ਸਿੱਖਾਂ ਦੇ ਪਹਿਲੇ ਤੇ ਆਖ਼ਰੀ ਰਾਜੇ ਬਾਰੇ ਸੱਚੋ ਸੱਚ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮਿਸਲਾਂ ਦੇ ਛੋਟੇ ਛੋਟੇ ਰਾਜਿਆਂ ਨੂੰ ਰਾਜੇ ਨਾ ਮੰਨ ਕੇ ਮੈਂ ਵੱਡੇ ਤੇ ਸਮੁੱਚੇ ਪੰਜਾਬ 'ਤੇ ਰਾਜ ਕਰਦੇ ਰਾਜੇ ਬਾਰੇ ਲਿਖਣ ਲੱਗਾ

file photo

ਮਿਸਲਾਂ ਦੇ ਛੋਟੇ ਛੋਟੇ ਰਾਜਿਆਂ ਨੂੰ ਰਾਜੇ ਨਾ ਮੰਨ ਕੇ ਮੈਂ ਵੱਡੇ ਤੇ ਸਮੁੱਚੇ ਪੰਜਾਬ 'ਤੇ ਰਾਜ ਕਰਦੇ ਰਾਜੇ ਬਾਰੇ ਲਿਖਣ ਲੱਗਾ ਹਾਂ ਜਿਸ ਦੇ ਰਾਜ ਦੀਆਂ ਧੁੰਮਾਂ ਦੁਨੀਆਂ ਵਿਚ ਪਈਆਂ ਸਨ। ਰੂਸੀ ਸਹਿਜ਼ਾਦਾ ਸੋਲਟੀਕੂਫ਼ 1842 ਵਿਚ ਮਿਤਰਤਾ ਵਾਲਾ ਖ਼ਤ ਲੈ ਕੇ ਲਾਹੌਰ ਪਹੁੰਚਿਆ ਤੇ ਇਥੇ ਇਹ ਮਹਾਰਾਜਾ ਸ਼ੇਰ ਸਿੰਘ ਦਾ ਪ੍ਰਾਹੁਣਾ ਬਣਿਆ। ਲਾਹੌਰ ਦੇ ਸ਼ਾਲਾਮਾਰ ਬਾਗ਼ ਦੀ ਰੌਣਕ ਤੇ ਸਫ਼ਾਈ ਵੇਖ ਕੇ ਇਹ ਕਹਿੰਦਾ ਹੈ ਕਿ ਇਹ ਫ਼ਰਾਂਸ ਦੇ ਵਰਸਾਈਲ ਮਹਿਲਾਂ ਦੇ ਤੁਲ ਹੈ ਜੋ ਸਵਰਗ ਦੇ ਨਜ਼ਾਰੇ ਦੀ ਝਲਕ ਦਿੰਦਾ ਹੈ। ਫ਼ਰਾਂਸ ਦੇ ਰਾਜੇ ਦਾ ਅਜਿਹਾ ਖ਼ਤ ਇਸ ਤੋਂ ਕਈ ਸਾਲ ਪਹਿਲਾਂ ਲਾਹੌਰ ਪੁਜ ਚੁੱਕਾ ਸੀ।

ਸਿੱਖੋ! ਮਾਣ ਕਰੋ ਅਪਣੇ ਮਹਾਰਾਜੇ ਰਣਜੀਤ ਸਿੰਘ ਉਤੇ ਜਿਸ ਨੂੰ ਅਪਣੇ ਬਾਪ ਕੋਲੋਂ ਵਿਰਸੇ ਵਿਚ ਕੁੱਝ ਕੁ ਸੈਂਕੜੇ ਸਿਪਾਹੀ ਤੇ ਪਿੰਡ ਮਿਲੇ ਸਨ ਤੇ ਅਪਣੇ 40 ਕੁ ਸਾਲਾਂ ਦੇ ਰਾਜ ਵਿਚ ਖ਼ਾਲਸਾ ਰਾਜ ਨੂੰ ਦੁਨੀਆਂ ਦੀ ਸੁਪਰ-ਪਾਵਰ ਬਣਾ ਦਿਤਾ। ਰੂਸੀਆਂ ਵਾਂਗ ਨਹੀਂ ਕਿ ਲੋਕਾਂ ਦਾ ਢਿੱਡ ਭਰਨ ਲਈ ਅਨਾਜ ਅਪਣੇ ਹੀ ਦੁਸ਼ਮਣ ਤੋਂ ਮੰਗਣਾ ਪਵੇ। ਪਰ ਖ਼ਾਲਸਾ ਰਾਜ ਤਾਂ ਖਾਣ ਲਈ ਕੁਦਰਤੀ ਲੂਣ ਦਰਾਮਦ ਕਰ ਕੇ ਹੀ ਲੱਖਾਂ ਰੁਪਿਆਂ ਦਾ ਵਪਾਰ ਕਰਦਾ ਸੀ। ਸ਼ਹਿਦ, ਰੇਸ਼ਮੀ ਕਪੜਾ ਤੇ ਗੁਲਬਦਨ ਅੰਮ੍ਰਿਤਸਰ ਤੇ ਮੁਲਤਾਨ ਵਿਚ ਵਪਾਰ ਲਈ ਤਿਆਰ ਕੀਤੇ ਜਾਂਦੇ ਸਨ।

ਮੈਂ ਫ਼ਰੀਦਕੋਟ ਰਿਆਸਤ ਦੇ ਰਹਿਣ ਵਾਲਾ ਹਾਂ ਤੇ ਇਸ ਪਾਸੇ ਦੇ ਪੰਜਾਬ ਵਿਚ ਤਾਂ ਇਹੀ ਪ੍ਰਚਾਰ ਕੀਤਾ ਗਿਆ ਕਿ ਅੰਗਰੇਜ਼ਾਂ ਨੇ 1880 ਵਿਚ ਨਹਿਰਾਂ ਕੱਢ ਕੇ ਲੋਕਾਂ ਨੂੰ ਖੇਤੀ ਕਰਨ ਦਾ ਤਰੀਕਾ ਸਿਖਾਇਆ, ਨਹਿਰਾਂ ਰਾਹੀਂ ਵਪਾਰ ਕਰਨਾ ਤੇ ਲੱਕੜ ਦੀ ਢੋਆ-ਢੁਆਈ ਸਿਖਾਈ। ਪਰ ਰਣਜੀਤ ਸਿੰਘ ਨੇ ਤਾਂ 1837 ਵਿਚ ਹੀ ਨਹਿਰੀ ਪਾਣੀ ਨਾਲ 37,500 ਏਕੜ ਜ਼ਮੀਨ ਦੀ ਸਿੰਚਾਈ ਦਾ ਪ੍ਰਬੰਧ ਕਰ ਲਿਆ ਸੀ। ਪਿਛਲੇ ਸਾਲਾਂ ਦੇ ਮੁਕਾਬਲੇ ਜਦੋਂ ਇਸ ਸਾਲ ਲੋਕਾਂ ਦੀ ਹਾਲਤ ਚੰਗੀ ਹੋਈ ਤੇ ਸਰਕਾਰੀ ਖ਼ਜ਼ਾਨੇ ਵਿਚ ਮਾਮਲਾ ਵੀ ਜ਼ਿਆਦਾ ਆਇਆ ਤਾਂ ਅਗਲੇ ਸਾਲ, 1838 ਵਿਚ,  ਦਸ ਲੱਖ ਏਕੜ ਜ਼ਮੀਨ ਦੀ ਨਹਿਰੀ ਪਾਣੀ ਨਾਲ ਸਿੰਜਾਈ ਕੀਤੀ। ਇਸ ਸਾਲ ਤਕ ਨਹਿਰਾਂ ਦੀ ਲੰਬਾਈ 300 ਕੋਹ/650 ਤੋਂ 700 ਕਿਲੋਮੀਟਰ ਸੀ, ਜੋ ਬਾਅਦ ਵਿਚ ਹੋਰ ਵੀ ਵਧਾਈ ਗਈ।

ਨਹਿਰਾਂ ਵਿਚ ਚੱਲਣ ਵਾਲੀਆਂ ਕਿਸ਼ਤੀਆਂ ਪਿੰਡ ਦਾਦਨ ਖ਼ਾਨ ਜੋ ਅਜਕਲ ਪਾਕਿਸਤਾਨ ਵਿਚ ਹੈ, ਦੁਨੀਆਂ ਭਰ ਵਿਚ ਮਸ਼ਹੂਰ ਸਨ। ਲੋਕਾਂ ਨੂੰ ਖੂਹ ਤੇ ਝੱਟੇ ਲਾਉਣ ਲਈ ਸਰਕਾਰੀ ਖ਼ਜ਼ਾਨੇ ਵਿਚੋਂ ਬਿਨਾਂ ਵਿਆਜ ਤੋਂ ਪੈਸਾ ਦਿਤਾ ਗਿਆ, ਜੋ ਬਿਨਾਂ ਕੋਈ ਕਸ਼ਟ ਉਠਾਇਆਂ ਵਾਪਸ ਕਰਨ ਲਈ ਕਿਹਾ ਗਿਆ ਤੇ ਕੁੱਝ ਕੁ ਹਾਲਾਤ ਵਿਚ ਜੇਕਰ ਕੋਈ ਕਿਸਾਨ ਵਾਪਸ ਨਹੀਂ ਕਰ ਸਕਦਾ ਸੀ ਤਾਂ ਮਾਫ਼ ਵੀ ਕੀਤਾ ਗਿਆ। ਮਹਾਰਾਜੇ ਦੀ ਇਹ ਸੋਚ ਸੀ ਕਿ ਜੇਕਰ ਜ਼ਿਮੀਂਦਾਰ ਖ਼ੁਸ਼ਹਾਲ ਹਨ ਤਾਂ ਹੀ ਉਹ ਮੇਰੇ ਰਾਜ ਦੀ ਰਾਖੀ ਕਰਨ ਲਈ ਚੰਗੇ ਡੀਲ-ਡੌਲ ਅਤੇ ਤੰਦਰੁਸਤ ਨੌਜੁਆਨ ਪੈਦਾ ਕਰਨਗੇ।

ਬਾਰਨ ਚਾਰਲਿਸ ਹੂਗਿਲ ਜਿਹੜਾ ਹੈ ਤਾਂ ਅੰਗਰੇਜ਼ਾਂ ਦਾ ਜਾਸੂਸ ਪਰ ਆਇਆ ਉਹ ਯਾਤਰੂ ਬਣ ਕੇ ਸੀ। ਕਈ ਵਾਰ ਉਹ ਮਹਾਰਾਜੇ ਰਣਜੀਤ ਸਿੰਘ ਨੂੰ ਮਿਲਿਆ ਵੀ। ਉਹ ਅਪਣੀ ਕਿਤਾਬ, “ਕਸ਼ਮੀਰ ਅਤੇ ਪੰਜਾਬ” ਵਿਚ ਲਿਖਦਾ ਹੈ ਕਿ ਆਸਟਰੀਆ ਦੀ ਫ਼ੌਜ ਬਹੁਤ ਹੀ ਨਿਸ਼ਾਨੇਬਾਜ਼ ਸਮਝੀ ਜਾਂਦੀ ਹੈ ਪਰ ਮਹਾਰਾਜੇ ਰਣਜੀਤ ਸਿੰਘ ਦੀ ਫ਼ੌਜ ਦਾ ਨਿਸ਼ਾਨਾ ਉਨ੍ਹਾਂ ਤੋਂ ਕਿਤੇ ਵੱਧ ਠੀਕ ਤੇ ਪੱਕਾ ਹੈ। ਇਨ੍ਹਾਂ ਦੀਆਂ ਤੋਪਾਂ ਦੇ ਨਿਸ਼ਾਨੇ ਵੇਖ ਮੈਂ ਹੈਰਾਨ ਹਾਂ ਜੋ ਅੰਗਰੇਜ਼ਾਂ ਜਾਂ ਯੂਰਪੀਅਨ ਤੋਪਾਂ ਨਾਲੋਂ ਕਿਤੇ ਵੱਧ ਠੀਕ ਹਨ। ਰਵਾਇਤੀ ਹਥਿਆਰ ਜਿਵੇਂ ਕ੍ਰਿਪਾਨ, ਨੇਜਾ, ਭਾਲਾ ਤਾਂ ਸਾਡੇ ਨਾਲੋਂ ਵਧੀਆ ਹਨ ਹੀ ਪਰ ਜੇ ਕਿਧਰੇ ਯੂਰਪੀਅਨ ਤੋਪਾਂ ਅਤੇ ਮਹਾਰਾਜੇ ਦੀਆਂ ਤੋਪਾਂ ਨੂੰ ਰਲਾ ਕੇ ਰੱਖ ਦਿਤਾ ਜਾਵੇ ਤਾਂ ਕੋਈ ਨਹੀਂ ਪਛਾਣ ਸਕੇਗਾ ਕਿ ਕਿਹੜੀ ਕਿਸ ਦੀ ਹੈ।

ਇਹ ਸਾਰੀ ਕਾਰੀਗਰੀ ਭਾਈ ਲਹਿਣਾ ਸਿੰਘ ਦੀ ਸੀ ਜਿਹੜਾ ਜਦੋਂ ਕਿਸੇ ਚੀਜ਼ ਨੂੰ ਵੇਖ ਆਉਂਦਾ ਉਸ ਤੋਂ ਵਧੀਆ ਉਹੀ ਚੀਜ਼ ਉਹ ਇਕ ਦੋ ਮਹੀਨਿਆਂ ਵਿਚ ਤਿਆਰ ਕਰ ਕੇ ਮਹਾਰਾਜੇ ਸਾਹਮਣੇ ਪੇਸ਼ ਕਰ ਦਿੰਦਾ। ਬਾਬਾ ਪ੍ਰੇਮ ਸਿੰਘ ਹੋਤੀ ਇਸੇ ਕਿਤਾਬ ਵਿਚ ਲਿਖਦੇ ਹਨ ਕਿ ਘੋੜੇ ਦੀ ਨਾਲ (ਪੈਰ ਵਿਚ ਖੁਰੀ ਲਗਾਉਣ ਲਈ ਵਰਤੀ ਜਾਂਦੀ ਮੇਖ) ਤੋਂ ਲੈ ਕੇ ਅਫ਼ਸਰਾਂ ਦੀ ਪੱਗ ਤਕ ਰਾਜੇ ਦੀ ਨਜ਼ਰ ਹੇਠੋਂ ਦੀ ਲੰਘਦੀ। ਅਪਣੇ ਪ੍ਰਧਾਨ ਮੰਤਰੀ ਅਜ਼ੀਜੂਦੀਨ ਨੂੰ ਇਹ ਹੁਕਮ ਸੀ ਕਿ ਮੈਂ ਸਿੱਖ ਰਾਜਾ ਹਾਂ ਇਸ ਕਰ ਕੇ ਮੈਂ ਕਿਸੇ ਸਿੱਖ ਨਾਲ ਕਾਨੂੰਨੀ ਤੌਰ ਉਤੇ ਲਿਹਾਜ਼ ਕਰਾਂ ਤੇ ਤੂੰ ਮੁਸਲਮਾਨ ਹੈਂ, ਪ੍ਰਧਾਨ ਮੰਤਰੀ ਹੋਣ ਦੇ ਨਾਤੇ ਕਿਸੇ ਮੁਸਲਮਾਨ ਨਾਲ ਲਿਹਾਜ਼ ਕਰੇਂ ਤਾਂ ਮੈਂ ਇਹ ਬਰਦਾਸ਼ਤ ਨਹੀਂ ਕਰਾਂਗਾ।

ਮਹਾਰਾਜੇ ਰਣਜੀਤ ਸਿੰਘ ਦੇ ਸਮੁੱਚੇ ਰਾਜ-ਕਾਲ ਵਿਚ ਸਰਹੱਦੀ ਇਲਾਕਿਆਂ ਨੂੰ ਛੱਡ ਕੇ ਸਾਰੇ ਖ਼ਾਲਸਾ ਰਾਜ ਵਿਚ ਕਿਧਰੇ ਵਿਦਰੋਹ ਨਹੀਂ ਹੋਇਆ। ਖ਼ਲੀਫ਼ਾ ਸੱਯਦ ਮੁਹੰਮਦ ਤੇ ਬਾਰਕਜ਼ਈ ਭਰਾਵਾਂ ਮੁਹੰਮਦ ਆਜ਼ਮ ਤੇ ਦੋਸਤ ਮੁਹੰਮਦ ਨੇ ਕਈ ਵਾਰ ਮਜ਼੍ਹਬ ਦੇ ਨਾਂ 'ਤੇ ਮੁਸਲਮਾਨਾਂ ਨੂੰ ਭੜਕਾਉਣ ਦੇ ਯਤਨ ਕੀਤੇ ਪਰ ਉਨ੍ਹਾਂ ਦੀ ਕੋਈ ਪੇਸ਼ ਨਾ ਗਈ ਕਿਉਂਕਿ ਖ਼ਾਲਸਾ ਰਾਜ ਵਿਚ ਵਸਦੇ ਮੁਸਲਮਾਨ ਵੀ ਓਨੇ ਹੀ ਖ਼ੁਸ਼ਹਾਲ ਸਨ ਜਿੰਨੇ ਸਿੱਖ ਜਾਂ ਕਿਸੇ ਹੋਰ ਕੌਮ ਦੇ ਬੰਦੇ। ਹੋਰ ਜ਼ਿਆਦਾ ਵਿਸਥਾਰ ਨਾਲ ਮਹਾਰਾਜੇ ਬਾਰੇ ਪੜ੍ਹਨਾ ਹੋਵੇ ਤਾਂ ਹੋਨਿੰਗ ਬਰਗਰ ਦੀ ਕਿਤਾਬ '35 ਸਾਲ ਇਨ ਈਸਟ' ਪੜ੍ਹੋ। ਬਰਨਜ਼ ਤੇ ਯਕੋਮਾ ਫ਼ਰਾਂਸੀਸੀ ਦੇ ਵਿਚਾਰ ਜਾਣਨਾ ਚਾਹੁੰਦੇ ਹੋ ਤਾਂ ਪਟਿਆਲਾ ਯੂਨੀਵਰਸਟੀ ਦੀ ਛਾਪੀ ਹੋਈ ਕਿਤਾਬ, 'ਪੰਜਾਬ ਦਾ ਇਤਹਾਸ (ਖ਼ਾਲਸਾ ਰਾਜ-ਕਾਲ ਵਿਖੇ)' ਕਰਤਾ ਬਾਬਾ ਪ੍ਰੇਮ ਸਿੰਘ ਹੋਤੀ ਸੰਪਾਦਕ ਡਾ. ਫ਼ੌਜਾ ਸਿੰਘ ਪੜ੍ਹੋ।

ਬਰਨਜ਼ ਲਿਖਦਾ ਹੈ ਕਿ ਮੈਂ ਭਾਰਤ ਦੇ ਹੋਰ ਰਾਜਾਂ ਵਿਚ ਪਹਿਲੇ ਰਾਜਿਆਂ ਦੇ ਪ੍ਰਵਾਰਾਂ ਨੂੰ ਭੀਖ ਮੰਗਦੇ ਵੇਖਿਆ ਹੈ ਪਰ ਮਹਾਰਾਜੇ ਰਣਜੀਤ ਸਿੰਘ ਨੇ ਜਿਸ ਕਿਸੇ ਵੀ ਸਿਰਦਾਰ ਦਾ ਰਾਜ ਅਪਣੇ ਨਾਲ ਮਿਲਾਇਆ, ਉਸ ਦੇ ਪ੍ਰਵਾਰ ਨੂੰ ਸੁੱਖ ਸਹੂਲਤਾਂ ਵਾਸਤੇ ਵੱਡੀਆਂ-ਵੱਡੀਆਂ ਜ਼ਗੀਰਾਂ ਦੇ ਕੇ ਨਿਵਾਜਿਆ। ਪੁਰਾਣੇ ਰਾਜਿਆਂ ਦੇ ਪ੍ਰਵਾਰ ਵਿਚੋਂ ਪੰਜਾਬ ਵਿਚ ਮੈਂ ਕਿਸੇ ਨੂੰ ਭੀਖ ਮੰਗਦੇ ਨਹੀਂ ਵੇਖਿਆ।

ਜ਼ਨਾਨਖ਼ਾਨਿਆਂ ਵਿਚ ਕੰਮ ਕਰਨ ਵਾਸਤੇ ਮਹਾਰਾਜੇ ਰਣਜੀਤ ਸਿੰਘ ਨੇ ਖੁਸਰੇ ਨਹੀਂ ਰੱਖੇ ਸਗੋਂ ਜ਼ਨਾਨੀਆਂ ਦੀ ਹਿਫ਼ਾਜ਼ਤ ਲਈ ਜਾਂ ਰਾਣੀਆਂ ਦੀ ਸੇਵਾ ਲਈ ਔਰਤਾਂ ਹੀ ਮੁਕਰਰ ਕੀਤੀਆਂ ਹੋਈਆਂ ਸਨ। ਇਹ ਠੀਕ ਹੈ ਕਿ ਰਾਜੇ ਨੇ ਜਿਸ ਕਿਸੇ ਮਿਸਲ ਨੂੰ ਅਪਣੇ ਰਾਜ ਵਿਚ ਮਿਲਾਉਣ ਲਈ ਲੜਾਈ ਕੀਤੀ ਤੇ ਸਿਰਦਾਰ ਦੀ ਮੌਤ ਹੋ ਗਈ, ਉਸ ਦੀ ਸਿਰਦਾਰਨੀ ਨੂੰ ਅਪਣੇ ਮਹਿਲਾਂ ਵਿਚ ਰਾਣੀ ਦੀ ਤਰ੍ਹਾਂ ਸਹੂਲਤਾਂ ਦਿਤੀਆਂ। ਇਹ ਵੀ ਹੋ ਸਕਦਾ ਹੈ ਕਿ ਬਾਹਰੋਂ ਆਏ ਮਹਿਮਾਨਾਂ ਦੀ ਮਹਿਮਾਨ-ਨਿਵਾਜ਼ੀ ਲਈ ਉਨ੍ਹਾਂ ਔਰਤਾਂ ਨੂੰ ਅਪਣੀ ਅੱਯਾਸ਼ੀ ਲਈ ਵਰਤਿਆ ਜਾਂਦਾ ਹੋਵੇ ਪਰ ਉਹ ਗ਼ੁਲਾਮ ਬਣਾ ਕੇ ਨਹੀਂ ਰਖੀਆਂ ਹੋਈਆਂ ਸਨ ਜਿਵੇਂ ਪੁਰਾਣੇ ਮੁਗ਼ਲ-ਬਾਦਸ਼ਾਹ ਕਰਦੇ ਸਨ।

ਮੈਨੂੰ ਤਾਂ ਮੋਰਾਂ ਨਾਚੀ ਨਾਲ ਸਬੰਧਾਂ ਜਾਂ ਵਿਆਹ ਕਰਵਾਉਣ ਵਾਲੀ ਗੱਲ ਵੀ ਅੰਗਰੇਜ਼ਾਂ ਵੇਲੇ ਪ੍ਰਚਲਤ ਕੀਤੀ ਲਗਦੀ ਹੈ ਜਿਵੇਂ ਸਾਡੇ ਹੀ ਪ੍ਰਚਾਰਕਾਂ ਕੋਲੋਂ ਅੰਗਰੇਜ਼ਾਂ ਨੇ ਇਹ ਅਫ਼ਵਾਹ ਉਡਵਾਈ ਕਿ, 'ਗੁਰੂ ਤੇਗ ਬਹਾਦਰ ਜੀ ਲਾਲ ਕਿਲ੍ਹੇ ਦੀ ਛੱਤ ਤੇ ਖੜ ਕੇ ਦੂਰ ਨਜ਼ਰ ਮਾਰ ਕੇ ਵੇਖਦੇ ਸਨ ਕਿ ਮੇਰੇ ਟੋਪੀ ਵਾਲੇ ਸਿੱਖ ਆ ਕੇ ਮੁਗ਼ਲੀਆ ਸਲਤਨਤ ਦਾ ਖ਼ਾਤਮਾ ਕਰਨਗੇ।' ਜਿਹੜਾ ਰਾਜਾ ਗਿਆਨੀ ਗਿਆਨ ਸਿੰਘ ਤੋਂ ਸਵੇਰੇ ਉਠ ਕੇ ਹਰ ਰੋਜ਼ ਅੱਧਾ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਸੁਣਨ ਦਾ ਆਦੀ ਹੋਵੇ, ਉਹ ਜ਼ਰੂਰ ਸ਼ਾਮ ਨੂੰ ਜਲਦੀ ਸੌਂਵੇਗਾ। ਬਾਬਾ ਪ੍ਰੇਮ ਸਿੰਘ ਹੋਤੀ ਜੀ ਅਪਣੀ ਕਿਤਾਬ ਵਿਚ ਲਿਖਦੇ ਹਨ ਕਿ ਦਰਬਾਰੀਆਂ ਨੇ ਕਈ ਵਾਰੀ ਰਾਜੇ ਨੂੰ ਅਪਣੇ ਮਹਿਲਾਂ ਵਿਚ ਅੰਮ੍ਰਿਤਸਰ ਵਲ ਮੂੰਹ ਕਰ ਕੇ ਧਰਤੀ ਤੇ ਬੈਠਿਆਂ, ਜਿਥੇ ਘਾਹ ਲਗਾਇਆ ਹੋਇਆ ਸੀ,

ਰੋ-ਰੋ ਕੇ ਅਰਦਾਸਾਂ ਕਰਦਿਆਂ ਵੇਖਿਆ ਸੀ, 'ਸੱਚੇ ਪਾਤਸ਼ਾਹ, ਅਪਣੇ ਸੇਵਕ ਦੇ ਸਿਰ ਉਤੇ ਮਿਹਰ ਭਰਿਆ ਹੱਥ ਰਖਣਾ, ਕਿਤੇ ਮੇਰੇ ਕੋਲੋਂ ਕੋਈ ਗ਼ਲਤੀ ਨਾ ਹੋ ਜਾਵੇ।' ਐਸੇ ਰਾਜੇ ਦੇ ਰਾਜ-ਮਹਿਲਾਂ ਵਿਚ ਗੁੱਲੂ ਮਾਸ਼ਕੀ ਦੀ ਹਿੰਮਤ ਹੋ ਸਕਦੀ ਹੈ ਕਿ ਉਹ ਕਿਸੇ ਰਾਣੀ ਨਾਲ ਸਬੰਧ ਪੈਦਾ ਕਰ ਸਕੇ? ਬਲਦੇਵ ਸਿੰਘ ਸੜਕਨਾਮਾ ਵਾਲੇ ਨੇ ਅਪਣੀ ਕਿਤਾਬ, 'ਸੂਰਜ ਦੀ ਅੱਖ' ਵਿਚ ਜੋ ਕੜ੍ਹੀ ਘੋਲੀ ਹੈ ਉਹ ਕਾਬਲੇ-ਬਰਦਾਸ਼ਤ ਨਹੀਂ।  ਬਲਦੇਵ ਸਿੰਘ ਲਿਖਦਾ ਹੈ ਕਿ 'ਸਿੱਖਾਂ ਦੇ ਮੂੰਹ ਨੂੰ ਰਾਜ ਕਰਨ ਦਾ ਲਹੂ ਲੱਗ ਚੁਕਿਆ ਸੀ, ਰਾਜੇ ਦਾ ਇਕ ਲੜਕਾ ਗੁਲੂ ਮਾਸ਼ਕੀ ਦਾ ਸੀ, ਰਾਜੇ ਰਣਜੀਤ ਸਿੰਘ ਨੇ ਇਕੱਲੀ ਮੋਰਾਂ ਨਾਚੀ ਨਾਲ ਹੀ ਨਿਕਾਹ ਨਹੀਂ ਕਰਵਾਇਆ ਸਗੋਂ ਚਾਰ ਪੰਜ ਹੋਰ ਮੁਸਲਮਾਨ ਔਰਤਾਂ ਨਾਲ ਵੀ ਨਿਕਾਹ ਕਰਾਏ ਸਨ।'

ਇਸ ਬਲਦੇਵ ਸਿੰਘ ਨੂੰ ਰਾਜੇ ਦਾ ਇਕ ਵੀ ਚੰਗਾ ਕੰਮ ਨਹੀਂ ਦਿਸਿਆ। ਜੇਕਰ ਇਸ ਨੂੰ ਰਾਜਾ ਦਿਸਿਆ ਤਾਂ ਅੱਯਾਸ਼ੀ ਕਰਦਾ ਹੀ ਦਿਸਿਆ। ਇਸ ਨੂੰ ਰਾਜੇ ਦੇ ਖ਼ਾਲਸਾ ਰਾਜ ਦਾ ਸੁਪਰ ਪਾਵਰ ਹੋਣਾ ਨਹੀਂ ਦਿਸਿਆ, ਉਸ ਵੇਲੇ ਅਮਰੀਕੀ 1.75 ਡਾਲਰ (ਪੌਣੇ ਦੋ ਡਾਲਰ) ਦੇ ਬਰਾਬਰ ਇਕ ਰੁਪਏ ਦਾ ਹੋਣਾ ਨਹੀਂ ਦਿਸਿਆ। ਘੁੱਗ ਵਸਦਾ ਪੰਜਾਬ ਨਹੀਂ ਦਿਸਿਆ ਪਰ ਕੁੱਝ ਅੰਗਰੇਜ਼ਾਂ ਦੀਆਂ ਕਿਤਾਬਾਂ ਵਿਚੋਂ ਰੈਫ਼ਰੈਂਸ ਲੈ ਕੇ ਇਸ ਨੇ ਰਾਜੇ ਰਣਜੀਤ ਸਿੰਘ ਦੀ ਦੂਜੀ ਅੱਖ 'ਤੇ ਵੀ ਮਿੱਟੀ ਮਲ ਦਿਤੀ ਜੋ ਬਹੁਤ ਹੀ ਨਿੰਦਣਯੋਗ ਹੈ।

ਬਲਦੇਵ ਸਿੰਘ, ਜਿਹੜੇ ਅੰਗਰੇਜ਼ਾਂ ਨੇ ਖ਼ਾਲਸਾ ਰਾਜ ਨੂੰ ਹਥਿਆਉਣ ਲਈ ਡੋਗਰੇ ਖ਼ਰੀਦੇ, ਹੋਰ ਚੋਰ ਮੋਰੀਆਂ ਪੈਦਾ ਕੀਤੀਆਂ ਅਤੇ ਡਰਦੇ ਮਾਰੇ ਮਹਾਰਾਜੇ ਦੀ ਮੌਤ ਦੀ ਉਡੀਕ ਕਰਨ ਲੱਗੇ, ਅੱਜ ਉਨ੍ਹਾਂ ਹੀ ਅੰਗਰੇਜ਼ਾਂ ਦੇ ਬੀ.ਬੀ.ਸੀ. ਦੇ ਸਰਵੇ ਦੀ ਰੀਪੋਰਟ ਵਿਚ ਮਹਾਰਾਜੇ ਰਣਜੀਤ ਸਿੰਘ ਨੂੰ 19ਵੀਂ ਸਦੀ ਦਾ ਸਰਵੋਤਮ ਰਾਜਾ ਐਲਾਨਿਆ ਗਿਆ ਹੈ। ਤੁਹਾਡੀ ਕਿਤਾਬ ਠੀਕ ਹੈ ਜਾਂ ਬੀ.ਬੀ.ਸੀ? ਭਾਵੇਂ ਉਹ ਅੱਖਰੀ ਗਿਆਨ ਤੋਂ ਕੋਰਾ ਸੀ ਪਰ ਫਿਰ ਵੀ ਉਹ ਬਹੁਤ ਹੀ ਸਿਆਣਾ ਤੇ ਸਮਝਦਾਰ ਰਾਜਾ ਸੀ। ਗਿਆਨ ਸਿਰਫ਼ ਅੱਖਰਾਂ ਰਾਹੀਂ ਹੀ ਨਹੀਂ ਪ੍ਰਾਪਤ ਕੀਤਾ ਜਾਂਦਾ ਸਗੋਂ ਕੰਨਾਂ ਨਾਲ ਸੁਣ ਕੇ ਵੀ ਪ੍ਰਾਪਤ ਕੀਤਾ ਜਾਂਦਾ ਹੈ। ਬਾਦਸ਼ਾਹ ਅਕਬਰ ਵੀ ਇਸੇ ਨਸਲ ਦਾ ਰਾਜਾ ਸੀ। ਉਹ ਵੀ ਗਿਆਨ-ਗੋਸ਼ਟੀਆਂ ਕਰਵਾਉਂਦਾ, ਸੁਣਦਾ ਤੇ ਗਿਆਨ ਪ੍ਰਾਪਤ ਕਰਦਾ ਸੀ।
ਸੰਪਰਕ : 64796-63132