ਦਿੱਲੀ ਦੀ ਪਹਿਲੀ ਮਸਜਿਦ ਕੁੱਵਤ ਉਲ ਇਸਲਾਮ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕੁੱਵਤ ਉਲ ਇਸਲਾਮ ਮਸਜਿਦ ਦਿੱਲੀ ਵਿਚ ਬਣਨ ਵਾਲੀ ਪਹਿਲੀ ਮਸਜਿਦ ਹੈ। ਕੁੱਵਤ ਉਲ ਇਸਲਾਮ ਦਾ ਮਤਲਬ ਹੈ,

Delhi's first mosque. Quwwat-ul-Islam

ਕੁੱਵਤ ਉਲ ਇਸਲਾਮ ਮਸਜਿਦ ਦਿੱਲੀ ਵਿਚ ਬਣਨ ਵਾਲੀ ਪਹਿਲੀ ਮਸਜਿਦ ਹੈ। ਕੁੱਵਤ ਉਲ ਇਸਲਾਮ ਦਾ ਮਤਲਬ ਹੈ, ਇਸਲਾਮ ਦੀ ਸ਼ਕਤੀ। ਇਸ ਮਸਜਿਦ ਦੀ ਤਾਮੀਰ ਭਾਰਤ ਦੇ ਪਹਿਲੇ ਮੁਸਲਿਮ ਸੁਲਤਾਨ ਕੁਤਬ ਦੀਨ ਐਬਕ (ਰਾਜ 1192 ਤੋਂ 1210 ਈਸਵੀ) ਦੁਆਰਾ ਕਰਵਾਈ ਗਈ ਸੀ ਤੇ ਇਹ ਕੁਤਬ ਮੀਨਾਰ ਦੇ ਸੱਜੇ ਹੱਥ ਸਥਿਤ ਹੈ। ਇਹ ਮਸਜਿਦ ਭਾਰਤੀ-ਤੁਰਕ ਭਵਨ ਨਿਰਮਾਣ ਕਲਾ ਦਾ ਸ਼ਾਨਦਾਰ ਨਮੂਨਾ ਹੈ।

ਕੁੱਵਤ ਉਲ ਇਸਲਾਮ, ਐਬਕ ਨੇ ਦਿੱਲੀ ਫ਼ਤਿਹ ਦੀ ਯਾਦ ਵਿਚ 1199 ਈਸਵੀ ਦੌਰਾਨ ਕੁਤਬ ਮੀਨਾਰ ਦੇ ਨਾਲ ਹੀ ਉਸਾਰਨੀ ਸ਼ੁਰੂ ਕੀਤੀ ਸੀ ਪਰ ਇਹ ਕੁਤਬ ਮੀਨਾਰ ਤੋਂ ਕੁੱਝ ਫ਼ਾਸਲੇ ਉਤੇ ਸਥਿਤ ਹੈ। ਮੌਸਮ ਦੀ ਮਾਰ ਤੇ ਦਿੱਲੀ ਵਿਚ ਆਏ ਕਈ ਭੁਚਾਲਾਂ ਕਾਰਨ ਇਹ ਹੁਣ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ। ਮੂਲ ਰੂਪ ਵਿਚ ਇਸ ਮਸਜਿਦ ਦਾ ਨਮਾਜ਼ ਪੜ੍ਹਨ ਵਾਲਾ ਵਿਹੜਾ 141 ਫ਼ੁਟ ਲੰਮਾ ਤੇ 108 ਫ਼ੁਟ ਚੌੜਾ ਸੀ। ਮਸਜਿਦ ਦੀ ਇਮਾਰਤ ਦੀ ਲੰਬਾਈ 148 ਫ਼ੁਟ, ਚੌੜਾਈ 39 ਫ਼ੁਟ ਤੇ ਉੱਚਾਈ 21 ਫ਼ੁਟ ਸੀ। ਇਸ ਮਸਜਿਦ ਦੀ ਉਸਾਰੀ ਭੂਰੇ ਗਰੇਨਾਈਟ ਪੱਥਰ ਨਾਲ ਕੀਤੀ ਗਈ ਸੀ।

ਸਮਰਾਟ ਚੰਦਰ ਗੁਪਤ ਵਿਕਰਮਾਦਿੱਤ (ਰਾਜ 375 ਤੋਂ 415 ਈਸਵੀ) ਦੇ ਸ਼ਾਸਨ ਸਮੇਂ ਨਿਰਮਿਤ ਪ੍ਰਸਿੱਧ ਲੋਹੇ ਦਾ ਸਤੰਭ, ਸੁਲਤਾਨ ਫ਼ਿਰੋਜ਼ਸ਼ਾਹ ਤੁਗ਼ਲਕ (ਰਾਜ 1351 ਤੋਂ 1388) ਨੇ ਮਥਰਾ ਤੋਂ ਲਿਆ ਕੇ ਸੰਨ 1360 ਈਸਵੀ ਵਿਚ ਇਸ ਮਸਜਿਦ ਦੇ ਬਿਲਕੁਲ ਸਾਹਮਣੇ ਸਥਾਪਤ ਕਰਵਾਇਆ ਸੀ। ਇਸ ਮਸਜਿਦ ਦੇ ਮੁੱਖ ਗੁੰਬਦ ਦੀ ਉਚਾਈ 52 ਫ਼ੁਟ ਤੇ  ਚਾਰੇ ਮੀਨਾਰਾਂ ਦੀ ਉਚਾਈ 48 ਫ਼ੁਟ ਸੀ।

ਇਸ ਦੇ ਹਾਲ, ਦੀਵਾਰਾਂ, ਸਤੰਭਾਂ ਤੇ ਮੀਨਾਰਾਂ ਨੂੰ ਪਵਿੱਤਰ ਕੁਰਾਨ ਦੀਆਂ ਆਇਤਾਂ ਤੇ ਫੁੱਲ ਪੱਤੀਆਂ ਦੀ ਮੀਨਾਕਾਰੀ ਨਾਲ ਸਜਾਇਆ ਗਿਆ ਹੈ। ਉਸ ਸਮੇਂ ਇਸਲਾਮੀ ਰਾਜ ਨਵਾਂ ਸੀ ਤੇ ਕੁਤਬੁਦੀਨ ਐਬਕ ਲਗਾਤਾਰ ਜੰਗਾਂ ਯੁਧਾਂ ਵਿਚ ਰੁਝਿਆ ਹੋਇਆ ਸੀ। ਇਸ ਲਈ ਇਸ ਮਸਜਿਦ ਦੀ ਉਸਾਰੀ ਸਮੇਂ ਇਮਾਰਤਸਾਜ਼ੀ ਦੀਆਂ ਬਰੀਕੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤੇ ਇਹ ਸਾਧਾਰਣ ਸਥਾਨਕ ਮਿਸਤਰੀਆਂ ਦੁਆਰਾ ਤਾਮੀਰ ਕੀਤੀ ਗਈ ਪ੍ਰਤੀਤ ਹੁੰਦੀ ਹੈ।

ਇਸ ਦੇ ਬਰਾਂਡੇ ਅਤੇ ਬਗ਼ੀਚਾ 1220 ਈਸਵੀ  ਵਿਚ ਐਬਕ ਦੇ ਜਵਾਈ ਸੁਲਤਾਨ ਸ਼ਮਸੁਦੀਨ ਅਲਤਮਸ਼ (ਰਾਜ 1211 ਤੋਂ 1236 ਈਸਵੀ) ਨੇ ਤਾਮੀਰ ਕਰਵਾਏ ਸਨ। ਅਲਤਮਸ਼ ਦੇ ਰਾਜ ਵੇਲੇ ਇਸਲਾਮੀ ਸ਼ਾਸਨ ਪੱਕੇ ਪੈਰੀਂ ਹੋ ਗਿਆ ਸੀ। ਇਸ ਲਈ ਉਸ ਵਲੋਂ ਮਸਜਿਦ ਵਿਚ ਕੀਤੇ ਗਏ ਵਾਧੇ ਵਿਚ ਜ਼ਿਆਦਾ ਵਧੀਆ ਕਾਰੀਗਰੀ ਝਲਕਦੀ ਹੈ। 

ਉਸ ਨੇ ਸਥਾਨਕ ਮਿਸਤਰੀਆਂ ਦੀ ਬਜਾਏ ਤੁਰਕੀ ਤੇ ਅਫ਼ਗਾਨਿਸਤਾਨ ਤੋਂ ਉਸਤਾਦ ਕਰੀਗਰ ਬੁਲਾ ਕੇ ਕੰਮ ਉਤੇ ਲਗਾਏ ਤੇ ਵਧੀਆ ਸਮੱਗਰੀ ਦੀ ਵਰਤੋਂ ਕੀਤੀ। ਸੁਲਤਾਨ ਅਲਾਉਦੀਨ ਖ਼ਿਲਜੀ (ਰਾਜ 1296 ਤੋਂ 1316 ਈਸਵੀ) ਨੇ 1296 ਈਸਵੀ ਵਿਚ ਇਸ ਦੇ ਹਾਲ ਦੀ ਚੌੜਾਈ ਵਿਚ 35 ਫ਼ੁਟ ਦਾ ਵਾਧਾ ਕੀਤਾ ਤੇ ਲਾਲ ਪੱਥਰ ਨਾਲ ਮੁੱਖ ਦਰਵਾਜ਼ੇ (ਅਲਾਹੀ ਦਰਵਾਜ਼ਾ) ਦੀ ਉਸਾਰੀ ਕਰਵਾਈ।

ਇਸ ਮਸਜਿਦ ਦੇ ਪੱਛਮ ਵਲ ਅਲਤਮਸ਼ ਦਾ ਮਕਬਰਾ ਬਣਿਆ ਹੋਇਆ ਹੈ ਜਿਸ ਦੀ ਉਸਾਰੀ ਖ਼ੁਦ ਉਸ ਵਲੋਂ 1235 ਈਸਵੀ ਵਿਚ ਕਰਵਾ ਲਈ ਗਈ ਸੀ। ਖੰਡਰ ਬਣ ਚੁੱਕੀ ਇਸ ਮਸਜਿਦ ਦੇ ਬਚੇ ਖੁਚੇ ਹਿੱਸੇ ਦੀ ਸਾਂਭ ਸੰਭਾਲ ਹੁਣ ਆਰਕਿਉਲੌਜੀਕਲ ਸਰਵੇ ਆਫ਼ ਇੰਡੀਆ ਦੁਆਰਾ ਕੀਤੀ ਜਾ ਰਹੀ ਹੈ। ਇਸ ਮਸਜਿਦ ਦੇ ਬਚੇ ਹੋਏ ਭਾਗਾਂ ਦੀ ਮੀਨਾਕਾਰੀ ਅੱਜ ਵੀ ਵੇਖਣਯੋਗ ਹੈ। ਸੰਪਰਕ : 95011-00062