Sarpanchi News: ਸਰਪੰਚੀ ਦਾ ਕੀੜਾ
Sarpanchi News: ਜਿਉਂ ਹੀ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ, ਉਦੋਂ ਤੋਂ ਪਿੰਡਾਂ ’ਚ ਸਰਪੰਚੀ ਦਾ ਮਾਹੌਲ ਭਖ ਗਿਆ ਹੈ।
Sarpanchi worm News: ਜਿਉਂ ਹੀ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ, ਉਦੋਂ ਤੋਂ ਪਿੰਡਾਂ ’ਚ ਸਰਪੰਚੀ ਦਾ ਮਾਹੌਲ ਭਖ ਗਿਆ ਹੈ। ਸਾਉਣ-ਭਾਦੋਂ ਵਿਚ ਹੁੰਮਸ ਕਾਰਨ ਖੁੱਡਾਂ ਵਿਚੋਂ ਨਿਕਲਣ ਵਾਲੇ ਸੱਪਾਂ ਕਾਰਨ ਜੋ ਚਹਿਲ-ਕਦਮੀ ਧਰਤੀ ਤੇ ਸੱਪਾਂ ਦੀ ਹੁੰਦੀ ਹੈ, ਉਹੀ ਹਾਲ ਅੱਜ-ਕਲ ਸਰਪੰਚਾਂ ਤੇ ਪੰਚਾਂ ਦਾ ਹੈ। ਹਰ ਕੋਈ ਅਪਣੇ-ਆਪ ਨੂੰ ਪਿੰਡ ਦੇ ਮੁਖੀ ਵਜੋਂ ਦੇਖਦਾ ਹੈ। ਇਸ ਸਮੇਂ ਸ਼ਰਾਬ ਤੇ ਪੈਸਾ ਦਾ ਜ਼ੋਰ ਸਾਡੇ ਪੰਜਾਬੀ ਭਾਈਚਾਰੇ ’ਚ ਸਿਰ ਚੜ੍ਹ ਕੇ ਬੋਲਦਾ ਹੈ। ਭਾਵੇਂ ਕਿ ਬਹੁਤੀ ਥਾਂਵਾਂ ’ਤੇ ਸਰਪੰਚਾਂ ਤੇ ਪੰਚਾਂ ਦੇ ਨਾਂ ਉੱਤੇ ਸਰਬਸੰਮਤੀ ਦੀਆਂ ਚੰਗੀਆਂ ਖ਼ਬਰਾਂ ਵੀ ਸੁਣਨ ਨੂੰ ਮਿਲੀਆਂ ਹਨ ਜੋ ਕਿ ਪਿੰਡ ਦੇ ਏਕੇ ਤੇ ਇਤਫ਼ਾਕ ਦੀਆਂ ਚੰਗੀਆਂ ਉਦਾਹਰਣਾਂ ਹਨ ਪਰ ਕੁੱਝ ਇਲਾਕਿਆਂ ਵਿਚ ਸਰਪੰਚੀ ਲਈ ਬੋਲੀ ਲਾਉਣ ਦਾ ਪ੍ਰਚਲਣ ਵੀ ਵਧਿਆ ਹੈ ਜੋ ਲੋਕਤੰਤਰ ਪ੍ਰਣਾਲੀ ਲਈ ਘਾਤਕ ਹੈ।
ਜਿਸ ਨੂੰ ਘਰ ’ਚ ਕੋਈ ਪੁਛਦਾ ਨਹੀਂ, ਉਹ ਵੀ ਭੱਦਰ ਪੁਰਸ਼ ਸਰਪੰਚ ਬਣਨ ਦੇ ਸੁਪਨੇ ਦੇਖਦਾ ਹੈ। ਭਾਵੇਂ ਕਿ ਸਰਕਾਰ ਵਲੋਂ ਸਰਬਸੰਮਤੀ ਨਾਲ ਪੰਚਾਇਤ ਚੁਣਨ ਵਾਲੇ ਪਿੰਡ ਨੂੰ ਪੰਜ ਲੱਖ ਦੇਣ ਦਾ ਐਲਾਨ ਕੀਤਾ ਗਿਆ ਹੈ ਪਰ ਕੁੱਝ ਕੁ ਉਂਗਲਾਂ ਲਾਉਣ ਵਾਲੇ ਲੋਕ ਕਿੱਥੇ ਸਰਬਸੰਮਤੀ ਹੋਣ ਦਿੰਦੇ ਹਨ? ਜੇ ਪਿੰਡ ’ਚ ਸਰਬ-ਸੰਮਤੀ ਨਾਲ ਪੰਚਾਇਤ ਚੁਣੀ ਜਾਂਦੀ ਹੈ ਤਾਂ ਦਾਰੂ-ਪਿਆਲੇ ਵਾਲਿਆਂ ਦਾ ਕੰਮ ਫਿੱਕਾ ਪੈਂਦਾ ਹੈ, ਇਸੇ ਲਈ ਉਹ ਸਾਰੇ ਪਿੰਡ ਨੂੰ ਪਾੜੀ ਰਖਦੇ ਹਨ।
ਅਸਲ ’ਚ ਪਿੰਡ ਵਿਚ ਪੰਚਾਇਤ ਉਹੀ ਚੁਣੀ ਜਾਣੀ ਚਾਹੀਦੀ ਹੈ ਜੋ ਨਿਰਪੱਖ ਹੋਵੇ। ਅਸੀ ਪੁਰਾਣੀਆਂ ਪੰਚਾਇਤਾਂ ’ਚ ਵੇਖਿਆ ਹੈ ਹਮੇਸ਼ਾ ਪੱਖਪਾਤ ਦੇ ਅਧਾਰ ’ਤੇ ਹੀ ਫ਼ੈਸਲੇ ਲਏ ਜਾਂਦੇ ਹਨ। ਜੋ ਲੋੜਵੰਦ ਹੁੰਦਾ ਹੈ, ਉਸ ਦੀ ਪੈਨਸ਼ਨ ਜਾਂ ਰਾਸ਼ਨ ਕਾਰਡ ਨਹੀਂ ਬਣਾਏ ਜਾਂਦੇ ਤੇ ਅਪਣੀ ਪਾਰਟੀ ਵਾਲੇ ਜ਼ਿਮੀਂਦਾਰਾਂ ਦੀ ਵੀ ਪੈਨਸ਼ਨ ਤੇ ਰਾਸ਼ਨ ਕਾਰਡ ਬਣਾ ਦਿੰਦੇ ਹਨ। ਬਹੁਤੇ ਸਰਪੰਚਾਂ ਨੇ ਮਨਰੇਗਾ ਦੇ ਕੰਮ ’ਚ ਅਪਣੇ ਘਰ ਦੇ ਜੀਆਂ ਤੇ ਜਾਣ-ਪਛਾਣ ਵਾਲਿਆਂ ਦੀਆਂ ਵੀ ਹਾਜ਼ਰੀਆਂ ਲੁਆਈਆਂ ਹਨ ਅਤੇ ਤਿੰਨ-ਤਿੰਨ ਮਹੀਨਿਆਂ ਦੇ ਪੈਸੇ ਅਪਣੇ ਖਾਤੇ ਵਿਚ ਪੁਆਏ ਹਨ। ਗ਼ਰੀਬ ਬੰਦੇ ਨੂੰ ਰਾਸ਼ਨ ਮਗਰੋਂ ਮਿਲਦਾ ਹੈ ਤੇ ਅਪਣੇ-ਆਪ ਨੂੰ ਜੱਟ ਤੇ ਐਨ.ਆਰ.ਆਈ. ਕਹਾਉਣ ਵਾਲੇ ਸਭ ਤੋਂ ਪਹਿਲਾਂ ਰਾਸ਼ਨ ਲੈ ਕੇ ਘਰ ਵੜਦੇ ਹਨ।
ਅਜਿਹੀ ਘਟੀਆ ਪੰਚਾਇਤ ਚੁਣਨ ਨਾਲੋਂ ਵੋਟ ਨਾ ਪਾਉਣ ਵਿਚ ਹੀ ਫ਼ਾਇਦਾ ਹੈ। ਅਸਲ ਵਿਚ ਪੰਚਾਇਤ ਚੁਣ ਕੇ ਹੀ ਵੈਰ ਕੱਢੇ ਜਾਂਦੇ ਹਨ। ਜਿਨ੍ਹਾਂ ਘਰਾਂ ਦੀ ਨਾਲੀ ਜਾਂ ਗਲੀ ਪੱਕੀ ਕਰਨ ਦੀ ਜ਼ਰੂਰਤ ਹੁੰਦੀ ਹੈ, ਉਧਰ ਧਿਆਨ ਹੀ ਨਹੀਂ ਦਿਤਾ ਜਾਂਦਾ। ਅਪਣੀਆਂ ਲਿਹਾਜ ਜਾਂ ਪਾਰਟੀਬਾਜ਼ੀ ਨੂੰ ਮੂਹਰੇ ਰਖਿਆ ਜਾਂਦਾ ਹੈ। ਪਿੰਡਾਂ ਵਿਚ ਪਾਣੀ ਦਾ ਨਿਕਾਸ ਪ੍ਰਬੰਧ ਐਨਾ ਘਟੀਆ ਹੁੰਦਾ ਹੈ ਕਿ ਪਾਣੀ ਖੇਤਾਂ ਵਲ ਨੂੰ ਜਾਣ ਦੀ ਥਾਂ ਘਰਾਂ ਦੇ ਅੰਦਰ ਆ ਵੜਦਾ ਹੈ। ਜਿਸ ਦੀ ਮਰਜ਼ੀ ਹੁੰਦੀ ਹੈ ਉਹ ਅਪਣੇ ਘਰ ਅੱਗੇ ਗਲੀ ਜਾਂ ਨਾਲੀ ਉੱਚੀ ਕਰਵਾ ਲੈਂਦਾ ਹੈ। ਕਈਆਂ ਨੇ ਤਾਂ ਹਰ ਵਾਰ ਹੀ ਉਮੀਦਵਾਰ ਖੜਨ ਦਾ ਠੇਕਾ ਲਿਆ ਹੁੰਦੈ। ਚੰਗੀ ਜਾਂ ਵਧੀਆ ਪੰਚਾਇਤ ਦਾ ਮਾਪਦੰਡ ਨਿਰਪੱਖਤਾ ਹੀ ਹੈ। ਜੋ ਪੰਚਾਇਤ ਅਪਣੇ ਕਾਰਜਕਾਲ ’ਚ ਨਿਰਪੱਖ ਨਹੀਂ ਰਹੀ, ਉਹ ਅਗਲੀ ਵਾਰ ਹੋਂਦ ’ਚ ਨਹੀਂ ਆ ਸਕਦੀ।
ਸੱਤਾ ਧਿਰ ਸਰਕਾਰ ਦੀ ਇੱਛਾ ਵੀ ਇਹੀ ਹੁੰਦੀ ਹੈ ਕਿ ਉਨ੍ਹਾਂ ਦੀ ਪਾਰਟੀ ਦੀਆਂ ਪੰਚਾਇਤਾਂ ਚੁਣੀਆਂ ਜਾਣ, ਭਾਵੇਂ ਇਸ ਲਈ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਵਾਏ ਜਾਣ ਜਾਂ ਕਿਸੇ ਇਲਾਕੇ ’ਚ ਧੱਕੇ ਨਾਲ ਸੀਟ ਰਿਜ਼ਰਵ ਜਾਂ ਤੋੜੀ ਜਾਵੇ। ਅੱਜਕਲ ਤਾਂ ਸੁਣਨ ’ਚ ਆਇਆ ਹੈ ਕਿ ਐੱਮ.ਐੱਲ.ਏ. ਅਪਣੇ ਹੀ ਪਾਰਟੀ ਦੇ ਤਿੰਨ-ਚਾਰ ਖੜੇ ਉਮੀਦਵਾਰਾਂ ’ਚੋਂ ਇਕ ਤੋਂ ਮੋਟਾ ਚੰਦਾ ਲੈ ਕੇ ਦੂਜਿਆਂ ਨੂੰ ਬਿਠਾ ਕੇ ਸਮਝੌਤਾ ਕਰਵਾ ਦਿੰਦੇ ਹਨ ਤੇ ਕਹਿ ਦਿੰਦੇ ਹਨ ਕਿ ਇਸ ਨਾਲ ਪਾਰਟੀ ’ਚ ਫੁੱਟ ਪੈਦਾ ਹੁੰਦੀ ਹੈ ਤੇ ਅੰਦਰਖ਼ਾਤੇ ਅਪਣਾ ਬੋਝਾ ਭਰ ਲੈਂਦੇ ਹਨ।
ਜੇਕਰ ਤੁਹਾਡੇ ਸਰਪੰਚੀ ਦਾ ਕੀੜਾ ਜ਼ਿਆਦਾ ਹੀ ਲੜਦਾ ਹੈ ਤਾਂ ਸਭ ਦਾ ਸਾਥ ਦੇਣਾ ਸਿਖੋ। ਦੁੱਖ-ਸੁੱਖ ਵੇਲੇ ਹਰ ਇਕ ਦਾ ਸਾਥ ਦੇਵੋ। ਐਂਵੇ ਨਾ ਜਦੋਂ ਵੋਟਾਂ ਨੇੜੇ ਆਉਣ, ਉਦੋਂ ਲਾਂਗੜ ਕਸ ਲਿਆ ਕਰੋ, ਇਹ ਕੋਈ ਬੱਚਿਆਂ ਦੀ ਖੇਡ ਨਹੀਂ ਕਿ ਕਿਸੇ ਦੇ ਉਂਗਲ ਲਾਉਣ ’ਤੇ ਖੜੇ ਹੋ ਗਏ। ਪਹਿਲਾਂ ਅਪਣੇ ਘਰ ਦੇ ਸਰਪੰਚ ਬਣੋ। ਬੱਚਿਆਂ ਦੀ ਪੜ੍ਹਾਈ ਵਲ ਧਿਆਨ ਦਿਉ। ਉਨ੍ਹਾਂ ਨੂੰ ਬੁਰੀ ਸੰਗਤ ’ਚੋਂ ਬਚਾ ਕੇ ਰੱਖੋ। ਕੇਵਲ ਗੱਡੀਆਂ ਤੇ ਲਿਖਾਉਣ ਲਈ ਸਰਪੰਚ ਨਹੀਂ ਬਣਨਾ ਚਾਹੀਦਾ। ਇਸ ਲਈ ਬੇਮਿਸਾਲ ਕੰਮ ਵੀ ਕਰਨੇ ਪੈਂਦੇ ਹਨ। ਅਹੁਦੇ ਜਾਂ ਰੁਤਬੇ ਪਿੱਛੇ ਨਾ ਭੱਜੋ। ਸਰਪੰਚੀਆਂ-ਮੈਂਬਰੀਆਂ ਸਿਰਫ਼ ਪੰਜ ਸਾਲ ਦੀ ਖੇਡ ਹੈ, ਇਸ ਪਿੱਛੇ ਅਪਣਾ ਭਾਈਚਾਰਾ ਨਾ ਖ਼ਰਾਬ ਕਰੋ। ਮਿਹਨਤ ਨਾਲ ਕਮਾਇਆ ਪੈਸਾ ਐਂਵੇ ਅਜਾਈਂ ਨਾ ਗਵਾਉ। ਜੇ ਤੁਹਾਡਾ ਚਰਿੱਤਰ ਤੇ ਮਿਲਵਰਤਣ ਦੇਖ ਕੇ ਲੋਕ ਤੁਹਾਨੂੰ ਮੌਕਾ ਦਿੰਦੇ ਹਨ ਤਾਂ ਸਮਾਜ ਲਈ ਚੰਗੀ ਮਿਸਾਲ ਬਣੋ।
- ਸਰਬਜੀਤ ਸਿੰਘ, ਜਿਉਣ ਵਾਲਾ, ਫ਼ਰੀਦਕੋਟ।
ਮੋਬਾਈਲ : 94644-12761