ਤਕਨੀਕ ਵਰ ਜਾਂ ਸ਼ਰਾਪ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅੱਜਕਲ ਸਾਡੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਹਰ ਇੱਕ ਚੀਜ਼ ਬਹੁਤ ਤੇਜ਼ੀ ਨਾਲ ਹੁੰਦੀ ਹੈ। ਹਰ ਇਕ ਉਹ ਚੀਜ਼ ਜੋ ਕਿਸੇ ਸਮੇਂ ਕਰਨੀ ਨਾਮੁਮਕਿਨ ਹੁੰਦੀ ਸੀ ਅਜਕਲ ...

Technology

ਅੱਜਕਲ ਸਾਡੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਹਰ ਇੱਕ ਚੀਜ਼ ਬਹੁਤ ਤੇਜ਼ੀ ਨਾਲ ਹੁੰਦੀ ਹੈ। ਹਰ ਇਕ ਉਹ ਚੀਜ਼ ਜੋ ਕਿਸੇ ਸਮੇਂ ਕਰਨੀ ਨਾਮੁਮਕਿਨ ਹੁੰਦੀ ਸੀ ਅਜਕਲ ਤਕਨੀਕ ਦੀ ਤਰੱਕੀ ਕਰਕੇ ਕੁਝ ਸਕਿੰਟਾਂ ਵਿੱਚ ਹੀ ਹੋਣ ਲੱਗ ਗਈ ਹੈ।ਜ਼ਿੰਦਗੀ ਦੀ ਹਰ ਇੱਕ ਚੀਜ਼ ਤਕਨੀਕ ਤੋਂ ਪ੍ਰਭਾਵਿਤ ਹੋਈ ਹੈ ਚਾਹੇ ਉਹ ਸੂਚਨਾ ਤਕਨੀਕ ਹੋਵੇ, ਯਾਤਾਯਾਤ ਹੋਵੇ ਜਾਂ ਫਿਰ ਸਿਹਤ ਸੰਬੰਧੀ ਵਿਵਸਥਾਵਾਂ। ਕੰਪਿਊਟਰ ਅਤੇ ਸੂਚਨਾ ਤਕਨੀਕ ਸਾਡੀ ਜ਼ਿੰਦਗੀ ਦਾ ਇਕ ਮੁੱਖ ਅੰਗ ਬਣ ਗਏ ਹਨ, ਕੰਪਿਊਟਰ ਦੀ ਵਰਤੋਂ ਸਾਡੀ ਜ਼ਿੰਦਗੀ ਵਿੱਚ ਇਸ ਹੱਦ ਤਕ ਸ਼ਾਮਿਲ ਹੋ ਚੁੱਕੀ ਹੈ ਕੇ ਅਸੀਂ 24 ਘੰਟੇ ਮੋਬਾਈਲ ਦੇ ਰੂਪ ਵਿੱਚ ਕੰਪਿਊਟਰ ਨਾਲ ਬਿਤਾ ਰਹੇ ਹਾਂ। ਸਿਧੇ-ਅਸਿਧੇ ਰੂਪ ਵਿੱਚ ਹਰ ਇਕ ਖੇਤਰ ਹਰ ਇਕ ਵਿਅੱਕਤੀ ਸੂਚਨਾ ਤਕਨੀਕ ਤੋਂ ਪ੍ਰਭਾਵਿਤ ਹੈ। ਦਿਨ ਦੀ ਸ਼ੁਰੂਵਾਤ ਤੋਂ ਰਾਤ ਸੌਣ ਤਕ ਸਭ ਤੋਂ ਜਿਆਦਾ ਪ੍ਰਯੋਗ ਅਗਰ ਕੁਝ ਹੁੰਦਾ ਹੈ ਤਾਂ ਉਹ ਹੈ ਮੋਬਾਇਲ ਫੋਨ। ਸ਼ੁਰੂਵਾਤੀ ਦੌਰ ਵਿੱਚ ਮੋਬਾਇਲ ਫ਼ੋਨ, ਟੈਲੀਫ਼ੋਨ ਦਾ ਸੁਧਰਿਆ ਹੋਇਆ ਰੂਪ ਸੀ ਜਿਸ ਵਿੱਚ ਬਿਨਾ ਤਾਰ ਤੋਂ ਇਕ ਯੰਤਰ ਕਿਸੇ ਸਮੇਂ ਕਿਸੇ ਵੀ ਜਗਾਹ ਤੋਂ ਕਿਸੇ ਵੀ ਜਗਾਹ ਤੇ ਗੱਲ ਕਰਵਾ ਸਕਦਾ ਸੀ। ਜਿਵੇਂ ਟੈਲੀਫੋਨ ਦੀ ਕਾਢ ਨੇ ਟੈਲੀਗ੍ਰਾਫ ਦੀ ਜਗ੍ਹਾ ਲੈ ਲਈ ਓਸੇ ਤਰ੍ਹਾਂ ਮੋਬਾਇਲ ਨੇ ਟੈਲੀਫੋਨ ਦੀ ਜਗ੍ਹਾ ਲੋਕਾਂ ਵਿੱਚ ਗੱਲਬਾਤ ਕਰਨ ਦਾ ਇਕ ਨਵਾਂ ਦੌਰ ਸ਼ੁਰੂ ਕੀਤਾ।

ਕੰਪਿਊਟਰ ਅਤੇ ਮੋਬਾਇਲ ਦੀ ਕਾਢ ਤੋਂ ਇਲਾਵਾ ਇਕ ਹੋਰ ਐਸੀ ਜੁਗ ਪਲਟਾਊ ਚੀਜ਼ ਹੋਂਦ ਵਿੱਚ ਜਿਸਨੇ ਪੂਰੀ ਦੁਨੀਆ ਦਾ ਗਲਬਾਤ, ਕੰਮਕਾਰ, ਰਹਿਣ-ਸਹਿਣ, ਆਦਤਾ ਅਤੇ ਜ਼ਿੰਦਗੀ ਨੂੰ ਇਸ ਤਰਾਂ ਪ੍ਰਭਾਵਿਤ ਕੀਤਾ ਕ ਅੱਜ ਦਾ ਕੰਪਿਊਟਰ ਤੇ ਮੋਬਾਇਲ ਇਸਤੋਂ ਬਿਨ੍ਹਾਂ ਮਾਤਰ ਇਕ ਮਸ਼ੀਨ ਜਾਂ ਯੰਤਰ ਬਣ ਕੇ ਹੀ ਰਹਿ ਜਾਂਦੇ। ਇਸ ਕਾਢ ਦਾ ਨਾਮ ਹੈ ਇੰਟਰਨੈਟ, ਇਸ ਸ਼ਬਦ ਨੂੰ ਸੁਣਦਿਆਂ ਹੀ ਦਿਮਾਗ ਵਿੱਚ ਫੇਸਬੁੱਕ, ਵਟਸਐਪ, ਮਿਊਜ਼ਿਕ, ਵੀਡੀਓਜ਼ ਤੇ ਇਸ ਤਰਾਂ ਦੀਆਂ ਹੋਰ ਅਨੇਕਾਂ ਤਰੰਗਾਂ ਪੈਦਾ ਹੁੰਦੀਆਂ ਹਨ। ਅੱਜ ਦੇ ਸਮੇਂ ਵਿੱਚ ਇੰਟਰਨੈਟ ਇੱਕ ਅਜਿਹੀ ਜਰੂਰਤ ਬਣ ਚੁੱਕਾ ਹੈ ਕੇ ਇਸ ਤੋਂ ਬਿਨਾਂ ਜ਼ਿੰਦਗੀ ਅਧੂਰੀ ਪ੍ਰਤੀਤ ਹੋਣ ਲੱਗ ਗਈ ਹੈ। ਰੋਜ਼ਾਨਾ ਕੰਮ-ਕਾਰ ਵਿੱਚ ਈ-ਮੇਲ, ਵੈਬਸਾਈਟ, ਟੈਲੀ-ਕੋਨਫ਼੍ਰੇੰਸਿੰਗ, ਡਾਟਾ ਸ਼ੇਅਰ ਕਰਨਾ ਆਦਿ ਸਾਡੀ ਜ਼ਿੰਦਗੀ ਦਾ ਮੁੱਖ ਅੰਗ ਬਣ ਗਏ ਹਨ, ਕੁਝ ਸਕਿੰਟਾਂ ਵਿੱਚ ਸੁਨੇਹੇ ਈ-ਮੇਲ ਜਾਂ ਮੈਸਜ ਦੇ ਰੂਪ ਵਿੱਚ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਭੇਜੇ ਜਾ ਸਕਦੇ ਹਨ। ਕੋਈ ਵੀ ਜਾਣਕਾਰੀ ਲੱਭਣੀ ਹੋਵੇ ਇੰਟਰਨੈਟ ਦੀ ਮਦਦ ਨਾਲ ਬਹੁਤ ਆਸਾਨੀ ਨਾਲ ਲੱਭੀ ਜਾ ਸਕਦੀ ਹੈ। ਔਨਲਾਈਨ ਸ਼ੌਪਿੰਗ, ਬਿਜ਼ਲੀ ਦੇ ਬਿੱਲ, ਟੈਲੀਫੋਨ ਮੋਬਾਇਲ ਦੇ ਬਿੱਲ, ਰੇਲਵੇ ਟਿਕਟਾਂ, ਯੂਨੀਵਰਸਿਟੀਆਂ ਦੇ ਦਾਖਲੇ, ਪ੍ਰੀਖਿਆ ਦੇ ਨਤੀਜ਼ੇ ਅਤੇ ਪਤਾ ਨਹੀਂ ਹੋਰ ਕਿੰਨਾਂ ਕੁਝ ਬਹੁਤ ਆਸਾਨੀ ਨਾਲ ਘਰ ਬੈਠੇ ਹੀ ਕਰ ਸਕਦੇ ਹਨ। ਜ਼ਿੰਦਗ਼ੀ ਬਹੁਤ ਤੇਜ਼ ਅਤੇ ਆਸਾਨ ਹੋ ਗਈ ਹੈ।ਪਰ ਜਿਥੇ ਇੰਟਰਨੈਟ ਦੇ ਇਨ੍ਹੇ ਜਿਆਦਾ ਫਾਇਦੇ ਹਨ ਉਥੇ ਬਹੁਤ ਸਾਰੇ ਨੁਕਸਾਨ ਵੀ ਹਨ ਜੋ ਕੇ ਓਨੀ ਹੀ ਤੇਜੀ ਨਾਲ ਨੁਕਸਾਨ ਵੀ ਕਰ ਰਹੇ ਹਨ। ਇਸ ਚੀਜ ਦਾ ਸਭ ਤੋਂ ਵੱਡਾ ਨੁਕਸਾਨ ਸਾਡੀ ਨਵੀਂ ਪੀੜ੍ਹੀ ਅਤੇ ਬੱਚਿਆਂ ਲਈ ਹੈ ਜੋ ਅੰਜਾਨਪੁਣੇ ਵਿੱਚ ਜਾ ਉਮਰ ਘੱਟ ਹੋਣ ਕਰਕੇ ਨਾ ਸਮਝੀ ਦਾ ਸ਼ਿਕਾਰ ਹੋ ਕੇ ਇੰਟਰਨੈਟ ਦੀ ਵਰਤੋਂ ਗ਼ਲਤ ਕੰਮ ਲਈ ਵੀ ਕਰਦੇ ਹਨ। ਜਿਥੇ ਇੰਟਰਨੈਟ ਦੀ ਵਰਤੋਂ ਕਰਕੇ ਗਲਬਾਤ ਕਰਨੀ ਆਸਾਨ ਹੋ ਗਈ ਹੈ ਓਥੇ ਇਹ ਇਸ ਚਿੰਤਾ ਦਾ ਵਿਸ਼ਾ ਵੀ ਹੈ ਕੇ ਸਾਡਾ ਬੱਚਾ ਔਨਲਾਈਨ ਕਿਸ ਨਾਲ ਗੱਲ ਕਰਦਾ ਹੈ ਅਤੇ ਉਸਦੀ ਦੋਸਤੀ ਕਿਹੋ ਜਿਹੇ ਲੋਕਾਂ ਨਾਲ ਹੈ। ਦਿਨ ਵਿੱਚ ਕਿੰਨੇ ਘੰਟੇ ਉਹ ਔਨਲਾਈਨ ਗੱਲਾਂ ਕਰਕੇ ਬਰਬਾਦ ਕਰ ਰਿਹਾ ਹੈ। 2005 ਵਿੱਚ ਇੱਕ 14-24 ਸਾਲ ਦੀ ਉਮਰ ਤਕ ਦਾ ਇਨਸਾਨ ਔਸਤਨ 10  ਘੰਟੇ ਅਤੇ 24 ਮਿੰਟ ਇਕ ਹਫਤੇ ਵਿਚ ਔਨਲਾਈਨ ਬਿਤਾਉਂਦਾ ਸੀ, ਜੋ ਕੇ 2014 ਵੱਧ ਕੇ 27 ਘੰਟੇ ਹੋ ਗਈ ਸੀ ਅਤੇ 2016 ਵਿੱਚ ਇਸ ਔਸਤ ਵਿੱਚ ਹੋਰ ਬਹੁਤ ਵਾਧਾ ਹੋ ਗਿਆ। ਇੰਟਰਨੈਟ ਉੱਤੇ ਕਿਸ ਕਿਸਮ ਦੀ ਵੈਬਸਾਈਟ ਦੀ ਵਰਤੋਂ ਕੀਤੀ ਜਾ ਰਹੀ ਹੈ, ਇਹ ਬਹੁਤ ਵੱਡਾ ਸਵਾਲ ਹੈ ਜੋ ਹੌਲੇ ਹੌਲੇ ਮਾਂ-ਬਾਪ ਲਈ ਚਿੰਤਾ ਦਾ ਵਿਸ਼ਾ ਹੈ।

Internet addiction disorder ਇਕ ਅਜਿਹੀ ਬਿਮਾਰੀ ਦਾ ਨਾਮ ਹੈ ਜੋ ਪਿਛਲੇ ਕੁਝ ਕੁ ਸਾਲਾਂ ਵਿਚ ਹੀ ਹੋਂਦ ਵਿੱਚ ਆਈ ਹੈ ਜਿਸਦਾ ਮਤਲਬ ਇਹ ਹੈ ਕੇ ਆਦਮੀ ਇਕ ਅਜਿਹੀ ਸਤਿਥੀ ਵਿੱਚ ਚਲਾ ਗਿਆ ਹੈ ਜਿਸ ਵਿੱਚ ਉਸਨੂੰ ਕੰਮ ਹੋਵੇ ਨਾ ਹੋਵੇ, ਉਹ ਹਰ ਵੇਲੇ ਇੰਟਰਨੈਟ ਨਾਲ ਜੁੜਿਆ ਰਹਿਣਾ ਚਾਉਂਦਾ ਹੈ। ਹਰ ਵੇਲੇ ਮੋਬਾਈਲ ਵਿੱਚ ਵੜੇ ਰਹਿਣਾ ਅਤੇ ਇਸਤੋਂ ਬਿਨਾ ਅਧੂਰਾ ਮਹਿਸੂਸ ਕਰਨਾ। ਸੋਸ਼ਲ ਨੈੱਟਵਰਕਿੰਗ ਜਿਵੇਂ ਕੇ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਆਦਿ ਦਾ ਐਨਾ ਜਿਆਦਾ ਪ੍ਰਭਾਵ ਅਤੇ ਨਸ਼ਾ ਹੈ ਕੇ ਹਰ ਸਮੇਂ ਉਸਦੀ ਹੀ ਵਰਤੋਂ ਹੁੰਦੀ ਹੈ, ਨਿੱਕੀ ਤੋਂ ਨਿੱਕੀ ਗੱਲ ਵੀ ਇਨ੍ਹਾਂ ਐਪਸ ਉੱਤੇ ਸਾਂਝੀ ਕਰਨ ਦਾ ਨਸ਼ਾ ਆਦਮੀ ਨੂੰ ਬਾਕੀ ਸਭ ਰਿਸ਼ਤੇ ਅਤੇ ਭਾਵਨਾਵਾਂ ਤੋਂ ਦੂਰ ਲੈ ਕੇ ਜਾ ਰਿਹਾ ਹੈ। ਘਰ ਵਿੱਚ ਹੋ ਕੇ ਵੀ ਪਰਵਾਰ ਨੂੰ ਸਮਾਂ ਨਾ ਦੇ ਕੇ ਜਿਆਦਾ ਸਮਾਂ ਇਨ੍ਹਾਂ ਉੱਤੇ ਬਿਤਾਇਆ ਜਾਂਦਾ ਹੈ ਅਤੇ ਆਪਣੇ ਰਿਸ਼ਤੇ ਛੱਡ ਕੇ ਕਾਲਪਨਿਕ ਦੁਨੀਆ ਵਿੱਚ ਨਵੇਂ ਰਿਸ਼ਤੇ ਬਣਾਏ ਜਾਂਦੇ ਹਨ।ਇਸ ਤੋਂ ਇਲਾਵਾ ਇੰਟਰਨੈਟ ਉੱਤੇ ਹੋਣ ਵਾਲੀ ਹੈਕਿੰਗ ਸ਼ਬਦ ਤੋਂ ਵੀ ਲਗਭਗ ਸਾਰੇ ਜਾਣੂ ਹੋ ਹੀ ਰਹੇ ਹਨ, ਹੈਕਿੰਗ ਇਕ ਅਜਿਹੀ ਪ੍ਰੀਕਿਰਿਆ ਹੈ ਜਿਸ ਵਿੱਚ ਕੁਝ ਸ਼ਰਾਰਤੀ ਜਾਂ ਅਪਰਾਧੀ ਲੋਕ ਇੰਟਰਨੈਟ ਦੀ ਵਰਤੋਂ ਕਰਕੇ ਸਾਡੀ ਜਾਣਕਾਰੀ ਚੋਰੀ ਕਰਦੇ ਹਨ, ਜਿਸ ਵਿੱਚ ਨਿਜ਼ੀ ਜਾਣਕਾਰੀ, ਬੈਂਕ ਖਾਤਿਆਂ ਦੀ ਜਾਣਕਾਰੀ ਜਾਂ ਫਿਰ ਜਰੂਰੀ ਫਾਈਲਾਂ ਦੀ ਚੋਰੀ ਆਦਿ ਸ਼ਾਮਿਲ ਹਨ। ਹਰ ਸਾਲ ਪੂਰੀ ਦੁਨੀਆ ਵਿੱਚ ਕਈ ਮਿਲੀਅਨ ਡਾਲਰਾਂ ਦਾ ਨੁਕਸਾਨ ਹੈਕਿੰਗ ਕਰਕੇ ਹੁੰਦਾ ਹੈ।

ਦੁਨੀਆਂ ਦੀ ਕੋਈ ਵੀ ਚੀਜ਼ ਹੋਵੇ ਆਪਣੇ ਨਾਲ ਫਾਇਦੇ ਅਤੇ ਨੁਕਸਾਨ ਸਭ ਕੁਝ ਲੈ ਕੇ ਆਉਂਦੀ ਹੈ, ਇਹ ਉਸ ਚੀਜ ਨੂੰ ਵਰਤਣ ਵਾਲੇ ਦੇ ਹੱਥ ਹੈ ਕੇ ਉਹ ਉਸਨੂੰ ਕਿਸ ਪ੍ਰਕਾਰ ਵਰਤ ਰਿਹਾ ਹੈ, ਆਪਣੀ ਜ਼ਿੰਦਗੀ ਨੂੰ ਇਕ ਦਿਸ਼ਾ ਦੇਣ ਲਈ ਅਤੇ ਆਸਾਨ ਬਣਾਉਣ ਲਈ ਜਾਂ ਫਿਰ ਨਵੀਆਂ ਮੁਸ਼ਕਿਲਾਂ ਪੈਦਾ ਕਰਨ ਲਈ। ਇੰਟਰਨੈਟ, ਮੋਬਾਇਲ ਅਤੇ ਕੰਪਿਊਟਰ ਜਿਹੇ ਉਪਕਰਨ ਸਾਡੇ ਲਈ ਇਕ ਵਰ ਹਨ ਜਿੰਨਾਂ ਦੀ ਬਦੌਲਤ ਜ਼ਿੰਦਗੀ ਨੂੰ ਨਵੀਂ ਦਿਸ਼ਾ ਮਿਲੀ ਹੈ ਇਸ ਲਈ ਇਸਦੀ ਗ਼ਲਤ ਵਰਤੋਂ ਕਰਕੇ ਇਸਨੂੰ ਸ਼ਰਾਪ ਨਾ ਬਣਾਈਏ ਤੇ ਵਧੀਆ ਜ਼ਿੰਦਗੀ ਵੱਲ ਕਦਮ ਵਧਾਈਏ। - ਸੰਦੀਪ ਸਿੰਘ ਸਿੱਧੂ