ਗੁਰਗੱਦੀ ਦਿਵਸ 'ਤੇ ਵਿਸ਼ੇਸ਼: ਧੰਨ ਧੰਨ ਰਾਮਦਾਸ ਗੁਰ , ਜਿਨ ਸਿਰਿਆ ਤਿਨੈ ਸਵਾਰਿਆ॥

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਗੁਰੂ ਰਾਮਦਾਸ ਜੀ ਦਾ ਸਾਦਗੀ ਭਰਪੂਰ ਜੀਵਨ ਅਤੇ ਉਨ੍ਹਾਂ ਦੁਆਰਾ ਰਚਿਤ ਬਾਣੀ ਅੱਜ ਵੀ ਸਾਨੂੰ ਜਿੱਥੇ ਚੰਗੀ ਜੀਵਨ ਜਾਚ ਸਿਖਾਉਂਦੀ ਹੈ,

Guru Ramdas Ji

ਪਵਿੱਤਰ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਕਿ ਪਹਿਲਾਂ ਰਾਮਦਾਸਪੁਰ ਅਤੇ ਉਸ ਤੋਂ ਪਹਿਲਾਂ ਗੁਰੂ ਕਾ ਚੱਕ ਨਾਂ ਨਾਲ ਜਾਣੀ ਜਾਂਦੀ ਸੀ। ਅੰਮ੍ਰਿਤਸਾਰ ਦੇ ਸੰਸਥਾਪਕ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਹਨ। ਗੁਰੂ ਰਾਮਦਾਸ ਜੀ ਦਾ ਸਾਦਗੀ ਭਰਪੂਰ ਜੀਵਨ ਅਤੇ ਉਨ੍ਹਾਂ ਦੁਆਰਾ ਰਚਿਤ ਬਾਣੀ ਅੱਜ ਵੀ ਸਾਨੂੰ ਜਿੱਥੇ ਚੰਗੀ ਜੀਵਨ ਜਾਚ ਸਿਖਾਉਂਦੀ ਹੈ, ਉੱਥੇ ਹੀ ਸਾਡਾ ਮਾਰਗਦਰਸ਼ਨ ਵੀ ਕਰਦੀ ਹੈ। ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਇਤਿਹਾਸ ਅਨੁਸਾਰ 29 ਸਤੰਬਰ 1534 ਈਸਵੀ ਨੂੰ ਪਿਤਾ ਹਰੀਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਯਾ ਜੀ ਦੀ ਕੁੱਖੋਂ ਚੂਨਾ ਮੰਡੀ ਲਾਹੌਰ ਵਿਖੇ ਹੋਇਆ।

ਆਪ ਦਾ ਬਚਪਨ ਦਾ ਨਾਮ ਭਾਈ ਜੇਠਾ ਸੀ। ਬਚਪਨ ਵਿੱਚ ਹੀ ਆਪ ਦੇ ਮਾਤਾ-ਪਿਤਾ ਅਕਾਲ ਚਲਾਣਾ ਕਰ ਗਏ। ਆਪ ਨੇ ਆਪਣਾ ਬਚਪਨ ਨਾਨਕੇ ਘਰ ਪਿੰਡ ਬਾਸਰਕੇ ਗਿੱਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਤੀਤ ਕੀਤਾ। ਘਰ ਵਿੱਚ ਗ਼ਰੀਬੀ ਹੋਣ ਕਾਰਨ ਆਪ ਨੂੰ ਜੀਵਨ ਨਿਰਵਾਹ ਲਈ ਘੁੰਗਣੀਆਂ ਵੇਚਣੀਆਂ ਪਈਆ। ਇਸ ਪ੍ਰਕਾਰ ਆਪ ਬਚਪਨ ਤੋਂ ਹੀ ਹੱਥੀਂ ਕਿਰਤ ਕਰਨ ਲੱਗ ਪਏ ਸੀ। ਮਨ ਵਿੱਚ ਗੁਰੂ ਅਮਰਦਾਸ ਜੀ ਨੂੰ ਮਿਲਣ ਦੀ ਤਾਂਘ ਲੈ ਆਪ ਗੋਇੰਦਵਾਲ ਸਾਹਿਬ ਪਹੁੰਚ ਗਏ। ਉੱਥੇ ਆਪ ਦਿਨ ਰਾਤ ਕੀਰਤਨ ਸੁਣਦੇ ਅਤੇ ਗੁਰੂ ਘਰ ਦੀ ਸੇਵਾ ਕਰਦੇ।

ਇੱਥੇ ਵੀ ਆਪ ਨੇ ਆਪਣਾ ਜੀਵਨ ਨਿਰਵਾਹ ਘੁੰਗਣੀਆਂ ਵੇਚ ਕੇ ਹੀ ਕੀਤਾ। ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਕਿਰਤ ਕਰਨ ਦੀ ਲਗਨ ਅਤੇ ਗੁਰੂ ਘਰ ਨਾਲ ਸ਼ਰਧਾ ਨੂੰ ਵੇਖਦਿਆਂ ਹੋਇਆਂ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਹੀ ਨਾਲ ਕਰ ਦਿੱਤਾ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਦਾ ਨਾਮ ਬਦਲ ਕੇ ਰਾਮਦਾਸ ਰੱਖ ਦਿੱਤਾ। ਗੁਰੂ ਅਮਰਦਾਸ ਜੀ ਨੇ ਗੁਰਿਆਈ ਦੇਣ ਲਈ ਭਾਈ ਰਾਮਾ ਅਤੇ ਭਾਈ ਜੇਠਾ (ਰਾਮਦਾਸ) ਜੀ ਦੀ ਪ੍ਰੀਖਿਆ ਲਈ। ਗੁਰੂ ਜੀ ਨੇ ਦੋਵਾਂ ਨੂੰ ਹੀ ਥੜ੍ਹਾ ਬਣਾਉਣ ਲਈ ਕਿਹਾ। ਗੁਰੂ ਅਮਰਦਾਸ ਜੀ ਕੋਈ ਨਾ ਕੋਈ ਕਮੀ ਕੱਢ ਕੇ ਥੜ੍ਹਾ ਢੁਆ ਦਿੰਦੇ ਰਹੇ।

ਅਜਿਹਾ ਦੇਖ ਭਾਈ ਰਾਮਾ ਜੀ ਦਾ ਸਿਦਕ ਡੋਲ ਗਿਆ ਪਰ ਭਾਈ ਜੇਠਾ ਜੀ ਹਰ ਵਾਰੀ ‘ਸਤਿ ਬਚਨ’ ਕਹਿ ਦੁਬਾਰਾ ਥੜ੍ਹਾ ਬਣਾਉਣ ਲੱਗ ਪੈਂਦੇ। ਇਸ ਪ੍ਰਕਾਰ ਗੁਰੂ ਅਮਰਦਾਸ ਜੀ ਦੀ ਗੁਰਿਆਈ ਲਈ ਯੋਗ ਵਿਅਕਤੀ ਦੀ ਭਾਲ ਖ਼ਤਮ ਹੋ ਗਈ। ਸਤੰਬਰ 1574 ਈਸਵੀ ਨੂੰ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਂਪ ਦਿੱਤੀ। ਗੁਰੂ ਅਮਰਦਾਸ ਜੀ ਦੇ ਕਹੇ ਅਨੁਸਾਰ ਆਪ ਨੇ ਗੁਰੂ ਕਾ ਚੱਕ (ਰਾਮਦਾਸਪੁਰ) ਦੀ ਨੀਂਹ 1574 ਈਸਵੀ ਵਿੱਚ ਰੱਖੀ। ਗੁਰੂ ਘਰ ਦੀ ਇਮਾਰਤ ਬਣਾਉਣ, ਧਰਮਸ਼ਾਲਾ ਅਤੇ ਸਰੋਵਰ ਦੀ ਉਸਾਰੀ ਲਈ ਬਹੁਤ ਧੰਨ ਦੀ ਜ਼ਰੂਰਤ ਸੀ।

ਇਸ ਲਈ ਗੁਰੂ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ, ਇਸ ਪ੍ਰਥਾ ਦੇ ਅਧੀਨ ਸੰਗਤਾਂ ਨੂੰ ਗੁਰੂ ਘਰ ਵਿੱਚ ਹੋਣ ਵਾਲੇ ਕਾਰਜਾਂ ਤੋਂ ਜਾਣੂ ਕਰਵਾਇਆ ਜਾਂਦਾ ਸੀ ਅਤੇ ਉਨ੍ਹਾਂ ਵੱਲੋਂ ਭੇਟ ਕੀਤੀ ਗਈ ਮਾਇਆ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਂਦਾ। ਆਪ ਦੇ ਗ੍ਰਹਿ ਵਿਖੇ ਤਿੰਨ ਪੁਤਰਾਂ ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਦੇਵ ਦਾ ਜਨਮ ਹੋਇਆ। ਗੁਰੂ ਘਰ ਪ੍ਰਤੀ ਸੱਚੀ ਲਗਨ ਅਤੇ ਨਿਸ਼ਟਾ ਨੂੰ ਵੇਖਦਿਆਂ ਹੋਇਆ ਆਪ ਨੇ ਅਰਜਨ ਦੇਵ ਜੀ ਨੂੰ ਇੱਕ ਸਤੰਬਰ 1581 ਨੂੰ ਗੁਰਿਆਈ ਬਖ਼ਸ਼ ਦਿੱਤੀ ਅਤੇ ਇਸੇ ਦਿਨ ਹੀ ਆਪ ਜੋਤਿ-ਜੋਤ ਸਮਾਂ ਗਏ।