ਸ਼੍ਰੋਮਣੀ ਕਮੇਟੀ ਧਰਨੇ ਤੇ ਬੈਠੇ ਕਿਸਾਨਾਂ ਨੂੰ ਲੰਗਰ ਕਿਉਂ ਨਹੀਂ ਦੇਂਦੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬਾਬਾ ਨਾਨਕ ਜੀ ਦੁਆਰਾ ਵੀ ਸਤਿਕਾਰੇ ਗਏ ਦੇਸ਼ ਦੇ ਅੰਨਦਾਤਾ ਦੀ ਮਹਾਨਤਾ ਕਿਉਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਨੂੰ ਵਿਖਾਈ ਨਾ ਦਿਤੀ?

Langar

ਅਪਣੇ ਆਪ ਨੂੰ ਸਿੱਖ ਧਰਮ ਦੀ ਰਖਿਅਕ ਤੇ ਸਰਪ੍ਰਸਤ ਅਖਵਾਉਣ ਵਾਲੀ ਸ਼੍ਰੋਮਣੀ ਕਮੇਟੀ ਸਮੇਂ-ਸਮੇਂ ਉਤੇ ਵੱਖ-ਵੱਖ ਵਿਵਾਦਾਂ ਵਿਚ ਘਿਰਦੀ ਰਹੀ ਹੈ। ਭਾਵੇਂ ਉਹ ਬਾਦਲ ਪ੍ਰਵਾਰ ਦੀ ਹਿੱਸੇਦਾਰੀ ਦੀ ਗੱਲ ਹੋਵੇ, ਭਾਵੇਂ ਰਾਜਨੀਤਕ ਫ਼ਾਇਦਿਆਂ ਦੀ ਗੱਲ ਹੋਵੇ ਤੇ ਭਾਵੇਂ ਗੁਰੂ ਸਾਹਿਬਾਨ ਦੀ ਪਾਵਨ ਬਾਣੀ ਸਾੜੇ ਜਾਣ ਤੇ ਚੋਰੀ ਹੋਣ ਦੀ ਗੱਲ ਹੋਵੇ। ਪੰਜਾਬ ਵਿਚ ਗੁਰਦਵਾਰਿਆਂ ਦੀ ਸਰਪ੍ਰਸਤ ਇਹ ਕਮੇਟੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਤੇ ਗੁਰੂਆਂ ਦੀ ਪਾਵਨ ਬਾਣੀ ਤੋਂ ਵੱਧ ਗੁਰੂ ਘਰਾਂ ਦੀਆਂ ਗੋਲਕਾਂ ਪ੍ਰਤੀ ਅਪਣੀ ਜ਼ਿੰਮੇਵਾਰੀ ਨਿਭਾਉਂਦੀ ਨਜ਼ਰ ਆਉਂਦੀ ਹੈ।

ਪ੍ਰਧਾਨਗੀ ਲਈ ਗੁਰੂ ਘਰਾਂ ਵਿਚ ਉੱਠਦੀਆਂ ਨੰਗੀਆਂ ਤਲਵਾਰਾਂ ਤੇ ਹੁੰਦੀਆਂ ਲੜਾਈਆਂ ਭਾਵੇਂ ਕਮੇਟੀ ਦੇ ਜਥੇਦਾਰਾਂ ਨੂੰ ਨਜ਼ਰ ਨਹੀਂ ਆਉਂਦੀਆਂ ਪਰ ਜੇਕਰ ਕੋਈ ਸੂਝਵਾਨ ਕਮੇਟੀ ਦੀ ਕਾਰਜਕਾਰਨੀ ਪ੍ਰਣਾਲੀ ਉਤੇ ਸਵਾਲ ਖੜੇ ਕਰੇ ਤਾਂ ਉਸ ਨੂੰ ਪੰਥ ਵਿਚੋਂ ਛੇਕਣ ਵਿਚ ਕਮੇਟੀ ਪ੍ਰਧਾਨਾਂ ਦੁਆਰਾ ਕੋਈ ਦੇਰੀ ਨਹੀਂ ਹੁੰਦੀ। ਉਸ ਤੋਂ ਵੀ ਵੱਧ ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਰਬੰਸ ਵਾਰ ਕੇ, ਲੱਖਾਂ ਸਿੰਘਾਂ-ਸਿੰਘਣੀਆਂ ਦੀਆਂ ਕੁਰਬਾਨੀਆਂ ਦੇ ਕੇ ਸਿਰਜੇ ਖ਼ਾਲਸਾ ਪੰਥ ਦੀ ਬੇਅਦਬੀ ਲਈ ਤਨਖ਼ਾਹੀਏ ਕਰਾਰ ਦਿਤੇ ਗਏ, ਰਾਜਨੀਤਕ ਆਗੂਆਂ ਅਤੇ ਵੱਡੀਆਂ ਸ਼ਖ਼ਸੀਅਤਾਂ ਨੂੰ ਗੁਰੂਘਰਾਂ ਵਿਚ ਬਰਤਨ ਅਤੇ ਝਾੜੂ ਦੀ ਸੇਵਾ ਲਗਾ ਕੇ  ਹੀ ਮਾਫ਼ ਕਰ ਦਿਤਾ ਜਾਂਦਾ ਹੈ।

ਪਰ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਸਰਪ੍ਰਸਤੀ ਹੇਠ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਨ੍ਹਾਂ ਆਗੂਆਂ ਦੀਆਂ ਰੈਲੀਆਂ ਤੇ ਭੋਗ ਸਮਾਗਮਾਂ ਲਈ ਵਿਆਹਾਂ ਵਾਂਗ ਲੰਗਰਾਂ ਦਾ ਸ਼ਾਨਦਾਰ ਪ੍ਰਬੰਧ ਜ਼ਰੂਰ ਕਰਦੇ ਹਨ। ਦੂਜੇ ਪਾਸੇ ਜਦੋਂ ਅੱਜ ਦੇਸ਼ ਦਾ ਅੰਨਦਾਤਾ ਅਪਣੀਆਂ ਜ਼ਮੀਨਾਂ ਤੇ ਅਪਣੀ ਹੋਂਦ ਨੂੰ ਬਚਾਉਣ ਲਈ ਕੇਂਦਰ ਸਰਕਾਰ ਦੇ ਬਿਲਾਂ ਦੇ ਵਿਰੋਧ ਵਿਚ ਸੜਕਾਂ ਤੇ ਉਤਰਿਆ ਹੋਇਆ ਹੈ ਤਾਂ ਉਸ ਅੰਨਦਾਤੇ ਲਈ ਸ਼੍ਰੋਮਣੀ ਕਮੇਟੀ ਦੀ ਕਰੋੜਾਂ ਦੀ ਆਮਦਨੀ ਵਿਚੋਂ ਕਿਧਰੇ ਕੋਈ ਲੰਗਰ ਨਜ਼ਰ ਨਹੀਂ ਆਇਆ।

ਹਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਭੜਕਾਊ ਬਿਆਨਬਾਜ਼ੀ ਤੇ ਹੁੱਲੜਬਾਜ਼ੀ ਜ਼ਰੂਰ ਵੇਖਣ ਵਿਚ ਆਈ ਹੈ। 11ਵੇਂ ਗੁਰੂ ਜੀ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਅਫ਼ਸੋਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਸਾਹਿਬਾਨ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਵਿਰਾਸਤੀ ਮਾਰਗ ਉਤੇ ਝਾੜੂ ਫੜ ਕੇ ਮੀਡੀਆ ਦੀ ਮੌਜੂਦਗੀ ਵਿਚ ਸਫ਼ਾਈ ਕਰਦੇ ਜ਼ਰੂਰ ਨਜ਼ਰ ਆਏ। ਕੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੋਸ਼ੀਆਂ ਦੀ ਭਾਲ ਕਰਨ ਤੇ ਉਨ੍ਹਾਂ ਨੂੰ ਸਜ਼ਾਵਾਂ ਦਿਵਾਉਣ ਲਈ ਠੋਸ ਕਦਮ ਚੁੱਕਣ ਦੀ ਬਜਾਏ, ਰਾਜਨੀਤਕ ਆਗੂਆਂ ਦੇ ਥੱਲੇ ਲੱਗ ਕੇ ਸਿਰਫ਼ ਅਫ਼ਸੋਸ ਜ਼ਾਹਰ ਕਰ ਕੇ ਅਪਣੇ ਗੁਰੂ, ਪੰਥ ਤੇ ਸਿੱਖਾਂ ਪ੍ਰਤੀ ਜਵਾਬਦੇਹ ਬਣ ਗਈ ਹੈ?

ਜਿਸ ਸਿੱਖ ਧਰਮ ਦੀ ਨੀਂਹ ਕੁਰਬਾਨੀਆਂ ਉਤੇ ਰੱਖੀ ਗਈ ਹੈ, ਜਿਸ ਦੇ ਸਿਰਜਣਹਾਰ ਨੇ ਧਰਮ ਦੀ ਖ਼ਾਤਰ ਅਪਣਾ ਸਰਬੰਸ ਵਾਰ ਦਿਤਾ, ਉਸ ਧਰਮ ਦੀ ਪਵਿੱਤਰ ਬਾਣੀ ਦੀ ਬੇਅਦਬੀ ਦੇ ਰੋਸ ਵਜੋਂ ਝਾੜੂ ਲਗਾ ਕੇ ਅਫ਼ਸੋਸ ਜ਼ਾਹਰ ਕਰਨਾ ਸ਼੍ਰੋਮਣੀ ਕਮੇਟੀ ਦੀ 'ਵੱਡੀ ਪ੍ਰਾਪਤੀ' ਹੈ। ਭੁੱਖਣ-ਭਾਣੇ, ਰੇਲਵੇ ਪਟੜੀਆਂ ਤੇ ਸੜਕਾਂ ਤੇ ਅਪਣੇ ਹੱਕਾਂ ਨੂੰ ਬਚਾਉਣ ਲਈ ਧਰਨਿਆਂ ਤੇ ਬੈਠੇ ਅਪਣੇ ਭਰਾਵਾਂ-ਬੱਚਿਆਂ ਲਈ ਲੰਗਰ ਤਕ ਦਾ ਪ੍ਰਬੰਧ ਨਾ ਕਰ ਸਕਣਾ ਕਮੇਟੀ ਦੀ ਦੂਜੀ 'ਵੱਡੀ ਪ੍ਰਾਪਤੀ' ਹੈ। ਗੁਰੂ ਦੀ ਗੋਲਕ ਨੂੰ ਗ਼ਰੀਬ ਦਾ ਮੂੰਹ ਕਿਹਾ ਗਿਆ ਹੈ।

ਹੁਣ ਅਸੀ ਆਪ ਹੀ ਸੋਚ ਸਕਦੇ ਹਾਂ ਕਿ ਸਿਰਫ਼ ਰਾਜਨੀਤਕ ਆਗੂਆਂ ਦੀਆਂ ਰੈਲੀਆਂ ਲਈ ਲੰਗਰ ਪ੍ਰਬੰਧ ਕਰਨ ਵਾਲੀ ਸ਼੍ਰੋਮਣੀ ਕਮੇਟੀ ਕਿੰਨੀ ਕੁ ਧਰਮ ਹਿਤੈਸ਼ੀ ਤੇ ਲੋਕ ਹਿਤੈਸ਼ੀ ਹੈ? ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਜੇ ਕਿਧਰੇ ਕਮੇਟੀ ਪ੍ਰਧਾਨਾਂ ਨੂੰ ਗੁਰੂ ਘਰਾਂ ਵਿਚ ਚਲਾਈ ਗਈ ਲੰਗਰ ਪ੍ਰਥਾ ਦਾ ਅਸਲ ਮਨੋਰਥ ਯਾਦ ਆ ਜਾਵੇ।

ਬਾਬਾ ਨਾਨਕ ਜੀ ਦੁਆਰਾ ਵੀ ਸਤਿਕਾਰੇ ਗਏ ਦੇਸ਼ ਦੇ ਅੰਨਦਾਤਾ ਦੀ ਮਹਾਨਤਾ ਕਿਉਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਨੂੰ ਵਿਖਾਈ ਨਾ ਦਿਤੀ? ਤਕਰੀਬਨ ਸਾਰੇ ਤਖ਼ਤਾਂ ਲਈ ਅੱਜ ਸੜਕਾਂ ਤੇ ਅੱਥਰੂ ਡੇਗ ਰਹੇ ਅੰਨਦਾਤਿਆਂ ਦੇ ਘਰਾਂ ਵਿਚੋਂ ਲੰਗਰਾਂ ਦੀ ਸੇਵਾ ਲਈ ਦਿਲ ਖੋਲ੍ਹ ਕੇ ਅਨਾਜ ਭੇਜਿਆ ਜਾਂਦਾ ਹੈ ਤਾਂ ਫਿਰ ਉਨ੍ਹਾਂ ਲਈ ਹੀ ਇਨ੍ਹਾਂ ਲੰਗਰਾਂ ਦੇ ਮੂੰਹ ਬੰਦ ਹਨ।

ਕਿਉਂ ਲੋੜ ਹੈ ਇਸ ਵਿਸ਼ੇ ਨੂੰ ਵਿਚਾਰਨ ਦੀ? ਗੋਲਕ ਤੇ ਪ੍ਰਧਾਨਗੀ ਦੀ ਲੜਾਈ ਛੱਡ ਕੇ ਧਰਮ ਪ੍ਰਤੀ ਅਤੇ ਅਪਣੇ ਅਕਸ਼ ਪ੍ਰਤੀ ਗੰਭੀਰ ਹੋਣ ਦੀ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜੇਕਰ ਹੱਕਾਂ ਲਈ ਜਾਗੇ ਕਿਸਾਨ ਅਪਣੇ ਧਰਮ ਅਤੇ ਪੰਥ ਪ੍ਰਤੀ ਜਾਗਰੂਕ ਹੋ ਗਏ ਤਾਂ ਬਹੁਤੀਆਂ ਪ੍ਰਧਾਨਗੀਆਂ ਮਿੱਟੀ ਵਿਚ ਮਿਲ ਜਾਣਗੀਆਂ ਅਤੇ ਪੰਥਕ ਸਜ਼ਾਵਾਂ ਦੇ ਰੂਪ ਵੀ ਸ਼ਾਇਦ ਵਖਰੇ ਹੀ ਹੋਣਗੇ।

ਜਸਵਿੰਦਰ ਕੌਰ ਦੱਧਾਹੂਰ
ਸੰਪਰਕ : 98144-94984