ਕੋਰੋਨਾ ਤੋਂ ਬਚਦੇ ਕਿਤੇ ਅਸੀ ਤਣਾਉ ਜਾਂ ਭੁੱਖਮਰੀ ਨਾਲ ਤਾਂ ਨਹੀਂ ਮਰਨ ਜਾ ਰਹੇ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜਿਹੜੇ ਲੋਕ ਸਰਕਾਰੀ ਨੌਕਰੀਆਂ ਤੇ ਹਨ ਤੇ ਹਰ ਮਹੀਨੇ ਤਨਖ਼ਾਹ ਭੱਤੇ ਸਹੂਲਤਾਂ ਲੈ ਰਹੇ ਹਨ, ਉਨ੍ਹਾ ਨੂੰ ਤਣਾਅ ਫਿਕਰ ਘੱਟ ਹਨ ਪਰ...

Coronavirus

ਸਾਲ 2020 ਕੋਰੋਨਾ ਮਹਾਂਮਾਰੀ ਲੈ ਕੇ ਆਇਆ। ਅਸੀ ਸਾਰਿਆ ਨੇ ਘਰਾਂ ਵਿਚ ਰਹਿ ਕੇ ਸਫ਼ਾਈ, ਸਬਰ, ਹਮਦਰਦੀ, ਨਿਮਰਤਾ, ਭੁੱਖਮਰੀ, ਅਨੁਸ਼ਾਸਨ ਨਾਲ ਇਹ ਸੋਚ ਕੇ ਤੜਫ਼ਦੇ ਤੜਫ਼ਦੇ ਸਮਾ ਗੁਜ਼ਾਰ ਦਿਤਾ ਕਿ ਅੱਗੇ ਚੱਲ ਕੇ ਚੰਗੇ ਦਿਨ ਆਉਣਗੇ ਤੇ ਸਾਡੀਆਂ ਸਰਕਾਰਾਂ ਸਾਡੀ ਮਦਦ ਜ਼ਰੂਰ ਕਰਨਗੀਆਂ।

ਪਰ ਇਸ ਸਾਲ 2021 ਦਾ ਇਕ-ਇਕ ਦਿਨ ਪਿਛਲੇ ਸਾਲ ਤੋਂ ਵੀ ਮਾੜਾ ਲੰਘ ਰਿਹਾ ਹੈ ਕਿਉਂਕਿ ਆਮ ਲੋਕ ਸਕੂਲਾਂ-ਕਾਲਜਾਂ ਦੇ ਵਿਦਿਆਰਥੀ, ਬੇਰੁਜ਼ਗਾਰ ਹੋ ਰਹੇ ਅਧਿਆਪਕ, ਮਜ਼ਦੂਰ ਦੁਕਾਨਦਾਰ, ਟੈਕਸੀ ਆਟੋ ਰਿਕਸ਼ਾ, ਰੇਹੜੀ ਚਾਲਕ ਤੇ ਦਿਹਾੜੀ ਕਰਨ ਵਾਲੇ ਲੋਕ, ਘਰ ਪ੍ਰਵਾਰ ਦੇ ਮੁਖੀ ਹਰ ਰੋਜ਼ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਤੋਂ ਅਸਮਰਥ ਬਿਮਾਰੀਆਂ, ਭੁੱਖਮਰੀ ਤੇ ਬੇਰੁਜ਼ਗਾਰੀ ਦੇ ਤਣਾਅ ਫਿਕਰ ਸਰਕਾਰਾਂ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਕੀਤੀਆਂ ਜਾ ਰਹੀਆਂ ਕਾਨੂੰਨੀ ਸਖ਼ਤੀਆਂ, ਧੱਕੇਸ਼ਾਹੀਆਂ, ਆਮ ਲੋਕਾਂ, ਬਚਿਆਂ ਦੇ ਅਧਿਕਾਰਾਂ ਦੀ ਵਰਤੋਂ ਤੇ ਰੋਕ ਤੇ ਅਧਿਕਾਰਾਂ ਦੀ ਵਰਤੋਂ ਦੀ ਤਬਾਹੀ ਕਾਰਨ ਪੈਦਾ ਹੋ ਰਹੇ ਖ਼ਤਰਨਾਕ ਹਾਲਾਤ ਸੱਭ ਨੂੰ ਘੁੱਟ-ਘੁੱਟ ਕਰ ਕੇ ਪਲ ਪਲ ਮਾਰ ਰਹੇ ਹਨ। 

ਭਾਰਤ ਤੇ ਪੰਜਾਬ ਵਿਚ ਆਮ ਗ਼ਰੀਬ ਦਿਹਾੜੀਦਾਰ, ਗ਼ੈਰ-ਸਰਕਾਰੀ ਕਰਮਚਾਰੀ ਜਿਨ੍ਹਾਂ ਦੀਆਂ ਨੌਕਰੀਆਂ ਕਾਰੋਬਾਰ ਦਿਹਾੜੀਆਂ ਤੇ ਬੇਰੁਜ਼ਗਾਰੀ ਤੇ ਹਰ ਰੋਜ਼ ਦੀ ਕਮਾਈ ਵਿਚ ਕਮੀਆਂ ਦੀ ਤਲਵਾਰ ਤੇਜ਼ੀ ਨਾਲ ਦਿਲ ਦਿਮਾਗ਼, ਵਿਚਾਰਾਂ, ਭਾਵਨਾਵਾਂ, ਜ਼ਿੰਮੇਵਾਰੀਆਂ ਫ਼ਰਜ਼ਾਂ ਦਾ ਕਤਲ ਕਰ ਰਹੀ ਹੈ।  ਹੁਣ ਹਾਲਾਤ ਸਹਿਣ ਕਰਨ ਯੋਗ ਵੀ ਨਹੀਂ ਰਹੇ। ਜਿਹੜੇ ਲੋਕ ਸਰਕਾਰੀ ਨੌਕਰੀਆਂ ਤੇ ਹਨ ਤੇ ਹਰ ਮਹੀਨੇ ਤਨਖ਼ਾਹ ਭੱਤੇ ਸਹੂਲਤਾਂ ਲੈ ਰਹੇ ਹਨ, ਉਨ੍ਹਾ ਨੂੰ ਤਣਾਅ ਫਿਕਰ ਘੱਟ ਹਨ ਪਰ ਦੂਜੇ ਸਾਰੇ ਨਾਗਰਿਕਾਂ ਨੂੰ ਹਾਲਾਤ ਮਰਨ ਲਈ ਮਜਬੂਰ ਕਰ ਰਹੇ ਹਨ।

70 ਫ਼ੀ ਸਦੀ ਲੋਕਾਂ ਵਲੋਂ ਕੋਠੀਆਂ, ਕਾਰਾਂ, ਵਪਾਰ, ਦੁਕਾਨਦਾਰੀਆਂ, ਬੱਚਿਆਂ ਦੀ ਪੜ੍ਹਾਈ ਲਈ ਤਰ੍ਹਾਂ-ਤਰ੍ਹਾਂ ਦੇ ਕਰਜ਼ੇ ਲਏ ਹੋਏ ਹਨ, ਉਹ ਅੱਜ ਕਿਸ਼ਤਾਂ ਭਰਨ ਤੋਂ ਵੀ ਬਹੁਤ ਬੁਰੀ ਤਰ੍ਹਾਂ ਅਸਮਰਥ ਹਨ। ਅਸੀ ਪੰਜਾਬੀ ਲੋਕਾਂ ਵਿਚ ਵਿਖਾਵਿਆਂ ਤੇ ਉੱਚੀ ਸ਼ਾਨ ਸ਼ੌਕਤ ਵਿਖਾਉਣ ਲਈ ਕੋਠੀਆਂ, ਕਾਰਾਂ ਵਿਆਹ, ਭੋਗ ਸਮਾਗਮਾਂ ਤੇ ਬਚਿਆਂ ਨੂੰ ਵਿਦੇਸ਼ਾਂ ਵਿਚ ਪੜ੍ਹਨ ਜਾ ਕਾਰੋਬਾਰ ਕਰਨ ਲਈ ਭੇਜਣ ਦੇ ਚੱਕਰਾਂ ਕਾਰਨ ਧੜਾ-ਧੜ ਕਰਜ਼ੇ ਲੈਣ ਦੀ ਆਦਤਾਂ ਨੇ, ਅੱਜ ਉਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਨਾਲ ਨਹੀਂ ਸਗੋਂ ਕਰਜ਼ੇ ਉਤਾਰਨ, ਆਮਦਨੀਆਂ ਵਧਾਉਣ, ਅਪਣੀਆਂ ਦਿਖਾਵੇ ਵਾਲੀ ਸ਼ਾਨੋ ਸ਼ੌਕਤ ਕਾਇਮ ਰੱਖਣ ਲਈ ਸ੍ਰੀਰਕ, ਮਾਨਸਕ, ਸਮਾਜਕ, ਧਾਰਮਕ ਤੇ ਧੰਨ ਦੌਲਤ ਅਮੀਰੀ ਦੇ ਦਰਦਨਾਕ ਹਾਲਾਤ ਵਿਚ ਪਹੁੰਚਾ ਦਿਤਾ ਹੈ।

ਸਕੂਲ-ਕਾਲਜ ਯੂਨੀਵਰਸਟੀਆਂ ਦੇ ਵਿਦਿਆਰਥੀ ਘਰਾਂ ਅੰਦਰ ਕੈਦੀਆਂ ਵਾਂਗ ਜ਼ਿੰਦਗੀਆਂ ਬਤੀਤ ਕਰ ਰਹੇ ਹਨ। ਪੇਪਰਾਂ ਬਾਰੇ ਪਤਾ ਨਹੀਂ ਕਿ ਹੋਣਗੇ ਵੀ ਜਾਂ ਨਹੀਂ। ਪਾਸ ਹੋ ਕੇ ਜਾਂ ਵੱਧ ਤੋਂ ਵੱਧ ਨੰਬਰ ਲੈ ਕੇ ਵੀ ਕੀ ਲਾਭ ਹੋਵੇਗਾ? ਨੌਕਰੀਆਂ ਤਾਂ ਮਿਲਦੀਆਂ ਹੀ ਨਹੀਂ, ਬੇਰੁਜ਼ਗਾਰੀ ਪਹਿਲਾਂ ਹੀ ਤਬਾਹੀ ਮਚਾਈ ਜਾ ਰਹੀ ਹੈ, ਕਾਰੋਬਾਰ ਪਿਛਲੇ ਸਾਲ ਤੋਂ ਤਬਾਹ ਹੋ ਰਹੇ ਹਨ, ਵੱਡੇ ਅਮੀਰ ਵਪਾਰੀਆਂ ਨੇ ਛੋਟੇ ਵਪਾਰ ਨੂੰ ਤਬਾਹ ਕਰ ਦਿਤਾ ਹੈ। ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਸਰਕਾਰਾਂ ਵਲੋਂ ਕਰਫ਼ਿਊ, ਤਾਲਾਬੰਦੀ, ਜ਼ੁਰਮਾਨੇ ਸਜ਼ਾਵਾਂ ਤੇ ਤਰ੍ਹਾਂ-ਤਰ੍ਹਾਂ ਦੇ ਨਿਯਮ ਕਾਨੂੰਨਾਂ ਨੇ ਸਾਨੂੰ ਇਹ ਸੋਚਣ ਲਈ ਮਜਬੂਰ ਕਰ ਦਿਤਾ ਹੈ ਕਿ ਅਸੀ ਜੀਅ ਕੇ ਕਰਾਂਗੇ ਕੀ? ਅਸੀ ਜੀਅ ਕਿਉਂ ਰਹੇ ਹਾਂ?

ਪਤਾ ਨਹੀਂ ਕਦੋਂ ਤਕ ਇਹ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਤਬਾਹੀ ਦੇ ਹਾਲਾਤ ਵਿਚ ਰਹਿਣਾ ਪਵੇਗਾ? ਬੱਚਿਆਂ ਦਾ ਵਰਤਮਾਨ ਤਬਾਹ ਹੋ ਰਿਹਾ ਹੈ ਤੇ ਭਵਿੱਖ ਵੀ ਸੁਰੱਖਿਅਤ ਨਹੀਂ। ਰਾਜਨੀਤਕ ਲੀਡਰ ਜਿਨ੍ਹਾਂ ਦੇ ਹੱਥਾਂ ਵਿਚ ਸਰਕਾਰਾਂ ਦੀ ਵਾਗ ਡੋਰ ਹੈ, ਵਲੋਂ ਦੇਸ਼ ਦੇ ਆਮ ਨਾਗਰਿਕਾਂ ਦੀ ਸ੍ਰੀਰਕ, ਮਾਨਸਕ, ਸਮਾਜਕ, ਸੁਰੱਖਿਆ ਬਚਾਉ ਮਦਦ ਹਿੱਤ ਕੁੱਝ ਕਰਨ ਦੀ ਥਾਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਕਾਗ਼ਜ਼ੀ ਦਾਅਵੇ ਮੀਡੀਆ ਤੇ ਦਫ਼ਤਰੀ ਫ਼ਾਈਲਾਂ ਰਾਹੀਂ ਕੀਤੇ ਜਾ ਰਹੇ ਹਨ।

ਪ੍ਰਾਈਵੇਟ ਸੈਕਟਰਾਂ ਦੇ ਪ੍ਰਬੰਧਕਾਂ ਵਲੋਂ ਅਪਣੇ ਵਿਹਲੇ ਬੈਠੇ ਗ਼ਰੀਬ ਕਰਮਚਾਰੀਆਂ ਦੀਆਂ ਤਨਖ਼ਾਹਾਂ ਅੱਧੀਆਂ ਕਰ ਦਿਤੀਆਂ ਤੇ ਹੁਣ ਇਹ ਆਖ ਕੇ ਕਰਮਚਾਰੀਆਂ ਨੂੰ ਹਮਦਰਦੀ ਪ੍ਰਗਟ ਕਰਦੇ ਹੋਏ ਘਰ ਭੇਜ ਰਹੇ ਹਨ ਕਿ ਜਦੋਂ ਕੋਰੋਨਾ ਮਹਾਂਮਾਰੀ ਸਰਕਾਰਾਂ ਵਲੋਂ ਖ਼ਤਮ ਕਰ ਦਿਤੀ ਗਈ ਅਤੇ ਸਾਰਾ ਕੁੱਝ ਠੀਕ ਠਾਕ ਹੋ ਗਿਆ ਤਾਂ ਕੰਮ ਤੇ ਬੁਲਾ ਲਿਆ ਜਾਵੇਗਾ ਕਿਉਂਕਿ ਉਨ੍ਹਾਂ ਕੋਲ ਆਮਦਨ ਦਾ ਕੋਈ ਦੂਜਾ ਸਾਧਨ ਨਹੀਂ ਹੈ ਤੇ ਵਿਹਲੇ ਬੈਠਿਆਂ ਨੂੰ ਕਦੋਂ ਤਕ ਤਨਖ਼ਾਹਾਂ ਦਿੰਦੇ ਰਹਾਂਗੇ? ਦੂਜੇ ਪਾਸੇ, ਮੰਤਰੀ, ਐਮ.ਐਲ.ਏ, ਐਮ.ਪੀ. ਤੇ ਦੂਜੇ ਸਾਰੇ ਲੀਡਰਾਂ ਨੂੰ ਸਰਕਾਰੀ ਖ਼ਜ਼ਾਨੇ ਵਿਚੋਂ ਤਨਖ਼ਾਹਾਂ ਤੇ ਹੋਰ ਤੇਲ ਭੱਤੇ ਅਤੇ ਕਈ-ਕਈ ਪੈਂਨਸ਼ਨਾਂ ਬਰਾਬਰ ਮਿਲ ਰਹੀਆਂ ਹਨ ਪਰ ਆਮ ਨਾਗਰਿਕ ਭੁੱਖਮਰੀ, ਤਣਾਉ, ਮਾਨਸਕ, ਸ੍ਰੀਰਕ, ਸਮਾਜਕ, ਘਰ ਪ੍ਰਵਾਰ ਦੀਆਂ ਸਮੱਸਿਆਵਾਂ ਸਾਹਮਣੇ ਬੇਵਸ ਹੋ ਕੇ ਜ਼ਬਰਦਸਤੀ

ਜਿਊਂਦੇ ਰਹਿਣ ਲਈ ਜੱਦੋਜਹਿਦ ਕਰ ਰਹੇ ਹਨ ਪਰ ਅੰਦਰੋਂ ਉਹ ਪੂਰੀ ਤਰ੍ਹਾਂ ਖੋਖਲੇ, ਕਮਜ਼ੋਰ ਤੇ ਤਣਾਉ ਵਿਚ ਜਿਊਣ ਲਈ ਮਰ ਰਹੇ ਹਨ ਜਦਕਿ ਲੀਡਰ, ਮੰਤਰੀ ਵਿਖਾਵੇ ਕਰ ਕੇ ਦੇਸ਼ ਦੀ ਗ਼ਰੀਬ, ਮਜ਼ਦੂਰ, ਬੇਰੁਜ਼ਗਾਰ ਜਨਤਾ ਨੂੰ ਮਰਨ ਤੋਂ ਬਚਾਉਣ ਲਈ ਤਣਾਉ, ਅਪਰਾਧ, ਨਫ਼ਰਤ, ਲੁੱਟਮਾਰ, ਧਕੇਸ਼ਾਹੀਆਂ ਤੇ ਬਿਮਾਰੀਆਂ ਵਧਾਉਣ ਦਾ ਯਤਨ ਕਰ ਰਹੇ ਹਨ ਤਾਕਿ ਦੇਸ਼ ਵਿਚੋਂ ਕਿਸਾਨ, ਮਜ਼ਦੂਰ ਤੇ ਪੜ੍ਹੇ ਲਿਖੇ ਵਿਦਵਾਨਾਂ ਦੀ ਗਿਣਤੀ ਘੱਟ ਹੋ ਸਕੇ। ਅਪਣੀ ਤਬਾਹੀ ਲਈ ਅਸੀ ਖ਼ੁਦ ਜ਼ਿੰਮੇਵਾਰ ਹਾਂ ਕਿਉਂਕਿ ਅਸੀ ਚੰਗੇ ਇਮਾਨਦਾਰ, ਮਦਦਗਾਰ, ਮਿਹਨਤੀ, ਗਿਆਨਵਾਨ ਤੇ ਦਇਆਵਾਨ ਲੀਡਰਾਂ ਦੀ ਥਾਂ ਅਜਿਹੇ ਲੀਡਰ ਤੇ ਪਾਰਟੀ ਆਗੂਆਂ ਨੂੰ ਵੋਟਾਂ ਦਾ ਸਹਾਰਾ ਦਿੰਦੇ ਆ ਰਹੇ ਹਾਂ, ਜੋ ਸਾਨੂੰ ਮੁਫ਼ਤ ਦੀਆਂ ਚੀਜ਼ਾਂ ਸਹੂਲਤਾਂ, ਰਾਸ਼ਨ ਦੇ ਕੇ ਸਾਡੇ ਵਿਰੁਧ ਹੀ ਸਾਡੀ ਤਬਾਹੀ ਲਈ ਨਵੇਂ-ਨਵੇਂ ਕਾਨੂੰਨ ਬਣਾ ਕੇ ਅਪਣੇ-ਅਪਣੇ ਸਾਥੀਆਂ ਤੇ ਪ੍ਰਵਾਰਕ ਮੈਂਬਰਾਂ ਦਾ ਲੋੜੋਂ ਵੱਧ ਫ਼ਾਇਦਾ ਕਰ ਰਹੇ ਹਨ।

ਜਿਵੇਂ ਧਾਰਮਕ ਅਸਥਾਨਾਂ ਦੇ ਬਾਹਰ ਬੈਠੇ ਮੰਗਤਿਆਂ ਨੂੰ ਦਾਨੀ ਸੱਜਣ, ਪ੍ਰਸ਼ਾਦ ਪੁਰਾਣੇ ਕਪੜੇ, ਰਾਸ਼ਨ ਵੰਡਦੇ ਰਹਿੰਦੇ ਹਨ ਤੇ ਮੰਗਤੇ, ਭਿਖਾਰੀ ਮੌਜ ਵਿਚ ਰਹਿੰਦੇ ਹਨ। ਅੱਜ ਗ਼ਰੀਬ, ਵਿਦਿਆਰਥੀਆਂ, ਮਜ਼ਦੂਰਾਂ, ਬੇਰੁਜ਼ਗਾਰਾਂ ਨੂੰ ਵੀ ਲੀਡਰ ਲੋਕ ਧਾਰਮਕ ਸਥਾਨਾਂ ਦੇ ਬਾਹਰ ਬੈਠੇ ਭਿਖਾਰੀਆਂ ਬਰਾਬਰ ਅਨਪੜ੍ਹ, ਨਾ-ਸਮਝ, ਮੰਗ ਕੇ ਖਾਣ ਦੇ ਚਾਹਵਾਨ ਸਮਝਦੇ ਹਨ। ਇਹ ਲੀਡਰ ਆਮ ਲੋਕਾਂ ਨੂੰ ਕੁੱਝ ਸਹੂਲਤਾਂ ਦੇ ਕੇ ਆਪ ਰਾਜ ਗੱਦੀਆਂ ਲੈ ਕੇ ਐਸ਼ ਕਰਦੇ, ਦੇਸ਼ ਤੇ ਸਰਕਾਰੀ ਖ਼ਜ਼ਾਨਿਆਂ ਨੂੰ ਲੁਟਦੇ ਹਨ। 

ਇਕ ਵਾਰ ਹਿਟਲਰ ਨੇ ਅਪਣੇ ਦਰਬਾਰ ਵਿਚ ਇਕ ਮੂਰਗਾ ਮੰਗਵਾਇਆ। ਉਸ ਦੇ ਖੰਭ ਖਿੱਚ ਖਿੱਚ ਕੇ ਤੋੜੇ। ਉਹ ਚੀਕਾਂ ਮਾਰਦਾ ਰਿਹਾ। ਫਿਰ ਹਿਟਲਰ ਨੇ ਦਾਣਿਆਂ ਦੀ ਬੋਰੀ ਮੰਗਵਾਈ ਤੇ ਚਾਰ ਸੈਨਿਕਾਂ ਨੇ ਕੁੱਝ ਦਾਣੇ ਜ਼ਖ਼ਮੀ ਮੁਰਗੇ ਨੂੰ ਪਾ ਦਿਤੇ। ਮੁਰਗਾ ਦਾਣੇ ਖਾਣ ਲੱਗ ਪਿਆ। ਸੈਨਿਕ ਅੱਗੇ-ਅੱਗੇ ਜਾਂਦੇ ਰਹੇ ਕੁੱਝ ਦਾਣੇ ਜ਼ਮੀਨ ਤੇ ਕੇਰਦੇ ਰਹੇ ਤੇ ਮੁਰਗਾ ਉਨ੍ਹਾਂ ਦੇ ਪਿੱਛੇ-ਪਿਛੇ ਇੱਧਰ-ਉੱਧਰ ਭਜਦਾ ਰਿਹਾ।

ਇਹ ਵੇਖ ਕੇ ਹਿਟਲਰ ਨੇ ਕਿਹਾ ਕਿ ਲੋਕਾਂ ਨੂੰ ਦੁਖੀ, ਤੰਗ ਪ੍ਰੇਸ਼ਾਨ, ਲਾਚਾਰ ਡਰਪੋਕ ਸਮੀਰਕ ਜਾਂ ਮਾਨਸਕ ਤੌਰ ਉਤੇ ਕਮਜ਼ੋਰ, ਡਰਪੋਕ, ਤਣਾਉ ਦੇ ਹਾਲਾਤ ਵਿਚ ਫਸਾ ਕੇ ਫਿਰ ਉਨ੍ਹਾਂ ਨੂੰ ਮੰਗਤਾ, ਲਾਚਾਰ ਮਜਬੂਰ ਨਸ਼ਈ ਅਮਲੀ ਬਣਾ ਕੇ ਦਾਨ ਜਾਂ ਮਦਦ ਵਜੋਂ ਕੁੱਝ ਦਿੰਦੇ ਰਹੋ ਤਾਕਿ ਉਹ ਇਕ ਥਾਂ ਅਮਲੀਆਂ ਤੇ ਮਾਨਸਕ ਤੌਰ ਤੇ ਅਪਾਹਜਾਂ ਵਾਂਗ ਇਕ ਥਾਂ ਬੈਠ ਕੇ ਸਰਕਾਰ ਦੇ ਗੁਣ ਗਾਉਂਦੇ ਰਹਿਣ। ਲੀਡਰਾਂ ਦੇ ਪਿੱਛੇ-ਪਿਛੇ ਹੱਥ ਜੋੜ ਕੇ ਸਿਰ ਝੁਕਾ ਕੇ ਫਿਰਦੇ ਰਹਿਣ ਤੇ ਲੀਡਰ ਅਤੇ ਉਨ੍ਹਾਂ ਦੇ ਬੱਚੇ ਚਮਚੇ ਉਨ੍ਹਾਂ ਮੰਗਤੇ ਮਜਬੂਰ ਅਨਪੜ੍ਹ ਨਾ-ਸਮਝ ਲੋਕਾਂ ਦਾ ਬਲਾਤਕਾਰ ਕਰਦੇ ਰਹਿਣ ਤੇ ਉਹ ਲੀਡਰਾਂ ਕੋਲ ਹੀ ਮਦਦ ਲਈ ਆਉਣ ਅਤੇ ਮਦਦ, ਸਹੂਲਤਾਂ ਲੈ ਕੇ ਧਨਵਾਦ ਕਰਦੇ ਰਹਿਣ। 
ਸੰਪਰਕ : 9878611620