੇ ਪਹਿਲਾ ਇਕੱਠ ਉਥੇ ਕੀਤਾ ਸੀ ਤਾਂ ਮੈਂ ਤੇ ਮੇਰੀ ਜੀਵਨ ਸਾਥਣ,  ਮੇਰੇ ਦੋਸਤ ਅਤੇ ਉਸ ਦੀ ਜੀਵਨ ਸਾਥਣ ਅਤੇ ਦੋ ਹੋਰ ਸਿੰਘਾਂ ਸਮੇਤ ਅਸੀ ਵੀ ਉਸ ਇਕੱਠ ਵਿਚ ਸ਼ਾਮਲ ਹੋਏ ਸੀ। ਤੁਸੀ ਗਿਲਾ ਕਰਦੇ ਹੁੰਦੇ ਸੀ ਕਿ ਮੈਂ ਐਵੇਂ ਹੀ ਹੱਥ ਖੜੇ ਕਰਨ ਵਾਲਿਆਂ ਤੋਂ ਬਹੁਤ ਦੁਖੀ ਹਾਂ। ਤੁਸੀ ਕਿਹਾ ਸੀ ਕਿ ਮੈਂ ਜ਼ਮੀਨ ਲੈ ਦਿਤੀ ਹੈ, ਬਾਕੀ ਦੇ ਕੰਮ ਲਈ 60 ਕਰੋੜ ਰੁਪਏ ਪਾਠਕ ਦੇ ਦੇਣ। ਫਿਰ ਆਪ ਨੇ ਕਿਹਾ ਸੀ ਕਿ ਜੇ ਪਾਠਕ ਅੱਧਾ ਹਿੱਸਾ 6 ਮਹੀਨੇ ਵਿਚ ਪਾ ਦੇਣ ਤਾਂ ਅੱਧੇ ਦਾ ਪ੍ਰਬੰਧ ਜਿਵੇਂ ਕਿਵੇਂ ਮੈਂ ਕਰ ਦਿਆਂਗਾ।

ਆਪ ਨੇ ਕਿਹਾ, ਜਿਹੜੇ ਅੱਧੇ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ, ਉਹ ਅਪਣੇ ਹੱਥ ਖੜੇ ਕਰਨ। ਉਸ ਵੇਲੇ ਸਾਰਿਆਂ ਨੇ ਹੱਥ ਖੜੇ ਕਰ ਦਿਤੇ। ਪਰ ਬਾਅਦ ਵਿਚ ਹੱਥ ਖੜੇ ਕਰਨ ਵਾਲੇ ਵੱਡੀ ਗਿਣਤੀ ਪਾਠਕਾਂ ਨੇ ਅਪਣੀ ਜ਼ਿੰਮੇਵਾਰੀ ਨਾ ਨਿਭਾਈ। ਇਕੱਲੇ ਤੁਹਾਨੂੰ ਹੀ ਧੋਖਾ ਨਹੀਂ ਦਿਤਾ, ਸੰਤ ਭਿੰਡਰਾਂਵਾਲੇ ਵੀ ਇਨ੍ਹਾਂ ਹੱਥ ਖੜੇ ਕਰਨ ਵਾਲਿਆਂ ਨੇ ਹੀ ਸ਼ਹੀਦ ਕਰਵਾਏ ਸਨ। ਉਦੋਂ ਵੀ ਅਜਿਹੇ ਲੋਕ ਸੰਤ ਜੀ ਕੋਲ ਜਾ ਕੇ ਕਹਿੰਦੇ ਹੁੰਦੇ ਸੀ, ‘‘ਸੰਤ ਜੀ ਫ਼ਿਕਰ ਨਾ ਕਰੋ, ਚੱਕ ਦਿਆਂਗੇ ਫੱਟੇ।’’ ਪਰ ਉਨ੍ਹਾਂ ਵਿਚੋਂ ਫੱਟੇ ਚੁਕਣ ਵੇਲੇ ਕੋਈ ਨਾ ਬਹੁੜਿਆ। ਪਰ ਮੈਂ ਉਨ੍ਹਾਂ ਹੱਥ ਖੜੇ ਕਰਨ ਵਾਲਿਆਂ ਵਿਚ ਨਹੀਂ ਸੀ ਕਿਉਂਕਿ ਇੰਨੇ ਵੱਡੇ ਪ੍ਰੋਜੈਕਟ ਲਈ ਲੱਖਾਂ ਵਿਚ ਮਾਇਆ ਭੇਜਣ ਦੀ ਮੇਰੀ ਔਕਾਤ ਨਹੀਂ ਸੀ। ਹਾਂ ਮੈਂ ਫਿਰ ਵੀ ਇਕ ਮੇਰੇ ਦੋਸਤ ਦੀ ਸਹਾਇਤਾ ਅਤੇ ਹੱਲਾਸ਼ੇਰੀ ਨਾਲ 20 ਹਜ਼ਾਰ ਰੁਪਏ ਭੇਜ ਕੇ ਅਪਣੇ ਲੜਕੇ ਨੂੰ ਲਾਈਫ਼ ਮੈਂਬਰ ਬਣਾ ਹੀ ਲਿਆ ਸੀ।

ਬਾਦਲ ਸਰਕਾਰ ਨੇ ਰੇਤਾ ਬਜਰੀ ਮਹਿੰਗਾ ਕਰ ਕੇ ‘ਉੱਚਾ ਦਰ’ ਲਈ ਮੁਸੀਬਤ ਖੜੀ ਕੀਤੀ। ਮੈਨੂੰ ਇਕ ਦੋ ਪਾਠਕਾਂ ਦੇ ਫ਼ੋਨ ਵੀ ਆਏ ਕਿ ‘‘ਯਾਰ ਇੰਨਾ ਵੱਡਾ ਪ੍ਰਾਜੈਕਟ, ਪਾਠਕਾਂ ਉਤੇ ਟੇਕ ਰੱਖ ਕੇ ਕਿਵੇਂ ਤਿਆਰ ਹੋਵੇਗਾ? ਇਥੇ ਤਾਂ ਜੋਗਿੰਦਰ ਸਿੰਘ ਦੇ ਫ਼ਾਈਵ ਸਟਾਰ ਹੋਟਲ ਹੀ ਬਣਨਗੇ, ‘ਉੱਚਾ ਦਰ ਬਾਬੇ ਨਾਨਕ ਦਾ’ ਤਾਂ ਵਿਚੇ ਰੁਲ ਜਾਵੇਗਾ।’’ ਸਦਕੇ ਜਾਈਏ ਜੋਗਿੰਦਰ ਸਿੰਘ ਦੇ ਦ੍ਰਿੜ ਇਰਾਦੇ ਦੇ। ਬਾਦਲ ਦੀ ਪੰਥਕ ਸਰਕਾਰ ਦੇ ਵਿਰੋਧ ਦੇ ਬਾਵਜੂਦ ਇਹ ਵੱਡਾ ਪੰਥਕ ਕੰਮ ਕਰ ਕੇ ਸਿੱਖਾਂ ਨੂੰ ਪੇਸ਼ ਕਰ ਦਿਤਾ ਹੈ। ਪਰ ਬਾਦਲ ਸਰਕਾਰ ਨੇ ਕੋੲਂੀ ਕਸਰ ਬਾਕੀ ਨਹੀਂ ਸੀ ਛੱਡੀ ਸ: ਜੋਗਿੰਦਰ ਸਿੰਘ ਦਾ ਹੌਸਲਾ ਪਸਤ ਕਰਨ ਵਲੋਂ। ਇਕੱਲੇ ਸਪੋਕਸਮੈਨ ਦੇ ਸਰਕਾਰੀ ਇਸ਼ਤਿਹਾਰ ਬੰਦ ਕਰਨ ਦੀ ਮੰਦੀ ਕਰਤੂਤ ਕੀਤੀ। ਮੁਕੱਦਮਿਆਂ ਵਿਚ ਅੱਡ ਉਲਝਾਇਆ। ਜੇ ਬਾਦਲ ਸਰਕਾਰ ਸਰਕਾਰੀ ਇਸ਼ਤਿਹਾਰ ਬੰਦ ਨਾ ਕਰਦੀ ਤਾਂ ਉੱਚਾ ਦਰ ਬਾਬੇ ਨਾਨਕ ਦਾ ਬਣ ਕੇ ਕਦੋਂ ਦਾ ਤਿਆਰ ਹੋ ਜਾਣਾ ਸੀ।

ਇਸ ਲਈ ਬਾਦਲ ਨੂੰ ਲੋਕ ਹਮੇਸ਼ਾ ਲਾਹਨਤਾਂ ਹੀ ਪਾਉਣਗੇ। ਜੇ ਉਹ ਜਬਰ ਨਾ ਕਰਦੇ ਤਾਂ ਸ: ਜੋਗਿੰਦਰ ਸਿੰਘ ਨੇ ਕਦੇ ਅਪੀਲਾਂ ਨਹੀਂ ਸਨ ਕਰਨੀਆਂ ਤੇ ਅਪਣੇ ਕੋਲੋਂ ਹੀ ਦੋ ਸਾਲਾਂ ਵਿਚ ਉੱਚਾ ਦਰ ਉਸਾਰ ਕੇ ਕੌਮ ਨੂੰ ਭੇਂਟ ਕਰ ਦੇਣਾ ਸੀ। ਜਿਹੜੀ ਹੁਣ ਤਸੀ 1 ਮਾਰਚ ਤੋਂ 15 ਮਾਰਚ ਤਕ ਆਖਰੀ ਹੰਭਲਾ ਮਾਰਨ ਦੀ ਭਾਵਪੂਰਤ ਅਪੀਲ ਕੀਤੀ ਸੀ, ਉਸ ਵਿਚ ਮੈਂ ਵੀ ਨਿਗੂਣਾ ਜਿਹਾ ਹਿੱਸਾ ਪਾਉਣ ਦੀ ਖ਼ੁਸ਼ੀ ਲੈ ਕੇ ਫ਼ਰਜ਼ ਨਿਭਾ ਰਿਹਾ ਹਾਂ। ਧੰਨ ਹੋ ਤੁਸੀ, ਧੰਨ ਹਨ ਉਹ ਪਾਠਕ ਜਿਨ੍ਹਾਂ ਨੇ ਲੱਖਾਂ ਵਿਚ ਮਾਇਆ ਭੇਜ ਕੇ ਤੁਹਾਡਾ ਇਸ ਕੌਮੀ ਕਾਰਜ ਵਿਚ ਹੱਥ ਵਟਾਇਆ ਹੈ। ਉਹ ਪਾਠਕ ਵੀ ਧੰਨ ਹਨ ਜਿਨ੍ਹਾਂ ਨੇ ਪੰਜ ਸਾਲਾਂ ਵਿਚ ਦੁਗਣੇ ਪੈਸੇ ਲੈ ਕੇ ਤੁਹਾਡੇ ਤੋਂ ਕਮਾਈ ਕੀਤੀ ਪਰ ਥੋੜਾ ਚਿਰ ਹੋਰ ਰੁਕ ਜਾਣ ਲਈ ਕਹਿਣ ਤੇ ਅੱਖਾਂ ਫੇਰ ਗਏ ਪਰ ਸਾਰੇ ਪਾਠਕ ਅਜਿਹੇ ਨਹੀਂ ਹੋਣੇ।

ਸਾਰੇ ਹਾਲਾਤ ਉਲਟ ਸਨ। ਸਰਕਾਰ ਵੀ ਵਿਰੋਧੀ, ਬਾਬੇ ਵੀ ਵਿਰੋਧੀ, ਸਪੋਕਸਮੈਨ ਦੇ ਪਾਠਕ ਵੀ ਬਿਨਾਂ ਸੋਚੇ ਐਵੇਂ ਬਾਹਵਾਂ ਖੜੀਆਂ ਕਰਨ ਵਾਲੇ। ਫਿਰ ਵੀ ਜੇ ਉੱਚਾ ਦਰ ਹੋਂਦ ਵਿਚ ਆ ਗਿਆ ਹੈ ਤਾਂ ਇਹ ਕਿਸੇ ਚਮਤਕਾਰ ਤੋਂ ਘੱਟ ਵੀ ਨਹੀਂ! ਸਮਾਂ ਆਏਗਾ ਜਦ ਦੁਨੀਆਂ ਮੰਨੇਗੀ ਕਿ ਇਕ ਆਦਮੀ ਹਾਕਮਾਂ ਤੇ ਪੁਜਾਰੀਆਂ ਨਾਲ ਅਪਣੀ ਹੋਂਦ ਦੀ ਲੜਾਈ ਲੜਦਾ ਲੜਦਾ ਸੰਸਾਰ ਵਿਚ ਚਰਚਾ ਦਾ ਵਿਸ਼ਾ ਬਣਨ ਵਾਲਾ ਏਨਾ ਵੱਡਾ ਕਾਰਨਾਮਾ ਕਰ ਕੇ ਸਚਮੁਚ ਹੀ ਕਮਾਲ ਕਰ ਕੇ ਵਿਖਾ ਗਿਆ ਜੋ ਹੋਰ ਕੋਈ ਨਹੀਂ ਕਰ ਸਕਿਆ। ਜਦੋਂ ਪੈਸੇ ਦੁਗਣੇ ਕਰਨ ਦੇ ਇਸ਼ਤਿਹਾਰ ਆਉਂਦੇ ਹੁੰਦੇ ਸੀ ਤਾਂ ਇਨ੍ਹਾਂ ਨੂੰ ਪੜ੍ਹ ਕੇ ਮੇਰਾ ਇਕ ਦੋਸਤ ਮੈਨੂੰ ਕਹਿਣ ਲੱਗਾ, ‘‘ਕੀ ਸਪੋਕਸਮੈਨ ਵਾਲਾ ਪੈਸੇ ਦੁਗਣੇ ਕਰ ਕੇ ਮੋੜੇਗਾ ਵੀ?’’ ਮੈਂ ਕਿਹਾ ਹਾਂ ਜੇ ਨਾ ਮੋੜੇ ਤਾਂ ਮੇਰੇ ਤੋਂ ਲੈ ਲਵੀਂ। ਮੈਨੂੰ ਸ: ਜੋਗਿੰਦਰ ਸਿੰਘ ਤੇ ਪੂਰਾ ਭਰੋਸਾ ਸੀ। ਮੇਰਾ ਉਹ ਦੋਸਤ ਪੰਜਾਹ ਹਜ਼ਾਰ ਲਾਉਣਾ ਚਾਹੁੰਦਾ ਸੀ। ਉਸ ਦੀ ਜੀਵਨ ਸਾਥਣ ਨੇ ਕਿਹਾ ਕਿ ਇਹ ਕੁੜੀ ਦੇ ਪੈਸੇ ਹਨ। ਫਿਰ ਉਸ ਨੇ 25 ਹਜ਼ਾਰ ਰੁਪਏ ਭੇਜ ਦਿਤੇ।

ਜਿਸ ਦਿਨ ਪੈਸੇ ਭੇਜਿਆਂ ਨੂੰ ਪੂਰੇ ਪੰਜ ਸਾਲ ਹੋ ਗਏ ਤਾਂ ਉਸ ਦਾ ਮੇਰੇ ਕੋਲ ਫ਼ੋਨ ਆਇਆ ਤੇ ਕਹਿਣ ਲੱਗਾ ਕਿ ਟਰੱਸਟ ਨੂੰ ਪੈਸੇ ਭੇਜਿਆਂ ਨੂੰ ਪੂਰੇ ਪੰਜ ਸਾਲ ਹੋ ਗਏ ਨੇ। ਮੈਂ ਉਸ ਨੂੰ ਦਫ਼ਤਰ ਦਾ ਫ਼ੋਨ ਨੰਬਰ ਦੇ ਦਿਤਾ ਤੇ ਤਕਰੀਬਨ ਇਕ ਹਫ਼ਤੇ ਬਾਅਦ ਹੀ ਉਸ ਨੂੰ 50 ਹਜ਼ਾਰ ਰੁਪਏ ਦਾ ਚੈੱਕ ਆ ਗਿਆ। ਧੰਨ ਹੋ ਜੋਗਿੰਦਰ ਸਿੰਘ ਜੀ ਤੁਸੀ। ਇਹ ਪੈਸੇ ਦੁਗਣੇ ਕਰਨ ਵਾਲਾ ਕੰਮ ਮਗਰੋਂ ਸਰਕਾਰ ਨੇ ਬੰਦ ਕਰ ਦਿਤਾ ਕਿਉਂਕਿ ਚੰਗੇ ਲੋਕਾਂ ਦੇ ਨਾਲ ਨਾਲ, ਠੱਗ ਲੋਕ ਇਸ ਰਾਹੀਂ ਲੋਕਾਂ ਨੂੰ ਲੁਟ ਜ਼ਿਆਦਾ ਰਹੇ ਸਨ। ਕੋਰੋਨਾ ਦੇ ਦੈਂਤ ਨੇ ਅਖ਼ਬਾਰ ਵਾਲਿਆਂ ਨੂੰ ਬੜਾ ਵਖਤ ਪਾਇਆ ਹੋਇਆ ਹੈ। ਉਹ ਦਿਨ ਦੋਬਾਰਾ ਫਿਰ ਆ ਗਏ ਲਗਦੇ ਹਨ। ਕਈ ਅਖ਼ਬਾਰ ਘਾਟਾ ਨਾ ਸਹਾਰਦੇ ਹੋਏ ਬੰਦ ਹੋਣ ਕਿਨਾਰੇ ਆ ਪੁੱਜੇ ਹਨ। ਸੋਸ਼ਲ ਮੀਡੀਆ ਨੇ ਵੀ ਅਖ਼ਬਾਰਾਂ ਤੇ ਅਸਰ ਪਾਇਆ ਹੈ।

ਮੈਂ ਇਕ ਡਾਕਟਰ ਕੋਲ ਗਿਆ ਹੋਇਆ ਸੀ। ਉਥੇ ਇਕ ਹਾਕਰ ਡਾਕਟਰ ਤੋਂ ਅਖ਼ਬਾਰ ਦੇ ਪੈਸੇ ਲੈਣ ਲਈ ਆ ਗਿਆ। ਡਾਕਟਰ ਨੇ ਹਾਕਰ ਨੂੰ ਜਵਾਬ ਦਿਤਾ ਕਿ ‘‘ਸਾਡਾ ਅਖ਼ਬਾਰ ਅੱਗੇ ਤੋਂ ਬੰਦ ਕਰ ਦਿਉ ਕਿਉਂਕਿ ਸਾਰੀਆਂ ਖ਼ਬਰਾਂ ਦਾ ਤਾਂ ਅੱਜ ਕਲ ਪਹਿਲਾਂ ਹੀ ਪਤਾ ਲਗ ਜਾਂਦਾ ਹੈ।’’ ਸਪੋਕਸਮੈਨ ਅਖ਼ਬਾਰ ਨੂੰ ਸੂਝਵਾਨ ਪਾਠਕ ਪੜ੍ਹਦਾ ਹੈ, ਜਿਸ ਨੂੰ ਹਰ ਅੰਕ ’ਚੋਂ ਕੁੱਝ ਨਵਾਂ ਗਿਆਨ ਤੇ ਉਤਸ਼ਾਹ ਮਿਲਦਾ ਹੈ, ਨਿਰੀਆਂ ਖ਼ਬਰਾਂ ਨਹੀਂ। ਸਦਕੇ ਜਾਈਏ ਭੈਣ ਜਗਜੀਤ ਕੌਰ ਜੀ ਦੇ ਜਿਨ੍ਹਾਂ ਨੇ ਬੜੇ ਔਖੇ ਸਮੇਂ ਇਸ ਅਖ਼ਬਾਰ ਨੂੰ ਵੀ ਚਾਲੂ ਰਖਿਆ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਲਈ ਸਹਾਇਤਾ ਰਾਸ਼ੀ ਵੀ ਕਢਦੇ ਰਹੇ। ਪੱਤਰਕਾਰ ਜ਼ਰੂਰ ਕਹਿੰਦੇ ਸੁਣੇ ਸੀ ਕਿ ਬੀਬੀ ਜੀ ਪੈਸੇ ਦੇ ਮਾਮਲੇ ਵਿਚ ਬੜੀ ਸਖ਼ਤ ਹੈ ਪਰ ਸਾਨੂੰ ਪਤਾ ਹੈ ਕਿ ਉੱਚਾ ਦਰ ਲਈ ਪੈਸੇ ਦੀ ਸਖ਼ਤ ਲੋੜ ਸੀ ਵੀ ਤੇ ਹੈ ਵੀ।
-ਗਲੀ ਲੱਖਾ ਸਿੰਘ ਵਾਲੀ, ਮਾਨਸਾ
ਸੰਪਰਕ : 98725-49105