ਬੇਪ੍ਰਵਾਹ ਬਚਪਨ
ਸੜਕ ਉਤੇ ਘਰ ਹੋਣ ਕਾਰਨ ਸਵੇਰ ਤੋਂ ਸ਼ਾਮ ਤਕ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨੂੰ ਵਿਚਰਦੇ ਵੇਖੀਦਾ ਹੈ। ਸੱਭ ਤੋਂ ਪਹਿਲਾਂ ਘਰ ਦੇ ਚਾਹ ਪਾਣੀ ਲਈ ਦੁੱਧ ਲੈਣ ਜਾਣ ਵਾਲਿਆਂ...
ਸੜਕ ਉਤੇ ਘਰ ਹੋਣ ਕਾਰਨ ਸਵੇਰ ਤੋਂ ਸ਼ਾਮ ਤਕ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨੂੰ ਵਿਚਰਦੇ ਵੇਖੀਦਾ ਹੈ। ਸੱਭ ਤੋਂ ਪਹਿਲਾਂ ਘਰ ਦੇ ਚਾਹ ਪਾਣੀ ਲਈ ਦੁੱਧ ਲੈਣ ਜਾਣ ਵਾਲਿਆਂ ਨਾਲ ਉਨ੍ਹਾਂ ਦੇ ਗੋਦੀ ਛੋਟੇ ਬਾਲ ਵੀ ਹੁੰਦੇ ਹਨ। ਕੋਈ ਪੈਦਲ ਹੱਥ ਵਿਚ ਡੋਲੂ ਫੜ, ਦੁਕਾਨ ਤੋਂ ਖਾਣ ਵਾਲੀ ਚੀਜ਼ ਲੈਣ ਦੇ ਚਾਅ ਵਿਚ ਵੱਧ ਖ਼ੁਸ਼ ਹੁੰਦਾ ਹੈ।
ਢਾਈ ਕੁ ਸਾਲਾ ਰੇਖਾ ਪੈਰਾਂ ਵਿਚ ਚਾਂਦੀ ਦੀਆਂ ਝਾਂਜਰਾਂ ਪਾਈ ਤੇ ਨਾਲ ਸੀਟੀ ਵਾਲੇ ਬੂਟ ਪਾ ਕੇ ਸੜਕ ਉਤੇ ਜ਼ੋਰ-ਜ਼ੋਰ ਦੀ ਪੈਰ ਮਾਰ ਕੇ ਚਲਦੀ ਹੈ। ਘੁੰਗਰੂਆਂ ਤੇ ਸੀਟੀ ਦੀ ਆਵਾਜ਼ ਸੁਣ ਕੇ ਖਿੜ-ਖਿੜ ਹਸਦੀ ਹੈ। ਉਸ ਦੀ ਹਾਸੇ ਦੀ ਆਵਾਜ਼ ਫ਼ਿਜ਼ਾ ਵਿਚ ਮਿਸ਼ਰੀ ਘੋਲਦੀ ਹੈ ਤਾਂ ਸਾਰੀ ਕਾਇਨਾਤ ਖਿੜਖਿੜਾਉਂਦੀ ਹੈ। ਦੁੱਧ ਲੈ ਕੇ ਮੁੜਦੇ ਸਮੇਂ ਉਸ ਦੇ ਇਕ ਹੱਥ ਵਿਚ ਗੁਲਾਬੀ ਭੂਰਨੀਆਂ ਦਾ ਪੈਕੇਟ ਹੁੰਦਾ ਹੈ। ਦੂਜੇ ਹੱਥ ਵਿਚ ਡੋਲੂ ਫੜਨ ਦੀ ਜ਼ਿੱਦ ਕਰਦੀ ਹੈ। ਮੇਰੇ ਘਰ ਅੱਗੇ ਆ ਕੇ ਤਾਂ ਜ਼ਮੀਨ ਤੇ ਲਿਟ ਜਾਂਦੀ ਹੈ। ਉਸ ਦਾ ਡੈਡੀ ਘਰ ਨੇੜੇ ਹੋਣ ਕਰ ਕੇ ਦੁੱਧ ਘਰ ਰੱਖ ਕੇ ਇਕ ਖ਼ਾਲੀ ਡੋਲੂ ਉਸ ਨੂੰ ਲਿਆ ਕੇ ਫੜਾਉਂਦਾ ਹੈ ਤਾਂ ਕਿਤੇ ਜਾ ਕੇ ਉਹ ਉਠਦੀ ਹੈ।
ਚਾਰ ਸਾਲਾਂ ਦਾ ਨੋਨਾ ਅਪਣੇ ਦਾਦੇ ਨਾਲ ਖਚਰੇ ਰੇਹੜੇ ਉੱਚੇ ਚੜ੍ਹ ਕੇ ਹੱਥ ਵਿਚ ਇਕ ਡੰਡਾ ਤੇ ਦੂਜੇ ਹੱਥ ਵਿਚ ਘੋੜੇ ਦੀ ਲਗਾਮ ਫੜਦਾ ਹੈ। ਇਕੱਲੀ ਨਿੱਕਰ ਪਾਈ ਉਹ ਖੜਾ ਘੋੜੇ ਦੇ ਡੰਡਾ ਮਰਦਾ ਮਿੰਨੀ ਰੇਹੜਾ-ਚਾਲਕ ਹੀ ਲਗਦਾ ਹੈ। ਲਗਾਮ ਫੜ ਕੇ ਜ਼ੋਰ-ਜ਼ੋਰ ਦੀ ਹਸਦਾ ਹੈ ਅਤੇ ਆਖਦੈ 'ਚਲ ਮੇਰੇ ਘੋੜਿਆ ਚਲ।' ਦਿਲ ਕਰਦੈ ਮੈਂ ਉਸ ਦੀ ਇਕ ਸਨੈਪ ਲੈ ਲਵਾਂ। ਉਤਰਨ ਵੇਲੇ ਰੋਂਦਾ ਹੈ ਕਿ ਮੈਂ ਤਾਂ ਹੋਰ ਚਲਾਉਣੈ। ਕਦੇ ਖ਼ੁਸ਼ੀ ਨਾਲ ਉਤਰ ਕੇ ਦਾਦੇ ਨੂੰ ਬਾਏ-ਬਾਏ ਕਰਦਾ ਹੈ।
ਚਾਈਂ-ਚਾਈਂ ਸਾਰੀਆਂ ਚੀਜ਼ਾਂ ਨਵੇਂ ਬੈਗ ਵਿਚ ਪੁਆ ਕੇ ਤਿੰਨ ਕੁ ਸਾਲਾਂ ਦਾ ਮਿੰਟੂ ਅਪਣੀ ਦਾਦੀ ਦੀ ਗੋਦੀ ਚੜ੍ਹ ਕੇ ਪਹਿਲੇ ਦਿਨ ਸਕੂਲ ਜਾਂਦਾ ਹੈ। ਉਥੇ ਅਪਣੇ ਹਾਣ ਦਿਆਂ ਨੂੰ ਵੇਖ ਕੇ ਖ਼ੁਸ਼ ਹੋ ਜਾਂਦਾ ਹੈ। ਵੱਡੇ ਮੈਡਮ ਤੋਂ ਬਿਸਕੁਟ ਤੇ ਟੌਫੀਆਂ ਲੈ ਕੇ ਗੋਦੀ ਚੜ੍ਹੇ-ਚੜ੍ਹਾਏ ਸਮਾਤ ਤਕ ਜਾਂਦਾ ਹੈ। ਛੋਟੇ-ਛੋਟੇ ਬੈਂਚਾਂ ਤੇ ਨਿੱਕੇ ਬੱਚਿਆਂ ਨੂੰ ਵੇਖ ਖ਼ੁਸ਼ ਹੋ ਜਾਂਦੈ। ਉਹ ਵੀ ਇਕ ਬੈਂਚ ਤੇ ਬੈਠ ਜਾਂਦਾ ਹੈ। ਪਰ ਜਦੋਂ ਦਾਦੀ ਨੂੰ ਗੇਟ ਤੋਂ ਬਾਹਰ ਜਾਂਦੇ ਵੇਖਦੈ ਤਾਂ ਚੀਕਾਂ ਮਾਰਨ ਲਗਦਾ ਹੈ। ਉਸ ਦੀ ਮੈਡਮ ਸਵਿਤਾ ਉਸ ਦੇ ਗਲੇ ਵਿਚੋਂ ਬੈਗ ਉਤਾਰਨ ਲਈ ਆਖਦੀ ਹੈ ਤਾਂ ਉਹ ਹੋਰ ਉੱਚੀ ਚੀਕਦਾ ਹੈ। ਖਿੱਝ ਕੇ ਬੈਗ ਉਤਾਰ ਕੇ ਘੁਮਾ ਕੇ ਸਕੂਲ ਦੇ ਗਰਾਉਂਡ ਵਿਚ ਮਾਰਦਾ ਹੈ। ਅਖੇ ਮੈਂ ਨਹੀਂ ਪੜ੍ਹਦਾ ਲਾ ਲਉ ਜ਼ੋਰ। ਮੈਡਮ ਉਸ ਨੂੰ ਘਰ ਛੱਡ ਕੇ ਆਉਂਦੀ ਹੈ।
ਤਿੰਨ ਸਾਢੇ ਤਿੰਨ ਸਾਲ ਦਾ ਬੰਟੀ ਅਪਣੇ ਪਿਉ ਨੂੰ ਰੋਜ਼ ਸਿਗਰਟ ਪੀਂਦੇ ਵੇਖਦਾ ਹੈ। ਉਹ ਉਸ ਦੇ ਹੱਥ ਵਿਚੋਂ ਸਿਗਰਟ ਖੋਹ ਕੇ ਆਪ ਪੀਣ ਦੀ ਜ਼ਿੱਦ ਕਰਦਾ ਹੈ। ਪਰ ਉਸ ਦਾ ਡੈਡੀ ਰਾਜੂ ਉਸ ਨੂੰ ਕਹਿੰਦਾ ਹੈ ਕਿ ''ਇਹ ਤਾਂ ਗੰਦੀ ਹੈ ਇਸ ਨੂੰ ਬੱਚੇ ਨਹੀਂ ਪੀਂਦੇ।'' ਰਾਜੂ ਦੇ ਦਫ਼ਤਰ ਜਾਣ ਪਿਛੋਂ ਉਹ ਕੋਈ ਕਾਗ਼ਜ਼ ਗੋਲ ਕਰ ਕੇ ਅਪਣੀ ਮੰਮੀ ਨੂੰ ਆਖਦੈ, ਮੰਮੀ ਇਸ ਨੂੰ ਅੱਗ ਲਗਾ ਦੇ। ਮੈਂ ਵੀ ਧੂੰਆਂ ਕੱਢ ਕੇ ਡੈਡੀ ਬਣੂੰਗਾ। ਇਹ ਹਰਕਤ ਵੇਖ ਉਸ ਦੀ ਮੰਮੀ ਉਸ ਨੂੰ ਕਈ ਚਪੇੜਾਂ ਮਾਰਦੀ ਹੈ। ਸ਼ਾਮ ਨੂੰ ਪਤੀ ਘਰ ਮੁੜਦਾ ਹੈ ਤਾਂ ਉਸ ਨਾਲ ਬੰਟੀ ਦੀ ਗੱਲ ਸਾਂਝੀ ਕਰਦੀ ਹੈ। ਰਾਜੂ ਨੇ ਕਿਹਾ ਕਿ ਲੈ ਬਈ, ਅੱਜ ਤੋਂ ਮੈਂ ਸਿਗਰਟ ਪੀਣੀ ਛੱਡੀ। ਪਤਨੀ ਨੇ ਹੱਸ ਕੇ ਕਿਹਾ ਜੋ ਗੱਲ ਮੈਂ ਚਾਰ ਸਾਲਾਂ ਤੋਂ ਨਹੀਂ ਮਨਾ ਸਕੀ ਬੰਟੀ ਨੇ ਦੋ ਦਿਨਾਂ ਵਿਚ ਮਨਵਾ ਲਈ।
ਟਿਊਸ਼ਨ ਤੋਂ ਵਾਪਸ ਆਏ ਘੋਨੇ ਨੂੰ ਉਸ ਦੀ ਮੰਮੀ ਨੇ ਪੁਛਿਆ ਕਿ ਕੱਲ ਦਾ ਕੰਮ ਚੈੱਕ ਕਰਵਾ ਲਿਆ ਸੀ? ਘੋਨੇ ਨੇ ਦੁਖੀ ਜਿਹਾ ਹੋ ਕੇ ਕਿਹਾ, ਵੇਖੋ ਕਰਵਾ ਲਿਆ, ਮੈਡਮ ਨੇ ਸਾਰੇ ਹੀ ਕਾਟੇ ਮਾਰਤੇ। ਕਹਿੰਦੀ ਜੇ ਵਧੀਆ ਰਾਈਟਿੰਗ ਨਾ ਕੀਤੀ ਫਿਰ ਕਾਟੇ ਮਾਰੂੰਗੀ। ਸੋਨੀਆ ਹਾਸਾ ਨਾ ਰੋਕ ਸਕੀ ਤੇ ਪੁੱਤਰ ਨੂੰ ਗੋਦ ਵਿਚ ਲੈ ਲਿਆ। ਕਹਿਣ ਲੱਗੀ ਕੋਈ ਗੱਲ ਨਹੀਂ।
ਸੋ ਇਹ ਨੇ ਸਾਡੇ ਭੋਲੇ ਭਾਲੇ, ਤੋਤਲੇ-ਮੋਤਲੇ ਨਿੱਕੇ ਰੱਬ ਦਾ ਰੂਪ ਬੱਚੇ ਜਿਨ੍ਹਾਂ ਵਿਚ ਕੋਈ ਵੱਲ-ਛੱਲ ਨਹੀਂ, ਜੋ ਮਨ ਵਿਚ ਆਇਆ ਕਹਿ ਦਿਤਾ। ਇਹ ਖ਼ੁਸ਼ ਨੇ ਤਾਂ ਸਾਰੀ ਕਾਇਨਾਤ ਖ਼ੁਸ਼ ਹੈ। ਜੇ ਫਿਰ ਕਦੇ ਬਾਲ ਹਠ ਨੇ ਜ਼ਿੱਦ ਫੜ ਲਈ ਤਾਂ ਕੁੱਜੇ ਵਿਚ ਹਾਥੀ ਬੰਦ ਕਰਵਾਉਣਗੇ।