ਸਰਾਫ਼ਤ ਦੀ ਸਜ਼ਾ
ਇਕ ਅਧਖੜ ਉਮਰ ਦਾ ਆਦਮੀ ਬੜੀ ਦੇਰ ਤੋਂ ਕਿਸੇ ਦੇ ਮਕਾਨ ਦੀ ਭਾਲ ਵਿਚ ਘੁੰਮ ਰਿਹਾ ਸੀ................
ਇਕ ਅਧਖੜ ਉਮਰ ਦਾ ਆਦਮੀ ਬੜੀ ਦੇਰ ਤੋਂ ਕਿਸੇ ਦੇ ਮਕਾਨ ਦੀ ਭਾਲ ਵਿਚ ਘੁੰਮ ਰਿਹਾ ਸੀ। ਮੈਂ ਕਾਫ਼ੀ ਸਮੇਂ ਤੋਂ ਅਪਣੇ ਘਰ ਵਿਚ ਬੈਠਾ ਉਸ ਨੂੰ ਨਿਹਾਰ ਰਿਹਾ ਸੀ। ਅਖ਼ੀਰ ਮੈਥੋਂ ਰਿਹਾ ਨਾ ਗਿਆ। ਮੈਂ ਉਸ ਤੋਂ ਪੁੱਛ ਹੀ ਲਿਆ, ''ਬਜ਼ੁਰਗੋ ਕਿਸੇ ਦਾ ਮਕਾਨ ਤਲਾਸ਼ ਰਹੇ ਹੋ? ਕੀ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਹਾਂ?''
ਬਜ਼ੁਰਗ ਕਹਿੰਦਾ, ''ਬੱਚੇ ਇਥੇ ਕਿਤੇ ਮੇਰੇ ਇਕ ਦੋਸਤ ਦਾ ਮਕਾਨ ਸੀ। ਲਗਦਾ ਹੈ ਉਹ ਉੱਚੀਆਂ-ਉੱਚੀਆਂ ਇਮਾਰਤਾਂ ਵਿਚ ਘਿਰ ਗਿਆ। ਇਹ ਅਮੀਰ ਲੋਕ ਉਸ ਦੇ ਹਿੱਸੇ ਦਾ ਸੂਰਜ ਵੀ ਖਾ ਗਏ ਹਨ। ਚੰਗਾ ਭਲਾ ਉਸ ਦਾ ਰੋਸ਼ਨੀ ਭਰਪੂਰ ਘਰ ਸੀ।
ਉਸ ਦੇ ਘਰ ਦੇ ਬਾਹਰ ਸ਼ਰਮਾ ਨਿਵਾਸ ਦੀ ਤਖ਼ਤੀ ਲੱਗੀ ਹੋਈ ਸੀ।'' ਮੈਂ ਕਿਹਾ, ''ਮੈਂ ਸਮਝ ਗਿਆ ਹਾਂ ਤੁਸੀ ਜਿਸ ਸ਼ਰਮਾ ਜੀ ਦੀ ਗੱਲ ਕਰ ਰਹੇ ਹੋ, ਉਹ ਤਾਂ ਮੈਨੂੰ ਲਗਦਾ ਹੈ ਹੁਣ ਇਥੇ ਨਹੀਂ ਰਹਿੰਦੇ। ਲੋਕਾਂ ਦੀ ਜ਼ੁਬਾਨੀ ਹਮੇਸ਼ਾ ਉਨ੍ਹਾਂ ਦੀ ਤਰੀਫ਼ ਹੀ ਸੁਣੀ ਹੈ। ਉਹ ਬਹੁਤ ਅਜੀਬ ਕਿਸਮ ਦੇ ਨੇਕ ਦਿਲ ਇਨਸਾਨ ਹਨ। ਲਗਦਾ ਹੈ ਜਿਵੇਂ ਸਾਰੇ ਜਹਾਨ ਦਾ ਦਰਦ ਉਨ੍ਹਾਂ ਦੇ ਦਿਲ ਵਿਚ ਸਮਾਇਆ ਹੋਵੇ।''''ਤੁਸੀ ਠੀਕ ਹੀ ਸੁਣਿਆ ਹੈ। ਉਸ ਦੀ ਲੋੜ ਤੋਂ ਜ਼ਿਆਦਾ ਸ਼ਰਾਫ਼ਤ ਹੀ ਉਸ ਦੀ ਦੁਸ਼ਮਣ ਬਣ ਗਈ। ਉਸ ਨੂੰ ਸ਼ਰਾਫ਼ਤ ਦੀ ਕਾਫ਼ੀ ਸਜ਼ਾ ਮਿਲ ਚੁੱਕੀ ਹੈ। ਲੋਕਾਂ ਨੇ ਉਸ ਦੀ ਦਰਿਆਦਿਲੀ ਦਾ ਬਹੁਤ ਫਾਇਦਾ ਉਠਾਇਆ।
ਕਈਆਂ ਨੇ ਤਾਂ ਉਸ ਨੂੰ ਦੋਵੇਂ ਹੱਥਾਂ ਨਾਲ ਲੁੱਟਿਆ ਹੈ।''ਉਸ ਨੂੰ ਬਹੁਤ ਸਮਝਾਈਦਾ ਸੀ ਕਿ ਜ਼ਮਾਨਾ ਬਦਲ ਗਿਆ ਹੈ। ਜ਼ਿਆਦਾ ਸ਼ਰੀਫ਼ ਨੂੰ ਲੋਕ ਬੁਧੂ ਜਾਂ ਗਧਾ ਸਮਝਦੇ ਹਨ, ਪਰ ਉਸ ਉਤੇ ਕੋਈ ਅਸਰ ਨਹੀਂ ਹੁੰਦਾ ਸੀ। ਕਈ ਵਾਰ ਤਾਂ ਉਹ ਕਿਸੇ ਦੀ ਮਦਦ ਕਰਨ ਲਈ ਆਪ ਕਿਸੇ ਹੋਰ ਤੋਂ ਪੈਸੇ ਉਧਾਰ ਮੰਗ ਲੈਂਦਾ ਸੀ। ਲੈਣ ਵਾਲਾ ਅੰਤ ਨੂੰ ਉਸ ਨੂੰ ਠੇਂਗਾ ਵਿਖਾ ਜਾਂਦਾ ਤੇ ਉਹ ਆਪ ਉਧਾਰ ਉਤਾਰਦਾ ਰਹਿੰਦਾ। ਮੈਂ ਉਸ ਨੂੰ ਕਈ ਵਾਰ ਕਿਹਾ ਸੀ ਤੇ ਅੱਜ ਤੁਹਾਨੂੰ ਵੀ ਕਹਿ ਰਿਹਾ ਹਾਂ ਕਿ ਉਧਾਰ ਕਿਸੇ ਨੂੰ ਤਾਂ ਦਿਉ ਜੇ ਤੁਹਾਨੂੰ ਪੂਨਰ ਜਨਮ ਵਿਚ ਵਿਸ਼ਵਾਸ ਹੈ।
ਇਕ ਵਾਰ ਸ਼ਰਮਾ ਜੀ ਦੇ ਦੋਸਤ ਦਾ ਪਠਾਨਕੋਟ ਤੋਂ ਫ਼ੋਨ ਆਇਆ। ਉਸ ਨੇ ਕਿਹਾ, ''ਸ਼ਰਮਾ ਜੀ ਮੇਰੀ ਬੇਟੀ ਦੀ ਸ਼ਾਦੀ ਹੈ, ਮੇਰਾ ਅਜਕਲ ਥੋੜਾ ਹੱਥ ਤੰਗ ਹੈ ਅਤੇ ਮੈਨੂੰ ਕੁੱਝ ਪੈਸਿਆਂ ਦੀ ਜ਼ਰੂਰਤ ਹੈ। ਮੇਰੇ ਮਨ੍ਹਾਂ ਕਰਨ ਦੇ ਬਾਵਜੂਦ ਉਸ ਨੇ ਉਸ ਨੂੰ ਪੰਜਾਹ ਹਜ਼ਾਰ ਰੁਪਏ ਭੇਜ ਦਿਤੇ। ਹਾਲਾਂਕਿ ਉਹ ਸ਼ਰਮਾ ਜੀ ਦਾ ਪੱਕਾ ਦੋਸਤ ਸੀ ਅਤੇ ਕਿਸੇ ਸਮੇਂ ਦੋ ਸਾਲ ਰੂਮਮੇਟ ਰਹੇ ਸਨ, ਪ੍ਰੰਤੂ ਪੈਸਿਆਂ ਨਾਲ ਵਡੇ-ਵਡੇ ਦਾ ਇਮਾਨ ਡੋਲ ਜਾਂਦਾ ਹੈ। ਉਸ ਨੇ ਸਿਰਫ਼ ਦਸ ਹਜ਼ਾਰ ਰੁਪਏ ਹੀ ਵਾਪਸ ਕੀਤੇ। ਉਹ ਵੀ ਇਕ ਸਾਲ ਬਾਅਦ। ਫਿਰ ਤਾਂ ਉਸ ਨੇ ਗੱਲਬਾਤ ਹੀ ਬੰਦ ਕਰ ਦਿਤੀ, ਫ਼ੋਨ ਕਰਨਾ ਹੀ ਬੰਦ ਕਰ ਦਿਤਾ।
ਇਕ ਦਿਨ ਸ਼ਰਮਾ ਜੀ ਨੇ ਉਸ ਨੂੰ ਚਿਠੀ ਲਿਖੀ। ਚਿਠੀ ਵਿਚ ਲਿਖਿਆ, ''ਮੈਂ ਨਹੀਂ ਚਾਹੁੰਦਾ ਕਿ ਇਕ ਜ਼ਰਾ ਜਹੀ ਗੱਲ ਉਤੇ ਪੁਰਾਣੇ ਯਾਰਾਨੇ ਖ਼ਤਮ ਹੋ ਜਾਣ। ਮੈਂ ਹੁਣ ਤੋਂ ਹੀ ਤੁਹਾਨੂੰ ਭਾਰ ਮੁਕਤ ਕਰਦਾ ਹਾਂ। ਅੱਜ ਤੋਂ ਬਾਅਦ ਅਪਣੇ ਵਿਚ ਪੈਸਿਆਂ ਸਬੰਧੀ ਆਪਸ ਵਿਚ ਕਦੇ ਵੀ ਵਾਰਤਾਲਾਪ ਨਹੀਂ ਹੋਵੇਗੀ।''ਫਿਰ ਇਕ ਵਾਰ ਸ਼ਰਮਾ ਜੀ ਦਾ ਅਪਣਾ ਸਾਲਾ ਆ ਧਮਕਿਆ ਅਤੇ ਕਹਿਣ ਲੱਗਾ, ''ਜੀਜਾ ਜੀ, ਪਿਛੇ ਜਹੇ ਮੇਰੇ ਤੋਂ ਇਕ ਐਕਸੀਡੈਂਟ ਹੋ ਗਿਆ ਸੀ ਅਤੇ ਬੰਦਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਅੱਜ ਉਸ ਕੇਸ ਦੀ ਆਖ਼ਰੀ ਪੇਸ਼ੀ ਹੈ। ਇਸ ਕਰ ਕੇ ਅੱਜ ਰਕਮ ਜਮ੍ਹਾਂ ਕਰਾਉਣੀ ਹੈ। ਮੈਨੂੰ 60-65 ਹਜ਼ਾਰ ਚਾਹੀਦੇ ਹਨ ਕਿਉਂਕਿ ਏਨੀ ਕੁ ਹੀ ਰਕਮ ਘਟਦੀ ਹੈ।
ਪਰ ਇਸ ਬਾਰੇ ਦੀਦੀ ਨੂੰ ਪਤਾ ਨਾ ਲੱਗੇ।'' ਕਹਿੰਦੇ ਹਨ, ''ਸਾਰੀ ਖ਼ੁਦਾਈ ਏਕ ਤਰਫ਼ ਅਤੇ ਜ਼ੋਰੂ ਕਾ ਭਾਈ ਏਕ ਤਰਫ਼।'' ਸ਼ਰਮਾ ਜੀ ਨੇ ਕਿਵੇਂ ਨਾ ਕਿਵੇਂ ਉਸ ਨੂੰ ਇੰਤਜ਼ਾਮ ਕਰ ਕੇ ਦੇ ਦਿਤਾ। ਸਾਲਾ ਸਾਹਬ ਨੇ ਉਸ ਦਿਨ ਤੋਂ ਬਾਅਦ ਅਪਣੀ ਸ਼ਕਲ ਨਹੀਂ ਵਿਖਾਈ। ਇਕ ਇਨਸਾਨ ਨੇ ਤਾਂ ਬਿਲਕੁਲ ਹੱਦ ਹੀ ਕਰ ਦਿਤੀ। ਇਹ ਉਹ ਇਨਸਾਨ ਜਿਸ ਨਾਲ ਸ਼ਰਮਾ ਜੀ ਦੀ ਦੂਰ ਦੀ ਰਿਸ਼ਤੇਦਾਰੀ ਪੈਂਦੀ ਸੀ। ਇਕ ਵਾਰ ਕਿਸੇ ਮਜਬੂਰੀਵਸ ਸ਼ਰਮਾ ਜੀ ਉਨ੍ਹਾਂ ਦੇ ਘਰ ਕੁੱਝ ਦਿਨ ਠਹਿਰੇ ਸਨ। ਉਸ ਨੇ ਕਿਹਾ, ''ਭਰਾ ਜੀ, ਮੈਂ ਲੁਧਿਆਣੇ ਵਡੇ ਪੈਮਾਨੇ ਉਤੇ ਹੌਜ਼ਰੀ ਦਾ ਕੰਮ ਖੋਲ੍ਹ ਰਿਹਾ ਹਾਂ।
ਜਗ੍ਹਾ ਵੀ ਲੈ ਲਈ ਹੈ ਅਤੇ ਕੁੱਝ ਮਸ਼ੀਨਰੀ ਵੀ ਲੈਣੀ ਹੈ, ਬਸ 5-6 ਲੱਖ ਦੀ ਜ਼ਰੂਰਤ ਹੈ। ਏਨੇ ਤਾਂ ਆਪਾਂ ਇਕ ਮਹੀਨੇ ਵਿਚ ਕਮਾ ਲੈਨੇ ਆਂ। ਸਕੂਲ ਦੀਆਂ ਡਰੈਸਾਂ ਅਤੇ ਹੋਰ ਸਮਾਨ ਬਣਾਇਆ ਕਰਾਂਗੇ।'' ਮੇਰੇ ਦੋਸਤ ਨੇ ਕਿਹਾ, ''ਏਨੀ ਵੱਡੀ ਰਕਮ ਦਾ ਇੰਤਜ਼ਾਮ ਕਰਨਾ ਬਹੁਤ ਮੁਸ਼ਕਿਲ ਹੈ। ਸਾਡੇ ਕੋਲ ਤਾਂ ਬਸ ਤਨਖ਼ਾਹ ਹੀ ਆਉਂਦੀ ਹੈ, ਕੋਈ ਹੋਰ ਦੂਜਾ ਸਾਧਨ ਜਾਂ ਵਸੀਲਾ ਤਾਂ ਹੈ ਨਹੀਂ।'' ਉਸ ਨੇ ਕਿਹਾ, ''ਵੇਖੋ ਭਾਈ ਸਾਹਬ, ਮੈਂ ਤੁਹਾਡੇ ਕੋਲ ਬਹੁਤ ਆਸ ਤੇ ਵਿਸ਼ਵਾਸ ਨਾਲ ਆਇਆ ਹਾਂ, ਮੈਨੂੰ ਪਲੀਜ਼ ਨਰਾਜ਼ ਨਾ ਕਰੋ।'' ਮੇਰੇ ਦੋਸਤ ਨੇ ਕਿਹਾ, ''ਮੈਂ ਤੇਰੀ ਮਦਦ ਤਾਂ ਕਰਨੀ ਚਾਹੁੰਦਾ ਹਾਂ ਪਰ ਮੈਨੂੰ ਕੋਈ ਹੀਲਾ-ਵਸੀਲਾ ਜਾਂ ਰਸਤਾ ਨਹੀਂ ਸੁੱਝ ਰਿਹਾ।
'' ਉਸ ਨੇ ਕਿਹਾ, ''ਰਸਤਾ ਤਾਂ ਮੈਂ ਦਸ ਦਿੰਦਾ ਹਾਂ, ਬਿਲਕੁਲ ਸਿੱਧਾ ਤੇ ਸਰਲ। ਪੱਲੇ ਤੋਂ ਤੁਹਾਡੀ ਹਿੰਗ ਲੱਗੇ ਨਾ ਫਟਕੜੀ। ਤੁਸੀ ਮੈਨੂੰ ਅਪਣੇ ਮਕਾਨ ਦੀ ਰਜਿਸਟਰੀ ਤਹਿਤ ਲੋਨ ਲੈ ਕੇ ਦੇ ਸਕਦੇ ਹੋ। ਮੈਂ ਜਲਦੀ ਤੋਂ ਜਲਦੀ ਬੈਂਕ ਦਾ ਸਾਰਾ ਕਰਜ਼ਾ ਉਤਾਰ ਕੇ ਰਜਿਸਟਰੀ ਤੁਹਾਨੂੰ ਵਾਪਸ ਕਰ ਦੇਵਾਂਗਾ। ਤੁਹਾਡੀ ਸਾਰੀ ਰਕਮ ਦਾ ਬਣਦਾ ਵਿਆਜ ਮੈਂ ਦੇਵਾਂਗਾ।''ਮੇਰਾ ਦੋਸਤ ਉਸ ਦੀਆਂ ਗੱਲਾਂ ਵਿਚ ਆ ਗਿਆ ਅਤੇ ਉਸ ਨੂੰ ਅਪਣੇ ਘਰ ਦੀ ਰਜਿਸਟਰੀ ਅਧੀਨ ਬੈਂਕ ਤੋਂ ਲੋਨ ਲੈ ਦਿਤਾ। ਬਸ ਉਦੋਂ ਤੋਂ ਹੀ ਸ਼ਰਮਾ ਜੀ ਦੀ ਬਰਬਾਦੀ ਦੇ ਆਸਾਰ ਬਣ ਗਏ।
ਕਈ ਮਹੀਨੇ ਤਾਂ ਉਹ ਬੈਂਕ ਨੂੰ ਕਿਸ਼ਤਾਂ ਬਰਾਬਰ ਭਰਦਾ ਰਿਹਾ, ਪਰ ਫਿਰ ਕਿਸ਼ਤਾਂ ਭਰਨ ਦਾ ਸਿਲਸਿਲਾ ਬੰਦ ਹੋ ਗਿਆ। ਉਸ ਦਾ ਕੰਮ ਬੁਰੀ ਤਰ੍ਹਾਂ ਫ਼ੇਲ ਹੋ ਗਿਆ ਅਤੇ ਉਹ ਭਗੌੜਾ ਹੋ ਗਿਆ। ਪੁਲਿਸ ਉਸ ਦੀ ਭਾਲ ਵਿਚ ਸੀ। ਹੁਣ ਬੈਂਕ ਵਾਲਿਆਂ ਨੇ ਤਾਂ ਅਪਣੀ ਰਕਮ ਵਸੂਲਣੀ ਹੀ ਸੀ, ਉਹ ਸ਼ਰਮਾ ਜੀ ਨੂੰ ਨੋਟਿਸ ਤੇ ਨੋਟਿਸ ਭੇਜਦੇ ਰਹੇ। ਬੈਂਕ ਵਾਲਿਆਂ ਨੇ ਪੁਲਿਸ ਨੂੰ ਵੀ ਸੂਚਿਤ ਕਰ ਦਿਤਾ। ਅਖ਼ੀਰ ਸ਼ਰਮਾ ਜੀ ਨੂੰ ਇਕ ਦਿਨ ਪੁਲਿਸ ਫੜ ਕੇ ਲੈ ਗਈ। ਸ਼ਰਮਾ ਜੀ ਨੇ ਉਨ੍ਹਾਂ ਨੂੰ ਸਾਰੀ ਵਾਰਦਾਤ ਤੋਂ ਜਾਣੂ ਕਰਵਾਇਆ, ਪਰ ਪੁਲਿਸ ਵਾਲੇ ਕਿਥੇ ਸਿੱਧੇ ਮੱਥੇ ਕਿਸੇ ਨਾਲ ਗੱਲ ਕਰਦੇ ਹਨ।
ਉਨ੍ਹਾਂ ਦਾ ਕੋਈ ਕਸੂਰ ਨਾ ਹੁੰਦੇ ਹੋਏ ਵੀ ਉਨ੍ਹਾਂ ਨੂੰ ਇਕ ਰਾਤ ਥਾਣੇ ਵਿਚ ਗੁਜ਼ਾਰਨੀ ਪਈ। ਫਿਰ ਅਗਲੀ ਸਵੇਰ :ਦਰੋਗਾ ਨੇ ਕਿਹਾ ਦੀਵਾਨ ਸੇ, ਆ ਗਏ ਸ਼ਰਮਾ ਸੇ ਪੈਸੇ, ਛੋਡ ਦੋ ਉਸੇ ਸਨਮਾਨ ਸੇ, ਯੇਹ ਸੁਨਕਰ ਸ਼ਰਮਾ ਨੇ ਕਿਹਾ, ਭਲਾ ਹੋ ਰਿਸ਼ਵਤ ਕਾ, ਵਰਨਾ ਮਾਰ ਦੇਤੇ ਯੇਹ ਮੁਝਕੋ ਜਾਨ ਸੇ।ਕੇਸ ਚਲ ਰਿਹਾ ਹੈ, ਬੈਂਕ ਨੇ ਘਰ ਨੂੰ ਤਾਲਾ ਲਗਾ ਦਿਤਾ ਹੈ। ਘਰ ਦੀ ਨਿਲਾਮੀ ਵੀ ਹੋ ਸਕਦੀ ਹੈ। ਮੇਰੀ ਸੱਭ ਨੂੰ ਪ੍ਰਾਰਥਨਾ ਹੈ ਕਿ ਉਧਾਰ ਦੇਣ ਸਮੇਂ ਸੌ ਵਾਰ ਸੋਚਣ ਕਿ ਇਸ ਦਾ ਅੰਜਾਮ ਕੀ ਹੋ ਸਕਦੈ।
ਸੰਪਰਕ : 99888-73637