Milkha Singh: ‘ਪਦਮ ਸ਼੍ਰੀ’ ‘ਉਡਣਾ ਸਿੱਖ’ ਮਿਲਖਾ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

1947 ਦੀ ਵੰਡ ਦੌਰਾਨ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ ਪ੍ਰਵਾਰਕ ਜੀਆਂ ਦਾ ਕਤਲ ਕਰ ਦਿਤਾ ਜਾਂਦਾ ਹੈ

Milkha Singh

ਗੋਬਿੰਦਪੁਰਾ, ਹੁਣ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਮੁਜ਼ਫ਼ਰਗੜ੍ਹ ਸ਼ਹਿਰ ਤੋਂ ਥੋੜੀ ਦੂਰ ਇਕ ਪਿੰਡ ਹੈ ਜਿਸ ਨੂੰ ਇਕ 16 ਸਾਲਾ ਸਿੱਖ ਨੌਜਵਾਨ ਕਦੇ ਛੱਡਣਾ ਨਹੀਂ  ਸੀ ਚਾਹੁੰਦਾ ਪਰ 1947 ਦੀ ਵੰਡ ਦੌਰਾਨ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ ਪ੍ਰਵਾਰਕ ਜੀਆਂ ਦਾ ਕਤਲ ਕਰ ਦਿਤਾ ਜਾਂਦਾ ਹੈ। ਪਹਿਲੀ ਵਾਰ ਜ਼ਿੰਦਗੀ ’ਚ ਰੋਣ ਵਾਲਾ ਇਹ ਇਨਸਾਨ ਮਿਲਖਾ ਸਿੰਘ ਸੀ ਜਿਸ ਨੂੰ ਸ਼ਾਇਦ ਇਸ ਸਦਮੇ ਨੇ ਇੰਨਾ ਰੁਆਇਆ ਤੇ ਇੰਨਾ ਦੁੜਾਇਆ ਕਿ ਇਹ ਵੱਡਾ ਹੋ ਕੇ ਭਾਰਤ ਦਾ ਇਕ ਮਹਾਨ ਦੌੜਾਕ ਬਣਿਆ।

ਉਸੇ ਪਾਕਿਸਤਾਨ ਨੇ ਮਿਲਖਾ ਸਿੰਘ  ਨੂੰ ‘ਦੀ ਫਲਾਇੰਗ ਸਿੱਖ’ ਦਾ ਖ਼ਿਤਾਬ ਦਿਤਾ ਜਿਸ ਦੀ ਇਕ ਝਲਕ ਵੇਖ ਲੈਣ ਲਈ ਪਾਕਿਸਤਾਨ ਦੇ ਲੋਕ ਬੇਸਬਰੀ ਨਾਲ ਉਡੀਕ ਕਰਦੇ ਸਨ। ਭਾਰਤੀ ਦੌੜਾਕ  ਮਿਲਖਾ ਸਿੰਘ ਦਾ ਜਨਮ 20 ਨਵੰਬਰ 1929 ਨੂੰ ਅਣਵੰਡੇ ਪੰਜਾਬ ਵਿਚ ਇਕ ਸਿੱਖ ਰਾਠੌਰ ਪ੍ਰਵਾਰ ਵਿਚ ਹੋਇਆ ਸੀ। ਉਹ ਅਪਣੇ ਮਾਤਾ-ਪਿਤਾ ਦੇ ਕੁੱਲ 15 ਬੱਚਿਆਂ ਵਿਚੋਂ ਇਕ ਸੀ।

ਉਨ੍ਹਾਂ ਦੇ ਕਈ ਭੈਣ-ਭਰਾ ਬਚਪਨ ਵਿਚ ਹੀ ਗੁਜ਼ਰ ਗਏ ਸਨ। ਭਾਰਤ ਦੀ ਵੰਡ ਤੋਂ ਬਾਅਦ ਹੋਏ ਦੰਗਿਆਂ ਵਿਚ ਮਿਲਖਾ ਸਿੰਘ ਨੇ ਅਪਣੇ ਮਾਤਾ-ਪਿਤਾ ਅਤੇ ਭੈਣ-ਭਰਾ ਨੂੰ ਗੁਆ ਦਿਤਾ ਸੀ। ਵੰਡ ਵੇਲੇ ਉਹ ਪਾਕਿਸਤਾਨ ਤੋਂ ਪੰਜਾਬ  ਦੇ ਫ਼ਿਰੋਜ਼ਪੁਰ ਸ਼ਹਿਰ ਵਿਚ ਆ ਗਏ ਜਿਥੇ ਉਨ੍ਹਾਂ ਨੂੰ ਕੁੱਝ ਸਮਾਂ ਫ਼ੌਜੀਆਂ ਦੇ ਬੂਟ ਵੀ ਪਾਲਿਸ਼ ਕਰਨੇ ਪਏ। ਕਹਿੰਦੇ ਹਨ ਕਿ ਮਿਹਨਤ ਅਤੇ ਦਿ੍ਰੜ੍ਹ ਇਰਾਦਾ ਹਮੇਸ਼ਾ ਰੰਗ ਲਿਆਉਂਦੇ ਹਨ। ਮਿਲਖਾ ਸਿੰਘ ਕੋਲ ਇਹ ਦੋਵੇਂ ਚੀਜ਼ਾਂ ਸਨ।

ਕੁੱਝ ਸਮਾਂ ਉਨ੍ਹਾਂ ਨੂੰ ਦਿੱਲੀ ਅਪਣੀ ਭੈਣ ਕੋਲ ਰਹਿਣਾ ਪਿਆ। ਉਨ੍ਹਾਂ ਦੇ ਵੱਡੇ ਭਰਾ ਫ਼ੌਜ ਵਿਚ ਸਨ, ਜਿਸ ਕਰ ਕੇ ਉਹ ਵੀ 1952 ਵਿਚ ਫ਼ੌਜ ਵਿਚ ਭਰਤੀ ਹੋ ਗਏ। ਉਨ੍ਹਾਂ ਦਾ ਕੱਦ 5 ਫ਼ੁਟ 9 ਇੰਚ ਸੀ। ਫ਼ੌਜ ਵਿਚ ਉਨ੍ਹਾਂ ਨੂੰ 1953 ਵਿਚ ਦੌੜਨ ਦੇ ਮੁਕਾਬਲਿਆਂ ਦਾ ਪਤਾ ਲਗਿਆ ਤੇ ਰੰਗਰੂਟੀ ਕਰਦਿਆਂ ਹੀ ਉਨ੍ਹਾਂ ਨੇ ਕਰਾਸ ਕੰਟਰੀ ਲਗਾਈ ਤੇ ਛੇਵੇਂ ਨੰਬਰ ਤੇ ਆਏ। ਮਿਲਖਾ ਸਿੰਘ 400 ਮੀਟਰ ਦੀ ਦੌੜ ਵਿਚ ਅਪਣੀ ਕੰਪਨੀ ਵਿਚ ਪਹਿਲੇ ਨੰਬਰ ’ਤੇ ਆਏ। ਇਸ ਤੋਂ ਬਾਅਦ ਉਨ੍ਹਾਂ ਨੂੰ ਦੌੜ ਲਾਉਣ ਦਾ ਉਤਸ਼ਾਹ ਪੈਦਾ ਹੋ ਗਿਆ ਤੇ ਫ਼ੌਜ ਵਿਚ ਅਭਿਆਸ ਕਰਨ ਲੱਗ ਪਏ।

ਇਸ ਅਭਿਆਸ ਕਰ ਕੇ ਪੂਰੀ ਫ਼ੌਜ ਵਿਚੋਂ ਪਹਿਲੇ ਨੰਬਰ ’ਤੇ ਆਉਣ ਲੱਗ ਪਏ। ਉਨ੍ਹਾਂ ਨੂੰ ਪਹਿਲੀ ਵਾਰ 1956 ਵਿਚ ਮੈਲਬੌਰਨ ਆਸਟਰੇਲੀਆ ਵਿਚ ਹੋਈਆਂ ਓਲੰਪਿਕ ਖੇਡਾਂ ਵਿਚ ਭਾਰਤ ਦੀ ਟੀਮ ਵਿਚ ਸ਼ਾਮਲ ਕਰ ਲਿਆ ਗਿਆ ਪ੍ਰੰਤੂ ਉਥੇ ਭਾਰਤ ਦੀ ਟੀਮ ਹਾਰ ਗਈ। 1958 ਵਿਚ ਹੋਈਆਂ ਟੋਕੀਓ ਦੀਆਂ ਏਸ਼ੀਆਈ ਖੇਡਾਂ ਵਿਚ ਉਹ ਸੱਭ ਤੋਂ ਮਜ਼ਬੂਤ  ਦੌੜਾਕ ਐਥਲੀਟ ਸਾਬਤ ਹੋਏ। ਫਿਰ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਜੇਕਰ ਥੋੜ੍ਹੀ ਹੋਰ ਮਿਹਨਤ ਕੀਤੀ ਜਾਵੇ ਤਾਂ ਉਹ ਤਮਗ਼ੇ ਜਿੱਤ ਸਕਦੇ ਹਨ। ਇਸ ਕਰ ਕੇ ਉਨ੍ਹਾਂ ਅਪਣਾ ਅਭਿਆਸ ਦਾ ਸਮਾਂ ਵਧਾ ਦਿਤਾ ਅਤੇ ਰੱਜ ਕੇ ਮਿਹਨਤ ਕੀਤੀ।

ਉਨ੍ਹਾਂ ਨੇ 200 ਮੀਟਰ ਅਤੇ 400 ਮੀਟਰ ਰੇਸ ਦੇ ਏਸ਼ੀਆ ਵਿਚ ਨਵੇਂ ਰਿਕਾਰਡ ਸਥਾਪਤ ਕੀਤੇ। 1958 ਵਿਚ ਹੀ ਕਾਰਡਿਫ ਵਿਖੇ ਕਾਮਨਵੈਲਥ ਖੇਡਾਂ ਸਮੇਂ 400 ਮੀਟਰ ਦੀ ਦੌੜ ਵਿਚ ਉਹ ਪਹਿਲੇ ਨੰਬਰ ’ਤੇ ਆਏ। ਉਹ 1958 ਤੋਂ 1960 ਤਕ ਅਨੇਕਾਂ ਦੇਸ਼ਾਂ ਦੇ ਦੌੜ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਰਹੇ। ਲਾਹੌਰ ਵਿਖੇ ਹੋਈਆਂ ਇੰਡੋ-ਪਾਕਿ ਖੇਡਾਂ ਵਿਚ ਮਿਲਖਾ ਸਿੰਘ ਅਪਣੇ ਨਾਲ ਦੇ ਬਾਕੀ ਖਿਡਾਰੀਆਂ ਤੋਂ ਕਾਫ਼ੀ ਅੱਗੇ ਨਿਕਲ ਕੇ ਜਿੱਤਿਆ ਜਿਸ ਕਰ ਕੇ ਅਨਾਊਂਸਰ ਕਹਿਣ ਲੱਗਾ, ‘‘ਮਿਲਖਾ ਸਿੰਘ ਦੌੜਿਆ ਨਹੀਂ, ਉਡਿਆ ਹੈ।’’

ਇਸ ਕਰ ਕੇ ਹੀ ਉਨ੍ਹਾਂ ਦਾ ਨਾਂ ‘ਫਲਾਇੰਗ ਸਿੱਖ’ ਅਰਥਾਤ ‘ਉੱਡਣਾ ਸਿੱਖ’ ਪੈ ਗਿਆ। ਉਨ੍ਹਾਂ ਨੇ ਅਪਣੀ ਜੀਵਨੀ ਵੀ ਲਿਖੀ ਜਿਸ ਦਾ ਨਾਂ ਵੀ ਫਲਾਇੰਗ ਸਿੱਖ ਹੀ ਰੱਖਿਆ। 200 ਮੀਟਰ ਤੇ 400 ਮੀਟਰ ਦੇ ਮਿਲਖਾ ਸਿੰਘ ਦੇ ਕੌਮੀ ਰਿਕਾਰਡ ਲਗਪਗ 4 ਦਹਾਕੇ ਕੋਈ ਨਾ ਤੋੜ ਸਕਿਆ। 1962 ਵਿਚ ਜਕਾਰਤਾ ਦੀਆਂ ਏਸ਼ੀਆਈ ਖੇਡਾਂ ਵਿਚ 400 ਮੀਟਰ ਤੇ 4 ਗੁਣਾ 400 ਮੀਟਰ ਰੀਲੇਅ ਦੌੜਾਂ ਵਿਚ ਦੋ ਸੋਨੇ ਦੇ ਤਮਗੇ ਦੇਸ਼ ਦੀ ਝੋਲੀ ਵਿਚ ਪਾਏ। 1964 ਦੀਆਂ ਟੋਕੀਓ ਓਲੰਪਿਕ ਤੋਂ ਬਾਅਦ ਉਹ ਸਰਗਰਮ ਦੌੜ ਮੁਕਾਬਲਿਆਂ ਵਿਚੋਂ ਰਿਟਾਇਰ ਹੋ ਗਏ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮ ਸ੍ਰੀ’ ਨਾਲ ਸਨਮਾਨਤ ਕੀਤਾ।

ਅਮਰੀਕਾ ਦੀ ਇਕ ਖੇਡ ਸੰਸਥਾ ਨੇ ਮਿਲਖਾ ਸਿੰਘ ਨੂੰ ਏਸ਼ੀਆ ਦਾ ਸਰਵੋਤਮ ਐਥਲੀਟ ਐਲਾਨਦਿਆਂ ਹੈਲਮਜ਼ ਟਰਾਫ਼ੀ ਦੇ ਕੇ ਸਨਮਾਨਤ ਕੀਤਾ ਸੀ। ਫ਼ੌਜ ਦੀ ਨੌਕਰੀ ਤੋਂ ਬਾਅਦ ਉਹ ਸਿਖਿਆ ਵਿਭਾਗ ਵਿਚ ਖੇਡ ਵਿੰਗ ਦੇ ਐਡੀਸ਼ਨਲ ਡਾਇਰੈਕਟਰ ਦੇ ਅਹੁਦੇ ’ਤੇ ਵੀ ਰਹੇ। ਮਿਲਖਾ ਸਿੰਘ ਦੇ ਜੱਦੋਜਹਿਦ ਭਰੇ ਜੀਵਨ ’ਤੇ ਇਕ ਫ਼ਿਲਮ ‘ਭਾਗ ਮਿਲਖਾ ਭਾਗ’ ਵੀ ਬਣ ਚੁੱਕੀ ਹੈ, ਜਿਹੜੀ ਨੌਜਵਾਨਾਂ ਲਈ ਪ੍ਰੇਰਨਾਦਾਇਕ ਸਾਬਤ ਹੋ ਰਹੀ ਹੈ। ਉਨ੍ਹਾਂ ਦੀ ਪਤਨੀ ਸ੍ਰੀਮਤੀ ਨਿਰਮਲ ਮਿਲਖਾ ਕੌਮੀ ਪੱਧਰ ਦੀ ਵਾਲੀਬਾਲ ਖਿਡਾਰਨ ਰਹੀ ਹੈ। ਉਨ੍ਹਾਂ ਦਾ ਲੜਕਾ ਚਿਰੰਜੀਵ ਮਿਲਖਾ ਸਿੰਘ ਗੋਲਫ਼ ਦਾ ਅੰਤਰਰਾਸ਼ਟਰੀ ਖਿਡਾਰੀ ਹੈ। 

ਭਾਰਤ ਹਮੇਸ਼ਾ ਖੇਡਾਂ ਦੇ ਖੇਤਰ ਵਿਚ ਮੋਹਰੀ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਭਾਰਤ ਨੂੰ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ ਕਿਉਂਕਿ ਖੇਡ ਜਗਤ ਦੀ ਆਪਸੀ ਧੜੇਬੰਦੀ ਅਤੇ ਖਿਡਾਰੀਆਂ ਦੀ ਸਹੀ ਪਛਾਣ ਰਸਤੇ ਦਾ ਰੋੜਾ ਬਣਦੀ ਆ ਰਹੀ ਹੈ। ਦੇਸ਼ ਦੀ ਗੰਦੀ ਰਾਜਨੀਤੀ ਅਤੇ ਸਿਸਟਮ ਕਰ ਕੇ ਭਾਰਤ ਖੇਡਾਂ ਵਿਚ ਦੁਨੀਆਂ ਤੋਂ ਬਹੁਤ ਪਛੜ ਚੁੱਕਾ ਹੈ।

ਬੇਸ਼ੱਕ ਗੋਲਡ ਕੋਸਟ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੇ 26 ਸੋਨੇ ਦੇ ਅਤੇ ਕੁਲ 66 ਤਮਗੇ ਜਿੱਤ ਲਏ ਸਨ ਪਰ ਉਲਿੰਪਕ ਖੇਡਾਂ ਵਿਚ ਭਾਰਤ ਬਹੁਤ ਪਿੱਛੇ ਹੈ। ਭਵਿਖ ਵਿਚ ਸਰਕਾਰਾ ਨੂੰ ਖੇਡ ਖੇਤਰ ਵਿਚ ਬਹੁਤ ਕੱੁਝ ਕਰਨ ਦੀ ਲੋੜ ਹੈ। ਅਜਿਹੇ ਸਮੇਂ ਵਿਚ ਭਾਰਤੀ ਖਿਡਾਰੀਆਂ ਨੂੰ ਵੀ ਮਿਲਖਾ ਸਿੰਘ ਨੂੰ ਅਪਣਾ ਰੋਲ ਮਾਡਲ ਬਣਾ ਕੇ ਲਗਨ, ਮਿਹਨਤ ਅਤੇ ਦਿ੍ਰੜ੍ਹਤਾ ਦਾ ਗੁਣ ਗ੍ਰਹਿਣ ਕਰ ਕੇ ਪ੍ਰੈਕਟਿਸ ਕਰਨੀ ਚਾਹੀਦੀ ਹੈ।

ਮਿਲਖਾ ਸਿੰਘ ਅਪਣਾ ਕੈਰੀਅਰ ਬਣਉਣ ਲਈ ਰੇਲ ਗੱਡੀਆਂ ਦੇ ਪਿੱਛੇ ਭੱਜ ਕੇ ਅਭਿਆਸ ਕਰਿਆ ਕਰਦੇ ਸਨ ਕਿਉਂਕਿ ਉਹ ਅਪਣੇ ਮਿੱਥੇ ਨਿਸ਼ਾਨੇ ’ਤੇ ਪਹੁੰਚਣਾ ਚਾਹੁੰਦੇ ਸੀ। ਹੁਣ ਤਾਂ ਉਨ੍ਹਾਂ ਨੂੰ ਸਾਰੇ ਸਾਧਨ ਪ੍ਰਾਪਤ ਹਨ ਪ੍ਰੰਤੂ ਮਿਲਖਾ ਸਿੰਘ, ਬਿਨਾਂ ਅਜਿਹੇ ਸਾਧਨਾਂ ਦੇ ਵੀ ਸਿਖਰਾਂ ਛੂੰਹਦਾ ਰਿਹਾ ਹੈ। ਨਵੇਂ ਖਿਡਾਰੀ ਉਨ੍ਹਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ।

ਕੋਰੋਨਾ ਮਹਾਂਮਾਰੀ ਨਾਲ ਪੀੜਤ ਹੋਣ ਤੋਂ ਬਾਅਦ 18 ਜੂਨ 2021 ਦੀ ਰਾਤ  ਏਸ਼ੀਆ ਦਾ ਇਹ ਮਹਾਨ ਦੌੜਾਕ ‘ਦੀ ਫਲਾਇੰਗ ਸਿੱਖ’ ਮਿਲਖਾ ਸਿੰਘ ਇਸ ਦੁਨੀਆਂ ਤੋਂ ਹਮੇਸ਼ਾ ਲਈ ਜੁਦਾਈ ਵਾਲੀ ਦੌੜ ਵੀ ਜਿੱਤ ਗਿਆ। ਉਹਨਾਂ ਦੀ ਮੌਤ ਤੋਂ ਪੰਜ ਦਿਨ ਪਹਿਲਾਂ ਹੀ ਉਨ੍ਹਾਂ ਦੀ ਧਰਮ ਪਤਨੀ ਨਿਰਮਲ ਕੌਰ ਵੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸੀ। ਉਹ ਅਪਣੇ ਪਿਛੇ ਪੁੱਤਰ ਜੀਵ ਮਿਲਖਾ ਸਿੰਘ ਅਤੇ ਤਿੰਨ ਧੀਆਂ ਛੱਡ ਗਏ ਹਨ।

-16 ਫੋਕਲ ਪੁਆਇੰਟ, ਰਾਜਪੁਰਾ