ਐਡਮਿੰਟਨ ਦਾ ਸਭ ਤੋਂ ਪਹਿਲਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਇਹ ਗੁਰਦੁਆਰਾ ਸਾਹਿਬ ਨਾਰਥ ਵੈਸਟ, ਸੇਂਟ ਅਲਬਰਟ ਟਰੇਲ ਵਿਖੇ ਸਥਿਤ ਹੈ।

Edmonton's first Gurdwara Sri Guru Nanak Sikh Gurdwara

 

ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਆਫ਼ ਅਲਬਰਟਾ, ਐਡਮਿੰਟਨ, ਕੈਨੇਡਾ ਲਗਭਗ 1980  ਵਿਚ ਹੋਂਦ ਵਿਚ ਆਇਆ। ਐਡਮਿੰਟਨ ਵਿਚ ਇਹ ਸਭ ਤੋਂ ਪਹਿਲਾ ਬਣਿਆ ਗੁਰਦੁਆਰਾ ਹੈ। ਇਹ ਨਾਰਥ ਵੈਸਟ, ਸੇਂਟ ਅਲਬਰਟ ਟਰੇਲ ਵਿਖੇ ਸਥਿਤ ਹੈ। ਵਿਦੇਸ਼ਾਂ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ਾਂ, ਉਪਦੇਸ਼ਾਂ, ਬਾਣੀ, ਭੋਤਿਕਵਾਦੀ ਸਮਾਜ ਸੰਪਰਕਾਂ ਨੂੰ ਮਜ਼ਬੂਤ ਕਰਨਾ, ਪੰਜਾਬੀ ਸਭਿਆਚਾਰ ਅਤੇ ਵਿਰਾਸਤ ਨੂੰ  ਸ਼ਾਨਦਾਰ ਢੰਗ ਨਾਲ ਮਲਮਲੀ ਕੋਮਲਤਾ, ਭਾਵੁਕਤਾ, ਮਨੁੱਖ ਵਿਚ ਸੰਵੇਦਨ ਦੀ ਤਰਲਤਾ ਅਤੇ ਸੰਵੇਦਨਸ਼ੀਲਤਾ ਦੀ ਖ਼ੁਸ਼ਬੂ ਬਿਖੇਰਦੇ ਹੋਏ ਸਿੱਖ ਭਾਈਚਾਰਾ ਸਮਾਜ ਵਿਚ ਜੀਵਨ ਦੀ ਕ੍ਰਾਂਤੀ ਅਤੇ ਪ੍ਰਸੰਨਤਾ ਵੰਡ ਰਹੇ ਹਨ।

ਵਿਦੇਸ਼ਾਂ ਵਿਚ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ  ਪ੍ਰਫੁੱਲਤ ਕਰ ਕੇ ਖ਼ੂਬਸੂਰਤ ਮਾਨਵਤਾਵਾਦੀ ਕੀਰਤੀਮਾਨ ਸਥਾਪਤ ਕੀਤੇ ਹੋਏ ਹਨ। ਜੇਕਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਸਲੀ ਰੂਪ ਵੇਖਣਾ ਹੋਵੇ ਤਾਂ ਗੁਰਦੁਆਰਾ ਸਾਹਿਬ ਚਲੇ ਜਾਉ ਜਿਥੇ ਇਸ ਦੀ ਪ੍ਰਾਚੀਨਤਾ ਅਤੇ ਨਵੀਨਤਾ ਦੀ ਝਲਕ ਮਹਿਸੂਸ ਕਰ ਲਵੋਗੇ। ਅਪਣੇ ਆਪ ਨੂੰ  ਮੋਹ ਦੇ ਨਿੱਘ ਵਿਚ ਪਰੋ ਕੇ, ਇਨਸਾਨੀ ਕਦਰਾਂ ਕੀਮਤਾਂ ਵਿਚ ਰਹਿ ਕੇ ਅਧਿਆਤਮਕਤਾ ਦੇ ਪਰਾਏਵਾਚੀ ਹੋ ਜਾਉਗੇ। ਇੱਥੇ ਅਧਿਆਤਮਕ ਸਕੂਨ, ਗੁਰਬਾਣੀ ਦੀ ਮਰਿਆਦਾ ਦੇ ਸਕਾਰਾਤਮਕ ਚਿੰਨ੍ਹ ਧੁਰ ਅੰਦਰ ਤਕ ਆਤਮਸੰਤੁਸ਼ਟੀ ਦਾ ਸਬੂਤ ਦਿੰਦੇ ਹਨ। ਸਰਬ ਸਾਂਝੀਵਾਲਤਾ ਅਤੇ ਇਨਸਾਨੀ ਕਰਦਰਾਂ ਕੀਮਤਾਂ ਦੀ ਰੰਗਤ ਆਪ ਮੁਹਾਰੇ ਹੀ ਹਿਰਦੇ ਵਿਚ ਸਮੋ ਜਾਂਦੀ ਹੈ।

ਨਿਮਰਤਾ ਅਤੇ ਸੇਵਾ ਦੀ ਪਰਿਭਾਸ਼ਾ ਵੇਖਣ ਨੂੰ ਮਿਲ ਜਾਂਦੀ ਹੈ। ਜਿੱਥੇ ਸਮਤਾ, ਭਗਤੀ, ਸ਼ਕਤੀ, ਸੰਜਮ, ਸਾਂਝੀਵਾਲਤਾ, ਅਨੁਸ਼ਾਸਨ, ਇਕਜੁਟਤਾ, ਦਯਾ, ਸੰਤੋਖ, ਸਬਰ, ਕੁਰਬਾਨੀ, ਨਿਸ਼ਕਾਮ ਸੇਵਾ, ਵੰਡ ਛਕਣਾ, ਦਸਵੰਧ, ਨਿਤਨੇਮ, ਕਿਰਤ, ਸਰਬੱਤ  ਦਾ ਭਲਾ, ਬੇਆਸਰਿਆਂ ਨੂੰ ਆਸਰਾ, ਦਸਤਾਰ, ਪੰਜ ਕਕਾਰ, ਅੰਮ੍ਰਿਤ ਬਾਟੇ ਦਾ ਸੰਦੇਸ਼, ਕੇਸਰੀ ਨਿਸ਼ਾਨ ਦੀ ਮਹਤੱਤਾ, ਹੁਕਮ ਰਜਾਈ ਚਲਣਾ, ਲੰਗਰ ਪ੍ਰਥਾ ਆਦਿ ਸਿੱਖੀ ਚਿੰਨ੍ਹ ਵੇਖਣ ਨੂੰ ਮਿਲਦੇ ਹਨ ਅਤੇ ‘ੴ’ ਦੇ ਖੋਜੀ ਬਾਬਾ ਨਾਨਕ ਦਾ ਸੰਦੇਸ਼ ਗੁਰੂ ਨਾਨਕ ਦੇਵ ਜੀ ਦੇ ਧਰਮ ਸਥਾਨ ਨਾਲ ਸਬੰਧਤ, ਜਿਸ ਵੀ ਧਰਮਧਾਮ ਜਾਂ ਸਰਬ ਸਾਂਝੇ ਸਥਾਨ ਵਿਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉਸ ਨੂੰ ਸਿੱਖ ਪ੍ਰੰਪਰਾ ਸ਼ਬਦਾਵਲੀ ਵਿਚ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ।

ਇਸ ਦਾ ਸ਼ਾਬਦਿਕ ਅਰਥ ਹੈ - ਗੁਰੂ ਦਾ ਘਰ, ਗੁਰੂ ਦਾ ਦੁਆਰਾ। ਹਰ ਗੁਰਦੁਆਰੇ ਵਿਚ ਇਕ ਉੱਚਾ ਕੇਸਰੀ ਪਰਚਮ ਜ਼ਰੂਰ ਹੁੰਦਾ ਹੈ ਜਿਸ ਨੂੰ ਨਿਸ਼ਾਨ ਸਾਹਿਬ ਕਹਿੰਦੇ ਹਨ। ਜਿਨ੍ਹਾਂ ਸਥਾਨਾਂ ’ਤੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਯਾਤਰਾ ਕੀਤੀ, ਉੱਥੇ ਮੌਜੂਦਾ ਗੁਰਦੁਆਰਿਆਂ ਵਿਚ ਦੋ ਨਿਸ਼ਾਨ ਸਾਹਿਬ ਵੀ ਲੱਗੇ ਹੁੰਦੇ ਹਨ ਜੋ ਕਿ ਮੀਰੀ ਅਤੇ ਪੀਰੀ ਦੀ ਨਿਸ਼ਾਨੀ ਹਨ। ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਆਫ਼ ਅਲਬਰਟਾ, ਐਡਮਿੰਟਨ, ਕੈਨੇਡਾ, ਪ੍ਰਾਚੀਨਤਾ ਤੋਂ ਵਰਤਮਾਨ ਸਾਕਾਰਾਤਮਕ ਸ਼ਿਲਪਕਾਰੀ ਦੀ ਨਵੀਨਤਾ ਨੂੰ ਅਪਣਾ ਰਿਹਾ ਹੈ। ਇਸ ਸਥਾਨ ਦੇ ਸੇਵਕ ਸ. ਅਵਤਾਰ ਸਿੰਘ ਗਿੱਲ ਨੇ ਦਸਿਆ ਕਿ ਇੱਥੇ ਪ੍ਰਾਚੀਨ ਅਤੇ ਆਧੁਨਿਕ ਸਹੂਲਤਾਂ ਆਤਮ ਪ੍ਰਸੰਨਤਾ, ਪ੍ਰੇਮ ਅਤੇ ਸਮਤਾ ਭਾਵਨਾ ਨਾਲ ਮੁਹੱਈਆ ਕੀਤੀਆਂ ਜਾਂਦੀਆਂ ਹਨ।

ਪ੍ਰਾਚੀਨ ਸਰਲਤਾ ਅਤੇ ਆਧੁਨਿਕ ਦਿ੍ਰਸ਼ ਸੁੰਦਰਤਾ ਵਿਚ ਨਿਸ਼ਠਾ ਦੀ ਪ੍ਰਤਿਸ਼ਠਾ ਗਹਿਰੇ ਅਰਥਾਂ ਨਾਲ ਸੰਪੂਰਨ ਹੈ। ਇਹ ਪਵਿੱਤਰ ਸਥਾਨ ਲਗਭਗ ਦੋ ਏਕੜ ਵਿਚ ਸੁਸ਼ੋਭਤ ਹੈ। ਲੰਗਰ ਹਾਲ ਲਗਭਗ 7200 ਸਕੇਅਰ ਫੁੱਟ ਹੋਵੇਗਾ, ਜਿਸ ਨੂੰ ਵਰਤਮਾਨ ਹਾਲਾਤ ਵਿਚ ਆਧੁਨਿਕ ਢੰਗ ਅਵਸਥਾ ਵਿਚ ਬਦਲਿਆ ਗਿਆ ਹੈ ਅਤੇ ਪੁਰਾਣੀ ਇਮਾਰਤ ਦੇ ਕੁੱਝ ਹਿੱਸੇ ਨੂੰ ਦੁਬਾਰਾ ਸੁੰਦਰੀਕਰਣ ਵਿਚ ਪਰੋ ਕੇ ਪੁਨਰ ਸੰਗਠਨ ਕੀਤਾ ਗਿਆ ਹੈ। ਪ੍ਰਾਚੀਨ ਇਮਾਰਤ ਦਾ ਘੇਰਾ ਘੱਟ ਹੋਣ ਕਰ ਕੇ ਇਸ ਨੂੰ ਹੋਰ ਵਧਾ ਕੇ ਆਧੁਨਿਕ ਸ਼ੈਲੀ ਵਿਚ ਬਣਾਇਆ ਗਿਆ ਹੈ।

ਬਾਹਰੀ ਦਿੱਖ ਨੂੰ ਹੋਰ ਸੁੰਦਰ ਅਤੇ ਮਰਮਸਪਰਸ਼ੀ ਬਣਾਉਣ ਲਈ ਵੱਡੇ ਆਕਾਰ ਦੇ ਕੰਧ ਨੁਮਾ ਸ਼ੀਸ਼ਿਆਂ ਨਾਲ ਤਿਆਰ ਕੀਤਾ ਜਾ ਰਿਹਾ ਹੈ, ਜਿੱਥੇ ਸਿੱਖ ਮਰਿਆਦਾ ਅਨੁਸਾਰ ਹਰ ਤਰ੍ਹਾਂ ਦੇ ਸਮਾਗਮ ਕਰਵਾਏ ਜਾ ਸਕਦੇ ਹਨ। ਵਿਆਹ-ਸ਼ਾਦੀਆਂ ਲਈ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਕਿਸੇ ਵੀ ਰਸਮ, ਰੀਤੀ ਰਿਵਾਜ ਜਾਂ ਸਮਾਗਮ ਲਈ ਕੋਈ ਪੈਸਾ ਨਹੀਂ ਲਿਆ ਜਾਂਦਾ। ਘਰ ਵਿਚ ਕੋਈ ਵੀ ਧਾਰਮਕ ਕਾਰਜ ਕਰਵਾਉਣਾ ਹੋਵੇ ਉਸ ਦਾ ਪ੍ਰਬੰਧਕੀ ਖ਼ਰਚਾ ਨਹੀਂ ਲਿਆ ਜਾਂਦਾ। 
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਆਉਣ ਜਾਣ ਲਈ ਵਰਤੀ ਜਾਣ ਵਾਲੀ ਪ੍ਰਬੰਧਕੀ ਕਾਰ ਦਾ ਵੀ ਕੋਈ ਖ਼ਰਚਾ ਨਹੀਂ ਲਿਆ ਜਾਂਦਾ। ਪਾਠੀ ਸਿੰਘਾਂ ਅਤੇ ਹੋਰ ਸਿੰਘਾਂ ਲਈ ਆਧੁਨਿਕ ਕਮਰੇ, ਸਹੂਲਤਾਂ ਅਤੇ ਸੁਵਿਧਾਜਨਕ ਕਮਰੇ ਬਣੇ ਹੋਏ ਹਨ।

ਇਥੇ ਪੰਜਾਬੀ ਅਤੇ ਕੀਰਤਨ ਦੀ ਸਿਖਿਆ ਲਈ ਖ਼ਾਲਸਾ ਸਕੂਲ ਵੀ ਹੈ ਜਿਥੇ ਬੱਚੇ ਅਤੇ ਹੋਰ ਕਿਸੇ ਵੀ ਉਮਰ ਦੇ ਵਿਅਕਤੀ ਸਿਖਿਆ ਲੈ ਸਕਦੇ ਹਨ। ਕੀਰਤਨ ਦਰਬਾਰ, ਕਥਾ ਵਿਚਾਰ, ਪ੍ਰਵਚਨ ਹੁੰਦੇ ਹਨ। ਪੰਜਾਬੀ ਸਿੱਖਣ ਦਾ ਸਮਾਂ ਐਤਵਾਰ ਸਵੇਰੇ ਸਾਢੇ ਦਸ ਤੋਂ 12 ਵਜੇ ਦੁਪਹਿਰ ਹੈ। ਲਗਭਗ ਸੌ ਦੇ ਕਰੀਬ ਸਿਖਿਆਰਥੀ ਆਉਂਦੇ ਹਨ। ਵੇਖਣ ਵਾਲੀ ਖ਼ਾਸ ਗੱਲ ਇਹ ਹੈ ਕਿ ਪੰਜਾਬੀ ਸਿੱਖਣ ਲਈ ਇਕ ਕੈਨੇਡੀਅਨ ਲੜਕੀ ਵੀ ਆਉਂਦੀ ਹੈ। ਸਭ ਧਰਮਾਂ ਦੇ ਲੋਕ ਇਥੋਂ ਦੀਆਂ ਸਹੂਲਤਾਂ ਲੈ ਸਕਦੇ ਹਨ। ਗੁਰਮਤਿ ਕੈਂਪ ਸਾਲ ਵਿਚ ਦੋ ਵਾਰ ਲਗਾਏ ਜਾਂਦੇ ਹਨ। ਵੈਨਕੂਵਰ ਤੋਂ ਵਿਸ਼ੇਸ਼ ਤੌਰ ’ਤੇ ਵਿਦਵਾਨ ਆਉਂਦੇ ਹਨ। ਸੁਖਮਨੀ ਸਾਹਿਬ ਅਤੇ ਅਖੰਡ ਪਾਠਾਂ ਆਦਿ ਦੀਆਂ ਸਹੂਲਤਾਂ ਮੁਫ਼ਤ ਹਨ।

ਬੁੱਧਵਾਰ ਸੁਖਮਣੀ ਸਾਹਿਬ, ਸਨਿਚਰਵਾਰ ਵਾਹਿਗੁਰੂ ਦਾ ਜਾਪ ਅਤੇ ਐਤਵਾਰ ਕੀਰਤਨ, ਛੇ ਤੋਂ ਨੌ ਵਜੇ ਤੱਕ। ਰਸੋਈ ਘਰ ਵਿਚ ਸਾਰੀਆਂ ਸਹੂਲਤਾਂ ਆਧੁਨਿਕ ਸ਼ੈਲੀ ਵਿਚ ਮਿਲਦੀਆਂ ਹਨ। ਰਸੋਈ ਘਰ ਲਗਭਗ 1280 ਸਕੇਅਰ ਫੁੱਟ ਵਿਚ ਅਲੰਕ੍ਰਿਤ ਹੈ। ਧੋਣ ਵਾਲੀਆਂ ਚੀਜ਼ਾਂ ਲਈ ਅਲੱਗ ਮਸ਼ੀਨਾਂ ਹਨ, ਵਰਤਣ ਵਾਲੀਆਂ ਚੀਜ਼ਾਂ ਲਈ ਵਖਰੇ ਮਸ਼ੀਨੀ ਪ੍ਰਬੰਧ ਹਨ। ਫਰਿੱਜ, ਕਪੜੇ ਧੋਣ ਦੀਆਂ ਮਸ਼ੀਨਾਂ ਅਲੱਗ-ਅਲੱਗ ਕਾਰਜਾਂ ਲਈ ਅਲੱਗ-ਅਲੱਗ ਹਨ। ਖ਼ਾਸ ਕਰ ਕੇ ਪਾਲਕੀ ਸਾਹਿਬ ਦੇ ਸਥਾਨ ਨਾਲ ਸਬੰਧਤ ਸਾਰੇ ਵਸਤਰਾਂ ਦੀ ਸਫ਼ਾਈ ਲਈ ਅਲੱਗ ਮਸ਼ੀਨਾਂ ਹਨ। ਲਿਫ਼ਟ (ਐਲੀਵੇਟਰ) ਦਾ ਪ੍ਰਬੰਧ ਵੀ ਹੈ। ਮੀਟਿੰਗ ਰੂਮ ਦੀ ਅਵਸਥਾ ਜ਼ਰੂਰਤ ਮੁਤਾਬਕ ਢੁਕਵਾਂ ਅਤੇ ਸਾਰਥਕ ਹੈ।

ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸੰਤੋਖ ਸਿੰਘ ਉਪਲ, ਭਾਈ ਜਗਰੂਪ ਸਿੰਘ ਸੈਕਟਰੀ, ਭਾਈ ਮੁਕੰਦ ਸਿੰਘ ਬੈਂਸ, ਸਹਾਇਕ ਸੈਕਟਰੀ ਭਾਈ ਦਵਿੰਦਰ ਸਿੰਘ ਬੈਂਸ, ਖ਼ਜ਼ਾਨਚੀ ਭਾਈ ਜੁਝਾਰ ਸਿੰਘ, ਭਾਈ ਬਲਵੰਤ ਸਿੰਘ ਅਤੇ ਮੈਂਬਰ ਭਾਈ ਬਖ਼ਤਾਵਰ ਸਿੰਘ, ਭਾਈ ਅਵਤਾਰ ਸਿੰਘ ਗਿੱਲ ਹਨ। ਭਵਿੱਖ ਵਿਚ ਇਸ ਪ੍ਰਬੰਧਕ ਕਮੇਟੀ ਤੋਂ ਹੋਰ ਆਸਾਂ ਹਨ ਕਿ ਸਿੱਖੀ ਦੀਆਂ ਪ੍ਰੰਪਰਾਵਾਂ-ਸਭਿਆਚਾਰ, ਸਿਖਿਆਵਾਂ, ਉਪਦੇਸ਼ਾਂ ਨੂੰ, ਸਾਂਝੀਵਾਲਤਾ ਦੇ ਸੁਨੇਹੇ ਨੂੰ ‘ੴ’ ਦੇ ਸੰਦੇਸ਼ ਨੂੰ, ਗੁਰਬਾਣੀ ਦੇ ਸੰਦੇਸ਼ਾਂ ਨੂੰ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁਲਤ ਕਰਨ ਵਿਚ ਵਡਮੁੱਲਾ ਯੋਗਦਾਨ ਪਾਉਂਦੇ ਰਹਿਣਗੇ।
-ਓਂਕਾਰ ਨਗਰ, ਗੁਰਦਾਸਪੁਰ।
ਐਡਮਿੰਟਨ ਕਨੇਡਾ ਵਟਸਐਪ 98156-25409    
ਬਲਵਿੰਦਰ ‘ਬਾਲਮ’