ਕੋਰੋਨਾ, ਤਾਲਾਬੰਦੀ ਤੇ ਦੇਸ਼ ਦੀ ਆਰਥਕ ਸਥਿਤੀ
ਸੰਸਾਰ ਦੇ ਵੱਡੇ-ਵੱਡੇ ਵਿਕਾਸਸ਼ੀਲ ਦੇਸ਼ ਅਨੇਕਾਂ ਖੋਜਾਂ ਕਰ ਕੇ ਲੋਕਾਈ ਨੂੰ ਮਿਟਾਉਣ ਦੇ ਮਾਰੂ ਹਥਿਆਰ ਈਜਾਦ ਕਰ ਰੱਖੇ ਹਨ।
ਸੰਸਾਰ ਦੇ ਵੱਡੇ-ਵੱਡੇ ਵਿਕਾਸਸ਼ੀਲ ਦੇਸ਼ ਅਨੇਕਾਂ ਖੋਜਾਂ ਕਰ ਕੇ ਲੋਕਾਈ ਨੂੰ ਮਿਟਾਉਣ ਦੇ ਮਾਰੂ ਹਥਿਆਰ ਈਜਾਦ ਕਰ ਰੱਖੇ ਹਨ। ਇਸੇ ਤਰ੍ਹਾਂ ਅਜਕਲ ਦੁਨੀਆਂ ਤੇ ਫੈਲੀ ਕੋਰੋਨਾ ਵਾਇਰਸ ਨਾਂ ਦੀ ਮਹਾਂਮਾਰੀ ਨੇ ਇਹੋ ਜਹੇ ਵਿਕਾਸਸ਼ੀਲ ਦੇਸ਼ਾਂ ਨੂੰ ਪੜ੍ਹਨੇ ਪਾਇਆ ਹੋਇਆ ਹੈ। ਉਨ੍ਹਾਂ ਮੁਲਕਾਂ ਵਿਚ ਜਿਥੇ ਹਰ ਬੀਮਾਰੀ ਦਾ ਤੋੜ ਕੱਢਣ ਲਈ ਇਕ ਤੋਂ ਇਕ ਨੁਸਖਾ ਮੌਜੂਦ ਹੈ, ਉਥੇ ਇਨ੍ਹਾਂ ਦੇਸ਼ਾਂ ਦਾ ਹੀ ਅੱਜ ਵੱਧ ਨੁਕਸਾਨ ਹੋਇਆ ਹੈ।
ਅਮਰੀਕਾ, ਇਟਲੀ, ਫ਼ਰਾਂਸ, ਸਪੇਨ ਤੇ ਚੀਨ ਸਮੇਤ ਪੂਰੀ ਦੁਨੀਆਂ ਦੇ ਲਗਭਗ 95 ਫ਼ੀ ਸਦੀ ਦੇਸ਼ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਹਨ। ਇਨ੍ਹਾਂ ਦੇਸ਼ਾਂ ਕੋਲ ਸਿਖਰਲੇ ਦਰਜੇ ਦੀਆਂ ਸਿਹਤ ਸਹੂਲਤਾਂ ਹੋਣ ਕਾਰਨ ਵੀ ਇਹ ਅਪਣੇ ਲੋਕਾਂ ਨੂੰ ਬਚਾਉਣ ਵਿਚ ਅਸਫ਼ਲ ਰਹੇ ਹਨ। ਤੀਜੀ ਮਹਾਂਸ਼ਕਤੀ ਵਜੋਂ ਉਭਰੇ ਚੀਨ ਤੋਂ ਉਠੇ ਇਸ ਮਾਰੂ ਵਾਇਰਸ ਨਾਲ ਦੁਨੀਆਂ ਭਰ ਦੇ ਦੇਸ਼ ਅਪਣੇ ਨਾਗਰਿਕਾਂ ਨੂੰ ਬਚਾਉਣ ਲਈ ਹਰ ਹੀਲਾ ਵਰਤ ਰਹੇ ਹਨ। ਅੱਜ ਸਿਹਤ ਸਹੂਲਤਾਂ ਲਈ ਦਵਾਈਆਂ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਘਾਟ ਮਹਿਸੂਸ ਹੋਣ ਲੱਗੀ ਹੈ।
ਸਰਕਾਰਾਂ ਵਲੋਂ ਇਸ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਤਾਲਾਬੰਦੀ ਤੇ ਆਪਸੀ ਦੂਰੀ ਦੇ ਨਾਲ-ਨਾਲ ਸੁਰੱਖਿਅਤ ਰਹਿਣ ਲਈ ਹੋਰ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਲੋਕ ਅਪਣੇ ਆਪ ਨੂੰ ਇਸ ਤੋਂ ਬਚਾਉਣ ਲਈ ਸਰਕਾਰ ਵਲੋਂ ਦਿਤੇ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ। ਇਸ ਮਹਾਂਮਾਰੀ ਦਾ ਲੋਕਾਂ ਦੀ ਸਿਹਤ ਦੇ ਨਾਲ-ਨਾਲ ਦੇਸ਼ ਦੀ ਆਰਥਕ ਸਥਿਤੀ ਉਤੇ ਵੀ ਮਾੜਾ ਅਸਰ ਪਿਆ ਹੈ। ਦੁਨੀਆਂ ਭਰ ਵਿਚ ਅਪਣੀ ਕਰੰਸੀ ਦਾ ਲੋਹਾ ਮਨਵਾਉਣ ਵਾਲੇ ਦੇਸ਼ਾਂ ਨੂੰ ਵੀ ਅਰਥਵਿਵਸਥਾ ਬਚਾਉਣ ਲਈ ਦੋ-ਚਾਰ ਹੋਣਾ ਪੈ ਰਿਹਾ ਹੈ।
ਇਨ੍ਹਾਂ ਸਾਰੇ ਹਾਲਾਤ ਨਾਲ ਘੁਲਦਿਆਂ ਸਰਕਾਰ ਨੇ ਵੀ ਤਾਲਾਬੰਦੀ ਦੀ ਨੀਤੀ ਅਪਣਾਈ ਜਿਸ ਦਾ ਬਹੁਤ ਵੱਡਾ ਸਾਰਥਕ ਅਸਰ ਵੇਖਣ ਨੂੰ ਮਿਲਿਆ। ਕਈ ਸੂਬਿਆਂ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਹੋਣ ਕਾਰਨ ਕਰਫ਼ਿਊ ਵੀ ਲਗਾਇਆ ਗਿਆ ਜਿਸ ਨਾਲ ਹੋਰ ਦੇਸ਼ਾਂ ਦੇ ਮੁਕਾਬਲੇ ਇਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇ ਮੌਤ ਦਰ ਵੀ ਕਾਫ਼ੀ ਘੱਟ ਹੈ। ਸਰਕਾਰ ਵਲੋਂ ਤਾਲਾਬੰਦੀ ਸਮੇਂ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਅਸਲ ਜ਼ਮੀਨੀ ਸਚਾਈ ਕੁੱਝ ਹੋਰ ਹੀ ਹੈ। ਸਰਕਾਰ ਵਲੋਂ ਭਾਰਤ ਦੀ 80 ਕਰੋੜ ਜਨਤਾ ਨੂੰ ਰਾਸ਼ਨ ਮੁਹਈਆ ਕਰਵਾਉਣ ਦਾ ਵੀ ਐਲਾਨ ਕੀਤਾ ਗਿਆ।
ਕੇਂਦਰ ਸਰਕਾਰ ਵਲੋਂ ਕੀਤੇ ਇਨ੍ਹਾਂ ਵੱਡੇ ਐਲਾਨਾਂ ਤੋਂ ਬਾਅਦ ਲੋਕਾਂ ਨੂੰ ਇਨ੍ਹਾਂ ਦੀ ਅਸਲ ਵੰਡ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਦੀ ਆਉਂਦੀ ਹੈ। ਸੂਬਾ ਸਰਕਾਰ ਵੀ ਅਪਣੇ-ਅਪਣੇ ਪੱਧਰ ਉਤੇ ਲੋਕਾਂ ਨੂੰ ਹਰ ਸਹੂਲਤ ਮੁਹਈਆ ਕਰਾਉਣ ਲਈ ਜ਼ੋਰ ਲਗਾ ਰਹੀ ਹੈ ਪਰ ਇਸ ਦੀ ਅਸਲ ਜਮੀਨੀ ਹਕੀਕਤ ਵੀ ਕੁਝ ਹੋਰ ਹੈ। ਸਰਕਾਰ ਵਲੋਂ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਦੂਜੇ ਦੇਸ਼ਾਂ ਤੋਂ ਟੈਸਟ ਕਿੱਟਾਂ ਤੇ ਸਮੱਗਰੀ ਮੰਗਵਾਈ ਜਾ ਰਹੀ ਹੈ।
ਕੁੱਝ ਸਮਾਂ ਪਹਿਲਾਂ ਸਰਕਾਰ ਨੇ ਚੀਨ ਤੋਂ ਟੈਸਟ ਕਿੱਟਾਂ ਮੰਗਵਾਈਆਂ। ਇਨ੍ਹਾਂ ਬਾਰੇ ਵੀ ਅਦਾਲਤ ਵਿਚ ਕੇਸ ਚਲਿਆ ਜਿਸ ਉਤੇ ਅਦਾਲਤ ਨੇ ਇਸ ਦਾ ਮੁੱਲ ਨਿਰਯਾਤ ਮੁੱਲ ਅਨੁਸਾਰ ਤੈਅ ਕੀਤਾ। ਇਸ ਤੋਂ ਬਾਅਦ ਇਸ ਤੋਂ ਪਰਦਾ ਉਠਿਆ ਜਿਸ ਦੀ ਅਸਲ ਜ਼ਮੀਨੀ ਹਕੀਕਤ ਕੁੱਝ ਹੋਰ ਹੈ। ਇਸ ਮਹਾਂਮਾਰੀ ਕਾਰਨ ਜਿਥੇ ਵਪਾਰੀ, ਦੁਕਾਨਦਾਰ ਦਾ ਵੱਡਾ ਨੁਕਸਾਨ ਹੋਇਆ, ਉਥੇ ਦਿਹਾੜੀਦਾਰ, ਮਜ਼ਦੂਰ ਵਰਗ ਸੱਭ ਤੋਂ ਵੱਧ ਪ੍ਰਭਾਵਤ ਹੋਇਆ ਹੈ।
ਸਾਡੀ ਸਰਕਾਰ ਵਲੋਂ ਕੀਤੀ ਤਾਲਾਬੰਦੀ ਤੋਂ ਬਾਅਦ ਲੀਹੋਂ ਲੱਥੀ ਆਮ ਆਦਮੀ ਦੀ ਜ਼ਿੰਦਗੀ ਦੀ ਮੂੰਹੋਂ ਬੋਲਦੀ ਤਸਵੀਰ ਜੱਗ ਜ਼ਾਹਰ ਹੈ। ਅੱਜ ਸਾਡੇ ਦੇਸ਼ ਵਿਚ ਤਾਲਾਬੰਦੀ ਤੋਂ ਬਾਅਦ ਜੀਵਨ ਹੌਲੀ-ਹੌਲੀ ਪਟੜੀ ਉਤੇ ਪਰਤ ਰਿਹਾ ਹੈ ਪਰ ਦੇਸ਼ ਦੀ ਆਰਥਕ ਹਾਲਤ ਤੋਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਦੇਸ਼ ਨੂੰ ਅਪਣੇ ਪੈਰਾਂ ਉਤੇ ਖੜਾ ਹੋਣ ਲਈ ਹਾਲੇ ਕਾਫ਼ੀ ਸਮਾਂ ਲੱਗੇਗਾ।
ਅੰਮ੍ਰਿਤਪਾਲ ਸਿੰਘ, ਸੰਪਰਕ : 9592174901