ਸਰਕਾਰੀ ਸਕੂਲਾਂ ਦੀ ਹੋ ਰਹੀ ਤਬਾਹੀ ਕਿਵੇਂ ਰੋਕੀਏ ਤੇ ਅਧਿਆਪਕਾਂ/ਬੱਚਿਆਂ ਦਾ ਭਵਿੱਖ ਕਿਵੇਂ ਬਚਾਈਏ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਕੂਲ ਸਿਖਿਆ, ਸਨਮਾਨ, ਗਿਆਨ ਅਤੇ ਭਾਰਤ ਦੇ ਉਜਵਲ ਨਿਰਮਾਣ ਦੇ ਆਧਾਰ ਹਨ। ਬਚਪਨ ਵਿਚ ਮਿਲਿਆ ਗਿਆਨ ਤੇ ਸਿਖਿਆ ਹੀ ਰਾਸ਼ਟਰ, ਪ੍ਰਵਾਰ, ਅਮਨ ਸ਼ਾਂਤੀ, ਉਨਤੀ ਤੇ ਨਿਰਮਾਣ ਦੇ...

Classroom

ਸਕੂਲ ਸਿਖਿਆ, ਸਨਮਾਨ, ਗਿਆਨ ਅਤੇ ਭਾਰਤ ਦੇ ਉਜਵਲ ਨਿਰਮਾਣ ਦੇ ਆਧਾਰ ਹਨ। ਬਚਪਨ ਵਿਚ ਮਿਲਿਆ ਗਿਆਨ ਤੇ ਸਿਖਿਆ ਹੀ ਰਾਸ਼ਟਰ, ਪ੍ਰਵਾਰ, ਅਮਨ ਸ਼ਾਂਤੀ, ਉਨਤੀ ਤੇ ਨਿਰਮਾਣ ਦੇ ਆਧਾਰ ਹਨ। ਅਸੀ ਅਪਣੇ ਮਾਪਿਆਂ ਤੋਂ ਨਹੀਂ ਕੇਵਲ ਸਕੂਲ ਅਧਿਆਪਕਾਂ ਤੋਂ ਹੀ ਗਿਆਨ, ਸਨਮਾਨ, ਠੀਕ ਰਸਤੇ ਉਤੇ ਅਗਵਾਈ ਹਾਸਲ ਸੀ। ਇਸੇ ਕਰ ਕੇ ਅਧਿਆਪਕਾਂ ਨੂੰ ਰਾਸ਼ਟਰ ਨਿਰਮਾਣ ਦਾ ਸਨਮਾਨ ਦਿਤਾ ਜਾਂਦਾ ਸੀ। 


ਪਰ ਅੱਜ ਸਕੂਲ 'ਦ ਗੇਟਵੇਅ ਆਫ਼ ਕਰਾਈਮ' ਬਣਦੇ ਜਾ ਰਹੇ ਹਨ। ਇਸ ਦੀ ਗਵਾਹੀ 'ਜੂਨਲਾਈਨ ਕਰਾਈਮ, ਰਿਪੋਰਟਜ਼' ਦੇ ਰਹੇ ਹਨ ਕਿ ਅੱਜ 50-60 ਫ਼ੀ ਸਦੀ ਬੱਚੇ ਸ਼ੈਤਾਨੀ ਦਿਮਾਗ਼ ਦੇ ਕਾਰਜ ਕਰ ਰਹੇ ਹਨ। ਅੱਜ ਬੱਚਿਆਂ ਨੂੰ ਸੈਕਸ, ਅਪਰਾਧ, ਅਨੰਦ, (ਸ੍ਰੀਰਕ, ਮਾਨਸਕ, ਸਮਾਜਕ) ਨਸ਼ਿਆਂ, ਦੋਸਤੀ, ਅਧਿਕਾਰਾਂ ਤੇ ਹੱਕਾਂ ਦੇ ਨਾਲ-ਨਾਲ ਪੁਲਿਸ, ਅਧਿਆਪਕਾਂ ਅਤੇ ਮਾਪਿਆਂ ਦੀਆਂ ਮਜਬੂਰੀਆਂ ਵੀ ਚੰਗੀ ਤਰ੍ਹਾਂ ਪਤਾ ਹਨ। 


ਵਿਦਿਆਰਥੀਆਂ ਨੂੰ ਇਹ ਵੀ ਪਤਾ ਹੈ ਕਿ 'ਰਾਈਟ ਟੂ ਐਜੂਕੇਸ਼ਨ ਐਕਟ -2005' ਅਧੀਨ ਕਿਸੇ ਵੀ ਵਿਦਿਆਰਥੀ ਨੂੰ ਸਕੂਲ ਅੰਦਰ ਸ੍ਰੀਰਕ ਮਾਨਸਕ ਜਾਂ ਸਮਾਜਕ ਸਜ਼ਾ ਨਹੀਂ ਦਿਤੀ ਜਾ ਸਕਦੀ, ਕਿਸੇ  ਵਿਦਿਆਰਥੀ ਨੂੰ ਸਕੂਲ ਵਿਚੋਂ ਕਢਿਆ ਨਹੀਂ ਜਾ ਸਕਦਾ, ਕਿਸੇ ਨਾ-ਬਾਲਗ ਵਿਦਿਆਰਥੀ ਨੂੰ ਜੇਲ ਨਹੀਂ ਭੇਜਿਆ ਜਾ ਸਕਦਾ ਅਤੇ ਕਾਨੂੰਨ ਤੌਰ ਉਤੇ ਉਹ ਅਦਾਲਤ ਦਾ ਦਰਵਾਜ਼ਾ ਖਟਖਟਾ ਕੇ, ਇਨਸਾਫ਼ ਮੰਗ ਸਕਦਾ ਹੈ।


ਦੂਜੇ ਪਾਸੇ ਇਸੇ ਤਰ੍ਹਾਂ ਦੇ ਕਾਨੂੰਨਾਂ ਤੇ ਅਧਿਕਾਰਾਂ ਕਰ ਕੇ ਅਧਿਆਪਕ ਡਰ-ਡਰ ਕੇ ਨੌਕਰੀ ਕਰ ਰਹੇ ਹਨ ਕਿਉਂਕਿ ਵਿਦਿਆਰਥੀ ਕਲਾਸਾਂ ਵਿਚ, ਬਾਥਰੂਮਾਂ ਅੰਦਰ ਅਕਸਰ ਨਾ-ਕਰਨ ਵਾਲੇ ਕਈ ਕਾਰਜ ਕਰ ਰਹੇ ਹਨ ਕਿਉਂਕਿ ਮਾਪਿਆਂ, ਅਧਿਆਪਕਾਂ, ਪੁਲਿਸ ਕੋਲ ਸਮਝਾਉਣ ਸਜਾ ਦੇਣ ਦਾ ਅਧਿਕਾਰ ਹੀ ਨਹੀਂ ਹੈ ਜਦਕਿ ਵਿਦਿਆਰਥੀਆਂ ਨੂੰ ਅਪਣੇ ਅਧਿਕਾਰਾਂ ਬਾਰੇ ਤਾਂ ਸਾਰੀ ਜਾਣਕਾਰੀ ਹੈ ਪਰ ਫ਼ਰਜ਼ਾਂ ਤੇ ਜ਼ਿੰਮੇਵਾਰੀਆਂ ਬਾਰੇ ਨਹੀਂ। 

ਪੰਜਾਬ ਸਰਕਾਰ ਦਾ ਸਕੂਲ ਸਿਖਿਆ ਵਿਭਾਗ ਪੰਜਾਬ ਦੇ ਸਕੂਲਾਂ ਅੰਦਰ ਅਪਣੇ ਪੱਧਰ ਤੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਰਾਹੀਂ ਬਹੁਤ ਵਧੀਆ ਸਿਸਟਮ ਤਿਆਰ ਕਰਨ ਅਤੇ ਵਧੀਆ ਨਤੀਜੇ, ਵਧੀਆ ਅਨੁਸ਼ਾਸਨ ਦੇਣ ਲਈ ਕੋਸ਼ਿਸ਼ ਕਰ ਰਿਹਾ ਹੈ ਪਰ ਵਿਦਿਆਰਥੀਆਂ ਤੇ ਮਾਪਿਆਂ ਨੂੰ ਸਮਝਾਉਣ, ਠੀਕ ਰਸਤਾ ਵਿਖਾਉਣੇ ਵਿਚ ਸਿਖਿਆ ਵਿਭਾਗ ਅਸਫ਼ਲ ਹੀ ਰਿਹਾ ਹੈ। 

ਅਸੀ ਲੋਕ ਪੰਜਾਬ ਨੂੰ ਪਿਆਰ ਕਰਦੇ ਹੋਏ ਮਹਿਸੂਸ ਕਰਦੇ ਹਾਂ ਕਿ ਸਕੂਲ ਪੱਧਰ ਉਤੇ ਸਿਆਣੇ, ਮਿਹਨਤੀ, ਤਜਰਬੇਕਾਰ ਸਿਖਿਆ ਸ਼ਾਸ਼ਤਰੀ ਪ੍ਰਿੰਸੀਪਲ ਤੇ ਅਧਿਆਪਕ ਬੇਹੱਦ ਮਜਬੂਰ ਤੇ ਦੁਖੀ ਹਨ ਕਿਉਂਕਿ ਉਹ ਅਪਣੇ ਵਿਦਿਆਰਥੀਆਂ ਤੇ ਪੰਜਾਬ ਦਾ ਭਵਿੱਖ ਤਬਾਹ ਹੁੰਦੇ ਵੇਖ ਰਹੇ ਹਨ ਪਰ ਡਰ ਕਰ ਕੇ ਕੋਈ ਬੋਲਦਾ ਨਹੀਂ ਪਰ ਇਸ ਦਾ ਅਸਰ ਤੇ ਦਿਲ ਦੀ ਅੱਗ, ਅਧਿਆਪਕ ਲੋਕਾਂ ਵੋਟਾਂ ਸਮੇਂ ਹੀ ਪ੍ਰਗਟ ਕਰਦੇ ਹਨ। 

ਮੇਰੀ ਅਪੀਲ ਹੈ ਕਿ ਪੰਜਾਬ ਸਰਕਾਰ ਸਿਖਿਆ ਖੇਤਰ ਵਿਚ ਅਨੁਸ਼ਾਸਨ ਪੈਦਾ ਕਰਨ ਲਈ ਸਜ਼ਾ, ਅਪੀਲ, ਸਮਝਾਉਣ, ਸਨਮਾਨਤ ਕਰਨਾ, ਬਦਲੀਆਂ ਤੇ ਦੂਜੇ ਢੰਗ ਤਰੀਕੇ ਸਾਂਝੇ ਤੌਰ ਉਤੇ ਅਪਣਾਵੇ ਜਿਵੇਂ: 
(1) ਸਕੂਲਾਂ ਅੰਦਰ ਅਧਿਆਪਕ ਤੇ ਮਾਪੇ, ਸਨਮਾਨਤ ਵਿਅਕਤੀ ਤੇ ਵਿਦਿਆਰਥੀਆਂ ਦੀ ਕਮੇਟੀਆਂ ਬਣਾਈਆਂ ਜਾਣ। 
(2) ਹਰ ਸੁਝਾਅ ਤੇ ਅਪੀਲ ਤੇ ਗ਼ੌਰ ਕੀਤਾ ਜਾਵੇ।

(3) ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ਸਾਂਝੇ ਤੌਰ ਤੇ ਵਿਦਿਆਰਥੀਆਂ ਦੇ ਸੁਧਾਰ ਲਈ ਕੋਸ਼ਿਸ਼ਾਂ ਕਰਨ। 
(4) ਨੈਤਿਕ ਸਿਖਿਆ ਤੇ ਕਿਤਾਬਾਂ ਕਾਪੀਆਂ ਨਾਲੋਂ ਜ਼ੋਰ ਦਿਤਾ ਜਾਵੇ ਜਦਕਿ ਸਰਕਾਰੀ ਸਕੂਲ ਸਿਵਾਏ ਕਿਤਾਬੀ ਗਿਆਨ ਤੋਂ ਹੋਰ ਸਾਰੀਆਂ ਨੈਤਿਕ, ਸਮਾਜਕ ਸੁਰੱਖਿਆ, ਸਿਹਤ, ਸਨਮਾਨ, ਤੰਦਰੁਸਤੀ, ਅਨੁਸ਼ਾਸਨ, ਨਿਮਰਤਾ, ਸਬਰ ਦੀਆਂ ਸਰਬਪੱਖੀ ਵਿਕਾਸ ਦੀਆਂ ਗਤੀਵਿਧੀਆਂ ਬੰਦ ਕਰ ਚੁੱਕੇ ਹਨ। 

(5) ਪ੍ਰਾਈਵੇਟ ਸਕੂਲ, ਮੈਨੇਜਮੈਂਟ ਕਮੇਟੀ ਰਾਹੀਂ ਨੈਤਿਕ ਸਿਖਿਆ, ਸਿਹਤ, ਤੰਦਰੁਸਤੀ, ਸੁਰੱਖਿਆ, ਬਚਾਉ, ਸਨਮਾਨ ਤੇ ਦੂਜੇ ਨੈਤਿਕ ਤੇ ਸਮਾਜਕ ਕਾਰਜ ਕਰ ਰਹੇ ਹਨ। ਇਸ ਕਰ ਕੇ ਪ੍ਰਾਈਵੇਟ ਸਕੂਲ ਹਰ ਖੇਤਰ ਵਿਚ ਸਰਕਾਰੀ ਸਕੂਲਾਂ ਤੋਂ ਅੱਗੇ ਤੇ ਸਨਮਾਨਤ ਵੀ ਹੋ ਰਹੇ ਹਨ।  
(6) ਸਕੂਲ ਮੁਖੀ ਅਪਣੇ ਪੱਧਰ ਤੇ ਬਚਿਆਂ ਦੇ ਨੈਤਿਕ, ਸਮਾਜਕ, ਸ੍ਰੀਰਕ ਸਨਮਾਨ ਆਦਿ ਬਾਰੇ ਕੋਈ ਫ਼ੈਸਲਾ ਨਹੀਂ ਲੈ ਸਕਦੇ  ਤੇ ਤਣਾਉ ਤੇ ਬਚਣ ਲਈ ਉਹ ਸਕੂਲਾਂ ਨੂੰ ਕਿਤਾਬਾਂ ਪੜ੍ਹੋ, ਕਾਪੀਆਂ ਉਤੇ ਲਿਖੋ ਤੇ ਚੰਗੇ ਨੰਬਰ ਲੈ ਕੇ ਪਾਸ ਹੋ ਕੇ ਜਾਉ ਦਾ ਸਿਧਾਂਤ ਅਪਨਾ ਰਹੇ ਹਨ। 

(7) 80 ਫ਼ੀ ਸਦੀ ਪ੍ਰਿੰਸੀਪਲ ਤੇ ਅਧਿਆਪਕ ਖ਼ੁਸ਼ੀ ਤੇ ਚਾਅ ਨਾਲ ਨਹੀਂ ਸਗੋਂ ਡਰ ਅਤੇ ਤਣਾਅ ਵਿਚ ਰਹਿ ਕੇ ਨੌਕਰੀ ਕਰ ਰਹੇ ਹਨ। 
(8) ਕਾਫ਼ੀ ਹੱਦ ਤਕ ਅਧਿਆਪਕ ਅਪਣੀ ਰਿਟਾਇਰਮੈਂਟ ਹੀ ਉਡੀਕ ਰਹੇ ਹਨ। 
(9) ਮੁਰਝਾਇਆ ਚਿਹਰਾ, ਡਰਦਾ ਇਨਸਾਨ ਅਤੇ ਸਜ਼ਾ ਦੇ ਖੇਤਰ ਵਿਚ ਘੁੰਮਦਾ ਇਨਸਾਨ ਅਪਣੇ ਰਾਸ਼ਟਰ, ਅਪਣੇ ਵਿਭਾਗ, ਅਪਣੇ ਕਾਰਜ ਕਰਮ ਅਤੇ ਅਪਣੇ ਸਮਾਜ ਪ੍ਰਤੀ ਠੀਕ ਨਹੀਂ ਸੋਚ ਸਕਦਾ।

ਭਗਵਾਨ ਸ੍ਰੀ ਕ੍ਰਿਸ਼ਨ ਨੇ ਵੀ ਮਹਾਂਭਾਰਤ ਵਿਚ ਕਿਹਾ ਸੀ  ਕਿ ''(À) ਇਕ ਦੌੜਦਾ ਇਨਸਾਨ ਨਾ ਭੋਜਨ ਖਾ ਸਕਦਾ, ਨਾ ਪਾਣੀ ਪੀ ਸਕਦਾ ਤੇ ਨਾ ਕੋਈ ਫ਼ੈਸਲਾ ਲੈ ਸਕਦਾ ਹੈ। (ਅ) ਇਕ ਬੇਚੈਨ ਇਨਸਾਨ ਵਲੋਂ ਕੀਤਾ ਫ਼ੈਸਲਾ, ਉਸ ਦੇ ਅਪਣੇ ਅਤੇ ਉਸ ਨਾਲ ਸਬੰਧਤ ਕਾਰਜਾਂ ਵਿਚ ਹਮੇਸ਼ਾ ਤਬਾਹੀ ਲਿਆਉਂਦੇ ਹਨ ਪਰ ਸ਼ਾਂਤੀ, ਪ੍ਰੇਮ ਤੇ ਖ਼ੁਸ਼ਹਾਲੀ ਦਾ ਵਿਚਾਰ ਕਰਨ ਵਾਲਾ ਇਨਸਾਨ ਜੋ ਵੀ ਫ਼ੈਸਲਾ ਲੈਂਦਾ ਹੈ, ਉਸ ਨਾਲ ਉਸ ਦੇ ਦੇਸ਼, ਸਮਾਜ ਕਠਿਨ ਕਾਰਜ, ਪ੍ਰਵਾਰ ਤੇ ਭਵਿੱਖ ਲਈ ਲਾਭਕਾਰੀ ਹੁੰਦਾ ਹੈ।''


(10) ਸਰਕਾਰ ਵਲੋਂ 'ਰਾਈਟ ਟੂ ਐਜੂਕੇਸ਼ਨ ਐਕਟ' ਅਧੀਨ 8ਵੀਂ ਤਕ ਦੀਆਂ ਕਲਾਸਾਂ ਦੇ ਬੱਚਿਆਂ ਨੂੰ ਸਜ਼ਾ ਨਾ ਦੇਣ, ਫ਼ੀਸ ਨਾ ਲੈਣ, ਸਕੂਲੋਂ ਨਾ ਕੱਢਣ, ਸੱਭ ਲਈ ਸਿਖਿਆ ਆਦਿ ਫ਼ੈਸਲੇ ਬਦਲੇ ਹਨ ਕਿਉਂਕਿ ਜੋ 8ਵੀਂ ਤਕ ਫ਼ੇਲ ਨਹੀਂ ਹੋਵੇਗਾ, ਉਹ ਜ਼ਿੰਦਗੀ ਵਿਚ ਕਦੇ ਪਾਸ ਵੀ ਨਹੀਂ ਹੋਵੇਗਾ। ਮਿਹਨਤ ਹਿੰਮਤ, ਜੋਸ਼, ਪਾਸ ਤੇ ਪਹਿਲੇ ਨੰਬਰ ਉਤੇ ਆਉਣ ਦਾ ਅਨੰਦ, ਫੇਲ ਜਾਂ ਅਸਫਲ ਹੋਣ ਦਾ ਡਰ, ਇਨਸਾਨ ਨੂੰ ਸੁਸਤ ਨਹੀਂ ਹੋਣ ਦਿੰਦਾ।


(11) ਸਜ਼ਾ ਦਾ ਅਧਿਕਾਰ ਖ਼ਤਮ ਕਰ ਕੇ ਸਰਕਾਰ ਨੇ ਬੱਚਿਆਂ ਨੂੰ ਮਨਮਰਜ਼ੀ ਕਰਨ, ਅਧਿਕਾਰਾਂ ਤੇ ਵਿਚਾਰਾਂ ਦੀ ਵਰਤੋਂ ਕਰਨ, ਅਧਿਆਪਕ ਤੇ ਪੁਲਿਸ ਪ੍ਰਤੀ ਆਵਾਜ਼ ਉਠਾਉਣਾ, ਸਰਕਾਰ ਦੇ ਪੁਤਲੇ ਸਾੜਨੇ, ਅਧਿਆਪਕਾਂ ਵਿਰੁਧ ਧਰਨੇ ਲਗਾਉਣ ਦੇ ਹੱਕ ਦੇ ਕੇ, ਵਿਦਿਆਰਥੀ ਜੀਵਨ ਨੂੰ ਅਪ੍ਰਾਧਕ ਖੇਤਰ ਬਣਾ ਦਿਤਾ ਹੈ। 

(12) ਸਵਾਮੀ ਵਿਵੇਕਾ ਨੰਦ ਜੀ ਨੇ ਅਧਿਆਪਕ ਨੂੰ ਗੁਰੂ ਦਾ ਦਰਜਾ ਦਿਤਾ ਸੀ ਤੇ ਵਿਦਿਆਰਥੀ ਕਦੇ ਅਧਿਆਪਕ ਗੁਰੂ ਦੇ ਬਰਬਾਰ ਨਹੀਂ ਹੋਏ ਪਰ ਅੱਜ ਵਿਦਿਆਰਥੀ ਅਧਿਆਪਕਾਂ ਲਈ ਡਰ ਤੇ ਚਿੰਤਾ ਦਾ ਵਿਸ਼ਾ ਬਣ ਗਏ ਹਨ। ਪਤਾ ਨਹੀਂ ਕਦੋਂ ਕਿਸ ਕਾਰਨ ਵਿਦਿਆਰਥੀ ਨਾਰਾਜ਼ ਹੋ ਕੇ, ਇਕੱਠੇ ਹੋ ਕੇ ਗੈਂਗ ਬਣਾ ਕੇ, ਲੋਕਾਂ ਸਾਹਮਣੇ ਉਨ੍ਹਾਂ ਨੂੰ ਖੜਾ ਕਰ ਦੇਣ। ਇਸ ਕਰ ਕੇ ਹਮੇਸ਼ਾ ਅਧਿਆਪਕ ਬੱਚਿਆਂ ਤੋਂ ਮਾਫ਼ੀ ਮੰਗਣ ਲੱਗ ਪਏ। 


(13) ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ ਕਿ  ਹਰ ਵਿਦਿਆਰਥੀ ਅਤੇ ਨਾਗਰਿਕ ਨੂੰ ਸਾਲ ਵਿਚ 50 ਦਿਨ ਫ਼ੌਜ ਜਾਂ ਪੁਲਿਸ ਟ੍ਰੇਨਿੰਗ ਜ਼ਰੂਰ ਦਿਤੀ ਜਾਵੇ ਤਾਕਿ ਉਹ ਦੇਸ਼, ਕਾਨੂੰਨ, ਸਜ਼ਾ ਅਨੁਸ਼ਾਸਨ, ਜ਼ਿੰਮੇਵਾਰੀਆਂ, ਫ਼ਰਜ਼ਾਂ, ਕੰਮ ਤੇ ਮਿਹਨਤ ਦਾ ਅਨੰਦ ਸਮਝ ਸਕਣ ਪਰ ਅੱਜ ਨੈਤਿਕ ਸਮਾਜਕ, ਸ੍ਰੀਰਕ ਪ੍ਰਵਾਰਕ, ਰਾਸ਼ਟਰ ਤੇ ਦੁਨੀਆਂ ਪ੍ਰਤੀ ਅਪਣੀ ਜ਼ਿੰਮੇਵਾਰੀਆਂ ਤੋਂ ਬੱਚਿਆਂ ਨੂੰ ਜਾਣੂ ਹੀ ਨਹੀਂ ਕਰਵਾਇਆ ਜਾ ਰਿਹਾ। ਜੋ ਕਿਤਾਬਾਂ ਵਿਚ ਹੈ, ਉਹ ਬੱਚੇ ਅੱਜ ਦੇ ਸਮੇਂ ਵਿਚ ਪਸੰਦ ਹੀ ਨਹੀਂ ਕਰ ਰਹੇ ਕਿਉਂਕਿ ਇੰਟਰਨੈੱਟ, ਟੀ.ਵੀ. ਤੇ ਪ੍ਰਾਈਵੇਟ ਕੋਚਿੰਗ ਸੈਂਟਰਾਂ ਨੇ ਕਿਤਾਬਾਂ ਦੇ ਬਸਤੇ, ਕਾਪੀਆਂ ਦਾ ਭਾਰ ਖ਼ਤਮ ਕਰ ਦਿਤਾ ਹੈ।

ਪਰ ਸਰਕਾਰੀ ਸਕੂਲ ਸ਼ੁਰੂ ਤੋਂ ਲੈ ਕੇ ਬੀ.ਏ., ਐਮ.ਏ. ਤਕ ਕੁੱਝ ਲੇਖ, ਅਰਜ਼ੀਆਂ ਤੇ ਜ਼ਰੂਰੀ ਗੱਲਾਂ 10-15 ਸਾਲਾਂ ਤਕ ਕਰਵਾਉਂਦੇ ਰਹਿੰਦੇ ਹਨ ਪਰ ਅੱਜ ਵੀ ਨੌਜਵਾਨਾਂ ਤੇ ਪੜ੍ਹੇ ਲਿਖੇ ਨੂੰ ਰਾਸ਼ਟਰ ਪ੍ਰੇਮ ਨਹੀਂ ਆ ਰਿਹਾ, ਸੜਕਾਂ ਤੇ ਚਲਣਾ ਨਹੀਂ ਆ ਰਿਹਾ। ਸ੍ਰੀਰ ਤਾਕਤ ਤੇ ਤੰਦਰੁਸਤੀ ਬਾਰੇ ਪਤਾ ਨਹੀਂ, ਫ਼ਰਜ਼ਾਂ ਤੇ ਜ਼ਿੰਮੇਵਾਰੀਆਂ ਪ੍ਰਤੀ ਗਿਆਨ ਨਹੀਂ ਮਾਪਿਆਂ ਦੀ ਸੇਵਾ ਸੰਭਾਲ ਦਾ ਫ਼ਰਜ਼ ਨਹੀਂ ਪਤਾ, ਸਰਵਨ ਪੁੱਤਰ, ਮਿਹਨਤ, ਇਮਾਨਦਾਰੀ ਤੇ ਅਨੁਸ਼ਾਸਨ ਤਾਂ ਖ਼ਤਮ ਹੀ ਹੋ ਗਏ ਹਨ। 


ਸਾਡੀ ਸੀਨੀਅਰ ਸਿਟੀਜ਼ਨ ਦੀ ਸਰਕਾਰ ਨੂੰ ਅਪੀਲ ਹੈ ਕਿ ਸਿਖਿਆ ਵਿਭਾਗ ਸਕੂਲ ਖੇਤਰ ਵਿਚ ਡੰਡੇ ਤੇ ਕੇਵਲ ਸਜ਼ਾ ਦਾ ਵਿਧਾਨ ਚਲਾ ਕੇ ਸੁਧਾਰ ਨਾ ਕਰੇ, ਸਗੋਂ ਪ੍ਰੇਮ, ਹਮਦਰਦੀ, ਉਤਸ਼ਾਹ, ਸਨਮਾਨ, ਮਿਲਵਰਤਣ ਰਾਹੀਂ ਉਨਤੀ ਯਕੀਨੀ ਬਣਾਈ। 
ਸੰਪਰਕ : 79738-70400