ਕਦੇ ਹਰ ਸਿੱਖ ਵਿਚ "ਜਉ ਤਉ ਪ੍ਰੇਮ ਖੇਲਣ ਕਾ ਚਾਉ ॥" ਵਾਲੇ ਫ਼ਲਸਫ਼ੇ ਦਾ ਜਜ਼ਬਾ ਹੁੰਦਾ ਸੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਗੁਰਦਵਾਰਿਆਂ ਵਿਚ ਗੁਰਬਾਣੀ ਦੇ ਧਾਰਨੀ ਸਿੰਘਾਂ ਦੀ ਥਾਂ ਮਨਮੱਤੀਏ ਮਹੰਤ ਕਾਬਜ਼ ਕਰਵਾਏ ਗਏ, ਜਿਨ੍ਹਾਂ ਨੇ ਗੁਰਦਵਾਰਿਆਂ ਨੂੰ ਅਯਾਸ਼ੀ ਦੇ ਅੱਡੇ ਬਣਾ ਲਿਆ।

Sikh

ਅੰਗਰੇਜ਼ਾਂ ਨੇ ਪੰਜਾਬ ਤੇ ਕਾਬਜ਼ ਹੁੰਦਿਆਂ ਹੀ ਸੱਭ ਤੋਂ ਪਹਿਲਾਂ ਸਿੱਖ ਕੌਮ ਨੂੰ ਅਪਣੇ ਗੁਰਬਾਣੀ ਦੇ ਉੱਚੇ ਸੁੱਚੇ ਸਿਧਾਂਤ ਤੋਂ ਦੂਰ ਕਰਨ ਲਈ, ਸਿੱਖਾਂ ਦੀ ਸ਼ਕਤੀ ਦੇ ਸੋਮੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੀ ਮਰਯਾਦਾ ਨੂੰ ਤਹਿਸ ਨਹਿਸ ਕਰਨ ਦਾ ਫ਼ੈਸਲਾ ਕੀਤਾ ਜਿਸ ਤਹਿਤ ਉਨ੍ਹਾਂ ਗੁਰਦਵਾਰਾ ਪ੍ਰਬੰਧ ਵਿਚ ਅਪਣਾ ਗ਼ਲਬਾ ਕਾਇਮ ਕਰਨ ਨੂੰ ਪਹਿਲ ਦਿਤੀ। ਗੁਰਦਵਾਰਿਆਂ ਵਿਚ ਗੁਰਬਾਣੀ ਦੇ ਧਾਰਨੀ ਸਿੰਘਾਂ ਦੀ ਥਾਂ ਮਨਮੱਤੀਏ ਮਹੰਤ ਕਾਬਜ਼ ਕਰਵਾਏ ਗਏ, ਜਿਨ੍ਹਾਂ ਨੇ ਗੁਰਦਵਾਰਿਆਂ ਨੂੰ ਅਯਾਸ਼ੀ ਦੇ ਅੱਡੇ ਬਣਾ ਲਿਆ। ਉਪਰੋਂ ਅੰਗਰੇਜ਼ ਹਕੂਮਤ ਵਲੋਂ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਦੇ ਇਵਜ਼ ਵਿਚ ਮਿਲਦੀ ਆਰਥਕ ਮਦਦ ਨੇ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ।

ਮਹੰਤਾਂ ਨੇ ਅਪਣੇ ਐਸ਼ੋ ਆਰਾਮ ਦੀ ਪੂਰਤੀ ਲਈ ਬ੍ਰਾਹਮਣੀ ਕਰਮਕਾਂਡਾਂ ਨੂੰ ਸਿੱਖੀ ਸਿਧਾਂਤਾਂ ਵਿਚ ਰਲਗੱਡ ਕਰ ਲਿਆ ਤੇ ਕਰਮਕਾਂਡ ਸਿੱਖੀ ਤੇ ਭਾਰੂ ਪੈ ਗਏ ਜਿਹੜੇ ਮੁੜ ਕੇ ਕਦੇ ਵੀ ਵੱਖ ਨਾ ਕੀਤੇ ਜਾ ਸਕੇ। ਦੂਜਾ ਅੰਗਰੇਜ਼ ਹਕੂਮਤ ਵਲੋਂ ਕੌਮ ਨੂੰ ਸ਼ਾਨਾਂਮੱਤੇ ਸਿੱਖ ਇਤਿਹਾਸ ਤੋਂ ਹਨੇਰੇ ਵਿਚ ਰੱਖਣ ਦੇ ਵੀ ਉਪਰਾਲੇ ਕੀਤੇ ਗਏ ਤਾਕਿ ਕਦੇ ਵੀ ਸਿੱਖ ਮਨਾਂ ਵਿਚ ਬਗ਼ਾਵਤ ਦੀ ਤਾਂਘ ਪੈਦਾ ਹੀ ਨਾ ਹੋ ਸਕੇ। ਖ਼ਾਲਸਾ ਰਾਜ ਦੇ ਗ਼ੱਦਾਰ ਡੋਗਰਿਆਂ ਤੇ ਲਾਲਚੀ ਤੇ ਈਰਖਾਵਾਦੀ ਆਗੂਆਂ ਦੀ ਬਦੌਲਤ ਸ਼ੇਰ-ਏ-ਪੰਜਾਬ ਦਾ ਵਿਸ਼ਾਲ ਸਿੱਖ ਰਾਜ ਦਰਦਨਾਕ ਹਾਲਾਤ ਵਿਚ ਖ਼ਤਮ ਹੋ ਗਿਆ। ਸ਼ੇਰ-ਏ-ਪੰਜਾਬ ਦੀ ਛੋਟੀ ਰਾਣੀ ਜਿੰਦ ਕੌਰ ਨੂੰ ਅੰਗਰੇਜ਼ਾਂ ਨੇ ਕੈਦ ਕਰ ਲਿਆ ਤੇ ਉਸ ਦੇ ਪੁੱਤਰ ਤੇ ਸਿੱਖ ਰਾਜ ਦੇ ਆਖ਼ਰੀ ਵਾਰਸ ਮਹਾਰਾਜਾ ਦਲੀਪ ਸਿੰਘ ਨੂੰ ਮਾਂ ਤੋਂ ਖੋਹ ਕੇ ਇੰਗਲੈਂਡ ਭੇਜ ਦਿਤਾ ਜਿਥੇ ਉਸ ਨੂੰ ਈਸਾਈ ਬਣਾ ਕੇ ਸਿੱਖ ਧਰਮ ਤੋਂ ਦੂਰ ਕਰ ਦਿਤਾ ਗਿਆ। 

ਆਜ਼ਾਦੀ ਤੋਂ ਬਾਅਦ ਆਜ਼ਾਦ ਭਾਰਤ ਦੇ ਨਵੇਂ ਸ਼ਾਸਕਾਂ ਨੇ ਅੰਗਰੇਜ਼ਾਂ ਤੋਂ ਵੀ ਦੋ ਕਦਮ ਅੱਗੇ ਪੁਟਦਿਆਂ ਗੁਰਦਵਾਰਾ ਪ੍ਰਬੰਧ ਵਿਚ ਘੁਸਪੈਠ ਦੇ ਨਾਲ ਨਾਲ ਪੰਜਾਬ ਵਿਚ ਡੇਰਾਵਾਦ ਨੂੰ ਉਤਸਾਹਿਤ ਕੀਤਾ। ਉਹੀ ਡੇਰਾਵਾਦ ਪੰਜਾਬ ਵਿਚ ਸਿੱਖੀ ਨੂੰ ਘੁਣ ਵਾਂਗ ਲੱਗ ਗਿਆ ਹੈ, ਜਿਹੜਾ ਪੰਜਾਬ ਅੰਦਰ ਸਿੱਖੀ ਲਈ ਸੱਭ ਤੋਂ ਵੱਡਾ ਖ਼ਤਰਾ ਬਣ ਕੇ ਮੰਡਰਾ ਰਿਹਾ ਹੈ। ਇਸ  ਤੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਸਿੱਖੀ ਸਰੂਪ ਵਿਚ ਚੱਲ ਰਹੇ ਵੱਖ-ਵੱਖ ਸੰਪਰਦਾਵਾਂ ਦੇ ਡੇਰੇ ਵੀ ਗੁਰਬਾਣੀ ਦੇ ਸਿਧਾਂਤ ਨਾਲ ਜੋੜਨ ਦੀ ਬਜਾਏ ਅਪਣੀ-ਅਪਣੀ ਮਰਯਾਦਾ ਚਲਾ ਕੇ ਅਪਣੀ-ਅਪਣੀ ਟੀ.ਆਰ.ਪੀ. ਵਧਾਉਣ ਵਿਚ ਲੱਗੇ ਹੋਏੇ ਹਨ। ਇਨ੍ਹਾਂ ਦੀ ਹਉਮੈ ਤੇ ਲਾਲਚੀ ਮਾਨਸਿਕਤਾ ਨੇ  ਕੌਮ ਨੂੰ ਵੰਡਣ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ।

ਸਿੱਖੀ ਸਿਧਾਂਤਾਂ ਅਨੁਸਾਰ ਸਾਡੇ ਸੰਤ ਮਹਾਂਪੁਰਸ਼ ਸਮੇਂ-ਸਮੇਂ ਅਨੁਸਾਰ ਸਿਪਾਹੀ ਤੇ ਸਿਪਾਹਸਲਾਰ ਦੀ ਭੂਮਿਕਾ ਵੀ ਨਿਭਾਉਂਦੇ ਰਹੇ ਹਨ ਪਰ ਅੱਜ ਸਾਰਾ ਕੁੱਝ ਹੀ ਸਿੱਖੀ ਵਿੱਚ ਬਦਲਿਆ-ਬਦਲਿਆ ਵਿਖਾਈ ਦਿੰਦਾ ਹੈ। ਸਿੱਖ ਬਾਬੇ ਗੁਰਬਾਣੀ ਦੀ ਓਟ ਲੈ ਕੇ ਅਯਾਸ਼ੀ  ਕਰਦੇ ਹਰ ਰੋਜ਼ ਚਰਚਾ ਵਿਚ ਆਉਂਦੇ ਰਹਿੰਦੇ ਹਨ। ਕਿਤੇ-ਕਿਤੇ ਕਿਸੇ ਬਾਬੇ ਦੇ ਡੇਰੇ ਤੋਂ ਗੁਰਬਾਣੀ ਦੇ ਸਿਧਾਂਤਾਂ ਦੀ ਗੱਲ ਹੁੰਦੀ ਜ਼ਰੂਰ  ਹੈ ਪਰ ਜਦੋਂ ਸਿਧਾਂਤਾਂ ਦੀ ਰਾਖੀ ਕਰਨ ਦਾ ਸਮਾਂ ਆਉਂਦਾ ਹੈ ਤਾਂ  ਰਾਖੀ  ਲਈ ਕੁਰਬਾਨੀਆਂ ਆਮ ਗ਼ਰੀਬੜੇ ਸਿੱਖਾਂ ਨੂੰ ਹੀ ਦੇਣੀਆਂ ਪੈਂਦੀਆਂ ਹਨ। ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਭਾਈ ਮਨੀ ਸਿੰਘ ਵਰਗਾ ਗ੍ਰੰਥੀ ਨਹੀਂ ਦਿਸਦਾ ਜਿਹੜਾ ਕੌਮ ਨੂੰ ਬਚਾਉਣ ਲਈ ਬੰਦ-ਬੰਦ ਕਟਵਾਉਣ ਨੂੰ ਪਹਿਲ  ਦਿੰਦਾ ਹੋਵੇ, ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਬਾਬਾ ਫੂਲਾ ਸਿੰਘ ਵਰਗੇ ਯੋਧੇ ਜਰਨੈਲ ਦੀ ਗਰਜ ਕੌਮ ਨੂੰ ਸੁਣਾਈ ਦਿਤੀ ਹੈ, ਜਿਹੜਾ ਸ਼ੇਰ-ਏ-ਪੰਜਾਬ ਵਰਗੇ ਸ਼ਕਤੀਸ਼ਾਲੀ ਮਹਾਰਾਜੇ ਨੂੰ ਸਜ਼ਾ ਦੇਣ ਦੀ ਹਿੰਮਤ ਰਖਦਾ ਹੋਵੇ ਤੇ ਕੌਮ ਪ੍ਰਤੀ ਸੱਚਾ ਪਿਆਰ ਤੇ ਇਮਾਨਦਾਰੀ ਵੀ ਏਨੀ ਕੁ ਹੋਵੇ ਕਿ ਲੋੜ ਪੈਣ ਤੇ ਖ਼ਾਲਸਾ ਰਾਜ ਦੀ ਰਾਖੀ ਖ਼ਾਤਰ ਜਾਨ ਤਕ ਵਾਰ ਜਾਵੇ। ਹੁਣ ਸਮਾਂ ਕੌਮ ਲਈ ਬੇਹਦ ਘਾਤਕ ਚੱਲ ਰਿਹਾ ਹੈ।

ਕਦੇ ਉਹ ਵੀ ਸਮਾਂ ਸੀ ਜਦੋਂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਵਲੋਂ 9ਵੇਂ ਗੁਰੂ ਦੇ ਬਕਾਲੇ ਵਿਚ ਹੋਣ ਦੀ ਗੱਲ ਆਖੀ ਜਾਂਦੀ ਹੈ ਤਾਂ ਸਿੱਖਾਂ ਅੰਦਰ ਗੁਰੂ ਨੂੰ ਲੱਭਣ ਦਾ ਤੌਖਲਾ ਪੈਦਾ ਹੁੰਦਾ ਹੈ। ਇਕ ਸਿੱਖ ਵਪਾਰੀ ਮੱਖਣ ਸ਼ਾਹ ਲੁਬਾਣਾ ਗੁਰੂ ਨੂੰ ਲੱਭਣ ਬਕਾਲੇ ਪਹੁੰਚ ਜਾਂਦਾ ਹੈ। ਅੱਗੇ ਕੀ ਵੇਖਦਾ ਹੈ ਕਿ ਉਥੇ ਪਹਿਲਾਂ ਹੀ ਆਪੇ ਬਣੇ ਗੁਰੂਆਂ ਦੀਆਂ ਕਈ ਮੰਜੀਆਂ ਲਗੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ ਸੱਚੇ ਗੁਰੂ ਨੂੰ ਲੱਭਣਾ  ਸਾਧਾਰਣ ਸਿੱਖ ਦੇ ਵੱਸ ਦੀ ਗੱਲ ਨਹੀਂ ਹੁੰਦੀ। ਅਜਿਹੀ ਸਖ਼ਤ ਪ੍ਰੀਖਿਆ ਵਿਚੋਂ ਪਾਸ ਹੋਣਾ ਮੱਖਣ ਸ਼ਾਹ ਲੁਬਾਣੇ ਵਰਗੇ ਸੱਚੇ ਕਿਰਤੀ ਸਿੱਖ ਦੇ ਹਿੱਸੇ ਹੀ ਆਉਂਦਾ ਹੈ ਜਿਸ ਵਲੋਂ 9ਵੇਂ ਗੁਰੂ ਦੇ ਰੂਪ ਵਿਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਲੱਭ ਕੇ ‘ਗੁਰ ਲਾਧੋ ਰੇ’ ਦਾ ਹੋਕਾ ਦਿਤਾ ਪਰ ਮੌਜੂਦਾ ਸਮੇਂ ਵਿਚ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਅੱਜ ਥਾਂ-ਥਾਂ ਬਣੇ ਡੇਰਿਆਂ ਵਿਚ ਬੈਠੇ ਰੱਬ ਦੀ ਪਛਾਣ ਕੌਣ ਕਰੇਗਾ?

ਕਿਹੜਾ ਹੈ ਉਹ ਸੱਚਾ ਗੁਰੂ ਦਾ ਸਿੱਖ ਜਿਹੜਾ ਕਈ ਮੰਜੀਆਂ ਤੋਂ ਵੀ ਸ਼ਕਤੀਸ਼ਾਲੀ ਹੋਏ ਡੇਰਿਆਂ ਵਿਚ ਆਰਥਕ, ਮਾਨਸਕ ਤੇ ਸ੍ਰੀਰਕ ਸ਼ੋਸ਼ਣ ਕਰਵਾਉਂਦੇ ਭੋਲੇ ਭਾਲੇ ਸਿੱਖਾਂ ਨੂੰ ਗੁਰੂ ਦੀ ਮੱਤ ਦੇ ਕੇ ਸਿੱਖੀ ਸਿਧਾਂਤਾਂ ਨਾਲ ਜੋੜ ਸਕੇ? ਅੱਜ ਲੋੜ ਹੈ ਕੁਰਾਹੇ ਪਈ ਕੌਮ ਨੂੰ ਗੁਰਬਾਣੀ ਦੇ ਸਿਧਾਂਤ ਨਾਲ ਜੋੜਨ ਦੀ ਤੇ ਅਪਣੇ  ਖ਼ੂਨ ਲਿਬੜੇ ਇਤਿਹਾਸ ਦੀ ਗਾਥਾ ਦਾ ਵਰਨਣ ਹਰ ਸਿੱਖ ਦੇ ਘਰ-ਘਰ ਤਕ ਜਾ ਕੇ ਕਰਨ ਦੀ ਤਾਕਿ ਕੌਮ ਅੰਦਰ ਮੁੜ ਤੋਂ  ਅਪਣਾ ਵਿਰਾਸਤੀ ਜਜ਼ਬਾ ਅੰਗੜਾਈ ਭਰ ਜਾਵੇ ਤੇ ਲੋੜ ਪੈਣ ਤੇ ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਦੀ ਤਾਂਘ ਹਰ ਸਿੱਖ ਦੇ ਅੰਦਰ ਪੈਦਾ ਹੋ ਸਕੇ। ਜਦੋਂ ਇਹ ਤਾਂਘ ਸਿੱਖ ਦੇ ਮਨ ਅੰਦਰ ਪੈਦਾ ਹੋ ਜਾਵੇਗੀ, ਫਿਰ ਉਨ੍ਹਾਂ ਨੂੰ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ਦੇ ਮਹਾਨ ਫ਼ਲਸਫ਼ੇ ਤੇ ਚੱਲਣ ਦੀ ਸਮਝ ਵੀ ਖ਼ੁਦ-ਬ-ਖ਼ੁਦ ਆ ਜਾਵੇਗੀ।  

ਬਘੇਲ ਸਿੰਘ ਧਾਲੀਵਾਲ                    
ਸੰਪਰਕ : 99142-58142