Green Diwali: ਆਓ ਸਾਰੇ ਰਲ ਕੇ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦਾ ਪ੍ਰਣ ਲਈਏ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪਟਾਕਿਆਂ ਨੂੰ ਨਾਂਹ ਕਹਿ ਕੇ ਦੇਸ਼ ’ਚੋਂ ਪ੍ਰਦੂਸ਼ਣ ਘਟਾਉਣ ’ਚ ਬਣੋ ਹਿੱਸੇਦਾਰ

Green Diwali

ਦੀਵਾਲੀ ਜ਼ਿਆਦਾਤਰ ਭਾਰਤੀਆਂ ਖ਼ਾਸ ਕਰ ਕੇ ਹਿੰਦੂ, ਜੈਨ ਤੇ ਸਿੱਖ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਤਿਉਹਾਰ ਹੈ। ਇਹ ਹਿੰਦੂ ਕੈਲੰਡਰ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ। ਇਹ ਹਨੇਰੇ ਅਤੇ ਰੌਸ਼ਨੀ ਦੀ ਜਿੱਤ ਅਤੇ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਅਹਿਸਾਸ ਕਰਵਾਉਂਦਾ ਹੈ। ਹਿੰਦੂ ਇਸ ਨੂੰ ਭਗਵਾਨ ਰਾਮ ਦੇ 14 ਸਾਲਾਂ ਬਨਵਾਸ ਤੋਂ ਬਾਅਦ ਲੰਕਾ ਪਤੀ ਰਾਵਣ ਨੂੰ ਮਾਰਨ ਅਤੇ ਸੀਤਾ ਮਾਤਾ ਨਾਲ ਅਯੁਧਿਆ ਪਰਤਣ ਦੀ ਖ਼ੁਸ਼ੀ ਵਿਚ ਮਨਾਉਂਦੇ ਹਨ।

ਜੈਨ ਧਰਮ ਦੇ ਲੋਕ ਮਹਾਂਵੀਰ ਦੇ ਨਿਰਵਾਣ ਪ੍ਰਾਪਤੀ ਦੀ ਖ਼ੁਸ਼ੀ ਵਿਚ ਇਸ ਨੂੰ ਮਨਾਉਂਦੇ ਹਨ ਅਤੇ ਸਿੱਖ ਧਰਮ ਦੇ ਲੋਕ ਇਹ ਤਿਉਹਾਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿਚੋਂ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਕੈਦ ’ਚੋਂ 52 ਰਾਜਿਆਂ ਨੂੰ ਛੁਡਵਾ ਕੇ ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਤਣ ਦੀ ਖ਼ੁਸ਼ੀ ’ਚ ਮਨਾਉਂਦੇ ਹਨ।

Green Diwali

ਇਸ ਸਰਬ ਸਾਂਝੇ ਤਿਉਹਾਰ ਨੂੰ ਰੌਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਤੇ ਇਸ ਦਿਨ ਲੋਕ ਅਪਣੇ ਘਰਾਂ ’ਚ ਦੀਵੇ ਬਾਲ ਕੇ ਅਤੇ ਪਟਾਕੇ ਚਲਾ ਕੇ ਇਸ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਉਂਦੇ ਹਨ। ਸਦੀਆਂ ਤੋਂ ਇਸ ਨੂੰ ਦੀਵੇ ਜਗਾਉਣ ਅਤੇ ਦੀਪਮਾਲਾ ਕਰ ਕੇ ਮਨਾਇਆ ਜਾਂਦਾ ਹੈ, ਇਸ ਲਈ ਇਸ ਨੂੰ ਦੀਪਾਵਲੀ ਵੀ ਕਿਹਾ ਜਾਂਦਾ ਹੈ। ਇਸ ਮਹਾਨ ਤਿਉਹਾਰ ਨਾਲ ਇਕ ਨਕਾਰਾਤਮਕ ਪੱਖ ਵੀ ਜੋੜਿਆ ਹੋਇਆ ਹੈ।

ਲਗਭਗ 3 ਦਹਾਕਿਆਂ ਤੋਂ ਦੀਵਾਲੀ ਦਾ ਇਕ ਹੋਰ ਪਹਿਲੂ ਤੇਜ਼ੀ ਨਾਲ ਵਧਿਆ ਹੈ, ਉਹ ਹੈ ਇਸ ਨੂੰ ਮਨਾਉਣ ਲਈ ਪਟਾਕਿਆਂ ਤੇ ਆਤਿਸ਼ਬਾਜ਼ੀ ਦੀ ਬੇਹਿਸਾਬੀ ਵਰਤੋਂ। ਦੀਵਾਲੀ ਦੇ ਤਿਉਹਾਰ ਦੌਰਾਨ ਵਰਤੋਂ ਕੀਤੇ ਜਾਂਦੇ ਪਟਾਕਿਆਂ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ਮਾਤਰਾ ਵੀ ਬੇਹਿਸਾਬੀ ਹੁੰਦੀ ਹੈ। ਅੱਜਕਲ ਸਿਰਫ਼ ਦੀਵਾਲੀ ’ਤੇ ਹੀ ਪਟਾਕੇ ਨਹੀਂ ਚਲਾਏ ਜਾਂਦੇ ਬਲਕਿ ਹੋਰ ਤਿਉਹਾਰਾਂ ਸਮੇਂ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ’ਚ ਹੁਣ ਲਗਭਗ ਹਰ ਧਾਰਮਕ ਸਮਾਗਮ ’ਤੇ ਵੀ ਇਨ੍ਹਾਂ ਦੀ ਵਰਤੋਂ ਹੋਣ ਲੱਗ ਪਈ ਹੈ।

Green Diwali

ਕੌਮੀ ਤਿਉਹਾਰਾਂ, ਜਾਗਰਣ, ਨਗਰ ਕੀਰਤਨਾਂ ਤੇ ਵਿਆਹ ਦੇ ਮੌਕੇ ਵੀ ਪਟਾਕਿਆਂ ਦੀ ਅੰਨ੍ਹੇਵਾਹ ਵਰਤੋਂ ਹੋਣ ਲੱਗ ਪਈ ਹੈ। ਪਰ ਦੀਵਾਲੀ ਮੌਕੇ ਪਟਾਕਿਆਂ ਦੀ ਥੜਥੜਾਹਟ ਚਾਰ ਚੁਫ਼ੇਰੇ ਕੁੱਝ ਜ਼ਿਆਦਾ ਹੀ ਹੁੰਦੀ ਹੈ। ਇਸ ਨਾਲ ਚਾਰ ਚੁਫ਼ੇਰੇ ਵਾਤਾਵਰਣ ਪ੍ਰਦੂਸ਼ਤ ਹੁੰਦਾ ਹੈ। ਦੀਵਾਲੀ ’ਤੇ ਹੋਣ ਵਾਲੇ ਪ੍ਰਦੂਸ਼ਣ ਦੀ ਸਭ ਤੋਂ ਵੱਡੀ ਕਿਸਮ ਹਵਾ ਪ੍ਰਦੂਸ਼ਣ ਹੈ। ਇਸ ਤੋਂ ਇਲਾਵਾ ਦੀਵਾਲੀ ਦੇ ਤਿਉਹਾਰ ਦੌਰਾਨ ਹਵਾ ਪ੍ਰਦੂਸ਼ਣ ਖ਼ਤਰਨਾਕ ਪਧਰ ਤਕ ਵੱਧ ਜਾਂਦਾ ਹੈ। ਅੱਜਕਲ ਏਅਰ ਕੁਆਲਿਟੀ ਇੰਡੈਕਸ ਦਾ ਪਧਰ ਵੀ ਬੇਤਹਾਸ਼ਾ ਵੱਧ ਗਿਆ ਹੈ।

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਏਅਰ ਕੁਆਲਿਟੀ ਇੰਡੈਕਸ 500 ਤੋਂ ਪਾਰ ਹੋ ਗਿਆ ਹੈ। ਪੰਜਾਬ ਦੇ ਸ਼ਹਿਰਾਂ ’ਚ ਵੀ ਇਹ ਪਧਰ 400 ਤੋਂ 600 ਦੇ ਦਰਮਿਆਨ ਹੋ ਗਿਆ ਹੈ ਜੋ ਕਿ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ। ਸਭ ਤੋਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦੀਵਾਲੀ ’ਤੇ ਪਟਾਕੇ ਚਲਾਉਣ ਨਾਲ ਵੱਡੀ ਮਾਤਰਾ ’ਚ ਧੂੰਆਂ ਨਿਕਲਦਾ ਹੈ।

ਬਹੁਤੇ ਪਟਾਕਿਆਂ ਦੀ ਵਰਤੋਂ ਨਾਲ ਬਹੁਤ ਹੀ ਮਹੀਨ ਬਰੀਕ ਕਣ 2.5 ਪੀਐਮ (ਪਾਰਟੀਕਲ ਮੈਟਰ) ਜਾਂ 10 ਪੀ ਐਮ ਵਾਲੇ ਪੈਦਾ ਹੁੰਦੇ ਹਨ। ਇਹ ਕਣ ਅਕਸਰ ਇੰਨੇ ਮਹੀਨ ਹੁੰਦੇ ਹਨ ਕਿ ਫੇਫੜਿਆਂ ’ਚ ਪਹੁੰਚ ਜਾਂਦੇ ਹਨ, ਜਿਥੇ ਇਹ ਹਮੇਸ਼ਾ ਲਈ ਜੰਮ ਜਾਂਦੇ ਹਨ। ਕਈ ਤਾਂ ਉਥੋਂ ਅੱਗੇ ਖ਼ੂਨ ਵਿਚ ਸ਼ਾਮਲ ਹੋ ਜਾਂਦੇ ਹਨ। ਇਨ੍ਹਾਂ ’ਚ ਕੁੱਝ ਪ੍ਰਦੂਸ਼ਕ ਕੁਦਰਤੀ ਪ੍ਰਕਿਰਿਆ ਦੇ ਹਿੱਸੇ ਵਜੋਂ ਪੈਦਾ ਹੁੰਦੇ ਹਨ। ਜਿਵੇਂ, ਧੂੜ ਭਰੀ ਹਨੇਰੀ ਤੇ ਕੁੱਝ ਮਨੁੱਖੀ ਗਤੀਵਿਧੀਆਂ ਦਾ ਸਿੱਟਾ ਹੁੰਦੇ ਹਨ। ਜਿਵੇਂ ਉਸਾਰੀ ਕਾਰਜ ਜਾਂ ਪਰਾਲੀ ਨੂੰ ਲਗਾਈ ਜਾਣ ਵਾਲੀ ਅੱਗ ਨਾਲ।

ਇਹ ਯਕੀਨੀ ਤੌਰ ’ਤੇ ਸਾਹ ਲੈਣ ਲਈ ਹਵਾ ਨੂੰ ਬਹੁਤ ਨੁਕਸਾਨਦੇਹ ਬਣਾਉਂਦਾ ਹੈ। ਪਟਾਕੇ ਚਲਾਉਣ ਦਾ ਇਹ ਹਾਨੀਕਾਰਕ ਪ੍ਰਭਾਵ ਦੀਵਾਲੀ ਤੋਂ ਬਾਅਦ ਕਈ ਦਿਨਾਂ ਤਕ ਰਹਿੰਦਾ ਹੈ। ਦੀਵਾਲੀ ਦੇ ਵਧਦੇ ਪ੍ਰਦੂਸ਼ਣ ਨਾਲ ਏਅਰ ਕੁਆਲਿਟੀ ਇੰਡੈਕਸ ਹੋਰ ਵਧਣ ਦਾ ਖ਼ਦਸ਼ਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਹਵਾ ਦਾ ਪ੍ਰਦੂਸ਼ਣ ਵੱਖ-ਵੱਖ ਜਾਨਵਰਾਂ ਅਤੇ ਪੰਛੀਆਂ ਲਈ ਵੀ ਕਾਫ਼ੀ ਨੁਕਸਾਨਦਾਇਕ ਹੈ।

ਭੂਮੀ ਪ੍ਰਦੂਸ਼ਣ ਦੀਵਾਲੀ ਦੌਰਾਨ ਹੋਣ ਵਾਲੇ ਪ੍ਰਦੂਸ਼ਣ ਦੀ ਇਕ ਹੋਰ ਮਹੱਤਵਪੂਰਨ ਕਿਸਮ ਹੈ। ਇਹ ਯਕੀਨੀ ਤੌਰ ’ਤੇ ਸੜੇ ਹੋਏ ਪਟਾਕਿਆਂ ਦੇ ਬਚੇ ਹੋਏ ਟੁਕੜਿਆਂ ਕਾਰਨ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਪਟਾਕਿਆਂ ਦੀ ਰਹਿੰਦ ਖੂੰਹਦ ਨੂੰ ਸਾਫ਼ ਕਰਨ ਵਿਚ ਕਈ ਹਫ਼ਤੇ ਲੱਗ ਜਾਂਦੇ ਹਨ। ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਇਹ ਟੁਕੜੇ ਕੁਦਰਤ ਵਿਚ ਗ਼ੈਰ-ਬਾਇਓਡੀਗ੍ਰੇਡੇਬਲ ਹਨ। ਇਸ ਲਈ ਇਨ੍ਹਾਂ ਦਾ ਏਨੀ ਆਸਾਨੀ ਨਾਲ ਨਿਪਟਾਰਾ ਨਹੀਂ ਹੁੰਦਾ ਸਗੋਂ ਸਮੇਂ ਦੇ ਨਾਲ ਹੌਲੀ-ਹੌਲੀ ਜ਼ਹਿਰੀਲੇ ਹੋ ਜਾਂਦੇ ਹਨ।

ਦੀਵਾਲੀ ਦੌਰਾਨ ਸ਼ੋਰ ਪ੍ਰਦੂਸ਼ਣ ਇਕ ਹੋਰ ਅਹਿਮ ਅਤੇ ਵੱਡੀ ਸਮੱਸਿਆ ਹੈ। ਪਟਾਕਿਆਂ ਕਾਰਨ ਬਹੁਤ ਜ਼ਿਆਦਾ ਆਵਾਜ਼ ਪ੍ਰਦੂਸ਼ਣ ਹੁੰਦਾ ਹੈ। ਸਭ ਤੋਂ ਵੱਧ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਆਵਾਜ਼ ਪ੍ਰਦੂਸ਼ਣ ਸੁਣਨ ਦੀ ਸਮਰੱਥਾ ਲਈ ਕਾਫ਼ੀ ਨੁਕਸਾਨਦਾਇਕ ਹੈ। ਇਸ ਤੋਂ ਇਲਾਵਾ ਸ਼ੋਰ ਪ੍ਰਦੂਸ਼ਣ ਪਸ਼ੂਆਂ, ਬਜ਼ੁਰਗਾਂ, ਵਿਦਿਆਰਥੀਆਂ ਤੇ ਬਿਮਾਰ ਲੋਕਾਂ ਲਈ ਵੀ ਵੱਡੀ ਸਮੱਸਿਆ ਹੈ।

ਸ਼ੋਰ ਦਾ ਸਭ ਤੋਂ ਉੱਚਾ ਪਧਰ ਜੋ ਮਨੁੱਖੀ ਕੰਨ ਬਿਨਾਂ ਕਿਸੇ ਨੁਕਸਾਨ ਦੇ ਬਰਦਾਸ਼ਤ ਕਰ ਸਕਦਾ ਹੈ, ਉਹ 85 ਡੈਸੀਬਲ ਹੈ ਜਦਕਿ ਪਟਾਕਿਆਂ ਦਾ ਔਸਤ ਸ਼ੋਰ ਪਧਰ 125 ਡੈਸੀਬਲ ਹੈ। ਨਤੀਜੇ ਵਜੋਂ ਪਟਾਕਿਆਂ ਦੇ ਹਰ ਪਾਸੇ ਫਟਣ ਤੋਂ ਬਾਅਦ ਜਾਂ ਉਸ ਤੋਂ ਬਾਅਦ ਦੇ ਦਿਨਾਂ ਵਿਚ ਕੰਨ ਖਰਾਬ ਹੋਣ ਅਤੇ ਸੁਣਨ ਸ਼ਕਤੀ ਪ੍ਰਭਾਵਤ ਹੋਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ।

ਵਿਸ਼ਵ ਸਿਹਤ ਸੰਗਠਨ ਅਨੁਸਾਰ, ਸਾਡੇ ਕੰਨਾਂ ਲਈ ਕਿਸੇ ਵੀ ਆਵਾਜ਼ ਦਾ ਸੁਰੱਖਿਅਤ ਪਧਰ 85 ਡੀਬੀ ਤੋਂ ਘੱਟ ਹੈ। ਲੰਮੇ ਸਮੇਂ ਲਈ 85 ਡੈਸਿਬਲ ਤੋਂ ਉਪਰ ਦੀ ਕੋਈ ਵੀ ਆਵਾਜ਼ ਕੰਨਾਂ ਦੇ ਸੰਵੇਦਨਸ਼ੀਲ ਟਿਸ਼ੂਆਂ ਨੂੰ ਅਸਥਾਈ ਤੌਰ ’ਤੇ ਨੁਕਸਾਨ ਪਹੁੰਚਾ ਸਕਦੀ ਹੈ ਜਾਂ ਸਥਾਈ ਤੌਰ ਤੇ ਸੁਣਨ ਸ਼ਕਤੀ ਖ਼ਤਮ ਵੀ ਕਰ ਸਕਦੀ ਹੈ। ਵਧੇਰੇ ਸ਼ੋਰ ਨਾਲ ਬੱਚੇ, ਗਰਭਵਤੀ ਮਹਿਲਾਵਾਂ ਅਤੇ ਸਾਹ ਦੀ ਬਿਮਾਰੀ ਨਾਲ ਪੀੜਤ ਵਿਅਕਤੀ ਜ਼ਿਆਦਾ ਪ੍ਰਭਾਵਤ ਹੁੰਦੇ ਹਨ।

ਆਤਿਸ਼ਬਾਜ਼ੀ ਅਨਾਰ ਅਤੇ ਗੜਬੜੇ ਚੜ੍ਹਾਉਣ ਕਾਰਨ ਇਸ ਤਿਉਹਾਰ ਦੇ ਅਰਥ ਹੀ ਬਦਲਦੇ ਜਾ ਰਹੇ ਹਨ। ਇਨ੍ਹਾਂ ਤੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਨਾ ਸਿਰਫ਼ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਸਗੋਂ ਅੱਗ ਲੱਗਣ ਅਤੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਖ਼ਤਰਾ ਪੈਦਾ ਕਰਦੀਆਂ ਹਨ। ਇਹ ਆਤਿਸ਼ਵਾਜ਼ੀ ਜਾਂ ਅੱਗ ਦੀ ਲਪੇਟ ’ਚ ਆਏ ਗੜਬੜੇ ਕਈ ਵਾਰ ਗ਼ਰੀਬ ਲੋਕਾਂ ਦੀਆਂ ਸੁੱਕੀਆਂ ਝੁੱਗੀਆਂ ਝੌਂਪੜੀਆਂ ਉਤੇ ਡਿੱਗ ਪੈਂਦੇ ਹਨ ਤੇ ਪੂਰੇ ਦਾ ਪੂਰਾ ਪ੍ਰਵਾਰ ਜਾਨ ਤੋਂ ਹੱਥ ਧੋ ਬੈਠਦਾ ਹੈ।

ਪਟਾਕਿਆਂ ਵਿਚ ਮੁੱਖ ਤੌਰ ’ਤੇ ਗੰਧਕ, ਐਂਟੀਮਨੀ ਸਲਫਾਈਡ, ਬੇਰੀਅਮ ਨਾਈਟ੍ਰੇਟ, ਐਲੂਮੀਨੀਅਮ, ਤਾਂਬਾ, ਲਿਥੀਅਮ ਅਤੇ ਸਟ੍ਰੋਂਟੀਅਮ ਅਤੇ ਕਾਰਬਨ ਹੁੰਦੇ ਹਨ। ਬਾਲਗਾਂ ਨਾਲੋਂ ਛੋਟੇ ਬੱਚੇ ਇਸ ਕਿਸਮ ਦੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ। ਬੇਰੀਅਮ ਨਾਈਟ੍ਰੇਟ ਸਾਹ ਸਬੰਧੀ ਵਿਕਾਰ, ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਇਥੋਂ ਤਕ ਕਿ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।

ਕਾਪਰ ਅਤੇ ਲਿਥੀਅਮ ਮਿਸ਼ਰਣ ਹਾਰਮੋਨਲ ਅਸੰਤੁਲਨ ਦਾ ਕਾਰਨ ਬਣ ਸਕਦੇ ਹਨ ਹਾਲਾਂਕਿ ਇਹ  ਰਸਾਇਣ ਅਲਜ਼ਾਈਮਰ ਤੋਂ ਲੈ ਕੇ ਫੇਫੜਿਆਂ ਦੇ ਕੈਂਸਰ ਤਕ ਅਤੇ ਸਾਹ ਦੀਆਂ ਸਮੱਸਿਆਵਾਂ ਤਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ ਫਿਰ ਵੀ ਲੋਕ ਪਟਾਕੇ ਚਲਾਉਣ ਤੋਂ ਗੁਰੇਜ਼ ਨਹੀਂ ਕਰਦੇ।

ਮਾਨਸਕ ਸਿਹਤ ’ਤੇ ਪਟਾਕਿਆਂ ਦਾ ਪ੍ਰਭਾਵ
ਪਟਾਕੇ ਫੂਕਣ ਨਾਲ ਮਾਨਸਕ ਸਿਹਤ ਸਮੱਸਿਆਵਾਂ ਤੋਂ ਪੀੜਤ ਲੋਕਾਂ ਤੇ ਗੰਭੀਰ ਨੁਕਸਾਨਦੇਹ ਪ੍ਰਭਾਵ ਹੋ ਸਕਦੇ ਹਨ। ਚਿੰਤਾ ਦੇ ਪਧਰ ਨੂੰ ਵਧਾਉਣ ਲਈ ਇਕੱਲਾ ਰੌਲਾ ਕਾਫ਼ੀ ਹੈ ਅਤੇ ਇਹ ਤੱਥ ਹੈ ਕਿ ਇਹ ਸ਼ੋਰ ਤਿਉਹਾਰ ਤੋਂ 20 ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਲਗਭਗ 15 ਦਿਨ ਬਾਅਦ ਤਕ ਜਾਰੀ ਰਹਿੰਦਾ ਹੈ। ਇਹ ਸ਼ੋਰ ਪ੍ਰਦੂਸ਼ਣ ਨੀਂਦ ਖਰਾਬ ਕਰਨ ਅਤੇ ਤਣਾਅ ਵਧਾਉਣ ਵਿਚ ਬਹੁਤ ਜ਼ਿਆਦਾ ਅਸਰਦਾਇਕ ਹੈ।

ਅਤਿ ਜ਼ਿਆਦਾ ਮਾਮਲਿਆਂ ’ਚ ਤਣਾਅ ਜਾਨ-ਲੇਵਾ ਬਣ ਸਕਦਾ ਹੈ। ਬਦਕਿਸਮਤੀ ਨਾਲ ਸਾਡੇ ਦੇਸ਼ ਭਾਰਤ ਵਿਚ ਸ਼ਾਇਦ ਮਾਨਸਕ ਸਿਹਤ ਨੂੰ ਜ਼ਿਆਦਾ ਮਹੱਤਤਾ ਨਹੀਂ ਦਿਤੀ ਜਾਂਦੀ। ਸ਼ਾਇਦ ਇਸੇ ਕਰ ਕੇ ਪਟਾਕਿਆਂ ਨਾਲ ਮਾਨਸਕ ਸਿਹਤ ਦੇ ਖਰਾਬ ਹੋਣ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿਤੀ ਜਾਂਦੀ ਤੇ ਪਟਾਕਿਆਂ ਨੂੰ ਨਹੀਂ ਰੋਕਿਆ ਜਾਂਦਾ।

 

ਜਾਨਵਰਾਂ ’ਤੇ ਪਟਾਕਿਆਂ ਦਾ ਪ੍ਰਭਾਵ
ਦੀਵਾਲੀ ਇਨਸਾਨਾਂ ਲਈ ਬਿਨਾ ਸ਼ੱਕ ਬਹੁਤ ਖ਼ੁਸ਼ੀਆਂ ਭਰਿਆ ਸਮਾਂ ਹੁੰਦਾ ਹੈ ਪਰ ਜਾਨਵਰਾਂ ਅਤੇ ਪੰਛੀਆਂ ਲਈ ਇਹ ਸਾਲ ਦਾ ਸਭ ਤੋਂ ਦੁਖਦਾਈ ਸਮਾਂ ਹੁੰਦਾ ਹੈ। ਜਿਵੇਂ ਕਿ ਪਾਲਤੂ ਜਾਨਵਰਾਂ ਦੇ ਮਾਲਕ ਦਸਦੇ ਹਨ ਕਿ ਦੀਵਾਲੀ ਸਮੇਂ ਪਟਾਕਿਆਂ ਦੇ ਸ਼ੋਰ ਤੋਂ ਜਾਨਵਰ ਸਹਿਮ ਜਾਂਦੇ ਹਨ ਅਤੇ ਉਨ੍ਹਾਂ ਦੀ  ਸੁਣਨ ਸ਼ਕਤੀ ਵੀ ਬਹੁਤ ਜ਼ਿਆਦਾ ਪ੍ਰਭਾਵਤ ਹੁੰਦੀ ਹੈ। 

ਸਭ ਤੋਂ ਪਹਿਲਾਂ ਲੋਕਾਂ ਨੂੰ ਪਟਾਕੇ ਚਲਾਉਣ ਤੋਂ ਸਖ਼ਤੀ ਨਾਲ ਬਚਣਾ ਚਾਹੀਦਾ ਹੈ। ਜੇਕਰ ਦੀਵਾਲੀ ਤੇ ਪਟਾਕੇ ਚਲਾ ਕੇ ਖ਼ੁਸ਼ੀਆਂ ਮਨਾਉਣੀਆਂ ਹੀ ਹਨ ਤਾਂ ਇਸ ਦਾ ਦੂਜਾ ਵਿਕਲਪ ਈਕੋ ਫਰੈਂਡਲੀ ਪਟਾਕੇ ਵੀ ਬਾਜ਼ਾਰ ਵਿਚ ਉਪਲਬਧ ਹਨ। ਇਸ ਲਈ ਲੋਕਾਂ ਨੂੰ ਈਕੋ ਫਰੈਂਡਲੀ ਪਟਾਕਿਆਂ ਦੀ ਵਰਤ’ੋਂ ਕਰਨੀ ਚਾਹੀਦੀ ਹੈ। ਇਹ ਈਕੋ-ਅਨੁਕੂਲ ਪਟਾਕੇ ਘੱਟ ਆਵਾਜ਼ ਪੈਦਾ ਕਰਦੇ ਹਨ ਅਤੇ ਵਾਤਾਵਰਣ ਨੂੰ ਵੀ ਨਾ ਮਾਤਰ ਹੀ ਪ੍ਰਦੂਸ਼ਤ ਕਰਦੇ ਹਨ।

ਫਿਰ ਵੀ, ਪਟਾਕਿਆਂ ਦੀ ਵਰਤੋਂ ਕਰਨ ਤੋਂ ਬਚਣਾ ਸਭ ਤੋਂ ਵਧੀਆ ਹੱਲ ਹੈ। ਇਸ ਲਈ ਸਾਨੂੰ ਅਪਣੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਰਖਣਾ ਯਕੀਨੀ ਬਣਾਉਣਾ ਚਾਹੀਦਾ ਹੈ ਤਾਕਿ ਘਰ ਜਾਂ ਦਫ਼ਤਰ ਦੇ ਅੰਦਰ ਲੋਕ ਸੁਰੱਖਿਅਤ ਅਤੇ ਸ਼ੁੱਧ ਹਵਾ ਵਿਚ ਸਾਹ ਲੈ ਸਕਣ। ਇਸ ਦੀਵਾਲੀ ਨੂੰ ਅਸੀਂ ਪਟਾਕਿਆਂ ਨੂੰ ਨਾਂਹ ਕਹਿ ਕੇ ਪ੍ਰਦੂਸ਼ਣ ਰਹਿਤ ਤਿਉਹਾਰ ਮਨਾ ਸਕਦੇ ਹਾਂ।

 

ਦੀਵਾਲੀ ਭਾਰਤ ਵਿਚ ਖ਼ੁਸ਼ੀ ਦੇ ਸਭ ਤੋਂ ਖ਼ੁਸ਼ਹਾਲ ਮੌਕਿਆਂ ਵਿਚੋਂ ਇਕ ਹੈ। ਆਉ ਇਸ ਸੁੰਦਰ ਤਿਉਹਾਰ ਨੂੰ ਪ੍ਰਦੂਸ਼ਣ ਦੀ ਬੁਰਾਈ ਨਾਲ ਬਰਬਾਦ ਨਾ ਹੋਣ ਦੇਈਏ। ਸਭ ਤੋਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤਿਉਹਾਰ ਨੂੰ ਤੁਰਤ ਵਾਤਾਵਰਣ ਅਨੁਕੂਲ ਬਣਾਇਆ ਜਾਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਢੁਕਵੇਂ ਕਦਮ ਚੁਕਣੇ ਚਾਹੀਦੇ ਹਨ ਅਤੇ ਪ੍ਰਸ਼ਾਸਨ ਤੇ ਸਰਕਾਰਾਂ ਦਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ।

ਲੈਕਚਰਾਰ ਲਲਿਤ ਗੁਪਤਾ 
ਮੰਡੀ ਅਹਿਮਦਗੜ੍ਹ
ਮੋ 97815-90500