ਇਕ ਗੀਤਾ ਹੋਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮਾਧੋਦਾਸ ਦਾ ਪਹਿਲਾ ਨਾਂ ਲਛਮਣ ਦੇਵ ਸੀ

Guru Gobind Singh Ji

ਮਹਾਂਭਾਰਤ, ਉਹ ਗ੍ਰੰਥ ਹੈ ਜਿਸ ਨੂੰ ਅਣਗੌਲਿਆਂ ਕਰ ਦਹੀਏ ਤਾਂ ਭਾਰਤ ਅਣਗੌਲਿਆ ਰਹਿ ਜਾਂਦਾ ਹੈ। ਇਸ ਦੇ ਸਲੋਕ, ਇਕ ਲੱਖ ਤੋਂ ਵੀ ਉਪਰ ਗਿਣਤੀ ਵਿਚ ਹਨ। ਇਸ ਦਾ ਅਠ੍ਹਾਰਵਾਂ ਅਧਿਆਏ ਜਿਸ ਦੇ ਕੋਈ 800 ਸ਼ਲੋਕ ਹਨ, ਨੂੰ ਹੀ ਗੀਤਾ ਦਾ ਨਾਂ ਦਿਤਾ ਗਿਆ ਹੈ। ਗੀਤਾ, ਜੋ ਕਿ ਭਾਰਤੀ ਸੰਸਕ੍ਰਿਤੀ ਦਾ ਧੁਰਾ ਹੈ। ਹਰ ਭਾਰਤ ਵਾਸੀ ਦੇ ਹਰ ਸਾਹ ਵਿਚ ਗੀਤਾ ਦੀ, ‘ਕਰਮ ਕਰ ਤੇ ਫੱਲ ਦੀ ਚਿੰਤਾ ਨਾ ਕਰ’ ਦੀ ਧੁੰਨ ਤਾਂ ਬਗ਼ੈਰ ਉਚਾਰੇ ਹੀ ਵਸੀ ਹੋਈ ਹੈ।  ਮਹਾਂਭਾਰਤ ਦੀ ਗਾਥਾ, ਚਾਚੇ ਤਾਏ ਦੇ ਭਰਾਵਾਂ ਵਿਚ, ਰਾਜ ਭਾਗ ਦੇ ਵੰਡਣ ਦੀ ਅਤੇ ਗੱਦੀ ਦਾ ਕੌਣ ਵਾਰਸ ਤੇ ਕੌਣ ਨਹੀਂ, ਇਸ ਅਣਸੁਲਝੇ ਅੜਿੱਕੇ ਨੂੰ ਯੁਧ ਦੇ ਜ਼ਰੀਏ ਸਿਰੇ ਚਾੜ੍ਹਨ ਦੀ ਕਹਾਣੀ ਹੈ। ਜੇ ਇਹ ਮਹਾਂਭਾਰਤ ਦੇ ਮਹਾਂਕਾਵ ਦਾ ਅਠਾਰਵਾਂ ਅਧਿਆਏ ਨਾ ਹੁੰਦਾ ਤਾਂ ਏਡਾ ਵੱਡਾ ਯੁਧ ਵੀ ਨਾ ਹੁੰਦਾ ਤੇ ਸ਼ਾਇਦ ਮਹਾਂਭਾਰਤ ਦੀ ਰਚਨਾ ਵੀ ਹੁੰਦੀ ਕਿ ਨਾ ਹੁੰਦੀ।
ਯੁਧ ਦੇ ਖੇਤਰ ਵਿਚ ਕੌਰਵਾਂ ਦੀਆਂ ਤੇ ਪਾਂਡੋਆਂ ਦੀਆਂ ਫ਼ੌਜਾਂ ਆਹਮੋ-ਸਾਹਮਣੇ ਖੜੀਆਂ ਹਨ। ਕੌਰਵਾਂ ਵਲੋਂ ਫ਼ੌਜ ਦੀ ਕਮਾਨ ਦੁਰਯੋਧਨ ਦੇ ਹੱਥ ਵਿਚ ਹੈ ਤੇ ਪਾਂਡੋਆਂ ਦੀ ਕਮਾਨ ਅਰਜੁਨ ਦੇ ਹੱਥ ਵਿਚ। ਦੋਵੇਂ ਇਕ ਦੂਜੇ ਦੇ ਭਰਾ।

ਜਦੋਂ ਲੜਾਈ ਹੀ ਅਪਣੇ ਟੱਬਰ ਦੀ ਹੋਵੇ ਤਾਂ ਸੁਭਾਵਕ ਹੈ ਕਿ ਜੋ ਆਹਮੋ-ਸਾਹਮਣੇ ਹਥਿਆਰ ਲਈ ਖੜੇ ਹਨ, ਇਕ ਦੂਜੇ ਨੂੰ ਕੱਟਣ ਵੱਢਣ ਲਈ ਤੇ ਇਕ ਦੂਜੇ ਦੀ ਜਾਨ ਲੈਣ ਲਈ ਖੜੇ ਹਨ, ਭਾਵੇਂ ਉਹ, ਇਕ ਦੂਜੇ ਦੇ ਭਰਾ ਹਨ, ਚਾਚੇ ਤਾਏ ਵੀ ਹਨ, ਗੁਰੂ ਵੀ ਤੇ ਦੋਹਾਂ ਧਿਰਾਂ ਦੇ ਸੱਭ ਤੋਂ ਵੱਡਾ ਬਜ਼ੁਰਗ ਭੀਸ਼ਮ ਪਿਤਾਮਾ ਵੀ। ਲੜਾਈ ਦਾ ਆਖ਼ਰ ਫ਼ੈਸਲਾ ਤਾਂ ਹੀ ਨਿਬੜੇਗਾ ਜਦੋਂ ਇਕ ਧਿਰ ਵਿਚੋਂ ਕੋਈ ਲੜਨ ਯੋਗ ਨਹੀਂ ਬਚੇਗਾ। ਯੁਧ ਦਾ ਬਿਗਲ (ਸੰਖ) ਵੱਜਿਆ, ਸੱਭ ਨੇ ਹਥਿਆਰ ਚੁੱਕੇ, ਅਰਜਨ ਨੇ ਵੀ ਚੁੱਕੇ, ਕਮਾਨ ਤੇ ਤੀਰ ਚੜ੍ਹਾਇਆ, ਨਜ਼ਰ ਦੌੜਾਈ, ਕਿਸ ਤੇ ਨਿਸ਼ਾਨਾ ਸਾਧਿਆ ਜਾਏ? ਸੱਭ ਅਪਣੇ ਹੀ ਨਜ਼ਰ ਆਏ, ਪਸੀਨਾ ਛੁੱਟ ਗਿਆ। ਕਿਸ ਨੂੰ ਮਾਰ ਮੁਕਾਵਾਂਗਾ? ਇਨ੍ਹਾਂ ਨੂੰ ਜਿਨ੍ਹਾਂ ’ਚ ਉਸ ਦਾ ਅਪਣਾ ਹੀ ਗੁਰੂ ਦਰੋਣਾਚਾਰਯ ਤੇ ਭੀਸ਼ਮ ਪਿਤਾਮਾ ਵੀ ਸ਼ਾਮਲ ਹੈ? ਇਨ੍ਹਾਂ ਨੂੰ ਮਾਰ ਮੁਕਾਵਾਂਗਾ, ਲਹੂ ਵਹਾਵਾਂਗਾ, ਕਿਸ ਲਈ? ਕਿਸ ਲਈ? ਸਿਰਫ਼ ਤੇ ਸਿਰਫ਼ ਗੱਦੀ ਲਈ..? ਤੇ ਹਥਿਆਰ ਹੇਠ ਸੁੱਟ ਦਿਤੇ।

ਇਥੇ ਸ਼ੁਰੂ ਹੁੰਦੀ ਹੈ ਸ੍ਰੀ ਕ੍ਰਿਸ਼ਨ ਦੀ ਭੂਮਿਕਾ। ਸ੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਸਮਝਾਇਆ। ਜੋ ਸਮਝਾਇਆ, ਉਹ ਵਿਖਿਆਨ.. ਇਹ ਗੀਤ ਹੀ ਹੈ, ਮਹਾਂਭਾਰਤ ਦਾ ਅਠ੍ਹਾਰਵਾਂ ਅਧਿਆਏ...। ਸ੍ਰੀਮਦ ਭਾਗਵਤ ਗੀਤਾ। ਇਸ ਗੀਤ ਨੇ ਅਰਜੁਨ ਦਾ ਹਿਰਦਾ ਇਸ ਤਰ੍ਹਾਂ ਪ੍ਰਵਰਤਿਤ ਕੀਤਾ ਕਿ ਉਸ ਨੇ, ਬਿਨਾਂ ਕਿਸੇ ਵਿਤਕਰੇ ਦੇ, ਬਿਨਾਂ ਕੋਈ ਲਿਹਾਜ਼ ਕੀਤੇ, ਬਿਨਾਂ ਕਿਸੇ ਝਿਜਕ ਦੇ ਕਿ ਉਹ ਕੌਣ ਹੈ ਜਿਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਹ ਏਨੀ ਬਹਾਦੁਰੀ ਨਾਲ ਯੁੱਧ ਲੜਿਆ ਕਿ ਅਪਣੇ ਸਾਰਿਆਂ ਬਜ਼ੁਰਗਾਂ, ਭਰਾਵਾਂ, ਅਪਣੇ ਗੁਰੂ ਨੂੰ ਮਾਰ ਮੁਕਾ ਕੇ ਯੁੱਧ ਜਿਤਿਆ। ਇਸ ਗੀਤ ਵਿਚ ਏਨੀ ਸ਼ਕਤੀ? ਇਹ ਸੁਣ ਕੇ ਏਨਾ ਹਿਰਦੇ ਪ੍ਰੀਵਰਤਨ? ਏਨੀ ਸ਼ਕਤੀ ਉਸ ਗੀਤ ਵਿਚ ਕਿ ਅਪਣੇ ਪਰਾਏ ਵਿਚ ਜਿਵੇਂ ਫ਼ਰਕ ਹੀ ਮਿਟ ਗਿਆ।  ਇਸ ਗੀਤ ਨੂੰ ਸਾਰੀ ਲੁਕਾਈ ਬੜੇ ਪਿਆਰ, ਸਤਿਕਾਰ ਤੇ ਅਕੀਦਤ ਨਾਲ ਵਾਰ-ਵਾਰ ਪੜ੍ਹਦੀ ਹੈ, ਸਮਝਦੀ ਹੈ, ਵਿਚਾਰਦੀ ਹੈ ਤੇ ਮੁੜ ਮੁੜ ਕੇ ਪੜ੍ਹਦੀ ਹੈ ਤੇ ਫਿਰ ਵਿਚਾਰਦੀ ਹੈ। ਵਿਚਾਰਨ ਵਾਲੀ ਇਕ ਦੂਜੀ ਗੱਲ ਵੀ ਹੈ ਕਿ ਕਿਵੇਂ ਕੁੱਝ ਸ਼ਬਦ, ਕੁੱਝ ਕੁ ਵਾਕ, ਕਿਸ ਤਰ੍ਹਾਂ ਇਤਿਹਾਸ ਬਦਲ ਦੇਂਦੇ ਹਨ। ਜੇ ਅਰਜੁਨ ਦਾ ਮੰਨ ਪ੍ਰਭਾਵਤ ਨਾ ਹੁੰਦਾ... ਤਾਂ ਕੀ ਹੁੰਦਾ? ਪਰ ਪ੍ਰਭਾਵਤ ਕਿਵੇਂ ਨਾ ਹੁੰਦਾ? ਹਜ਼ਾਰਾਂ-ਹਜ਼ਾਰਾਂ ਸਾਲ ਲੰਘ ਜਾਣ ਤੋਂ ਬਾਅਦ ਵੀ ਹਾਲੇ ਤਕ ਕਰੋੜਾਂ-ਕਰੋੜਾਂ ਦੇ ਮਨਾਂ ਵਿਚ, ਇਸ ਗੀਤਾ ਨੂੰ ਪੜ੍ਹ ਕੇ ਵਿਚਾਰ ਕੇ, ਲੋਕੀ ਪ੍ਰਭਾਵਤ ਹੋਏ ਹਨ, ਬਦਲਾਅ ਆਇਆ ਹੈ, ਆ ਰਿਹਾ ਹੈ ਅਤੇ ਆਉਂਦਾ ਰਹੇਗਾ।

ਦੋ ਕੁ ਹਜ਼ਾਰ ਸਾਲ ਬਾਅਦ। ਸੰਨ 1699 ਵਿਸਾਖੀ ਵਾਲੇ ਦਿਨ, ਕੁੱਝ ਉਸੇ ਤਰ੍ਹਾਂ ਦੀ ਸਥਿਤੀ ਤਾਂ ਨਹੀਂ ਸੀ ਅਤੇ ਨਾ ਹੀ ਆਹਮੋ-ਸਾਹਮਣੇ ਫ਼ੌਜਾਂ ਖੜੀਆਂ ਸਨ। ਸਾਹਮਣੇ ਜੋ ਖੜੇ ਸਨ, ਉਹ ਸਨ ਸਦੀਆਂ ਦੇ ਮਾਰੇ ਕੁਚਲੇ ਲੋਕ, ਜਿਨ੍ਹਾਂ ਦੇ ਮਨ ਚੀਥੜੇ ਚੀਥੜੇ ਹੋ ਚੁਕੇ ਸਨ, ਜੋ ਹੋਣੀ ਨੂੰ ਅਪਣੀ ਕਿਸਮਤ ਸਮਝ ਕੇ ਚੁੱਪ ਚਾਪ ਸਹਿ ਲੈਂਦੇ ਸਨ। ਹੁਣ ਰੋਣ ਲਈ ਹਿੰਮਤ ਵੀ ਨਹੀਂ ਸੀ ਬਚੀ, ਰੋਂਦੇ ਵੀ ਨਹੀਂ ਸਨ, ਅਪਣੇ ਇਸ਼ਟ ਅੱਗੇ ਹੱਥ ਜੋੜ ਕੇ ਸਿਰਫ਼ ਅਰਦਾਸ ਹੀ ਕਰ ਸਕਦੇ ਸਨ ਤੇ ਕਰਦੇ ਆਏ ਸਨ। ਸਿਰਫ਼ ਅਰਦਾਸ ਹੀ ਕਰਦੇ ਆਏ ਸਨ ਕਿ ਹੇ ਈਸ਼ਵਰ ਸਾਨੂੰ ਇਸ ਜ਼ੁਲਮ ਤੋਂ ਬਚਾਅ ਲਵੋ ਪਰ ਕਦੇ ਵੀ ਉਨ੍ਹਾਂ ਜੁੜੇ ਹੋਏ ਹੱਥਾਂ ’ਚ ਏਨੀ ਜੁੰਬਸ਼ ਨਹੀਂ ਸੀ ਆਈ ਕਿ ਉਨ੍ਹਾਂ ਹੱਥਾਂ ਨਾਲ ਹਥਿਆਰ ਚੁੱਕ ਕੇ ਅਪਣੇ ਹੱਕਾਂ ਤੇ ਸਵੈਮਾਨ ਦੀ ਰਖਿਆ ਵੀ ਕੀਤੀ ਜਾ ਸਕਦੀ ਹੈ। ਹਥਿਆਰ ਚੁੱਕਣ ਦਾ ਜਜ਼ਬਾ ਪਹਿਲੇ ਮਨ ਵਿਚ ਆਉਂਦਾ ਹੈ ਪਰ ਇਸ ਸੋਚ ਦਾ ਬੀਜ, ਸਦੀਆਂ ਦਰ ਸਦੀਆਂ, ਜ਼ੁਲਮ ਸਹਿ-ਸਹਿ ਕੇ ਫ਼ਨਾਹ ਹੋ ਚੁੱਕਾ ਸੀ। 

ਉਨ੍ਹਾਂ ਦੇ ਸਾਹਮਣੇ ਖੜੇ ਸਨ, ਹੱਥ ਵਿਚ ਨੰਗੀ ਕ੍ਰਿਪਾਨ ਲਈ, ਗੁਰੂ ਗੋਬਿੰਦ ਰਾਏ। ਉਸੇ ਵੇਲੇ, ਇਕ ਲਿਸ਼ਕਾਰ ਮਾਰਦੀ ਹੋਈ ਸ਼ਮਸ਼ੀਰ ਵੇਖ ਕੇ ਬਹੁਤਿਆਂ ਦੇ ਸਾਹ ਸੂਤੇ ਗਏ। ਕਿਹਾ ਜਾਂਦਾ ਹੈ ਕਿ ਕੁੱਝ ਭੈਅ ਦੇ ਮਾਰੇ ਖਿਸਕ ਵੀ ਗਏ। ਉਸ ਵੇਲੇ ਗੋਬਿੰਦ ਰਾਏ ਨੇ, ਲੱਖ ਦੇ ਕਰੀਬ ਦੀ ਗਿਣਤੀ ਵਿਚ ਖੜੀ ਭੀੜ ਨੂੰ ਕੋਈ ਵਿਖਿਆਨ ਦਿਤਾ ਹੋਏਗਾ ਸ਼ਾਇਦ ਜਾਂ ਸਿੱਧਾ ਹੀ ਉਨ੍ਹਾਂ ਦੀ ਅਣਖ ਨੂੰ ਲਲਕਾਰਿਆ ਹੋਏਗਾ ਕਿ ਜੇ ਉਹ ਅਪਣਾ ਜੀਵਨ ਇੱਜ਼ਤ ਮਾਣ ਨਾਲ ਜਿਊਣਾ ਚਾਹੁੰਦੇ ਹਨ, ਉਹ ਸਿਰ ਦੀ ਬਲੀ ਦੇਣ ਲਈ ਤਿਆਰ ਹੋ ਜਾਣ। ਉਹ ਕਿਹੋ ਜਹੇ ਸ਼ਬਦ ਸਨ, ਕਿਸ ਤਰ੍ਹਾਂ ਦੀ ਲਲਕਾਰ ਸੀ ਕਿ ਕਈ, ਇਕ... ਦੋ... ਤਿੰਨ... ਚਾਰ... ਪੰਜ ਤੇ ਫਿਰ ਕਈ ਹਜ਼ਾਰ ਸਿਰ ਦੀ ਬਲੀ ਦੇਣ ਲਈ ਤਿਆਰ ਹੋ ਗਏ। ਉਹ ਕਿਹੋ ਜਹੇ ਸ਼ਬਦ ਸਨ? ਇਸ ਬਾਰੇ ਇਤਿਹਾਸ ਕੋਈ ਗਵਾਹੀ ਨਹੀਂ ਦੇਂਦਾ। 

ਬੰਦਾ ਸਿੰਘ ਬਹਾਦਰ : ਇਕ ਹੋਰ ਮਹੱਤਵਪੂਰਨ ਸਾਕਾ, ਇਸ ਵਿਸਾਖੀ ਵਾਲੇ ਦਿਨ ਤੋਂ ਅੱਠ ਸਾਲ ਬਾਅਦ ਦੀ ਘਟਨਾ। ਸੰਨ 1707 ਵਿਚ, ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ, ਗੋਦਾਵਰੀ ਕੰਢੇ, ਮਾਧੋ ਦਾਸ ਨਾਲ ਉਸ ਦੇ ਆਸ਼ਰਮ ਵਿਚ ਹੋਈ।  ਮਾਧੋਦਾਸ ਦਾ ਪਹਿਲਾ ਨਾਂ ਲਛਮਣ ਦੇਵ ਸੀ। ਉਹ ਪੁਣਛ (ਕਸ਼ਮੀਰ) ’ਚ, ਕਿਸਾਨੀ, ਰਾਜਪੂਤ ਪ੍ਰਵਾਰ ਵਿਚ ਜਨਮਿਆ। ਉਸ ਨੂੰ ਘੁੜਸਵਾਰੀ ਤੇ ਸ਼ਿਕਾਰ ਦਾ ਸ਼ੌਕ ਸੀ। ਇਕ ਵਾਰੀ ਉਸ ਨੇ ਹਿਰਨੀ ਦਾ ਸ਼ਿਕਾਰ ਕੀਤਾ ਤੇ ਜਦੋਂ ਉਸ ਦਾ ਪੇਟ ਚਾਕ ਕੀਤਾ ਤਾਂ ਦੋ ਬੱਚੇ ਉਸ ਦੇ ਸਾਹਮਣੇ ਤੜਫ਼ ਤੜਫ਼ ਕੇ ਮਰ ਗਏ। ਇਸ ਦ੍ਰਿਸ਼ ਨੇ ਉਸ ਦੇ ਮਨ ਉਤੇ ਏਨਾ ਅਸਰ ਕੀਤਾ ਕਿ ਉਸ ਦੀ ਦੁਨੀਆਂ ਹੀ ਬਦਲ ਗਈ। ਉਹ ਇਸ ਦਰਦਨਾਕ ਘਟਨਾ ਨੂੰ ਸਹਿਣ ਨਾ ਕਰ ਸਕਿਆ ਤੇ ਦੁਨੀਆਂਦਾਰੀ ਤੋਂ ਹੀ ਉਸ ਨੇ ਹੱਥ ਧੋ ਲਏ ਤੇ ਬੈਰਾਗੀ ਸਾਧੂਆਂ ਦੀ ਮੰਡਲੀ ਵਿਚ ਜਾ ਰਲਿਆ। ਉਸ ਵੇਲੇ ਉਸ ਦੀ ਉਮਰ ਸਿਰਫ਼ 16 ਸਾਲ ਦੀ ਸੀ। ਉਹ ਇਸੇ ਤਰ੍ਹਾਂ ਕੁੱਝ ਕੁ ਸਾਲ, ਵਖਰੀਆਂ-ਵਖਰੀਆਂ ਥਾਵਾਂ ਤੇ ਕਈ-ਕਈ ਮੱਤਾਂ ਦੇ ਸਾਧੂਆਂ ਨਾਲ ਘੁੰਮਣ ਬਾਅਦ, ਔਘੜ ਨਾਥ ਤਾਂਤਰਿਕ ਦਾ ਚੇਲਾ ਬਣ ਗਿਆ। ਬੈਰਾਗੀ, ਉਦਾਸੀ ਆਦਿ ਦਾ ਚੋਲਾ ਤਿਆਗ ਕੇ ਹੁਣ ਉਸ ਨੇ ਜੋਗੀ ਦਾ ਚੋਲਾ ਧਾਰਨ ਕਰ ਲਿਆ। ਔਘੜ ਨਾਥ ਦਾ ਜਦੋਂ ਦੇਹਾਂਤ ਹੋਇਆ ਤਾਂ ਸੰਨ 1693 ਵਿਚ ਉਹ ਮਾਧੋ ਦਾਸ ਦੇ ਨਾਂ ਉਤੇ ਉਸ ਦੀ ਗੱਦੀ ਤੇ ਬੈਠ ਗਿਆ। ਉਸ ਵੇਲੇ ਉਸ ਦੀ ਉਮਰ ਸਿਰਫ਼ 23 ਸਾਲਾਂ ਦੀ ਸੀ ਤੇ ਉਸ ਦਾ ਡੇਰਾ ਨਾਂਦੇੜ, ਗੋਦਾਵਰੀ ਦੇ ਕੰਢੇ ਸੀ।

ਜੋਗੀ ਔਘੜ ਨਾਥ ਇਸ ਇਲਾਕੇ ਦਾ ਬਹੁਤ ਹੀ ਮੰਨਿਆ ਪ੍ਰਮੰਨਿਆ ਜੋਗੀ ਸਾਧ ਸੀ। ਏਨੀ ਛੋਟੀ ਉਮਰੇ ਸਿਰਫ਼ 23 ਕੁ ਸਾਲ, ਦੀ ਵਿਚ ਇਸ ਗੱਦੀ ਉਤੇ ਬਿਰਾਜਮਾਨ ਹੋਣਾ, ਮਾਧੋਦਾਸ ਲਈ ਇਸ ਤੋਂ ਵੱਡੀ ਉਪਲੱਭਦੀ ਹੋਰ ਨਹੀਂ ਸੀ ਹੋ ਸਕਦੀ।  ਆਖ਼ਰ ਮਾਧੋਦਾਸ ਉਸ ਗੱਦੀ ਤੇ ਬੈਠ ਕੇ ਤੰਤਰ ਮੰਤਰ ਦਾ ਚੱਕਰ ਚਲਾ ਕੇ, ਅਪਣੀ ਹੀ ਰਚੀ ਹੋਈ ਦੁਨੀਆਂ ਦਾ ਮਾਲਕ ਬਣਿਆ, ਹੰਕਾਰ ’ਚ ਨੱਕੋ ਨੱਕ ਭਰਿਆ ਅਪਣੇ ਭਗਤਾਂ ਤੇ ਉਹ ਜਿਵੇਂ ਰਾਜ ਕਰ ਰਿਹਾ ਸੀ। ਆਸ ਪਾਸ ਦੇ ਇਲਾਕੇ ਵਿਚ ਏਨੀ ਧਾਂਕ ਸੀ ਕਿ ਪੂਰਾ ਇਲਾਕਾ ਭੈ-ਭੀਤ ਸੀ ਤੇ ਉਹ ਕਿਸੇ ਦਾ ਵੀ ਨਿਰਾਦਰ ਕਰਨ ਲਗਿਆਂ ਉਸ ਨੂੰ ਕਿਸੇ ਕਿਸਮ ਦੀ ਝਿਜਕ ਨਹੀਂ ਸੀ ਹੁੰਦੀ। ਅਪਣੇ ਤੰਤਰ ਮੰਤਰ ਦੇ ਚੱਕਰ ਵਿਚ ਏਨਾ ਰੁਝਿਆ ਹੋਇਆ ਸੀ ਕਿ ਇਸ ਵੇਲੇ ਦੁਨੀਆਂ (ਭਾਰਤ) ਵਿਚ ਕੀ ਵਾਪਰ ਰਿਹਾ ਹੈ, ਇਸ ਦੀ ਉਸ ਨੂੰ ਕੁੱਝ ਖ਼ਬਰ ਤਾਂ ਸੀ ਪਰ ਇਸ ਤਰ੍ਹਾਂ ਦੀ ਮਾਨਸਕ ਹਾਲਤ, ਇਕ ਪ੍ਰਪੱਕ ਬੈਰਾਗੀ, ਬੈਰਾਗ ਤੋਂ ਉਦਾਸੀ ਤੇ ਫਿਰ ਅਖ਼ੀਰ ਵਿਚ, ਸਿਰਫ਼ ਸੱਤ ਕੁ ਸਾਲ ਦੀ ਹੀ ਘਾਲਣਾ ਸਦਕਾ, ਇਸ ਗੱਦੀ ਤੇ ਬੈਠਣਾ, ਕਿਸੇ ਦੇ ਦਿਮਾਗ਼ ਨੂੰ ਹਿਲਾ ਸਕਦਾ ਹੈ। ਇਸ 37 ਕੁ ਸਾਲ ਦੀ ਉਮਰ ਦੇ ਜੋਗੀ ਦੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਹੋਣਾ ਤੇ ਮਾਨਸਿਕ ਸੋਚ ਦਾ ਇਕ ਘੜੀ ਪਲ ਵਿਚ ਹੀ ਪਲਟੀ ਮਾਰਨਾ, ਇਕ ਐਸੀ ਘਟਨਾ ਹੈ, ਜਿਸ ਨੇ ਭਾਰਤ ਦਾ ਇਤਿਹਾਸ ਬਦਲ ਕੇ ਰੱਖ ਦਿਤਾ।

ਜਿਸ ਵੇਲੇ ਗੁਰੂ ਸਾਹਿਬ, ਉਸ ਦੇ ਡੇਰੇ ਤੇ ਪਹੁੰਚੇ ਤਾਂ ਮਾਧੋਦਾਸ ਉਸ ਵੇਲੇ ਡੇਰੇ ਵਿਚ ਨਹੀਂ ਸੀ। ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਉਸ ਦੇ ਪਲੰਘ ਉਤੇ ਬੈਠ ਗਏ। ਜਦੋਂ ਜੋਗੀ ਮਾਧੋਦਾਸ ਡੇਰੇ ਵਾਪਸ ਆਇਆ ਤਾਂ ਉਸ ਨੇ ਸਵਾਲ ਕੀਤਾ, ‘ਆਪ ਕੌਣ?’ ਗੁਰੂ ਸਾਹਿਬ ਨੇ ਕਿਹਾ, ‘ਉਹ ਜਿਸ ਨੂੰ ਤੂੰ ਜਾਣਦਾ ਹੈਂ?’ ਮਾਧੋਦਾਸ ਨੇ ਹੈਰਾਨ ਹੁੰਦਿਆਂ ਪੁਛਿਆ, ‘ਮੈਂ ਕੀ ਜਾਣਦਾ ਹਾਂ?’ ਗੁਰੂ ਸਾਹਿਬ, ‘ਤੂੰ ਆਪ ਜ਼ਰਾ ਸੋਚ।’ ਮਾਧੋਦਾਸ ਸੋਚ ਕੇ, ‘ਆਪ ਗੁਰੂ ਗੋਬਿੰਦ ਸਿੰਘ ਜੀ ਹੋ?’ ਗੁਰੂ ਸਾਹਿਬ ਨੇ ਕਿਹਾ, ‘ਹਾਂ’ ਮਾਧੋਦਾਸ। ‘ਆਪ ਇਥੇ ਕਿਸ ਤਰ੍ਹਾਂ?’ ਗੁਰੂ ਸਾਹਿਬ, ‘ਮੈਂ ਤੈਨੂੰ ਸਿੰਘ ਸਜਾਣ ਆਇਆ ਹਾਂ।’ ਮਾਧੋਦਾਸ, ‘ਮੈਂ ਹਾਜ਼ਰ ਹਾਂ, ਮੈਂ ਆਪ ਦਾ ਬੰਦਾ ਹਾਂ।’  ਕਿਹਾ ਇਹ ਜਾਂਦਾ ਹੈ ਕਿ ਉਹ ਸੱਭ ਤੰਤਰ ਮੰਤਰ ਭੁੱਲ ਬੈਠਾ ਤਾਂ ਗੱਦੀ ਤੇ ਏਡਾ ਵੱਡਾ ਮੱਠ ਤਿਆਗਣ ਨੂੰ ਤਤਪਰ ਹੋ ਗਿਆ ਤੇ ਅੰਮ੍ਰਿਤ ਛੱਕ ਕੇ ਬੰਦਾ ਸਿੰਘ ਬਹਾਦਰ ਬਣ ਗਿਆ। 
ਇਤਿਹਾਸ ਦਸਦਾ ਹੈ ਕਿ ਗੁਰੂ ਜੀ ਨੇ ਪੰਜ ਤੀਰ, ਦਸ ਘੁੜਸਵਾਰ ਤੇ ਨਾਲ ਹੀ ਪੰਜ ਸਲਾਹਕਾਰ ਸਿਰਫ਼ ਪੰਦਰਾਂ ਘੁੜਸਵਾਰਾਂ ਦਾ ਜਥਾ, ਪੰਜਾਬ ਵਲ ਰਵਾਨਾ ਕੀਤਾ। ਬਾਕੀ ਸੱਭ ਇਤਿਹਾਸ ਗਵਾਹ ਹੈ ਕਿ ਕਿਵੇਂ ਮੁੱਠੀ ਭਰ ਨਫ਼ਰੀ ਨਾਲ ਵਜ਼ੀਰ ਖ਼ਾਨ ਵਰਗੇ ਹਾਕਮਾਂ ਕੋਲੋਂ ਸਾਰਾ ਇਲਾਕਾ ਫ਼ਤਿਹ ਕੀਤਾ ਤੇ ਦੁਨੀਆਂ ਵਿਚ ਪਹਿਲੀ ਵਾਰ ਮੁਜ਼ਾਰਿਆਂ ਨੂੰ ਜ਼ਮੀਨਾਂ ਦੀ ਮਾਲਕੀ ਦਿਤੀ। ਪਰ ਅੰਤ ਨੂੰ ਮੁਗ਼ਲਾਂ ਦੀ ਅਥਾਹ ਤਾਕਤ ਦਾ ਸਾਹਮਣਾ ਨਾ ਕਰ ਸਕਿਆ ਅਤੇ 740 ਸਿੰਘਾਂ ਨਾਲ ਬੰਦੀ ਬਣਾ ਕੇ ਉਸ ਨੂੰ ਦਿੱਲੀ ਲਿਆਂਦਾ ਗਿਆ। ਇਕ-ਇਕ ਕਰ ਕੇ 740 ਸਿੰਘਾਂ ਨੂੰ, ਈਨ ਨਾ ਮੰਨਣ ਤੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।

ਅਖ਼ੀਰ ਵਿਚ ਬੰਦਾ ਸਿੰਘ ਨੇ ਈਨ ਨਾ ਮੰਨੀ ਤਾਂ ਉਸ ਦੇ ਪੌਣੇ ਚਾਰ ਕੁ ਸਾਲ ਦੇ ਬੱਚੇ ਨੂੰ ਉਸੇ ਦੀ ਗੋਦੀ ਵਿਚ ਬਿਠਾ ਕੇ, ਉਸ ਦੀ ਛਾਤੀ ਚੀਰ ਕੇ, ਉਸ ਵਿਚੋਂ ਫੜਫੜਾਉਂਦਾ ਹੋਇਆ ਦਿਲ ਕੱਢ ਕੇ ਉਸ ਦੇ ਮੂੰਹ ਵਿਚ ਤੁੰਨਿਆ ਗਿਆ। ਇਹ ਸੱਭ ਤਸੀਹੇ ਸਹਿਣ ਦੀ ਬਜਾਏ, ਉਹ ਇਕ ਹੱਥ ਚੁੱਕ ਕੇ ਸਿਰਫ਼ ਇਸ਼ਾਰੇ ਨਾਲ ਹੀ ਕਹਿ ਸਕਦਾ ਸੀ ਕਿ ਉਹ ਹਰ ਗੱਲ ਮੰਨਣ ਨੂੰ ਤਿਆਰ ਹੈ। ਇਸ ਦੀ ਵਜ੍ਹਾ ਅਪਣੀ ਪਤਨੀ ਲਈ ਤਿਆਰ, ਅਪਣੇ ਬੱਚੇ ਦਾ ਮੋਹ ਕਦੇ ਵੀ ਜਾਗ ਸਕਦਾ ਸੀ ਤੇ ਫਿਰ ਉਹ ਕਿਸੇ ਵੀ ਰਿਆਸਤ ਦਾ ਨਵਾਬ ਬਣ ਸਕਦਾ ਸੀ.... ਪਰ ਨਹੀਂ। ਜੋ, ਹਿਰਨੀ ਦੇ ਬੱਚੇ ਤੜਫ਼ਦੇ ਹੋਏ ਨਾ ਵੇਖ ਸਕਿਆ ਤੇ ਸਾਧ ਹੋ ਗਿਆ, ਉਹ ਹੁਣ ਅਪਣੇ ਬੱਚੇ ਦਾ ਉਸ ਦੇ ਸਾਹਮਣੇ ਕੋਹਿਆ ਜਾਣਾ ਤੇ ਉਸ ਦਾ ਫੜਫੜਾਉਂਦਾ ਹੋਇਆ ਦਿਲ .... ਪਰ ਨਹੀਂ, ਉਸ ਦਾ ਦਿਲ ਅਡੋਲ ਰਿਹਾ। ਇਹ ਕਿਥੋਂ ਆਈ ਸੀ ਅਥਾਹ ਸ਼ਕਤੀ ਤੇ ਦਰਿੱੜ ਵਿਸ਼ਵਾਸ? ਇਹ ਵਿਸ਼ਵਾਸ ਸੀ ਸ੍ਰੀ ਗੁਰੂ ਸਾਹਿਬ ਦੀ ਅਪਣੀ ਸਰਬੰਸ ਵਾਰਨ ਦੀ ਹਕੀਕਤ, ਜੋ ਉਸ ਦੀ ਮੁਕਤੀ ਦਾ ਸੋਮਾ ਬਣੀ। ਫਿਰ ਜ਼ਰਾ ਪਿੱਛੇ ਚਲਦੇ ਹਾਂ। ਮਾਧੋਦਾਸ ਜੋਗੀ ਦੇ ਛੋਟੇ-ਛੋਟੇ ਪੰਜ ਸਵਾਲ ਤੇ ਉਸ ਤੋਂ ਵੀ ਛੋਟੇ ਗੁਰੂ ਜੀ ਦੇ ਚਾਰ ਜਵਾਬ। ਪ੍ਰਵਚਨ ਤੇ ਵਿਖਿਆਨ ਵਰਗਾ ਨਾ ਹੀ ਕੋਈ ਬਿਆਨ, ਨਾ ਹੀ ਕੋਈ ਸੰਵਾਦ। ਫਿਰ ਕੀ ਕਾਰਨ ਸੀ ਕਿ 15 ਕੁ ਸਾਲਾਂ ਤੋਂ ਇਸ ਗੱਦੀ ਤੇ ਬੈਠਾ ਗੱਦੀ ਨੂੰ ਲੱਤ ਮਾਰ ਕੇ ਪਾਹੁਲ ਗ੍ਰਹਿਣ ਕਰਨ ਨੂੰ ਰਾਜ਼ੀ ਹੋ ਗਿਆ? ਇਸ ਦਾ ਕਾਰਨ?

ਗੁਰੂ ਸਾਹਿਬ ਤੋਂ ਮਾਧੋਦਾਸ ਅਣਜਾਣ ਨਹੀਂ ਸੀ, ਇਹ ਵਾਰਤਾਲਾਪ ਤੋਂ ਹੀ ਗਿਆਤ ਹੋ ਜਾਂਦਾ ਹੈ। ...ਜਦੋਂ ਉਸ ਦਾ ਕਹਿਣਾ... ਆਪ ਗੁਰੂ ਗੋਬਿੰਦ ਸਿੰਘ ਹੋ..।’
ਇਕ ਵਾਰੀ ਬੈਰਾਗੀਆਂ ਦੇ ਟੋਲੇ ਨਾਲ ਉਹ ਅਨੰਦਪੁਰ ਸਾਹਿਬ ਵੀ ਗਿਆ ਸੀ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋ ਚੁੱਕੀ ਸੀ। ਉਸ ਵੇਲੇ ਨਿਜੀ ਮੁਲਾਕਾਤ ਦੀ ਸੰਭਾਵਨਾ ਘੱਟ ਹੀ ਜਾਪਦੀ ਹੈ। ਉਹ ਇਕ ਵੱਡੇ ਟੋਲੇ ਦਾ ਇਕ ਨਿਮਾਣਾ ਜਿਹਾ ਫ਼ਰਦ ਸੀ। ਇਕ ਵਿਅਕਤੀ ਦੇ ਤੌਰ ਉਤੇ ਵਾਰਤਾਲਾਪ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਜਾਪਦੀ ਹੈ। ਦੂਜੀ ਵਾਰ ਉਸ ਦੀ ਮੁਲਾਕਾਤ ਉਸ ਵੇਲੇ ਹੋਈ ਜਦੋਂ ਉਹ ਉਦਾਸੀ ਮੱਤ ਧਾਰਨ ਕਰ ਚੁੱਕਾ ਸੀ। ਨਿਜੀ ਮੁਲਾਕਾਤ ਜਾਂ ਆਪਸੀ ਸੰਵਾਦ ਸ਼ਾਇਦ ਹੋਇਆ ਹੋਵੇ। ਗੁਰੂ ਸਾਹਿਬ ਦਾ ਇਕ ਸਵਾਲ ਦੇ ਜਵਾਬ ਵਿਚ ਇਹ ਕਹਿਣਾ, ‘ਉਹ ਜਿਸ ਨੂੰ ਤੂੰ ਜਾਣਦਾ ਹੈਂ,’ ਲਗਦਾ ਹੈ ਕਿ ਸਿੱਖ ਪੰਥ ਦੇ ਆਸ਼ੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗ ਤੋਂ ਉਹ ਭਲੀ ਭਾਂਤ ਜਾਣੂ ਸੀ, ਭਾਵੇਂ ਹੋ ਸਕਦਾ ਹੈ ਕਿ ਗੁਰੂ ਜੀ ਦੀਆਂ ਨੇੜੇ ਵਿਚ ਵਾਪਰੀਆਂ ਗਤੀਵਿਧੀਆਂ ਤੋਂ ਜਾਣੂ ਨਾ ਹੋਏ। ਅਖ਼ੀਰ ਵਿਚ ਜਦੋਂ ਮਾਧੋਦਾਸ ਦੇ ਜਵਾਬ ਵਿਚ, ਗੁਰੂ ਜੀ ਨੇ ਕਿਹਾ ਕਿ ‘ਮੈਂ ਤੈਨੂੰ ਸਿੰਘ ਸਜਾਣ ਆਇਆ ਹਾਂ’ ਤਾਂ ਇਸ ਦਾ ਉਤਰ, ‘ਮੈਂ ਹਾਜ਼ਰ ਹਾਂ, ਆਪ ਦਾ ਬੰਦਾ ਹਾਂ।’ ਇਹ ਇਕ ਲਾਵਾ ਫੁੱਟਣ ਵਾਂਗ ਸੀ। ਇਕ ਖਿੱਚ ਪ੍ਰਗਟ ਕਰਨ ਦਾ ਫ਼ੈਸਲਾ ਸੀ। ਇਹ ਤਾਂ ਹੀ ਹੋ ਸਕਦੈ ਜਦੋਂ ਉਹ ਪਹਿਲਾਂ ਤੋਂ ਹੀ ਉਪਰਾਮ ਹੋਵੇ। ਪਹਿਲੇ ਵੀ ਦੋ ਸੰਪਰਦਾਏ ਤੋਂ ਸੰਤੁਸ਼ਟੀ ਨਾ ਹੋਈ ਤੇ ਤੀਜੀ ਵਾਰ ਜੋਗੀ ਪੰਥ ਦੀ ਗੱਦੀ ਵੀ ਘੱਟ ਤੋਂ ਘੱਟ 14 ਸਾਲ ਸੰਭਾਲੀ ਤੇ ਤਿਆਗਣ ਲਗਿਆਂ ਇਕ ਪਲ ਵੀ ਨਾ ਲਾਇਆ। ਕੁੱਝ ਤਾਂ ਅੰਦਰੋਂ ਅੰਦਰੀ ਅਸਤੁੰਸ਼ਟੀ ਦੀ ਭਾਵਨਾ ਉਗਰ ਹੋ ਰਹੀ ਸੀ। 

ਇਨ੍ਹਾਂ 22-23 ਸਾਲਾਂ ਵਿਚ, ਜਦੋਂ ਉਸ ਨੇ ਪਹਿਲੀ ਵਾਰ ਘਰ ਬਾਰ ਤਿਆਗਿਆ ਤੇ ਬੈਰਾਗੀ ਬਣਿਆ, ਉਸ ਦੇ ਮਨ ਉਤੇ ਕਈ ਤੈਆਂ ਜਮ ਚੁਕੀਆਂ ਸਨ, ਅਪਣੀ ਨਿੱਜ ਦੀ ਸ਼ਾਂਤੀ, ਨਿਜੀ ਕਲਿਆਣ ਤੇ ਅਪਣੇ ਹੀ ਨਿੱਜ ਦੇ ਧੁਰੇ ਤੇ ਦੁਨੀਆਂ ਨੂੰ ਘੁੰਮਦੇ ਵੇਖ ਕੇ ਪ੍ਰਸੰਨ ਹੋਣਾ ਤੇ ਇਸ ਵਿਚ ਨੱਕੋ ਨੱਕ ਹੰਕਾਰਿਆ ਜਾਣਾ। ਜੋ ਉਹ ਹੈ, ਉਸ ਜੈਸਾ ਕੋਈ ਹੋਰ ਨਹੀਂ। ਏਡੀ-ਵੱਡੀ ਪਦਵੀ ਤੇ ਏਡੇ ਵੱਡੇ ਤਖ਼ਤ ਨੂੰ ਲੱਤ ਮਾਰ ਕੇ, ਹੱਥ ਵਿਚ ਤੇਗ ਫੜ ਲੈਣਾ, ਇਹ ਤਾਂ ਹੀ ਹੋ ਸਕਦਾ ਸੀ ਕਿ 22-23 ਸਾਲ ਤੋਂ ਤੰਤਰ ਮੰਤਰ ਦੀਆਂ ਪਰਤਾਂ, ਕੱਚੀ ਮਿੱਟੀ ਘੱਟੇ ਵਾਂਗ ਹੀ ਸਨ, ਜੋ ਕਿ ਇਕ ਫੂਕ ਨਾਲ ਹੀ ਉੱਡ ਗਈਆਂ। ਅਪਣੀ ਨਿੱਜ ਦਾ ਅਹਿਮ ਵੀ ਕੱਚੇ ਰੰਗ ਵਾਂਗ ਹੀ ਸਾਬਤ ਹੋਇਆ। ਮਾਧੋਦਾਸ ਦੀ ਤਟਫੱਟ ਹਾਂ ਤੋਂ ਬਾਅਦ ਤੇ ਅੰਮ੍ਰਿਤ ਛਕਣ ਤੋਂ ਪਹਿਲੇ, ਆਪਸ ਵਿਚ ਵਾਰਤਲਾਪ ਹੋਇਆ ਹੋਵੇ, ਇਸ ਬਾਰੇ ਇਤਿਹਾਸ ਖ਼ਾਮੋਸ਼ ਹੈ। ਪਰ ਇਸ ਦੀ ਸੰਭਾਵਨਾ ਪ੍ਰਬਲ ਹੈ। ਕੁੱਝ...ਕੁੱਝ ਤਾਂ ਆਪਸ ਵਿਚ ਗੱਲਬਾਤ ਹੋਈ ਹੀ ਹੋਵੇਗੀ ਅਤੇ ਇਹ ਵਾਰਤਾਲਾਪ ਸ੍ਰੀ ਕ੍ਰਿਸ਼ਨ ਤੇ ਅਰਜਨ ਦੇ ਵਾਰਤਾਲਾਪ ਵਾਂਗ ਤਾਂ ਨਹੀਂ ਹੋ ਸਕਦੀ ਕਿਉਂਕਿ ਬੰਦਾ ਤਾਂ ਪਹਿਲੇ ਹੀ ਸੱਭ ਸਮਝ ਚੁੱਕਾ ਸੀ। ਉਸ ਵਿਚ ਮਾਰਗ ਦਰਸ਼ਨ ਨੂੰ ਗਿਆਤ ਕਰਵਾਉਣਾ ਹੀ ਹੋ ਸਕਦਾ ਹੈ, ਕੁੱਝ ਬਹੁਤ ਹੀ ਬਰੀਕੀਆਂ ਦਾ ਵਰਨਣ, ਕਿਧਰੇ ਇਹ ਦਰਜ ਹੁੰਦਾ ਤਾਂ ਸੰਭਾਵਨਾ ਹੈ ਕਿ ਗੀਤਾ ਵਾਂਗ ਇਕ ਛੋਟਾ ਜਿਹਾ ਅਧਿਆਏ ਬਣ ਜਾਂਦਾ। 

ਸੰਨ 1699 ਦਿਨ ਵਿਸਾਖੀ : ਸਥਾਨ ਅਨੰਦਪੁਰ ਸਾਹਿਬ। ਇਕ ਛੋਟਾ ਜਿਹਾ ਪਿੰਡ, ਭਾਰਤ ਦੇ ਬਿਲਕੁਲ ਇਕ ਪਾਸੇ, ਧੁਰ ਉਤੇ। ਸ਼ਿਵਾਲਕ ਦੀਆਂ ਪਹਾੜੀਆਂ ਦਰਮਿਆਨ। ਇਸ ਜਗ੍ਹਾ ਤੇ ਇਕੱਠੇ ਹੋਏ ਲੋਕਾਂ ਦੀ ਗਿਣਤੀ 80 ਹਜ਼ਾਰ ਤੋਂ ਲੱਖ ਤਕ ਦੀ ਮੰਨੀ ਜਾਂਦੀ ਹੈ। ਹਜ਼ਾਰਾਂ ਮੀਲਾਂ ਦਾ ਪੈਂਡਾ ਘਾਲ ਕੇ, ਕਿਸੇ ਆਸਥਾ ਦੇ ਵਸ, ਇਥੇ ਇਹ ਲੁਕਾਈ ਕੁੰਭ ਮੇਲੇ ਦੀ ਤਰ੍ਹਾਂ ਇਸ਼ਨਾਨ ਕਰਨ ਨਹੀਂ ਸੀ ਆਈ, ਨਾ ਹੀ ਖਾਣ ਪੀਣ ਵਾਸਤੇ ਕਿਸੇ ਭੰਡਾਰ ’ਚ ਆਏ ਸਨ। ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਣ ਵਾਲੇ ਇਹ ਲੋਕ ਕੌਣ ਸਨ? ਕਿਸ ਦੀ ਭਾਲ ’ਚ ਆਏ ਸਨ, ਕਿਸ ਦੀ ਖਿੱਚ ਸੀ ਜੋ ਇਨ੍ਹਾਂ ਨੂੰ ਇਥੇ ਧੂਹ ਲਿਆਈ ਸੀ? ਗੁਰੂ ਗੋਬਿੰਦ ਰਾਏ ਦਾ ਸੱਦਾ ਸੀ ਤੇ ਭਾਰਤ ਦੇ ਚਾਰੇ ਕੋਨਿਆਂ ਵਿਚੋਂ ਸੰਗਤ ਹੁੰਮ-ਹੁਮਾ ਕੇ ਪਹੁੰਚੀ ਹੋਈ ਸੀ। ਵਿਚਾਰਨ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਦਾ ਸੱਦਾ ਤੇ ਉਸ ਸੱਦੇ ਦਾ ਸਿੱਟਾ ਇਹ ਕਿਵੇਂ ਕਾਰਗਰ ਹੋਇਆ? ਗੁਰੂ ਜੀ ਦੀ ਸੰਗਤ ਨਾਲ ਵਿਅਕਤੀਗਤ ਮਿਲਣੀ ਤਾਂ ਬਹੁਤ ਹੀ ਸੀਮਤ ਸੀ... ਪਟਨਾ ਸਾਹਿਬ ਤੋਂ ਮੱਖੋਵਾਲ ਤਕ ਦਾ ਸਫ਼ਰ। ਇਹ ਉਸ ਲਲਕਾਰ ਦੀ ਗੂੰਜ ਸੀ ਜੋ ਦੋ ਸੌ ਸਾਲ ਪਹਿਲਾਂ, ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨ ਆਇਆ॥

ਇਸ ਲੁਕਾਈ ਖ਼ਾਤਰ, ਹਾਅ ਦਾ ਨਾਅਰਾ ਮਾਰ ਕੇ ਰੱਬ ਨੂੰ ਉਸ ਨਿਰੰਕਾਰ ਨੂੰ ਸਵਾਲ ਕੀਤਾ ਸੀ ਅਤੇ ਇਸ ਦੇ ਨਾਲ-ਨਾਲ ‘ਏਕਓਂਕਾਰ’ ਉਸ ਇਕ ਰੱਬ ਦੀ ਧੁਨੀ ਦਾ ਜਾਪ, ਉਨ੍ਹਾਂ ਮਨਾਂ ਵਿਚ ਹਮੇਸ਼ਾ-ਹਮੇਸ਼ਾ ਲਈ ਵੱਸ ਗਿਆ ਸੀ। ਅਦਭੁਤ ਨਜ਼ਾਰਾ ਸੀ। ਉੱਚੇ ਜਹੇ ਟਿੱਬੇ ਤੇ ਤੰਬੂ ਲੱਗਾ ਹੋਇਆ ਤੇ ਗੁਰੂ ਜੀ ਮਿਆਨ ਵਿਚੋਂ ਲਿਸ਼ਕਦੀ ਕ੍ਰਿਪਾਨ ਕੱਢ ਕੇ ਭਰਵੀਂ ਆਵਾਜ਼ ਵਿਚ ਲਲਕਾਰਦੇ ਹਨ। ਹਜ਼ਾਰਾਂ ਦੀ ਗਿਣਤੀ ਵਿਚ ਖਲੋਤਿਆਂ ਦੇ ਸਾਹ ਸੁੱਕ ਗਏ, ਸਾਹ ਰੁੱਕ ਗਏ। ਗੁਰੂ ਜੀ ਨੇ ਸਿਰ ਦੀ ਬਲੀ ਮੰਗੀ ਸੀ...ਸਿਰ ਦੀ ਬਲੀ...। ਹੋ ਸਕਦਾ ਹੈ ਕਿ ਸਿਰ ਦੀ ਬਲੀ ਮੰਗਣ ਤੋਂ ਪਹਿਲਾਂ, ਗੁਰੂ ਜੀ ਨੇ ਕੁੱਝ ਪ੍ਰਵਚਨ ਵੀ ਕੀਤੇ ਹੋਣ...ਤੇ ਫਿਰ ਸਿਰ ਦੀ ਬਲੀ ਦੇਣ ਦਾ ਲਲਕਾਰਾ ਮਾਰਿਆ ਹੋਵੇ...। ਇਕ ਝਾਤ ਮਾਰੀਏ, ਕੁਰਕੂਸ਼ੇਤਰ ਦੇ ਮੈਦਾਨ ਵਿਚ ਕੀ ਵਾਪਰਿਆ ਸੀ ਉਸ ਦਿਨ। ਕ੍ਰਿਸ਼ਨ ਜੀ ਅਰਜੁਨ ਦੇ ਸਾਹਮਣੇ ਬੈਠੇ, ਉਸ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਸਮਝਾ ਰਹੇ ਹਨ, ਅੱਠ ਸੌ ਸਲੋਕਾਂ ਦਾ ਇਹ ਵਾਰਤਾਲਾਪ ਹੈ ਤੇ ਸੰਜੇ ਕਲਮ ਬੱਧ ਕਰ ਰਿਹਾ ਹੈ। ਉਨ੍ਹਾਂ ਦੇ ਖੱਬੇ ਸੱਜੇ ਲੱਖਾਂ ਦੀ ਗਿਣਤੀ ਵਿਚ ਫ਼ੌਜ ਤਿਆਰ ਬਰ ਤਿਆਰ ਬੈਠੀ ਹੈ, ਇਕ ਸੰਖ ਦੀ ਧੁਨੀ ਤੇ ਘਮਸਾਨ ਦਾ ਯੁੱਧ ਸ਼ੁਰੂ ਹੋ ਸਕਦਾ ਹੈ। ਪਰ ਉਹ ਯੋਧੇ ਜਿਨ੍ਹਾਂ ਨੇ ਲੜਨਾ ਹੈ, ਉਹ ਇਸ ਵਾਰਤਾਲਾਪ ਤੋਂ ਨਿਰਲੇਪ ਹਨ, ਕੁੱਝ ਨਹੀਂ ਪਤਾ ਕਿ ਵਾਰਤਾਲਾਪ ਚੱਲ ਕੀ ਰਿਹਾ ਹੈ। ਉਹ ਸੱਭ ਤੋਂ ਅਣਜਾਣ ਹਨ। ਸਿਰਫ਼ ਤੇ ਸਿਰਫ਼ ਅਰਜੁਨ ਨੂੰ ਹੀ ਸਮਝਾ ਰਹੇ ਹਨ, ਤੱਥਾਂ ਦਾ ਸਹਾਰਾ ਲੈ ਕੇ ਤੇ ਕਦੇ ਵਿਰਾਟ ਰੂਪ ਵਿਖਾ ਕੇ। ਕਿੰਨਾ ਔਖਾ ਹੈ ਆਹਮੋ-ਸਾਹਮਣੇ ਬੈਠ ਕੇ ਸਮਝਾਉਣਾ ਤੇ ਸਮਝਣਾ। 

ਇਕ ਲੱਖ ਦੇ ਕਰੀਬ ਇਕੱਠ ਨੂੰ ਗੁਰੂ ਜੀ ਸੰਬੋਧਤ ਹਨ। ਉਹ ਅੱਖ ’ਚ ਅੱਖ ਪਾ ਕੇ ਗੱਲ ਨਹੀਂ ਸੀ ਕਰ ਸਕਦੇ। ਬਿਲਕੁਲ ਅਖ਼ੀਰ ’ਚ ਖੜੇ ਸਰੋਤੇ ਸ਼ਾਇਦ ਪੂਰੀ ਤਰ੍ਹਾਂ ਸੁਣ ਵੀ ਨਹੀਂ ਸੀ ਪਾ ਰਹੇ, ਸਮਝਣਾ ਤਾਂ ਕੀ ਹੈ? ਅਤੇ ਉਹ ਨਾਲ ਦੇ ਕੋਲੋਂ ਪੁੱਛ ਕੇ ਸਮਝਣ ਦੀ ਕੋਸ਼ਿਸ਼ ਵੀ ਕਰਦੇ ਹੋਣਗੇ ਤੇ ਸਿਰ ਦੀ ਬਲੀ ਦੀ ਗੱਲ ਸੁਣ ਕੇ ਉਹ ਬਹੁਤਾ ਨਾ ਹੈਰਾਨ ਹੋਏ ਤੇ ਨਾ ਹੀ ਪ੍ਰੇਸ਼ਾਨ ਕਿਉਂਕਿ ਇਹ ਉਹ ਸਨ ਜਿਨ੍ਹਾਂ ਦੇ ਪੁਰਖਿਆਂ ਨੇ ਤੇ ਉਨ੍ਹਾਂ ਨੇ ਆਪ ਵੀ ਅਪਣੀ ਰੂਹ ਅਤੇ ਪਿੰਡੇ ਦੇ ਅਕਹਿ ਤੇ ਅਸਹਿ ਜ਼ੁਲਮ ਸਹੇ ਸਨ ਤੇ ਤਸੀਹੇ ਹੰਢਾਏ ਸਨ ਅਤੇ ਹਾਲੇ ਤਕ ਇਹ ਸਿਲਸਿਲਾ ਚਲਦਾ ਆ ਰਿਹਾ ਸੀ। ਅਪਣੀਆਂ ਧੀਆਂ ਭੈਣਾਂ ਨੂੰ ਬਜ਼ਾਰਾਂ ਵਿਚ ਨਿਲਾਮ ਹੁੰਦੇ ਵੇਖਿਆ ਸੀ। ਇਹ ਉਹ ਸਨ ਜਿਨ੍ਹਾਂ ਨੇ ਏਕਓਂਕਾਰ ਦੀ, ਇਕ ਨਿਰੰਕਾਰ ਦੀ ਧੁਨੀ ਸੁਣੀ ਸੀ ਜਿਸ ਦੇ ਫ਼ਲਸਰੂਪ ਉਨ੍ਹਾਂ ਨੇ ਤੇਤੀ ਕਰੋੜ ਦੇਵਤਿਆਂ ਨੂੰ ਤਿਲਾਂਜਲੀ ਦੇ ਦਿਤੀ ਸੀ। ਦੋ ਸੌ ਸਾਲ ਪਹਿਲਾਂ ਦਾ ਉਹ ਕਬੀਰ ਸਾਹਬ ਦਾ ਵਿਖਾਇਆ ਹੋਇਆ ਮਾਰਗ, ‘ਅੱਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ...ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ’ ਵਾਲਾ ਮਾਰਗ ਤੇ ਪਗ-ਪਗ ਚਲਦਿਆਂ ਉਨ੍ਹਾਂ ਅਪਣੇ ਰਸਤੇ ਮੌਕਲੇ ਕਰ ਲਏ ਸਨ। ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ॥’ ਦਾ ਇਕ-ਇਕ ਅੱਖਰ ਉਨ੍ਹਾਂ ਦੀਆਂ ਰਗਾਂ ਵਿਚ ਦੌੜ ਰਿਹਾ ਸੀ ਤੇ ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਦੀ ਧੁਨੀ ਹੀ ਇਨ੍ਹਾਂ ਨੂੰ ਇਥੇ ਖਿੱਚ ਕੇ ਲਿਆਈ ਸੀ... ਖ਼ਾਲੀ ਤਲੀਆਂ ਲੈ ਕੇ। ਉਨ੍ਹਾਂ ਨੂੰ ਪਤਾ ਸੀ ਕਿ ਇਸ ਮਾਰਗ ਤੇ ਤੱਤੀਆਂ ਤਵੀਆਂ ਤੇ ਵੀ ਬੈਠਣਾ ਪੈਂਦਾ ਹੈ, ਆਰਿਆਂ ਨਾਲ ਸੀਸ ਵੀ ਚਿਰੀਂਦੇ ਹਨ, ਬੰਦ-ਬੰਦ ਵੀ ਕਟਵਾਣੇ ਪੈਂਦੇ ਹਨ, ਚਰਖੜੀਆਂ ਤੇ ਵੀ ਚੜ੍ਹਨਾ ਪੈਂਦਾ ਹੈ ਤੇ ਪੁਰਜ਼ਾ ਪੁਰਜ਼ਾ ਵੀ ਕਟਵਾਉਣਾ ਪੈਂਦਾ ਹੈ। 

ਹੋਰ ਜੋ ਅੱਜ ਇਥੇ ਇਸ ਇਕੱਠ ਵਿਚ ਪਹੁੰਚੇ ਸਨ, ਇਨ੍ਹਾਂ ਵਿਚ ਇਕ ਹੋਰ ਵਰਗ ਵੀ ਸੀ, ਜੋ ਅਪਣੇ ਸਮਾਜ ਦੇ ਅਪਣੇ ਹੀ ਭਾਈਚਾਰੇ ਵਲੋਂ ਸਤਾਏ ਹੋਏ, ਲਤਾੜੇ ਹੋਏ, ਛੇਕੇ ਹੋਏ ਲੋਕ ਸਨ। ਉਹ ਲੋਕ ਜਿਨ੍ਹਾਂ ਨੂੰ ਅਪਣੇ ਹੀ ਪਿੰਡ ਦੇ ਖੂਹ ’ਚੋਂ ਪਾਣੀ ਭਰਨ ਦੀ ਮਨਾਹੀ ਸੀ ਕਿਉਂਕਿ ਖੂਹ ਦਾ ਪਾਣੀ ਪਲੀਤ ਹੋ ਜਾਂਦੈ। ਵਲਟੋਹੀ ਜਾਂ ਘੜੇ ਨੂੰ ਬਾਹਰੋਂ ਛੂਹਣ ਨਾਲ ਅੰਦਰ ਦਾ ਪਾਣੀ ਵੀ ਪੀਣਯੋਗ ਨਹੀਂ ਰਹਿੰਦਾ। ਮੰਦਰ ਵਿਚ ਭਗਵਾਨ ਦੀ ਮੂਰਤੀ ਤੇ ਵੀ ਇਨ੍ਹਾਂ ਦੀ ਨਜ਼ਰ ਪੈਣ ਨਾਲ ਖੰਡਤ ਹੋ ਜਾਂਦੀ ਹੈ। ਜਿਨ੍ਹਾਂ ਪਤਰਿਆਂ ਤੇ ਜਾਤ-ਪਾਤ, ਊਚ ਨੀਚ ਤੇ ਛੂਆ ਛੂਤ ਦ ਕਾਨੂੰਨੀ ਧਾਰਾਵਾਂ ਦੀ ਪੈਰਵੀ ਕੀਤੀ ਗਈ ਹੈ, ਇਹ ਲੋਕ ਉਨ੍ਹਾਂ ਸਮ੍ਰਿਤੀਆਂ, ਪੁਰਾਣਾਂ ਨੂੰ ਮਾਨਤਾ ਦੇਣ ਤੋਂ ਇਨਕਾਰੀ ਹੋ ਗਏ ਸਨ। ਜਾਤ-ਪਾਤ ਦੇ ਵੱਡੇ ਛੋਟੇ ਫ਼ਰਕ ਤੇ ਵਿਤਕਰਿਆਂ ਨੂੰ ਖ਼ਤਮ ਕਰਨ ਦਾ ਨਿਸ਼ਚਾ, ਸਿਰਫ਼ ਕਹਿਣ ਕਹਾਣ ਲਈ ਨਹੀਂ, ਇਸ ਨੂੰ ਅਮਲੀ ਰੂਪ ਵਿਚ ਅਪਣਾਇਆਂ ਕੋਈ ਦੋ ਸੌ ਸਾਲ ਹੋ ਚੁੱਕੇ ਸਨ।

ਕਿਸੇ ਉੱਚ ਜਾਤੀ ਦੇ ਅਛੂਤ ਦਾ ਪ੍ਰਛਾਵਾਂ ਪੈਣ ਨਾਲ, ਸਵੱਛ ਤੇ ਪਵਿੱਤਰ ਹੋਣ ਲਈ ਜਿਸ ਨੂੰ ਇਸ਼ਨਾਨ ਕਰਨਾ ਪੈਂਦਾ ਸੀ, ਅੱਜ ਉਹ ਪੰਗਤ ਵਿਚ ਉਸੇ ਨਾਲ ਬੈਠਾ ਲੰਗਰ ਛੱਕ ਰਿਹਾ ਹੈ। ਇਹ ਸਾਰੇ ਉਹੀ ਲੋਕ ਸਨ ਜੋ ਜਾਤ-ਪਾਤ ਤੇ ਊਚ ਨੀਚ ਨੂੰ ਤਿਆਗ ਕੇ  ਇਕ ਧਾਗੇ ਵਿਚ ਪਰੋਏ ਜਾ ਚੁੱਕੇ ਸਨ, ਤਾਂ ਹੀ ਇਸ ਇਕੱਠ ਵਿਚ ਸ਼ਾਮਲ ਸਨ। ਇਸੇ ਇਕੱਠ, ਇਸੇ ਸਮਾਜ ਵਿਚੋਂ ਜੋ ਸਿਰ ਦੀ ਬਲੀ ਦੇਣ ਲਈ ਜੋ ਪਹਿਲੇ ਪਹਿਲੇ ਆਏ, ਇਨ੍ਹਾਂ ਨੂੰ ਪੰਜ ਪਿਆਰਿਆਂ ਦੀ ਪਦਵੀ ਨਾਲ ਨਿਵਾਜ਼ਿਆ ਗਿਆ। ਇਨ੍ਹਾਂ ਦਾ ਪਿਛੋਕੜ ਉੜੀਸਾ, ਕਰਨਾਟਕ, ਗੁਜਰਾਤ, ਦਿੱਲੀ ਤੇ ਪੰਜਾਬ ਤੋਂ ਸੀ ਅਤੇ ਉੱਚੀਆਂ ਨੀਵੀਆਂ ਸੱਭ ਜਾਤਾਂ ਨਾਲ ਸਬੰਧ ਹੁੰਦਿਆਂ ਵੀ ਸੱਭ ਵਿਤਕਰੇ ਖ਼ਤਮ ਕਰ ਕੇ ਆਏ ਸਨ। ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ, ਤਾ ਜਿਊਂਦਾ ਜਾਗਦਾ ਸਬੂਤ ਉਦੋਂ ਪ੍ਰਤੱਖ ਸਾਹਮਣੇ ਆਇਆ, ਜਦੋਂ ਉਨ੍ਹਾਂ ਇਕੋ ਬਾਟੇ ’ਚੋਂ, ਮੂੰਹ ਲਗਾ ਕੇ ਅੰਮ੍ਰਿਤਪਾਨ ਕੀਤਾ। ਉਸ ਮੌਕੇ ਅੰਮ੍ਰਿਤਪਾਨ ਕਰਨ ਵਾਲਿਆਂ ਦੀ ਗਿਣਤੀ ਤੀਹ ਹਜ਼ਾਰ ਦੇ ਲਗਭਗ ਸੀ। 

ਸੰਭਵ ਹੈ ਕਿ ਗੁਰੂ ਸਾਹਿਬ ਨੇ ਇਕ ਅੱਧ ਘੰਟੇ ਲਈ ਹੀ ਸੰਗਤ ਨੂੰ ਸੰਬੋਧਨ ਕੀਤਾ ਹੋਵੇ। ਹੋ ਸਕਦਾ ਹੈ ਕਿ ਇਸ ਦੌਰਾਨ ਇਸ ਤੁਕ ਦਾ ਜ਼ਿਕਰ ‘ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਵੀ ਕੀਤਾ ਹੋਵੇ, ਭਾਵੇਂ ਇਸ ਦਾ ਲਿਖਤੀ ਰੂਪ ਛੇ ਸਾਲ ਬਾਅਦ ਜ਼ਫ਼ਰਨਾਮੇ ’ਚ ਮਿਲਦਾ ਹੈ ਕਿਉਂਕਿ ਵਿਸਾਖੀ ਦੇ ਇਸ ਇਕੱਠ ਦਾ ਮੰਤਵ ਤਾਂ ਇਸ ਇਕ ਵਾਕ ਤੇ ਹੀ ਟਿਕਿਆ ਹੋਇਆ ਜਾਪਦਾ ਹੈ। ਇਸ ਦੇ ਨਾਲ ਨਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਇਕ ਵਾਕ ਵੀ ਦੁਹਰਾਇਆ ਗਿਆ ਹੋਵੇਗਾ ਭੈ ਕਾਹੁ ਕਉ, ਦੇਤ ਨਹਿ ਨਹਿ ਭੈ ਮਾਨਤ ਆਨ॥ ਕਿਉਂਕਿ ਇਹ ਵੀ ਵਿਉਂਤੀ ਜਾ ਰਹੀ ਕ੍ਰਾਂਤੀ ਦੇ ਨੀਂਹ ਪੱਥਰ ਵਾਂਗ ਹੈ। ਇਹ ਦੋਵੇਂ ਵਾਕ ਬਹੁਤ ਹੀ ਮਹੱਤਵਪੂਰਨ ਹਨ, ਜੋ ਮਾਰਗ ਦਸੇਰਾ ਹਨ, ਉਸ ਸੰਬੋਧਨ ਦਾ ਪ੍ਰੇਰਨਾ ਅੰਸ਼ ਨਹੀਂ ਕਿ ਸਿਰ ਦੀ ਬਲੀ ਦੇਣ ਲਈ ਤਿਆਰ ਹੋ ਜਾਣ। ਪਰ ਫਿਰ ਵੀ ਇਹ ਤੁਕਾਂ ਪ੍ਰੇਰਣਾ ਹੋ ਕੇ ਹੀ ਨਿਬੜੀਆਂ ਹੋਣਗੀਆਂ ਕਿਉਂਕਿ ਇਹ ਭਖੇ ਤੇ ਤਪੇ ਹੋਏ ਲਾਲ ਲੋਹੇ ਤੇ ਇਕ ਹਥੋੜੇ ਵਰਗੀ ਸੱਟ ਸੀ, ਜੋ ਲੋਹਾ ਦੋ ਸੌ ਸਾਲ ਤੋਂ ਤਪਦਾ ਆ ਰਿਹਾ ਸੀ। ਜਗਿਆਸਾ ਤਾਂ ਫਿਰ ਵੀ ਉਠਦੀ ਰਹਿੰਦੀ ਹੈ ਅਤੇ ਸੁਭਾਵਕ ਹੈ ਕਿ ਉਠਦੀ ਰਹੇਗੀ ਕਿ ਉਹ ਕੀ ਸ਼ਬਦ ਸਨ ਜਾਂ ਕੀ ਵਾਕ ਸਨ, ਜੋ ਗੁਰੂ ਸਾਹਿਬ ਨੇ ਉਚਾਰੇ ਸਨ, ਭਾਵੇਂ ਉਹ ਦੋ ਚਾਰ ਮਿੰਟ ਦੇ ਪ੍ਰਵਚਨ ਹੋਣ ਜਾਂ ਇਕ ਅੱਧ ਘੰਟੇ ਦਾ ਵਿਖਿਆਨ ਹੋਵੇ ਜਿਸ ਨੂੰ ਸੁਣਦਿਆਂ ਸਾਰ ਉਹ ਤਲੀਆਂ ਤੇ ਅਪਣਾ ਸਿਰ ਰੱਖਣ ਲਈ ਤਿਆਰ ਹੋ ਗਏ ਸਨ। ਉਹ ਚਾਰ, ਛੇ, ਵਾਕ ਜਾਂ ਪੰਜਾਹ, ਸੌ ਵਾਕ, ਮਨੁੱਖਤਾ ਲਈ ਪ੍ਰੇਰਣਾ ਦਾ ਸੋਮਾ ਬਣ ਸਕਦੇ ਸਨ, ਜਿਵੇਂ ਕਿ ਦੋ ਮਿੰਟੀ ਕੁੱਝ ਸ਼ਬਦ, ਨ ਡਰੋ ਅਰਿ ਸੋ ਜਬਿ ਜਾਇ ਲਰੋ ਨਿਸ਼ਚੈ ਕਰ ਅਪਨੀ ਜੀਤ ਕਰੋਂ... ਅਤ ਹੀ ਰਣ ਮੇਂ ਤਬ ਜੂਝ ਮਰੋ, ਦ੍ਰਿੜ ਆਤਮ ਵਿਸ਼ਵਾਸ ਦਾ ਸ੍ਰੋਤ ਸਾਬਤ ਹੋ ਰਹੇ ਹਨ... ਪਰ... ਪਰ... ਉਸ ਵੇਲੇ ਕਲਮਬੱਧ ਕਰਨ ਲਈ ਸੰਜੇ ਨਹੀਂ ਸੀ।
ਸੁਰਿੰਦਰ ਸਿੰਘ ਓਬਰਾਏ,ਸੰਪਰਕ : 98736-60693