ਕਾਦਰ, ਕੁਦਰਤ ਅਤੇ ਕੋਰੋਨਾ ਵਾਇਰਸ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬਾਬਾ ਨਾਨਕ ਜੀ ਨੇ ਜਪੁਜੀ ਸਾਹਿਬ ਵਿਚ ਬਹੁਤ ਹੀ ਖ਼ੂਬਸੂਰਤ ਤੇ ਭਾਵਪੂਰਤ ਢੰਗ ਨਾਲ ਮਨੁੱਖ ਤੇ ਸਮੁੱਚੀ ਮਾਨਵਤਾ ਨੂੰ ਸੰਦੇਸ਼ ਦਿਤਾ ਸੀ

File Photo

ਬਾਬਾ ਨਾਨਕ ਜੀ ਨੇ ਜਪੁਜੀ ਸਾਹਿਬ ਵਿਚ ਬਹੁਤ ਹੀ ਖ਼ੂਬਸੂਰਤ ਤੇ ਭਾਵਪੂਰਤ ਢੰਗ ਨਾਲ ਮਨੁੱਖ ਤੇ ਸਮੁੱਚੀ ਮਾਨਵਤਾ ਨੂੰ ਸੰਦੇਸ਼ ਦਿਤਾ ਸੀ ਕਿ ਤੁਸੀ ਕਾਦਰ ਤੇ ਕੁਦਰਤ ਦੇ ਸਮਤੋਲ ਵਰਤਾਰੇ ਅਨੁਸਾਰ ਹੀ ਵਿਗਸ ਰਹੇ ਹੋ ਤੇ ਵਿਗਸਦੇ ਰਹਿਣਾ। ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦਿਵਸ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ' ਸਾਰੀ ਕਾਇਨਾਤ ਉਸ ਕਾਦਰ ਦੀ ਸਿਰਜਣਾ ਹੈ। 'ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ' ਸੰਪੂਰਨ ਸਿਰਜਣਾ ਉਸ ਦੇ ਹੁਕਮਾਂ ਦੀ ਪਾਬੰਦ ਹੈ। ਉਸ ਨੂੰ ਚੁਨੌਤੀ ਦੇ ਸਕਣ ਦੀ ਸਮਰੱਕਾ ਕਿਸੇ ਕੋਲ ਨਹੀਂ। 'ਹੁਕਮੈ ਅੰਦਰ ਸਭੁ ਕੋ ਬਾਹਰਿ ਹੁਕਮ ਨ ਕੋਇ' ਬਾਵਜੂਦ ਇਨ੍ਹਾਂ ਸਟੀਕ ਹਕੀਕਤਾਂ ਤੇ ਸੱਚਾਈਆਂ ਦੇ ਇਥੇ ਕਾਦਰ ਤੇ ਕੁਦਰਤ ਨੂੰ ਚੁਨੌਤੀ ਦੇਣ ਵਾਲੇ ਮੂਰਖ, ਹੰਕਾਰੀ, ਪਾਪੀ, ਹਰਾਮਖੋਰ ਲੋਕ ਵਿਚਰਦੇ ਹਨ। ਅਣਮਨੁੱਖੀ ਜ਼ੁਲਮ, ਤਸ਼ੱਦਦ, ਜ਼ਿਆਦਤੀਆਂ ਹੀ ਨਹੀਂ ਬਲਕਿ ਅਣਮਨੁੱਖੀ ਗੰਦਗੀਆਂ ਸੇਵਨ ਕਰਨੋਂ ਬਾਜ਼ ਨਹੀਂ ਆਉਂਦੇ :

ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮਖ਼ੋਰ ਅਸੰਖ ਅਮਰ ਕਰਿ ਜਾਹਿ ਜੋਰ ਅਸੰਖ ਗਲਵਢ ਹਤਿਆ ਕਮਾਹਿ ਅਸੰਖ ਪਾਪੀ ਪਾਪੁ ਕਰਿ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਹਿ ਅਸੰਖ ਮਲੈਛ ਮਲੁ ਭਖਿ ਖਾਹਿ
ਇਸ ਦੇ ਮਾਰੂ ਨਤੀਜੇ ਮਨੁੱਖ ਤੇ ਸਮੁੱਚੀ ਮਾਨਵਤਾ ਸਾਹਮਣੇ ਹਨ। ਆਧੁਨਿਕਤਾ, ਵਿਗਿਆਨ ਤੇ ਵਿਕਾਸ ਦੇ ਨਾਂ ਹੇਠ ਜਿਵੇਂ 20ਵੀਂ ਸਦੀ ਦੀਆਂ ਪਲੇਗ, ਦੋ ਵਿਸ਼ਵ ਜੰਗਾਂ, ਹੜ੍ਹਾਂ ਤੇ ਸੋਕੇ ਆਧਾਰਤ ਸੁਨਾਮੀਆਂ ਤੇ ਮਹਾਂਮਾਰੀਆਂ, ਏਡਜ਼, ਏਬੋਲਾ, ਪੋਲੀਉ ਆਦਿ ਦੇ ਬਾਵਜੂਦ ਇਸ ਮਨੁੱਖ, ਇਸ ਦੀ ਸਿਰਜੀ 'ਰਾਜ' ਨਾਮਕ ਸੰਸਥਾ ਤੇ ਇਸ ਉਤੇ ਕਾਬਜ਼ ਤਾਕਤਵਰ ਸਮਝਦੇ ਮੂਰਖ ਰਾਜਨੀਤੀਵਾਨਾਂ ਨੇ ਜਿਵੇਂ ਕਾਦਰ ਦੀ ਸਿਰਜਣਾ ਪਵਣ, ਪਾਣੀ, ਧਰਤੀ, ਆਕਾਸ਼, ਪਤਾਲ ਆਦਿ ਨੂੰ ਪਲੀਤ ਕੀਤਾ, ਉਸੇ ਦਾ ਨਤੀਜਾ ਕੋਰੋਨਾ ਵਾਇਰਸ-2019 (ਕੋਵਿਡ-19) ਜਹੀਆਂ ਮਹਾਂਮਾਰੀਆਂ ਹਨ। ਇਕ ਅਧਿਐਨ ਅਨੁਸਾਰ ਜੋ ਪਲੀਤਪਣ ਢਾਈ ਹਜ਼ਾਰ ਸਾਲ ਵਿਚ ਹੋਇਆ, ਆਧੁਨਕ ਮਨੁੱਖ ਨੇ ਇਕ ਸਦੀ ਵਿਚ ਕਰ ਦਿਤਾ।

ਅੱਜ ਕਿਥੇ ਹਨ ਮਹਾਂਸ਼ਕਤੀਆਂ ਜਿਨ੍ਹਾਂ ਨੇ ਬਸਤੀਵਾਦੀ ਸਾਮਰਾਜੀ ਜਾਬਰ ਨੀਤੀਆਂ ਰਾਹੀਂ ਪੂਰੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੀ ਕੁਦਰਤੀ ਦੌਲਤ ਨੂੰ ਲੁਟਿਆ ਜਿਸ ਵਿਚ ਅਨੇਕ ਖਣਿਜ ਪਦਾਰਥ ਤੇ ਪੈਦਾਵਾਰਾਂ ਸ਼ਾਮਲ ਹਨ। ਗ਼ੁਲਾਮ ਲੋਕਾਂ ਤੇ ਅਣਮਨੁੱਖੀ ਜ਼ੁਲਮ ਢਾਹੇ, ਸ਼ੋਸ਼ਣ ਕੀਤਾ। ਔਰਤਾਂ ਦੀ ਇੱਜ਼ਤ ਲੁੱਟੀ। ਅਮਰੀਕਾ, ਚੀਨ, ਬਰਤਾਨੀਆ, ਫ਼ਰਾਂਸ, ਇਟਲੀ, ਸਪੇਨ, ਜਰਮਨੀ, ਡੈਨਮਾਰਕ ਆਦਿ ਰਾਸ਼ਟਰਾਂ ਦੇ ਗੋਡੇ ਲਿਵਾ ਕੇ ਰੱਖ ਦਿਤੇ ਹਨ। ਸਾਰੇ ਵਿਸ਼ਵ ਦਾ ਥਾਣੇਦਾ ਅਖਵਾਉਂਦਾ, ਹਰ ਰਾਸ਼ਟਰ ਨੂੰ ਅੱਖਾਂ ਵਿਖਾਉਣ ਵਾਲਾ, ਯੂ.ਐਨ, ਵਿਸ਼ਵ ਮੁਦਰਾ ਕੋਸ਼, ਵਿਸ਼ਵ ਬੈਂਕ ਜਹੀਆਂ ਕੌਮਾਂਤਰੀ ਸੰਸਥਾਵਾਂ ਨੂੰ ਅਪਣੀਆਂ ਰਖੇਲਾਂ ਬਣਾ ਕੇ ਦੂਜੇ ਰਾਸ਼ਟਰਾਂ ਵਿਰੁਧ ਆਰਥਕ ਅਤੇ ਫ਼ੌਜੀ ਪਾਬੰਦੀਆਂ ਆਦਿ ਕਰਨ ਵਾਲਾ, ਗੁਆਂਢੀ ਕੈਨੇਡਾ ਤੇ ਮੈਕਸੀਕੋ ਵਰਗੇ ਕਮਜ਼ੋਰ ਦੇਸ਼ਾਂ ਨਾਲ ਵਪਾਰਕ ਸਮਝੌਤੇ ਤੋੜ ਕੇ ਅਪਣੀ ਮਨਮਰਜ਼ੀ ਦੇ ਸਮਝੌਤੇ ਥੋਪਣ ਵਾਲਾ ਅਮਰੀਕਾ ਤੇ ਇਸ ਦਾ ਹੰਕਾਰੀ ਸ਼ਾਸਕ ਡੋਨਾਲਡ ਟਰੰਪ ਕੋਵਿਡ-19 ਨੇ ਕੱਖੋਂ ਹੌਲੇ ਤੇ ਪਾਣੀਉਂ ਪਤਲੇ ਕਰ ਸੁੱਟੇ ਹਨ।

ਕੋਵਿਡ-19 ਦੇ ਪ੍ਰਕੋਪ ਨੇ ਸਾਬਤ ਕਰ ਦਿਤਾ ਕਿ ਅਮਰੀਕਾ ਅਜੋਕੇ ਵਿਸ਼ਵ ਦਾ ਆਗੂ ਨਹੀਂ ਹੈ। ਉਹ ਤਾਂ ਇਸ ਮਹਾਂਮਾਰੀ ਸਨਮੁੱਖ ਅਪਣਾ ਘਰ ਨਹੀਂ ਬਚਾ ਸਕਿਆ, ਵਿਸ਼ਵ ਦੇ ਦੂਜੇ ਤੇ ਖ਼ਾਸ ਕਰ ਕੇ ਗ਼ਰੀਬ, ਪਛੜੇ ਤੇ ਕਮਜ਼ੋਰ ਦੇਸ਼ਾਂ ਦੀ ਮਦਦ ਤਾਂ ਦੂਰ ਦੀ ਗੱਲ ਹੈ। ਆਧੁਨਿਕ 'ਰਾਜ' ਸੰਸਥਾ ਤੇ ਇਸ ਉਤੇ ਕਾਬਜ਼ ਵਿਸ਼ਵ ਕਾਰਪੋਰੇਟ ਘਰਾਣਿਆਂ ਦੇ ਹੱਥਠੋਕੇ ਸ਼ਾਸਕ ਕੋਵਿਡ-19 ਮਹਾਂਮਾਰੀ ਸਾਹਮਣੇ ਬੁਰੀ ਤਰ੍ਹਾਂ ਹੀਣੇ ਸਾਬਤ ਹੋਏ ਹਨ। ਭਵਿੱਖ ਵਿਚ 'ਰਾਜ' ਸੰਸਥਾ ਦਾ ਸਮੁੱਚਾ ਢਾਂਚਾ ਸਮੁੱਚੇ ਦੇਸ਼ ਦੀ ਜਨਤਾ ਦੀ ਬਰਾਬਰੀ ਭਾਈਵਾਲੀ ਵਾਲਾ ਬਣਾਉਣਾ ਪਵੇਗਾ।

ਪੂਰੇ ਵਿਸ਼ਵ ਦੇ ਰਾਜਾਂ ਨੂੰ ਅਪਣੀ ਸਾਂਝੀਵਾਲਤਾ ਭਰੀ ਇਕ ਅਜਿਹੀ ਕੌਮਾਂਤਰੀ ਸੰਸਥਾ ਦਾ ਨਿਰਮਾਣ ਕਰਨਾ ਪਵੇਗਾ, ਜੋ ਅਜਿਹੀਆਂ ਮਹਾਂਮਾਰੀਆਂ ਦਾ ਮਿਲ ਕੇ ਮੁਕਾਬਲਾ ਕਰਨਯੋਗ ਹੋਵੇ। ਅਜੋਕੇ 'ਰਾਜ' ਦੀ ਅਰਥਵਿਵਸਥਾ ਕੋਵਿਡ-19 ਸਨਮੁਖ ਤਾਲਾਬੰਦੀ ਨੇ ਮੂੰਹ ਭਰਨੇ ਸੁੱਟ ਦਿਤੀ ਹੈ ਜਿਸ ਨੂੰ ਉਭਰਨ ਵਿਚ ਸ਼ਾਇਦ ਅੱਧੀ ਸਦੀ ਲੱਗ ਜਾਵੇ। ਅੰਤਰਰਾਸ਼ਟਰੀ ਮੁਦਰਾ ਕੋਸ਼ ਮੁਖੀ ਦਾ ਸਪੱਸ਼ਟ ਕਹਿਣਾ ਹੈ ਕਿ ਇਤਿਹਾਸ ਵਿਚ ਅਜਿਹੇ ਆਰਥਕ ਸੰਕਟ ਦਾ ਸਾਹਮਣਾ ਅਜੇ ਤਕ ਇਸ ਸੰਸਥਾ ਨੂੰ ਨਹੀਂ ਸੀ ਕਰਨਾ ਪਿਆ। ਯੂ. ਐਨ. ਤੇ ਵਿਸ਼ਵ ਸਿਹਤ ਸੰਸਥਾਵਾਂ ਦਾ ਇਸ ਮਹਾਂਮਾਰੀ ਸਨਮੁੱਖ ਮਨਫ਼ੀ ਯੋਗਦਾਨ ਨਜ਼ਰ ਆ ਰਿਹਾ ਹੈ।

ਜਿਸ ਮਨੁੱਖ ਨੇ ਪਿਛਲੀ ਇਕ ਸਦੀ ਤੋਂ ਵਾਤਾਵਰਣ ਤਬਦੀਲੀਆਂ ਕਰ ਕੇ ਅਚਾਨਕ ਭੂਚਾਲਾਂ, ਹੜ੍ਹਾਂ, ਸੋਕਿਆਂ, ਜਵਾਲਾਮੁਖੀਆਂ, ਭਾਰੀ ਤੂਫ਼ਾਨਾਂ, ਸੁਨਾਮੀਆਂ ਦੇ ਬਾਵਜੂਦ ਸਬਕ ਨਾ ਸਿਖਦਿਆਂ ਪਾਣੀ, ਖਣਿਜ ਪਦਾਰਥਾਂ, ਖਣਿਜ ਤੇਲਾਂ, ਟਿੰਬਰ, ਧਰਤੀ ਦੀ ਭਿਆਨਕ ਖੇਤੀ ਜਾਰੀ ਰੱਖੀ ਭਾਵ ਸ਼ੋਸ਼ਣ ਜਾਰੀ ਰਖਿਆ, ਲਗਜ਼ਰੀ ਕਾਰਾਂ, ਬਹੁ-ਮੰਜ਼ਲੀ ਇਮਾਰਤਾਂ, ਗ਼ੈਰ-ਕੁਦਰਤੀ ਵੰਨ-ਸੁਵੰਨੇ ਕਪੜਿਆਂ, ਇਲੈਕਟ੍ਰਾਨਿਕ ਮਾਰੂ ਵਸਤਾਂ, ਮੋਬਾਈਲਾਂ, ਪ੍ਰਾਸੈਸਿਡ ਫ਼ੂਡ, ਹਰ ਤਰ੍ਹਾਂ ਦੇ ਜੀਵ-ਜੰਤੂ ਦਾ ਭੋਗ ਜਾਰੀ ਰਖਦਿਆਂ ਵਾਤਾਵਰਣ ਬੁਰੀ ਤਰ੍ਹਾਂ ਪਲੀਤ ਕਰਨੋਂ ਬਾਜ਼ ਨਹੀਂ ਆਇਆ, ਉਹ ਕੋਵਿਡ-19 ਅੱਗੇ ਜ਼ੀਰੋ ਹੁੰਦਾ ਵਿਖਾਈ ਦਿਤਾ।

ਦਰਅਸਲ ਮਨੁੱਖ ਕਾਦਰ ਤੇ ਕੁਦਰਤ ਅੱਗੇ ਹਮੇਸ਼ਾ ਜ਼ੀਰੋ ਸੀ, ਜ਼ੀਰੋ ਹੈ ਤੇ ਜ਼ੀਰੋ ਰਹੇਗਾ। ਬਾਵਜੂਦ ਇਸ ਦੇ ਗਲਵੱਢ ਹਤਿਆ ਕਮਾਉਣੋਂ, ਚੋਰੀ, ਡਾਕੇ, ਭ੍ਰਿਸ਼ਟਾਚਾਰੀ, ਮੁਨਾਫ਼ਾਖੋਰੀ, ਹਰਾਮਖ਼ੋਰੀ ਤੇ ਜਮ੍ਹਾਂਖੋਰੀ ਤੋਂ ਬਾਜ਼ ਨਹੀਂ ਆਉਂਦਾ। ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਅਫ਼ਗਾਨਿਸਤਾਨ ਵਿਚ ਸਿੱਖ ਘੱਟ-ਗਿਣਤੀ ਦੇ ਕਤਲ, ਤਬਲੀਗ਼ੀਵਾਦ ਅਪਰਾਧ, ਅਮਰੀਕੀ ਪ੍ਰਧਾਨ ਟਰੰਪ ਵਲੋਂ ਈਰਾਨ ਉਤੇ ਹਮਲੇ ਦੀਆਂ ਭਬਕੀਆਂ ਮਾਰਨੋਂ ਬਾਜ਼ ਨਹੀਂ ਆਉਂਦਾ। ਇਸੇ ਦੌਰਾਨ ਉੱਤਰੀ ਕੋਰੀਆ ਦਾ ਨੌਜੁਆਨ ਤਾਨਾਸ਼ਾਹ ਕਿਮ ਜੋਂਗ ਉਨ ਬਲਾਸਟਕ ਮਿਸਾਈਲਾਂ ਦੇ ਟੈਸਟ ਕਰ ਰਿਹਾ ਹੈ। ਕੋਵਿਡ-19 ਮਹਾਂਮਾਰੀ ਦਾ ਜਨਮਦਾਤਾ ਇਸ ਸਬੰਧੀ ਅਪਣਾ ਮਾਰੂ ਤਜ਼ਰਬਾ ਅਤੇ ਜਾਣਕਾਰੀ ਵਿਸ਼ਵ ਨਾਲ ਸਾਂਝੀ ਨਹੀਂ ਕਰ ਰਿਹਾ ਜੋ ਕੌਮਾਂਤਰੀ ਅਪਰਾਧ ਹੈ।

ਕਾਦਰ ਤੇ ਕੁਦਰਤ ਦੇ ਅਪਰਾਧੀ ਮਨੁੱਖ, ਮਹਾਂਸ਼ਕਤੀਆਂ ਤੇ ਦੂਜੇ ਤਾਕਤਵਰ ਦੇਸ਼ਾਂ ਨੂੰ ਕੋਵਿਡ-19 ਨੇ ਜ਼ਰਾ ਵੀ ਸੰਭਲਣ ਦਾ ਮੌਕਾ ਨਾ ਦਿਤਾ। 'ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ।' ਹਾਲਤ ਇਹ ਰਹੀ ਕਿ ਅਮਰੀਕਾ ਵਰਗੀ ਮਹਾਂਸ਼ਕਤੀ ਕੋਲ ਆਮ ਲੋਕਾਂ ਦੇ ਡਾਕਟਰੀ ਸਟਾਫ਼ ਲਈ ਲੋੜੀਂਦੇ ਮਾਸਕ, ਦਸਤਾਨੇ, ਪੀ.ਪੀ.ਈ. ਕਿੱਟ, ਵੈਂਟੀਲੇਟਰ, ਇਕਾਂਤਵਾਸ ਲਈ ਹਸਪਤਾਲ, ਬੈੱਡ ਨਹੀਂ ਸਨ। ਨਰਸਾਂ ਤੇ ਡਾਕਟਰ ਨੌਕਰੀਆਂ ਛੱਡਣ ਲੱਗੇ ਜਾਂ ਵਿਰੋਧ ਕਰਨ ਲੱਗੇ। ਇਵੇਂ ਪੂਰਾ ਵਿਸ਼ਵ ਇਸ ਦੀ ਕੋਈ ਦਵਾਈ ਨਾ ਹੋਣ ਕਰ ਕੇ ਸਮਾਜਕ ਦੂਰੀ ਦਾ ਸਹਾਰਾ ਲੈਂਦੇ ਤਾਲਾਬੰਦੀ ਲਈ ਮਜਬੂਰ ਹੋ ਗਿਆ।

ਇਸੇ ਦੌਰਾਨ ਇਕ ਖ਼ੁਸ਼ਖ਼ਬਰੀ ਇਹ ਵੀ ਮਿਲੀ ਕਿ ਬਰਤਾਨੀਆ ਦੇ ਵਿਗਿਆਨੀਆਂ ਵਲੋਂ ਕੋਰੋਨਾ ਵਾਇਰਸ ਲਈ ਸੰਭਾਵਿਤ ਵੈਕਸੀਨ ਨੂੰ ਵਿਕਸਤ ਕਰਨ ਦਾ ਦਾਅਵਾ ਕੀਤਾ ਹੈ ਤੇ ਇਸ ਦੇ ਅਸਰਦਾਰ ਹੋਣ ਬਾਰੇ ਜੂਨ ਜਾਂ ਜੁਲਾਈ ਮਹੀਨੇ ਤਕ ਨਤੀਜੇ ਸਾਹਮਣੇ ਆ ਜਾਣਗੇ। ਇਸ ਤਾਲਾਬੰਦੀ ਨੇ ਰਾਸ਼ਟਰੀ ਤੇ ਕੌਮਾਂਤਰੀ ਪੱਧਰ ਦੀ ਅਰਥਵਿਵਸਥਾ ਠੱਪ ਕਰ ਕੇ ਰੱਖ ਦਿਤੀ। ਅਮਰੀਕਾ ਸਮੇਤ ਸਰਮਾਏਦਾਰ ਰਾਸ਼ਟਰ ਗ਼ਰੀਬ, ਬੇਰੁਜ਼ਗਾਰ, ਘਰ ਅੰਦਰ ਕੈਦ ਲੋਕਾਂ ਲਈ ਅੰਨ-ਪਾਣੀ ਦਾ ਪ੍ਰਬੰਧ ਕਰਨੋਂ ਬੇਜ਼ਾਰ ਨਜ਼ਰ ਆਏ। ਲੋਕ ਭੁੱਖੇ, ਤਿਹਾਏ ਤੇ ਹੋਰ ਮਾਰੂ ਬੀਮਾਰੀਆਂ ਨਾਲ ਵਿਲਕਣ ਲਈ ਮਜਬੂਰ ਹੋ ਗਏ।

ਕਈ ਦੇਸ਼ਾਂ ਦੇ 112 ਤੋਂ14 ਸਾਲਾ ਬਜ਼ੁਰਗ ਵਿਲਕ ਉੱਠੇ ਕਿ ਉਨ੍ਹਾਂ ਅਪਣੀ ਜ਼ਿੰਦਗੀ ਵਿਚ ਅਜਿਹੀ ਭਿਆਨਕ ਲਾਇਲਾਜ ਮਹਾਂਮਾਰੀ ਕਦੇ ਨਹੀਂ ਸੀ ਵੇਖੀ। ਵਿਸ਼ਵ ਦੇ 8 ਉਹ ਅਮੀਰ ਵਿਅਕਤੀ ਜਿਨ੍ਹਾਂ ਪਾਸ 3.8 ਬਿਲੀਅਨ ਗ਼ਰੀਬ ਲੋਕਾਂ ਜਿੰਨੀ ਦੌਲਤ ਹੈ, ਘਰਾਂ ਵਿਚ ਕੈਦ ਹੋ ਕੇ ਜੀਵਨ ਦੀ ਭੀਖ ਮੰਗਣ ਲਈ ਮਜਬੂਰ ਹੋ ਗਏ। ਹਰ ਰਾਜ ਰੋਜ਼ਾਨਾ ਮੌਤਾਂ ਦੇ ਢੇਰ ਤੋਂ ਡਰਦਾ ਅਪਣੇ ਸ਼ਹਿਰੀਆਂ ਨੂੰ ਪੁਲਿਸ ਜਬਰੀ ਅੰਦਰ ਧੱਕਣ ਲੱਗੀ। ਪਰ ਜਿਥੇ ਅਗਾਂਹਵਧੂ ਮਾਨਵਵਾਦੀ ਤੇ ਮਨੁੱਖੀ ਜਾਨਾਂ ਦੀ ਪ੍ਰਵਾਹ ਕਰਨ ਵਾਲੇ ਸੂਬਿਆਂ ਨੇ 6 ਤੋਂ 10 ਫ਼ੀ ਸਦੀ ਜੀ.ਡੀ.ਪੀ. ਦੇ ਖ਼ਜ਼ਾਨੇ ਖੋਲ੍ਹ ਦਿਤੇ, ਭਾਰਤ ਨੇ ਅਪਣੀ 210 ਲੱਖ ਕਰੋੜ ਅਰਥਵਿਵਸਥਾ ਦਾ ਸਿਰਫ਼ ਇਕ ਫ਼ੀ ਸਦੀ ਤੋਂ ਘੱਟ ਖ਼ਜ਼ਾਨਾ ਹੀ ਲੋਕਾਂ ਲਈ ਖੋਲ੍ਹਿਆ।

ਸਨਅਤਾਂ ਤੇ ਵਪਾਰ ਠੱਪ ਹੋਣ ਕਰ ਕੇ 15 ਤੋਂ 20 ਕਰੋੜ ਮਜ਼ਦੂਰ ਬੇਰੁਜ਼ਗਾਰ ਹੋ ਗਏ। ਢਾਈ ਤੋਂ ਤਿੰਨ ਕਰੋੜ ਗ਼ਰੀਬ, ਬੇਰੁਜ਼ਗਾਰ, ਪਛੜੇ, ਕਬਾਇਲੀ ਅਜਿਹੇ ਹਨ ਜਿਨ੍ਹਾਂ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਅੰਨ-ਪਾਣੀ ਨਹੀਂ ਪਹੁੰਚਾ ਸਕੀਆਂ। ਖੇਤੀ ਵਿਚ ਲੱਗੀ 23 ਕਰੋੜ ਕਿਸਾਨੀ ਉਤੇ ਸੰਕਟ ਮੰਡਰਾ ਰਿਹਾ ਹੈ। ਦੇਸ਼ ਕੋਲ 6 ਲੱਖ ਟਨ ਅਨਾਜ ਗੁਦਾਮਾਂ ਵਿਚ ਤੇ ਰੱਬੀ ਦੀ ਫ਼ਸਲ ਬੰਪਰ ਹੋਣ ਦੇ ਬਾਵਜੂਦ ਕੋਵਿਡ-19 ਦੀ ਮਾਰ ਲੋਕਾਂ ਨੂੰ ਅਨਾਜ, ਸਬਜ਼ੀਆਂ, ਦਾਲਾਂ ਤੇ ਘਰੇਲੂ ਸਮਾਨ ਦਾ ਪ੍ਰਬੰਧ ਕਰਨ ਵਿਚ ਅੜਿੱਕਾ ਬਣੀ ਬੈਠੀ। ਡਰ ਇਹ ਹੈ ਕਿ ਕਿਤੇ ਬੇਰੁਜ਼ਗਾਰੀ, ਬੇਕਾਰ ਨੌਜੁਆਨੀ ਤੇ ਭੁੱਖ ਮਾਰੂ ਹਿੰਸਾ ਦਾ ਤਾਂਡਵ ਰੂਪ ਨਾ ਧਾਰਨ ਕਰ ਲਏ। ਇਹੀ ਹਾਲ ਸਾਰੇ ਦੇਸ਼ਾਂ ਦਾ ਹੈ।

ਅੱਜ ਕੋਈ ਵੀ ਜੋਤਿਸ਼ੀ, ਹਾਫ਼ਿਜ਼, ਪੁਜਾਰੀ, ਜਾਦੂਗਰ, ਧਰਮ ਗੁਰੂ ਨਜ਼ਰ ਨਹੀਂ ਆਉਂਦਾ। ਕੋਵਿਡ-19 ਨੇ ਇਨ੍ਹਾਂ ਦਾ ਪਾਖੰਡ ਜੱਗ-ਜ਼ਾਹਰ ਕਰ ਦਿਤਾ ਹੈ। ਮਰਨ ਤੋਂ ਡਰਦੇ ਇਹ ਸੱਭ ਅੰਦਰੀਂ ਦੜੇ ਪਏ ਹਨ। ਜਪੁਜੀ ਸਾਹਿਬ ਦਾ ਸੱਚ ਵਿਗਸ ਰਿਹਾ ਹੈ। 'ਥਿਤਿ ਵਾਰ ਨਾ ਜੋਗੀ ਜਾਣੈ ਰੁਤਿ ਮਾਹੁ ਨ ਕੋਈ£ ਜਾ ਕਰਤਾ ਸਿਰਠੀਂ ਕਉ ਸਾਜੇ ਆਪੇ ਜਾਣੈ ਸੋਈ' ਹੁਣ ਉਸ ਕਰਤਾਰ ਦਾ ਹੁਕਮ ਚੱਲ ਰਿਹਾ ਹੈ 'ਜਿਵ ਜਿਵ ਹੁਕਮੁ ਤਿਵੈ ਤਿਵ ਕਾਰ।' ਹੁਣ ਮਨਮਰਜ਼ੀ ਠੱਪ ਹੋ ਗਈ ਹੈ।  ਹੁਣ ਪਵਣ, ਪਾਣੀ, ਧਰਤ ਨੇ ਸੁੱਖ ਦਾ ਸਾਹ ਲਿਆ ਹੈ। ਜ਼ਹਿਰੀਲੀ ਦਿੱਲੀ, ਭਾਰਤ ਦੀ ਆਰਥਕ ਰਾਜਧਾਨੀ ਮੁੰਬਈ, ਚੇਨਈ, ਕਲਕੱਤਾ ਵਰਗੇ ਕਈ ਭਾਰਤੀ ਸ਼ਹਿਰ ਪ੍ਰਦੂਸ਼ਣ ਮੁਕਤ ਹੋ ਗਏ। ਜਲੰਧਰ ਤੋਂ 210 ਕਿਲੋਮੀਟਰ ਧੌਲਧਾਰ ਪਹਾੜ ਅਪਣੀ ਕੁਦਰਤੀ ਖ਼ੂਬਸੂਰਤੀ ਬਿਖੇਰ ਰਹੇ ਹਨ।

ਸਮੁੰਦਰ ਜਹਾਜ਼ਰਾਨੀ ਹਲਚਲ ਤੋਂ ਆਜ਼ਾਦ ਹੋ ਗਏ ਹਨ। ਦਰਿਆ ਰੇਤ-ਬਜਰੀ ਧਾੜਵੀਆਂ ਤੋਂ ਮੁਕਤ ਹੋ ਗਏ ਹਨ। ਸਮੁੰਦਰੀ ਬੀਚਾਂ ਮੁਸਕਰਾ ਉੱਠੀਆਂ ਹਨ। ਆਕਾਸ਼ ਵਿਚ ਧਰੂ ਤਾਰਾ, ਸਪਤ ਰਿਸ਼ੀ, ਸਰਵਣ ਦੀ ਵਹਿੰਗੀ ਤੇ ਹੋਰ ਅਨੇਕ ਤਾਰੇ ਅਠਖੇਲੀਆਂ ਕਰਦੇ ਟਿਮਟਿਮਾ ਰਹੇ ਹਨ। ਜ਼ਿੰਦਗੀ ਕੋਵਿਡ-19 ਤੋਂ ਸਹਿਮੀ ਕਾਦਰ ਤੇ ਕੁਦਰਤ ਦੇ ਅਜਬ ਨਜ਼ਾਰੇ ਵੇਖ ਕੇ ਹੈਰਾਨ ਹੈ ਕਿ ਕਾਸ਼! ਕੋਵਿਡ-19 ਬਾਅਦ ਉਸ ਨੂੰ ਪੂਰਾ ਵਿਸ਼ਵ ਪ੍ਰਦੂਸ਼ਣ ਮੁਕਤ ਕੁਦਰਤੀ ਖ਼ੂਬਸੂਰਤੀ ਨਾਲ ਸਰਸ਼ਾਰ ਮਿਲੇ। ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਇਨਸਾਨ ਕਾਦਰ ਤੇ ਕੁਦਰਤ ਦੀ ਰਜ਼ਾ ਵਿਚ ਵਿਗਸਣਾ ਸਿਖੇਗਾ ਜਾਂ ਫਿਰ ਹੈਵਾਨੀਅਤ ਧਾਰ ਲਵੇਗਾ। ਅਜੋਕੇ ਰਾਜ ਦਾ ਵਰਤਾਰਾ ਮਨੁੱਖ ਨੂੰ ਹਲੇਮੀਵਾਦੀ, ਸਹਿਹੋਂਦਵਾਦੀ, ਬਰਾਬਰੀਵਾਦੀ, ਮਾਨਵਵਾਦੀ ਕਮਿਊਨ ਵਜੋਂ ਬਦਲਣਾ ਪਵੇਗਾ। ਪਰ ਜੇ ਬਾਜ਼ ਨਾ ਆਇਆ ਤਾਂ ਕੋਵਿਡ-19 ਤੋਂ ਵੀ ਭੈੜੇ ਵਿਨਾਸ਼ ਲਈ ਤਿਆਰ ਰਹੇ।
ਸੰਪਰਕ : 94170-94034