ਕੈਨੇਡਾ ਦੀ ਧਰਤੀ 'ਤੇ ਫਾਂਸੀ ਦਾ ਰੱਸਾ ਚੁੰਮਣ ਵਾਲਾ ਪਹਿਲਾ ਸਿੱਖ ਭਾਈ ਮੇਵਾ ਸਿੰਘ ਲੋਪੋਕੇ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਕੈਨੇਡਾ ਦੀ ਧਰਤੀ 'ਤੇ ਜੇਕਰ ਅੱਜ ਚਾਰੇ ਪਾਸੇ ਖ਼ਾਲਸੇ ਦੇ ਝੰਡੇ ਝੂਲਦੇ ਹਨ ਤਾਂ ਇਹ ਉਨ੍ਹਾਂ ਸਿੰਘ ਸ਼ਹੀਦਾਂ ਦੀ ਬਦੌਲਤ ਹੈ,

File Photo

ਕੈਨੇਡਾ ਦੀ ਧਰਤੀ 'ਤੇ ਜੇਕਰ ਅੱਜ ਚਾਰੇ ਪਾਸੇ ਖ਼ਾਲਸੇ ਦੇ ਝੰਡੇ ਝੂਲਦੇ ਹਨ ਤਾਂ ਇਹ ਉਨ੍ਹਾਂ ਸਿੰਘ ਸ਼ਹੀਦਾਂ ਦੀ ਬਦੌਲਤ ਹੈ, ਜਿਨ੍ਹਾਂ ਨੇ ਖ਼ਾਲਸੇ ਦੀ ਸ਼ਾਨ ਬਰਕਰਾਰ ਰੱਖਣ ਲਈ ਅਪਣੀਆਂ ਸ਼ਹਾਦਤਾਂ ਦਿੱਤੀਆਂ। ਧਰਤੀ ਭਾਵੇਂ ਭਾਰਤ ਦੀ ਹੋਵੇ ਜਾਂ ਵਿਦੇਸ਼ਾਂ ਦੀ, ਸਿੱਖਾਂ ਨੇ ਹਮੇਸ਼ਾਂ ਸਿਰ ਦੇ ਸਰਦਾਰੀਆਂ ਲਈਆਂ ਹਨ, ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇਕ ਸਿੱਖ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਕੈਨੇਡਾ ਦੀ ਧਰਤੀ 'ਤੇ ਪਹਿਲਾ ਸਿੱਖ ਸ਼ਹੀਦ ਹੋਣ ਦਾ ਮਾਣ ਹਾਸਲ ਹੈ

ਅਤੇ ਜਿਨ੍ਹਾਂ ਨੇ ਸਿੱਖੀ ਦੀ ਸ਼ਹੀਦੀ ਪ੍ਰੰਪਰਾ 'ਤੇ ਪਹਿਰਾ ਦਿੰਦਿਆਂ ਪੂਰਨ ਖ਼ਾਲਸਾਈ ਜੋਸ਼ ਅਤੇ ਚੜ੍ਹਦੀ ਕਲਾ ਨਾਲ ਕੈਨੇਡਾ 'ਚ ਫਾਂਸੀ ਦਾ ਰੱਸਾ ਚੁੰਮਿਆ ਸੀ। ਆਓ ਜਾਣਦੇ ਆਂ ਕੌਣ ਸਨ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ? ਭਾਈ ਮੇਵਾ ਸਿੰਘ ਦਾ ਜਨਮ 1880 ਈਸਵੀ ਨੂੰ ਪਿਤਾ ਨੰਦ ਸਿੰਘ ਦੇ ਗ੍ਰਹਿ ਵਿਖੇ ਪਿੰਡ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ ਸੀ। ਭਾਈ ਮੇਵਾ ਸਿੰਘ ਪਿੰਡ ਵਿਚ ਖੇਤੀਬਾੜੀ ਦਾ ਕੰਮ ਕਰਦੇ ਸਨ ਪਰ ਸੰਨ 1906 ਵਿਚ ਉਹ ਕੈਨੇਡਾ ਦੇ ਵੈਨਕੂਵਰ ਪਹੁੰਚ ਗਏ।

ਧਾਰਮਿਕ ਬਿਰਤੀ ਅਤੇ ਸ਼ਾਂਤ ਸਾਊ ਸੁਭਾਅ ਦੇ ਮਾਲਕ ਹੋਣ ਕਾਰਨ ਉਹ ਵੈਨਕੂਵਰ ਦੇ ਸਿੱਖ ਆਗੂਆਂ ਦੀ ਸੰਗਤ ਵਿਚ ਸ਼ਾਮਲ ਹੋ ਗਏ। ਜਦੋਂ ਸਿੱਖ ਸੰਗਤ ਵਲੋਂ ਵੈਨਕੂਵਰ ਵਿਚ ਕੈਨੇਡਾ ਦਾ ਪਹਿਲਾ ਗੁਰਦੁਆਰਾ ਬਣਾਉਣ ਦਾ ਉਦਮ ਆਰੰਭਿਆ ਗਿਆ ਤਾਂ ਭਾਈ ਮੇਵਾ ਸਿੰਘ ਨੇ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਸੀ ਅਤੇ ਉਸ ਨੇ ਪੰਜਾਬ ਤੋਂ ਆਏ ਭਾਈਚਾਰੇ ਦੇ ਲੋਕਾਂ ਕੋਲੋਂ ਜਾ-ਜਾ ਕੇ ਉਗਰਾਹੀ ਕੀਤੀ। 21 ਜੂਨ 1908 ਨੂੰ ਭਾਈ ਮੇਵਾ ਸਿੰਘ ਨੇ ਵੈਨਕੂਵਰ ਦੇ ਗੁਰਦੁਆਰੇ ਵਿਚ ਹੋਏ ਅੰਮ੍ਰਿਤ ਸੰਚਾਰ ਦੌਰਾਨ ਖੰਡੇ-ਬਾਟੇ ਦਾ ਅੰਮ੍ਰਿਤ ਛਕ ਲਿਆ ਅਤੇ ਸਿੰਘ ਸਜ ਗਏ।

ਖ਼ਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਗੁਰਦੁਆਰੇ ਦੇ ਗ੍ਰੰਥੀ ਭਾਈ ਸਾਹਿਬ ਭਾਈ ਬਲਵੰਤ ਸਿੰਘ ਨਾਲ ਭਾਈ ਮੇਵਾ ਸਿੰਘ ਦੀ ਦਿਲੀ ਸਾਂਝ ਸੀ। ਜਦੋਂ 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਗੁਰੂ ਨਾਨਕ ਜਹਾਜ਼ ਵਿਚ 376 ਮੁਸਾਫਰਾਂ ਨੂੰ ਲੈ ਕੇ ਵੈਨਕੂਵਰ ਦੇ ਕੰਢੇ ਪੁੱਜੇ ਤਾਂ ਵੈਨਕੂਵਰ ਦੇ ਸਿੱਖ ਭਾਈਚਾਰੇ ਵਲੋਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਅਗਵਾਈ ਹੇਠ ਇਨ੍ਹਾਂ ਮੁਸਾਫਰਾਂ ਨੂੰ ਕੈਨੇਡਾ ਵਿਚ ਉਤਾਰਨ ਲਈ ਜਬਰਦਸਤ ਸੰਘਰਸ਼ ਵਿੱਢਿਆ ਗਿਆ। ਇਸ ਸਮੇਂ ਭਾਈ ਮੇਵਾ ਸਿੰਘ ਨੇ ਭਾਈ ਭਾਗ ਸਿੰਘ ਤੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਦੇ ਸੰਗੀ ਸਾਥੀ ਬਣਕੇ ਇਸ ਸੰਘਰਸ਼ ਵਿਚ ਮੋਹਰੀ ਰੋਲ ਨਿਭਾਇਆ।

ਜੁਲਾਈ 1914 ਵਿਚ ਭਾਈ ਭਾਗ ਸਿੰਘ, ਭਾਈ ਸਾਹਿਬ ਭਾਈ ਬਲਵੰਤ ਸਿੰਘ, ਬਾਬੂ ਹਰਨਾਮ ਸਿੰਘ ਸਾਹਰੀ ਤੇ ਭਾਈ ਮੇਵਾ ਸਿੰਘ, ਗੁਰੂ ਨਾਨਕ ਜਹਾਜ਼ ਦੇ ਸੰਘਰਸ਼ ਸਬੰਧੀ ਅਮਰੀਕਾ ਦੀ ਸਿੱਖ ਸੰਗਤ ਨਾਲ ਸਲਾਹ ਮਸ਼ਵਰਾ ਕਰਨ ਲਈ ਐਬਟਸਫੋਰਡ ਲਾਗਿਓਂ ਸਰਹੱਦ ਪਾਰ ਕਰਕੇ ਅਮਰੀਕਾ ਵਿਚ ਪਹੁੰਚ ਗਏ ਪਰ ਵਾਪਸੀ 'ਤੇ ਭਾਈ ਭਾਗ ਸਿੰਘ, ਭਾਈ ਸਾਹਿਬ ਭਾਈ ਬਲਵੰਤ ਸਿੰਘ ਤੇ ਬਾਬੂ ਹਰਨਾਮ ਸਿੰਘ ਸਾਹਰੀ ਨੂੰ ਤਾਂ ਅਮਰੀਕਾ ਦੀ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਸੂਮਾਸ ਦੀ ਜੇਲ੍ਹ ਵਿਚ ਬੰਦ ਕਰ ਦਿਤਾ

ਪਰ ਭਾਈ ਮੇਵਾ ਸਿੰਘ ਸਰਹੱਦ ਪਾਰ ਕਰਕੇ ਕੈਨੇਡਾ ਵਿਚ ਦਾਖ਼ਲ ਹੋ ਗਏ ਸਨ ਪਰ ਉਹ ਵੀ ਕੈਨੇਡੀਅਨ ਪੁਲਿਸ ਦੀ ਨਜ਼ਰ ਤੋਂ ਬਚ ਨਹੀਂ ਸਕੇ, ਜਲਦ ਹੀ ਪੁਲਿਸ ਨੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਮੌਕੇ ਭਾਈ ਮੇਵਾ ਸਿੰਘ ਕੋਲੋਂ ਦੋ ਰਿਵਾਲਵਰ ਤੇ ਪੰਜ ਸੌ ਗੋਲੀਆਂ ਬਰਾਮਦ ਹੋਈਆਂ  ਪਰ 7 ਅਗਸਤ 1914 ਨੂੰ ਅਦਾਲਤ ਨੇ ਭਾਈ ਮੇਵਾ ਸਿੰਘ ਨੂੰ ਪੰਜਾਹ ਡਾਲਰ ਦਾ ਜੁਰਮਾਨਾ ਕਰਕੇ ਰਿਹਾਅ ਕਰ ਦਿੱਤਾ।

ਗ਼ਦਰ ਲਹਿਰ ਇਸ ਸਮੇਂ ਪੂਰੇ ਜ਼ੋਰਾਂ 'ਤੇ ਸੀ, ਇਸ ਦੌਰਾਨ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਭਾਈ ਮੇਵਾ ਸਿੰਘ ਦੇ ਦਿਲ 'ਤੇ ਡੂੰਘੀ ਛਾਪ ਛੱਡੀ। ਦਰਅਸਲ ਗ਼ਦਰ ਲਹਿਰ ਦਾ ਲੱਕ ਤੋੜਨ ਲਈ ਬਰਤਾਨਵੀ ਜਾਸੂਸ ਹਾਪਕਿਨਸਨ ਨੇ ਆਪਣੇ ਹੱਥ ਠੋਕੇ ਬੇਲਾ ਸਿੰਘ ਕੋਲੋਂ 5 ਸਤੰਬਰ 1914 ਨੂੰ ਗੁਰਦੁਆਰੇ ਵਿਚ ਹੀ ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਦਾ ਕਤਲ ਕਰਵਾ ਦਿਤਾ, ਜਿਸ ਦੌਰਾਨ ਗੁਰਦੁਆਰਾ ਸਾਹਿਬ ਦੀ ਬੇਅਦਬੀ ਵੀ ਹੋਈ।

ਇਸ ਘਟਨਾ ਦੇ ਸਦਮੇ ਵਿਚ ਭਾਈ ਮੇਵਾ ਸਿੰਘ ਨੇ ਡੂੰਘੀ ਚੁੱਪ ਧਾਰ ਲਈ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਉਹ ਅੰਦਰੋ ਅੰਦਰੀ ਕੋਈ ਵੱਡਾ ਫ਼ੈਸਲਾ ਕਰ ਚੁੱਕੇ ਸਨ। ਇਸ ਦੌਰਾਨ ਉਨ੍ਹਾਂ ਨੇ ਪਿਸਤੌਲ ਦੀ ਨਿਸ਼ਾਨੇਬਾਜ਼ੀ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਅਪਣਾ ਨਿਸ਼ਾਨਾ ਪੱਕਾ ਕਰ ਲਿਆ। ਇਹ ਉਹ ਸਮਾਂ ਸੀ ਜਦੋਂ ਵੈਨਕੂਵਰ ਦੀ ਅਦਾਲਤ ਵਿਚ ਬੇਲਾ ਸਿੰਘ ਵਿਰੁੱਧ ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਦੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ। ਆਮ ਸਿੱਖਾਂ ਦੀ ਤਰ੍ਹਾਂ ਭਾਈ ਮੇਵਾ ਸਿੰਘ ਵੀ ਅਕਸਰ ਹੀ ਹਰ ਪੇਸ਼ੀ 'ਤੇ ਜਾਇਆ ਕਰਦੇ ਸਨ।

21 ਅਕਤੂਬਰ 1914 ਨੂੰ ਵੀ ਭਾਈ ਮੇਵਾ ਸਿੰਘ ਆਮ ਵਾਂਗ ਹੀ ਪੇਸ਼ੀ 'ਤੇ ਅਦਾਲਤ ਵਿਚ ਗਏ, ਉਂਝ ਹਰ ਪੇਸ਼ੀ 'ਤੇ ਮੇਵਾ ਸਿੰਘ ਦੀ ਤਲਾਸ਼ੀ ਲਈ ਜਾਂਦੀ ਸੀ ਪਰ ਉਸ ਦਿਨ ਉਨ੍ਹਾਂ ਦੀ ਕਿਸੇ ਨੇ ਤਲਾਸ਼ੀ ਨਹੀਂ ਲਈ ਕਿਉਂਕਿ ਹਰ ਵਾਰ ਖ਼ਾਲੀ ਹੱਥ ਹੋਣ ਕਰਕੇ ਉਨ੍ਹਾਂ 'ਤੇ ਕਿਸੇ ਨੂੰ ਜ਼ਿਆਦਾ ਸ਼ੱਕ ਸੁਭਾ ਨਹੀਂ ਸੀ। ਸਵੇਰ ਦੇ ਦਸ ਵੱਜ ਕੇ ਬਾਰਾਂ ਮਿੰਟ ਹੋਏ ਸਨ, ਸਿੱਖਾਂ ਦਾ ਅਸਲ ਕਾਤਲ ਹਾਪਕਿਨਸਨ ਕੋਰਟ ਵਿਚ ਦਾਖ਼ਲ ਹੋਣ ਵਾਲੇ ਦਰਵਾਜ਼ੇ ਅੱਗੇ ਬਰਾਂਡੇ ਦੇ ਥਮਲੇ ਨਾਲ ਮੋਢਾ ਲਗਾਈ ਖੜ੍ਹਾ ਸੀ।

ਭਾਈ ਮੇਵਾ ਸਿੰਘ ਨੇ ਉਸ ਦੇ ਕੋਲ ਪਹੁੰਚੇ ਅਤੇ ਆਪਣਾ ਪਿਸਤੌਲ ਕੱਢ ਕੇ ਉਸ ਦੇ ਗੋਲੀਆਂ ਮਾਰ ਦਿੱਤੀਆਂ ਅਤੇ ਹਾਪਕਿਨਸਨ ਗੋਡਿਆਂ ਭਾਰ ਡਿੱਗ ਕੇ ਥਾਏਂ ਢੇਰ ਹੋ ਗਿਆ। ਗੋਲੀਆਂ ਚਲਦਿਆਂ ਹੀ ਅਦਾਲਤ ਵਿਚ ਭਾਜੜ ਮਚ ਗਈ ਅਤੇ ਇਹ ਖ਼ਬਰ ਕੈਨੇਡਾ-ਅਮਰੀਕਾ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ।
ਭਾਈ ਮੇਵਾ ਸਿੰਘ ਦੀ ਇਸ ਬਹਾਦਰੀ ਦੇ ਥਾਂ ਥਾਂ ਚਰਚੇ ਹੋਣ ਲੱਗੇ, ਸਿੱਖ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਸੀ ਕਿਉਂਕਿ ਉਨ੍ਹਾਂ ਨੇ ਗੁਰਦੁਆਰੇ ਦੀ ਬੇਅਦਬੀ ਅਤੇ ਸਿੱਖ ਆਗੂਆਂ ਦੇ ਕਤਲਾਂ ਦਾ ਅਸਲ ਦੋਸ਼ੀ ਕੋਲੋਂ ਸ਼ਰੇਆਮ ਲਲਕਾਰ ਕੇ ਬਦਲਾ ਲੈ ਲਿਆ ਸੀ।

ਭਾਈ ਮੇਵਾ ਸਿੰਘ ਨੇ ਅਦਾਲਤ ਕੋਲ ਪਹਿਲਾਂ ਹੀ ਅਪਣਾ ਜ਼ੁਰਮ ਕਬੂਲ ਕਰ ਲਿਆ ਸੀ, ਜਿਸ ਕਰਕੇ ਸਿੱਖ ਸੰਗਤ ਨੂੰ ਹੋਣ ਵਾਲੇ ਫੈਸਲੇ ਦਾ ਪਹਿਲਾਂ ਹੀ ਪਤਾ ਸੀ। ਅਖੀਰ 11 ਜਨਵਰੀ 1915 ਨੂੰ ਭਾਈ ਮੇਵਾ ਸਿੰਘ ਲੋਪੋਕੇ ਨੂੰ ਫਾਂਸੀ ਦੇ ਦਿੱਤੀ ਗਈ ਪਰ ਇਸ ਸਮੇਂ ਦੌਰਾਨ ਵੀ ਭਾਈ ਮੇਵਾ ਸਿੰਘ ਦੇ ਚਿਹਰੇ 'ਤੇ ਖ਼ਾਲਸਾਈ ਜਲਾਲ ਚਮਕਾਂ ਮਾਰ ਰਿਹਾ ਸੀ, ਸਿੱਖ ਇਤਿਹਾਸ ਵਿਚ ਅੱਜ ਵੀ ਭਾਈ ਮੇਵਾ ਸਿੰਘ ਲੋਪੋਕੇ ਨੂੰ ਬਹੁਤ ਹੀ ਮਾਣ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।