ਪਾਣੀ ਹੈ ਸਾਡੀ ਜ਼ਿੰਦਗੀ ਦਾ ਹਾਣੀ, ਸਮਾਂ ਰਹਿੰਦੇ ਸਾਂਭ ਲਉ ਨਹੀ ਤਾਂ ਸਮਝੋ ਉਲਝੀ ਪਈ ਏ ਤਾਣੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪਾਣੀ ਦੁਨੀਆਂ 'ਚ ਅਨਮੋਲ ਦਾਤ ਦਾ ਕੁਦਰਤੀ ਖਜ਼ਾਨਾ ਹੈ | ਜੀਵਨ ਦੀ ਹੋਂਦ ਪਾਣੀ ਤੋਂ ਬਿਨਾਂ ਬਿਲਕੁਲ ਅਸੰਭਵ ਹੈ |

Save Water

ਪਾਣੀ ਦੁਨੀਆਂ 'ਚ ਅਨਮੋਲ ਦਾਤ ਦਾ ਕੁਦਰਤੀ ਖਜ਼ਾਨਾ ਹੈ | ਜੀਵਨ ਦੀ ਹੋਂਦ ਪਾਣੀ ਤੋਂ ਬਿਨਾਂ ਬਿਲਕੁਲ ਅਸੰਭਵ ਹੈ | ਧਰਤੀ ਤੇ ਪਾਣੀ ਦੀ ਅਹਿਮੀਅਤ ਬਾਣੀ ਵਿਚ ਵੀ ਦਰਸਾਈ ਗਈ ਹੈ ''ਪਵਣ ਗੁਰੂ, ਪਾਣੀ ਪਿਤਾ ਮਾਤਾ ਧਰਤ ਮਹਤ¨'' ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀ ਅੱਤ ਦਰਜੇ ਦੀ ਪਾਣੀ ਦੀ ਬਰਬਾਦੀ ਗੁਰੂ ਘਰਾਂ 'ਚ ਰੋਜ਼ਾਨਾ ਕਰਦੇ ਹਾਂ | ਗੁਰੂ ਘਰਾਂ ਦੇ ਸੰਗਮਰਮਰਾਂ ਦੇ ਫ਼ਰਸ਼ਾ ਨੂੰ  ਰਗੜ ਰਗੜ ਧੋਂਦੇ ਹਾਂ, ਬੇਹਿਸਾਬ ਹਜ਼ਾਰਾਂ ਲੀਟਰ ਪਾਣੀ ਸਮਰਸੀਬਲ ਮੋਟਰ ਚਲਾ ਕੇ ਨਾਲੀਆਂ 'ਚ ਰੋੜ੍ਹ ਕੇ ਆਉਂਦੇ ਹਾਂ ਜਿੱਥੇ ਕੇਵਲ ਪੋਚਾ ਲਗਾ ਕੇ ਸਰ ਸਕਦਾ ਹੈ | ਭਾਂਡੇ ਧੋਣ ਵਾਲੀ ਥਾਂ ਲੰਗਰਾਂ 'ਚ ਵੀ ਬਹੁਤ ਜ਼ਿਆਦਾ ਸੇਵਾ ਭਾਵਨਾ ਦੇ ਵਹਿਣ 'ਚ ਪਾਣੀ ਵਹਾ ਦਿਤਾ ਜਾਂਦਾ ਹੈ | 

ਇੰਜ ਹੀ ਮੈਂ ਹਰਿਮੰਦਰ ਸਾਹਿਬ ਗਿਆ ਹੋਇਆ ਸੀ | ਮੈਂ ਤੇਜਾ ਸਿੰਘ ਸਮੁੰਦਰੀ ਹਾਲ ਵਲੋਂ ਦਰਬਾਰ ਸਾਹਿਬ ਵਲ ਜਾ ਰਿਹਾ ਸੀ | ਮੰਜੀ ਸਾਹਿਬ ਹਾਲ ਦੇ ਸਾਹਮਣੇ ਜਾ ਰਿਹਾ ਸੀ ਤਾਂ ਵੇਖਿਆ ਕਿ ਪੈਰ ਧੋਣ ਲਈ ਬਣੇ ਚੁਬੱਚੇ 'ਚ ਇਕ ਇੰਚ ਦੀ ਨਲ ਚਲ ਰਹੀ ਸੀ | ਮੈਂ ਬਰਛੇ ਵਾਲੇ ਭਾਈ ਸਾਹਿਬ ਨੂੰ  ਕਿਹਾ ਇਹ ਤੁਸੀ ਚੁਬੱਚਾ ਭਰਨ ਲਈ ਚਲਾਈ ਹੈ? ਪਾਣੀ ਰੋਕਣਾ ਹੈ ਤਾਂ ਮੋੋਰੀ 'ਚ ਲੀਰ ਲਾ ਦਿਉ, ਸਾਰਾ ਪਾਣੀ ਤਾਂ ਬਾਹਰ ਨਿਕਲ ਰਿਹਾ ਹੈ | ਸਿੰਘ ਕਹਿੰਦਾ ਇਹ ਐਦਾਂ ਹੀ ਰਹਿੰਦਾ ਹੈ | ਮੈਂ ਕਿਹਾ, ''ਉਹ ਕਿਉਂ? ਪਾਣੀ ਫ਼ਜ਼ੂਲ ਜਾ ਰਿਹਾ ਹੈ | ਇਹ ਖੇਤਾਂ ਨੂੰ  ਜਾ ਰਿਹੈ?

ਕਹਿੰਦਾ ''ਨਹੀਂ'' | ਮੈਂ ਕਿਹਾ ਫਿਰ ਪਾਣੀ ਬੰਦ ਕਰੋ | ਇਸ ਤਰ੍ਹਾਂ ਤਾਂ ਦਿਹਾੜੀ 'ਚ ਹਜ਼ਾਰਾਂ ਲੀਟਰ ਪਾਣੀ ਬਰਬਾਦ ਹੋ ਜਾਵੇਗਾ | ਭਾਈ ਸਾਹਿਬ ਕਹਿੰਦੇ ਸੰਗਤ ਸ਼ਿਕਾਇਤ ਕਰ ਦਿੰਦੀ ਹੈ | ਸਾਡੀ ਨੌਕਰੀ ਦਾ ਖ਼ਤਰਾ ਹੋ ਜਾਂਦੈ | ਮੈਂ ਕਿਹਾ ਜੀ ਫਿਰ ਦੋ ਚਾਰ ਘੰਟੇ ਬਾਅਦ ਬਦਲ ਦਿਆ ਕਰੋ | ਉਸ ਨੇ ਮੇਰੀ ਗੱਲ ਅਣਸੁਣੀ ਕਰ ਦਿਤੀ | 

ਕੀ ਸਾਡਾ ਬੌਧਕ ਪੱਧਰ ਐਨਾ ਕੁ ਹੀ ਹੈ? ਫਿਰ ਅਸੀ ਕਾਹਦੇ ਗੁਰੂ ਦੇ ਸਿੱਖ ਹਾਂ? ਕਹਿਣ ਤੋਂ ਭਾਵ ਗੁਰੂ ਘਰਾਂ 'ਚ ਕੋਈ ਹਿਸਾਬ ਨਹੀਂ ਕਿ ਕਿੰਨਾ ਪਾਣੀ ਖ਼ਰਾਬ ਕੀਤਾ ਜਾ ਰਿਹਾ ਹੈ | ਇਸ ਵਿਸ਼ੇ ਤੇ ਕਿਤੇ ਕੋਈ ਵਿਚਾਰ ਚਰਚਾ ਨਹੀਂ ਹੋ ਰਹੀ | ਠੀਕ ਹੈ ਸਫ਼ਾਈ ਵੀ ਜ਼ਰੂਰੀ ਹੈ ਪਰ ਪਹਿਲਾਂ ਅਪਣੀ ਮਤ ਸਾਫ਼ ਕਰੋ, ਸਫ਼ਾਈ ਦੇ ਢੰੰਗ ਤਰੀਕੇ ਆਪੇ ਬਦਲ ਜਾਣਗੇ | ਪਾਣੀ ਦੀ ਅਹਿਮੀਅਤ ਨੂੰ  ਕੋਈ ਸਮਝਦਾ ਹੀ ਨਹੀਂ | ਸਾਰੀ ਦੁਨੀਆਂ ਪੈਸੇ ਪਿੱਛੇ ਪਈ ਹੈ | ਗੁਰੂ ਧਾਮਾਂ ਵਾਲੇ ਵੀ ਸੰਗਤ ਟੁੱਟ ਨਾ ਜਾਵੇ, ਕੁੱਝ ਨਹੀਂ ਕਹਿੰਦੇ, ਜੋ ਹੁੰਦੈ ਬਸ ਹੋਈ ਜਾਣ ਦਿਉ | ਪਾਣੀ ਦੀ ਅਹਿਮੀਅਤ ਮਾਰੂਥਲਾਂ 'ਚ ਜਾ ਕੇ ਵੇਖੋ |

ਇਸ ਤੋਂ ਪਹਿਲਾਂ ਦੇ ਸਮੇਂ 'ਚ ਖੂਹਾਂ, ਟੋਭਿਆਂ ਦਾ ਪਾਣੀ ਹੀ ਘਰੇਲੂ ਵਰਤੋਂ 'ਚ ਲਿਆ ਜਾਂਦਾ ਸੀ | ਉਸ ਨਾਲ ਪਾਣੀ ਦੀ ਫ਼ਜ਼ੂਲ ਖ਼ਰਚੀ ਦੀ ਗੁੰਜ਼ਾਇਸ਼ ਬਾਕੀ ਨਹੀਂ ਰਹਿੰਦੀ ਸੀ | ਕਪੜੇ ਧੋਣ ਆਦਿ ਕੰਮਾਂ ਦੀ ਵਰਤੋਂ ਲਈ ਉਕਤ ਸਾਧਨ ਹੀ ਵਰਤੋਂ ਯੋਗ ਸਨ | ਜਿੱਥੇ ਸਾਰਾ ਪਿੰਡ ਅਪਣੀਆਂ ਪਾਣੀ ਦੀਆਂ ਜ਼ਰੂਰਤਾਂ ਨੂੰ  ਪੂਰਾ ਕਰਦਾ ਸੀ | ਪਸ਼ੂਆਂ ਨੂੰ   ਵੀ ਖੂਹਾਂ 'ਚੋਂ ਕਢਿਆ ਪਾਣੀ ਪਿਆਉਂਦੇ, ਨਹਾਉਂਦੇ ਸਨ ਜਾਂ ਟੋੋਭਿਆਂ ਦਾ ਪਾਣੀ ਹੁੰਦਾ ਸੀ | ਹੌਲੀ-ਹੌਲੀ ਸਮਾਂ ਬਦਲਿਆ ਤੇ ਨਲਕੇ ਲੱਗ ਗਏ | ਨਲਕੇ ਰਾਹੀਂ ਪਾਣੀ ਦੀ ਵਰਤੋਂ ਕਰਨ ਨਾਲ ਪਾਣੀ ਦੀ ਵਰਤੋਂ ਲੋੜ ਅਨੁਸਾਰ ਹੀ ਹੁੰਦੀ ਸੀ | ਨਲਕਾ ਗੇੜਾਂਗੇ ਤਾਂ ਪਾਣੀ ਨਿਕਲੇਗਾ, ਨਹੀਂ ਬੰਦ ਰਹੇਗਾ | 

ਪਾਣੀ ਦੀ ਲੋਕ ਪੂਜਾ ਕਰਦੇ ਸਨ ਜੋ ਅੱਜ ਵੀ ਪ੍ਰਚਲਤ ਹੈ | ਕਿਸੇ ਨਾ ਕਿਸੇ ਰੂਪ 'ਚ ਅੱਜ ਵੀ ਪਿੰਡਾਂ ਵਿਚ ਲੋਕ ਖੂਹਾਂ, ਮੋਟਰਾਂ 'ਤੇ ਮੱਥਾ ਟੇਕਦੇ ਹਨ ਜਿਹੜਾ ਕੋਈ ਵਹਿਮ ਨਹੀਂ, ਸਿਆਣੇ ਲੋਕਾਂ ਦੀ ਕਾਢ ਹੈ | ਉਨ੍ਹਾਂ ਪਾਣੀ ਬਚਾਉਣ ਲਈ ਉਸ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ  ਇਹ ਕਰਨ ਲਈ ਪ੍ਰੇਰਿਆ ਹੋਣੈ ਤਾਂ ਜੋ ਪਾਣੀ ਦੀ ਰਾਖੀ ਕੀਤੀ ਜਾ ਸਕੇ, ਆਪੇ ਪਾਣੀ ਦੀ ਸੰਭਾਲ ਰਖਣਗੇ | ਪਰ ਅੱਜ ਪੁਰਾਣੀ ਪਿਰਤ ਵਾਂਗ ਮੱਥੇ ਤਾਂ ਟੇਕੇ ਜਾਂਦੇ ਹਨ ਪਰ ਮਕਸਦ ਭੁੱਲ ਗਏ | ਪਾਣੀ ਦੀ ਬੱਚਤ ਨਾਂ-ਮਾਤਰ ਲੋਕ ਹੀ ਕਰਦੇ ਹਨ |

ਅੱਜ ਦੀ ਗੱਲ ਕਰੀਏ ਤਾਂ ਘਰੇਲੂ ਲੋੜਾਂ 'ਚ ਹੀ ਪਾਣੀ ਦੀ ਫ਼ਜ਼ੂਲ ਖ਼ਰਚੀ ਦਾ ਕੋਈ ਤੋੜਾ ਨਹੀਂ | ਹੁਣ ਤਾਂ ਘਰ ਘਰ ਸਬਮਰਸੀਬਲ ਮੋਟਰਾਂ ਅਸੀ ਅਪਣੀ ਸੌਖ ਲਈ ਲਗਾ ਰਖੀਆਂ ਹਨ | ਜੇ ਸਰਕਾਰੀ ਟੂਟੀ ਖ਼ਰਾਬ ਹੋ ਜਾਵੇ ਤਾਂ ਪਾਣੀ ਬੇਸ਼ਕ ਵਗਦਾ ਰਹੇ ਪਰ ਅਸੀ ਐਨੇ ਢੀਠ ਹਾਂ ਕਿ 50 ਰੁਪਏ ਦੀ ਨਵੀਂ ਟੂਟੀ ਨਹੀਂ ਲਗਾ ਸਕਦੇ | ਹਰ ਘਰ ਦਾ ਲਗਭਗ ਇਹੀ ਹਾਲ ਹੈ | ਨਹਾਉਣ ਸਮੇਂ ਸਾਨੂੰ ਲੋੜ ਤੋਂ ਵੱਧ ਵਰਤੋਂ ਨਹੀਂ ਕਰਨੀ ਚਾਹੀਦੀ ਪਰ ਸ਼ਾਇਦ ਬਹੁਤ ਘੱਟ ਲੋਕੀਂ ਨੇ ਜਿਹੜੇ ਪਾਣੀ ਨੂੰ  ਬਚਾਉਣ ਦਾ ਯਤਨ ਕਰਦੇ ਹੋਣਗੇ | 

ਪੂਰੇ ਪੰਜਾਬ ਵਿਚ ਲਗਭਗ ਇਕ ਕਰੋੜ ਛਿਆਲੀ ਲੱਖ ਮਰਦਾਂ ਦੀ ਗਿਣਤੀ ਦੱਸੀ ਜਾਂਦੀ ਹੈ | ਪੂਰੇ ਪੰਜਾਬ 'ਚ ਤਕਰੀਬਨ 99 ਫ਼ੀ ਸਦੀ ਲੋਕ ਅੱਜ ਦੇ ਸਮੇਂ ਵਿਚ ਫ਼ਲੱਸ਼ ਵਰਤਦੇ ਹੋਣਗੇ | ਉਕਤ ਅੰਕੜਿਆਂ ਅਨੁਸਾਰ ਜੇ ਆਪਾਂ ਘੱਟੋ ਘੱਟ ਲਾਈਏ ਤਾਂ ਇਕ ਕਰੋੜ ਮਰਦ ਫ਼ਲੱਸ਼ ਦੀ ਵਰਤੋਂ ਕਰਦੇ ਹੋਣਗੇ | ਹੁਣ ਇਕ ਮਰਦ 50 ਲੀਟਰ ਪਾਣੀ ਇਕਲਾ ਪਿਸ਼ਾਬ ਕਰਨ ਤੇ ਰੋੜ੍ਹ ਦਿੰਦਾ ਹੈ | ਇਕ ਦਿਨ 'ਚ ਤਾਂ (ਇਕ ਕਰੋੜ ਮਰਦ) ਪੰਜਾਹ ਕਰੋੜ ਲੀਟਰ ਪਾਣੀ ਹਰ ਰੋਜ਼ ਮਰਦ ਪਿਸ਼ਾਬ ਕਰਨ 'ਤੇ ਹੀ ਡੋਲ ਦਿੰਦੇ ਹਨ | ਇਹ ਇਕੱਲੇ ਮਰਦਾਂ ਦੇ ਹਿੱਸੇ ਦਾ ਹਿਸਾਬ ਹੈ | ਇਸ ਦਾ ਦਸਵਾਂ ਹਿੱਸਾ ਆਪਾਂ ਪੀਂਦੇ ਨਹੀ ਹੋਣੇ ਦਿਹਾੜੀ ਵਿਚ | ਇਸ ਦਾ ਮਤਲਬ ਹਰ ਰੋਜ਼ ਅਸੀ ਅਰਬਾਂ ਖ਼ਰਬਾਂ ਲੀਟਰ ਪਾਣੀ ਅਪਣੀ ਬੇਸਮਝੀ ਕਾਰਨ ਨਾਲੀਆਂ 'ਚ ਹੀ ਰੋੜ੍ਹ ਦਿੰਦੇ ਹਾਂ |

ਅਸੀ ਸਬਮਰਸੀਬਲ ਮੋਟਰਾਂ ਚਲਾ ਕੇ ਗੱਡੀਆਂ ਅਲੱਗ ਧੋਂਦੇ ਹਾਂ | ਪਹਿਲਾਂ ਤਾਂ ਮੋਟਰ ਛੱਡ ਕਾਰ ਧੋਣਾ ਹੀ ਸਹੀ ਨਹੀਂ |  ਕਾਰ ਤੇ ਕਪੜਾ ਮਾਰਨ ਲੱਗੇ ਮੋਟਰ ਬੰਦ ਹੀ ਨਹੀਂ ਕਰਦੇ | ਪਾਣੀ ਨਿਕਲਦਾ ਰਹਿੰਦੈ, ਕੋਈ ਪ੍ਰਵਾਹ ਨਹੀਂ | ਮੈ ਰੋਕਦਾ ਟੋਕਦਾ ਤੇ ਦਲੀਲ ਨਾਲ ਸਮਝਾਉਣ ਦੀ ਕੋਸ਼ਿਸ਼ ਵੀ ਕਰਦਾ ਰਹਿੰਦਾ ਹਾਂ ਪਰ ਕੌਣ ਸਮਝਦਾ ਹੈ? ਅਗਲਾ ਕਹਿੰਦੈ ਇਹ ਵਾਲਾ ਪਾਣੀਆਂ ਦਾ ਰਾਖਾ ਬਣੀ ਫਿਰਦੈ | Tਇਕ ਹੋਵੇ ਕਮਲਾ ਤਾਂ ਸਮਝਾਏੇ ਵਿਹੜਾ, ਵਿਹੜਾ ਹੋ ਜਾਵੇ ਕਮਲਾ ਤਾਂ ਸਮਝਾਏ ਕਿਹੜਾ |

ਬਾਥਰੂਮਾਂ ਤੇ ਰਖੀਆਂ 500/1000 ਲੀਟਰ ਦੀਆਂ ਟੈਂਕੀਆਂ ਓਵਰਫਲੋ ਹੋ ਕੇ ਉਛਲਦੀਆਂ ਰਹਿੰਦੀਆਂ ਹਨ, ਬਾਲ ਅਸੀ ਲਗਾਉਣੀ ਨਹੀਂ | ਮੇਰਾ ਮੰਨਣਾ ਹੈ ਕਿ ਜਿਹੜੀ ਐਸ.ਵਾਈ.ਐਲ ਨਹਿਰ ਨੇ ਸੈਕੜੇ ਲੋਕਾਂ ਦੀ ਜਾਨ ਲੈ ਲਈ ਹੁਣ ਤਕ, ਅਸੀ ਲੜਦੇ ਆ ਰਹੇ ਹਾਂ ਤੇ ਰਾਜਨੇਤਾ ਇਸ ਗੱਲ ਨੂੰ  ਮੁੱਦਾ ਬਣਾ, ਲੋਕਾਂ ਦੀਆਂ ਭਾਵਨਾਵਾਂ ਨੂੰ  ਲੁੱਟ ਕੇ ਲੈ ਜਾਂਦੇ ਹਨ | ਉਹ ਨਹਿਰ ਸਾਡੇ ਵਲੋਂ ਰੋੜੇ੍ਹ ਜਾ ਰਹੇ ਫ਼ਜ਼ੂਲ ਪਾਣੀ ਨਾਲ ਹੀ ਸਾਰੀ ਭਰ ਜਾਵੇਗੀ | ਭਾਵ ਅਸੀ ਖ਼ੁਦ ਪਾਣੀ ਦੀ ਕੀਮਤ ਤੋਂ ਬੇਖ਼ਬਰ ਹਾਂ | 

ਸਰਕਾਰਾਂ ਤਾਂ ਸਾਡੀਆਂ ਹੈ ਹੀ ਦੁਸ਼ਮਣ ਨੇ | ਪੰਜ ਦਰਿਆਵਾਂ ਦੀ ਧਰਤੀ ਕਹਾਉਣ ਵਾਲੇ ਪੰਜਾਬ ਤੋਂ ਪਹਿਲਾਂ ਹੀ ਤਿੰਨ ਦਰਿਆ ਖੋਹ ਲਏ ਤੇ ਜਿਹੜੇ ਰਹਿ ਗਏ ਉਨ੍ਹਾਂ ਵਿਚੋਂ ਵੀ ਸਾਨੂੰ ਨਹਿਰੀ ਪਾਣੀ ਖੇਤਾਂ ਨੂੰ  ਨਹੀਂ ਦਿਤਾ ਜਾ ਰਿਹਾ | ਧਰਤੀ ਹੇਠਲਾ ਪਾਣੀ ਦਿਨ ਪ੍ਰਤੀ ਦਿਨ ਹੇਠਾਂ ਜਾ ਰਿਹਾ ਹੈ | ਪਿਛਲੇ ਝੋਨੇ ਦੇ ਸੀਜ਼ਨ 'ਚ ਬਰਸਾਤ ਨਾ ਪੈਣ ਕਾਰਨ, ਔੜ ਲੱਗ ਜਾਣ ਕਾਰਨ ਖੇਤਾਂ ਦੀਆਂ ਸਬਮਰਸੀਬਲ ਮੋਟਰਾਂ 'ਚ ਸਾਡੇ ਵਲ ਪੰਜ ਤੋਂ ਦਸ ਦਸ ਫ਼ੁੱਟ ਦੇ ਟੋਟੇ ਪਏ ਹਨ | ਮੀਂਹ  ਦਾ ਪਾਣੀ ਸਾਂਭਣ ਦਾ ਕੋਈ ਅਸੀ ਸਾਧਨ ਨਹੀਂ ਬਣਾਇਆ, ਉਹ ਐਵੇਂ ਰੁੜ੍ਹ ਜਾਂਦਾ ਹੈ | ਅੱਜ ਦੇ ਯੁੱਗ 'ਚ ਐਨੇ ਸਾਧਨ ਹੋਣ 'ਤੇ ਵੀ ਪ੍ਰਾਚੀਨ ਕਾਲ ਵਿਚ ਰਾਜਿਆਂ ਨੇ ਮੀਂਹ ਦਾ ਪਾਣੀ ਸਾਂਭਣ ਲਈ ਬੁਹੁਤ ਵੱਡੇ-ਵੱਡੇ ਟੈਂਕਰ ਬਣਾਏ ਹੁੰਦੇ ਸਨ | ਉਹ ਗੱਲ ਵਖਰੀ ਹੈ ਕਿ ਉਸ ਸਮੇਂ ਧਰਤੀ ਹੇਠਲਾ ਪਾਣੀ ਕੱਢਣ ਦੇ ਸਾਧਨ ਨਹੀਂ ਹੋਣਗੇ | ਜਿਹੜਾ ਹੈ ਅਸੀ ਉਹ ਨਹੀਂ ਸਾਂਭ ਰਹੇ | ਮੀਂਹ ਵਾਲਾ ਪਾਣੀ ਸਾਂਭਣਾ ਤਾਂ ਹਾਸੋਹੀਣੀ ਗੱਲ ਹੈ ਸਾਡੇ ਲਈ |

ਕਿਸੇ ਸਮੇਂ ਸਤਲੁਜ ਦਰਿਆ ਦੇ ਪਾਣੀ ਦੀ ਹੱਦ ਕਹਿੰਦੇ ਸਾਡੇ ਪਿੰਡਾਂ ਤਕ ਲਗਦੀ ਸੀ ਜੋ ਅੱਜ ਸਾਡੇ ਪਿੰਡਾਂ ਤੋਂ ਤਕਰੀਬਨ ਦਸ ਕਿਲੋਮੀਟਰ ਤੇ ਪਹੁੰਚ ਗਈ ਹੈ | ਫਿਰ ਕਹਿੰਦੇ ਬਥੇਰਾ ਪਾਣੀ ਹੈ ਪੰਜਾਬ ਕੋਲ | ਸੰਸਾਰ 'ਚ ਹਾਲੇ ਵੀ 780 ਮਿਲੀਅਨ ਲੋਕ ਸਾਫ਼ ਪਾਣੀ ਤੋਂ ਵਿਰਵੇ ਹਨ | ਅੰਤ 'ਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਸਭ ਨੂੰ  ਹੀ ਪਾਣੀ ਦੀ ਸਾਂਭ ਸੰਭਾਲ ਲਈ ਯਤਨ ਕਰਦੇ ਹੋਏ ਜ਼ਿੰਮੇਵਾਰੀ ਨੂੰ  ਘਨੇੜੀ ਚੁੱਕ ਕੇ ਪਾਣੀ ਨੂੰ  ਸਾਂਭਣ ਦੀ ਬੇਹੱਦ ਲੋੜ ਹੈ |

ਨਹੀਂ ਤਾਂ ਪੰਜ ਦਰਿਆਵਾਂ ਦੀ ਧਰਤੀ ਇਕ ਦਿਨ ਸੌ ਫ਼ੀਸਦੀ ਬੰਜਰ ਦਾ ਰੂਪ ਧਾਰ ਲਵੇਗੀ | ਫ਼ਸਲੀ ਗੇੜ 'ਚੋਂ ਜਲਦ ਤੋਂ ਜਲਦ ਕਿਸਾਨ ਨੂੰ  ਕੱਢਣ ਲਈ ਸਾਰਥਕ ਕਦਮ ਚੁਕਣੇ ਮੌਜੂਦਾ ਸਮੇਂ ਦੀ ਜ਼ਰੂਰਤ ਹੈ | ਘਰੇਲੂ ਪਾਣੀ ਦੀ ਵਰਤੋਂ ਬਹੁਤ ਹੀ ਸੰਜਮ ਨਾਲ ਕਰਨ ਦੀ ਜ਼ਰੂਰਤ ਹੈ | ਜੇ ਬੂੰਦ ਬੰੂਦ ਨਾਲ ਸਾਗਰ ਭਰ ਜਾਂਦਾ ਹੈ ਤਾਂ ਬੂੰਦ ਬੰੂਦ ਨਾਲ ਸਾਗਰ ਖ਼ਾਲੀ ਵੀ ਹੋ ਜਾਂਦਾ ਹੈ | ਸਾਰੀ ਧਰਤੀ ਤੇ 71 ਫ਼ੀ ਸਦੀ ਪਾਣੀ ਹੈ ਫਿਰ ਵੀ ਦੁਨੀਆਂ ਪਾਣੀ ਦੇ ਸੰਕਟ ਨਾਲ ਜੂਝ ਰਹੀ ਹੈ ਕਿਉਂਕਿ ਇਸ 'ਚੋਂ ਕੇਵਲ 3 ਫ਼ੀ ਸਦੀ ਪਾਣੀ ਹੀ ਪੀਣ ਯੋਗ ਹੈ |

ਭਾਰਤ ਵਿਚ 70 ਫ਼ੀ ਸਦੀ ਪਾਣੀ ਪ੍ਰਦੂਸ਼ਤ ਹੋ ਚੁੱਕਾ ਹੈ ਤੇ ਚੇਨਈ, ਦਿੱਲੀ, ਬੰਗਲੌਰ, ਹੈਦਰਾਬਾਦ, ਮਹਾਂਰਾਸ਼ਟਰਾ ਦੇ ਤਕਰੀਬਨ 21 ਤੋਂ 30 ਸ਼ਹਿਰਾਂ 'ਚ ਜ਼ਮੀਨੀ ਪਾਣੀ ਲਗਭਗ ਖ਼ਤਮ ਹੀ ਹੋ ਚੁੱਕਾ ਹੈ | ਭਾਰਤ 'ਚ ਕੁੱਲ ਆਬਾਦੀ ਦਾ ਅੱਧਾ ਹਿੱਸਾ ਪਾਣੀ ਦੇ ਸੰਕਟ ਦਾ ਸ਼ਿਕਾਰ ਹੋ ਚੁੱਕਾ ਹੈ | 
ਹੁਣ ਗੱਲ ਆਪਾਂ ਪੰਜਾਬ ਦੀ ਕਰੀਏ ਤਾਂ ਜੂਨ 1984 ਤੋਂ 2016 ਤਕ ਦੇ ਅੰਕੜਿਆਂ ਅਨੁਸਾਰ ਪੰਜਾਬ ਦੀ ਜ਼ਮੀਨ 'ਚ ਲਗਭਗ 85% ਏਰੀਏ 'ਚ 10 ਮੀਟਰ ਤਕ ਪਾਣੀ ਦਾ ਪੱਧਰ ਘਟਿਆ ਹੈ | ਖੇਤੀਬਾੜੀ ਲਈ ਪੰਜਾਬ 'ਚ ਸਿਰਫ਼ 29% ਰਕਬੇ ਦੀ ਨਹਿਰੀ ਪਾਣੀ ਨਾਲ ਸਿੰਜਾਈ ਕੀਤੀ ਜਾਂਦੀ ਹੈ ਜਦਕਿ 71% ਰਕਬੇ ਦੀ ਜ਼ਮੀਨੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ |

ਜੋ ਸਥਿਤੀ ਪੰਜਾਬ ਦੀ ਅੱਜ ਹੋ ਗਈ ਹੈ, ਇਹ ਬਹੁਤ ਡਰਾਵਣੀ ਤਸਵੀਰ ਬਣ ਗਈ ਹੈ | ਭਾਵ ਜਿੰਨਾ ਪਾਣੀ ਜ਼ਮੀਨ 'ਚ ਜਾ ਰਿਹਾ ਹੈ, ਉਸ ਤੋਂ ਕਈ ਗੁਣਾਂ ਪਾਣੀ ਅਸੀ ਕੱਢ ਰਹੇ ਹਾਂ | ਜੇ ਅੱਜ ਵੀ ਅਸੀ ਨਾ ਸੋਚਿਆ ਤਾਂ ਉਹ ਦਿਨ ਹੁਣ ਦੂਰ ਨਹੀਂ ਜਦੋਂ ਪੰਜਾਬ ਆਬ-ਰੇਗਿਸਤਾਨ ਬਣ ਜਾਵੇਗਾ | ਪੰਜਾਬ ਵਿਚਲੇ ਜ਼ਮੀਨੀ ਪਾਣੀ ਦੀ ਵਰਤੋਂਯੋਗਤਾ ਦੀ 2020 'ਚ ਸਥਿਤੀ ਬਾਰੇ ਕੈਗ ਦੀ ਰਿਪੋਰਟ ਕਹਿੰਦੀ ਹੈ ਕਿ ਪੰਜਾਬ ਦਾ 40% ਪਾਣੀ ਪੀਣ ਯੋਗ ਨਹੀਂ ਰਿਹਾ | ਵੇਲੇ ਸਿਰ ਆਪਾਂ ਨਾ ਸਮਝੇ ਤਾਂ ਕੋਈ ਫ਼ਾਇਦਾ ਨਹੀਂ ਹੋਵੇਗਾ ਬਾਅਦ ਵਿਚ ਪਛਤਾਉਣ ਦਾ | ਆਪਾਂ ਧਨ ਇਕੱਠਾ ਕਰਨ ਤੇ ਬਹੁਤ ਜ਼ੋਰ ਲਾਇਆ, ਕਈ ਕਈ ਪੀੜ੍ਹੀਆਂ ਜੋਗਾ ਇਕੱਠਾ ਕਰਨ ਦੀ ਦੌੜ ਲੱਗੀ ਹੈ ਪਰ ਕੁਦਰਤੀ ਸਰੋਤ ਨਸ਼ਟ ਕਰੀ ਜਾ ਰਹੇ ਹਾਂ | ਜੇ ਪਾਣੀ ਨਾ ਰਿਹਾ, ਫਿਰ ਪੈਸਾ ਵੀ ਕਿਸ ਕੰਮ ਦਾ? 

- ਸ੍ਰੀ ਚਮਕੌਰ ਸਾਹਿਬ (ਰੋਪੜ) 
ਮੋਬਾ : 9988777978
9463633393