ਕੋਰੋਨਾ ਫੈਲਾਉਣ ਵਾਲੇ ਦੇਸ਼ਾਂ ਦੀ ਜ਼ਿੰਮੇਵਾਰੀ ਤੈਅ ਹੋਵੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕੋਰੋਨਾ ਮਹਾਂਮਾਰੀ ਬਿਨਾਂ ਸ਼ੱਕ ਸਾਡੇ ਸਮਿਆਂ ਦਾ ਸੱਭ ਤੋਂ ਖ਼ਤਰਨਾਕ ਸੱਚ ਹੋ ਨਿਬੜਿਆ  ਹੈ।

File Photo

ਕੋਰੋਨਾ ਮਹਾਂਮਾਰੀ ਬਿਨਾਂ ਸ਼ੱਕ ਸਾਡੇ ਸਮਿਆਂ ਦਾ ਸੱਭ ਤੋਂ ਖ਼ਤਰਨਾਕ ਸੱਚ ਹੋ ਨਿਬੜਿਆ ਹੈ। ਅੱਜ ਇਸ ਨੇ ਪੂਰੇ ਸੰਸਾਰ ਨੂੰ ਅਪਣੀ ਲਪੇਟ ਵਿਚ ਲੈ ਲਿਆ ਹੈ। ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਪੂਰੇ ਸੰਸਾਰ ਵਿਚ ਫੈਲ ਗਿਆ ਹੈ। ਵਰਤਮਾਨ ਸਮੇਂ ਵਿਚ ਭਾਰਤ ਦੇ ਤਕਰੀਬਨ 23  ਸੂਬਿਆਂ ਨੂੰ ਅਪਣੀ  ਗ੍ਰਿਫ਼ਤ ਵਿਚ ਲੈ ਚੁੱਕਾ ਹੈ। ਬੇਸ਼ਕ ਵਿਸ਼ਵ ਦੇ ਬਾਕੀ ਦੇਸ਼ਾਂ ਦੇ ਹੁਕਮਰਾਨਾਂ ਵਾਂਗ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਂ ਰਹਿੰਦੇ ਪੂਰੇ ਦੇਸ਼ ਵਿਚ ਤਕਰੀਬਨ ਦੋ ਮਹੀਨਿਆਂ ਲਈ ਤਾਲਾਬੰਦੀ ਕਰਵਾ ਕੇ ਤੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਹਦਾਇਤ ਜਾਰੀ ਕਰ ਕੇ ਇਸ ਬੀਮਾਰੀ ਨੂੰ ਵਿਕਰਾਲ ਰੂਪ ਧਾਰਨ ਤੋਂ ਰੋਕਣ ਲਈ ਹੰਭਲਾ ਮਾਰਿਆ ਹੈ,

ਪਰ ਤਾਲਾਬੰਦੀ ਦੇ ਬਾਵਜੂਦ ਅਪਣੇ ਧਾਰਮਕ ਅਕੀਦਿਆਂ ਨੂੰ ਪ੍ਰਣਾਏ ਕੁੱਝ ਸ਼ਰਧਾਵਾਨਾਂ ਵਲੋਂ ਤਾਲਾਬੰਦੀ ਦੇ ਨਿਯਮਾਂ ਨੂੰ ਅੱਖੋ ਪਰੋਖੇ ਕਰ ਕੇ ਅਪਣੇ ਧਾਰਮਕ ਇਕੱਠ ਕਰਨ ਕਾਰਨ ਤੇ ਬਾਅਦ ਵਿਚ ਸਰਕਾਰਾਂ ਵਲੋਂ ਇਸ ਦੇ ਪਸਾਰੇ ਨੂੰ ਰੋਕਣ ਲਈ ਢੁਕਵੀਂ ਰਣਨੀਤੀ ਨਾ ਤਿਆਰ ਕਰਨ ਕਾਰਨ ਕੋਰੋਨਾ ਪ੍ਰਭਾਵਤ ਮਰੀਜ਼ਾਂ ਦੀ ਗਿਣਤੀ ਵਿਚ ਜੋ ਵਾਧਾ ਹੋਇਆ, ਉਸ ਨੇ ਇਸ ਬੀਮਾਰੀ ਦੀ ਰੋਕਥਾਮ ਲਈ ਕੀਤੇ ਜਾ ਰਹੇ ਕਾਰਜਾਂ ਉਤੇ ਪਾਣੀ ਫੇਰਨ  ਵਿਚ ਕੋਈ ਕਸਰ ਨਹੀਂ ਛੱਡੀ ਜਿਸ ਦੇ ਚਲਦਿਆਂ ਅੱਜ ਹਰ ਭਾਰਤੀ ਡਰ ਦੇ ਪ੍ਰਛਾਵੇਂ ਹੇਠ ਦਿਨ ਟਪਾਉਣ ਲਈ ਮਜਬੂਰ ਹੋ ਗਿਆ ਹੈ।

ਕੋਰੋਨਾ ਬਾਬਤ ਵਿਚਾਰ ਕਰਦਿਆਂ ਦੋ ਸਵਾਲ ਜ਼ਿਹਨ ਵਿਚ ਆਉਂਦੇ ਹਨ। ਪਹਿਲਾ ਇਹ ਕਿ ਕੀ ਹੈ ਕੋਰੋਨਾ? ਤੇ ਦੂਜਾ ਕਿ ਅਚਾਨਕ ਕਿਥੋਂ ਆ ਗਿਆ ਕੋਰੋਨਾ?
ਪਹਿਲੇ ਸਵਾਲ ਦੇ ਜਵਾਬ ਨੂੰ ਜੇ ਸੌਖੇ ਸ਼ਬਦਾਂ ਵਿਚ ਸਮਝਣਾ ਹੋਵੇ ਤਾਂ ਕੋਰੋਨਾ ਵਿਸ਼ਾਣੂ, ਕੋਰੋਨਾ ਪ੍ਰਜਾਤੀ ਦਾ ਉਹ ਖ਼ਤਰਨਾਕ ਵਿਸ਼ਾਣੂ ਹੈ ਜਿਹੜਾ ਆਮ ਲੋਕਾਂ ਵਿਚ ਸਾਹ ਨਾਲੀ ਨਾਲ ਸਬੰਧਤ ਬੀਮਾਰੀਆਂ ਜਾਂ ਲੱਛਣਾਂ ਜਿਵੇਂ ਖੰਘ, ਬੁਖ਼ਾਰ , ਜ਼ੁਕਾਮ, ਸ੍ਰੀਰਕ ਟੁੱਟ-ਭੱਜ ਆਦਿ ਨੂੰ ਜਨਮ ਦਿੰਦਾ ਹੈ।

ਦਰਅਸਲ ਬਣਤਰ ਪੱਖੋਂ ਮੌਜੂਦਾ ਕੋਰੋਨਾ ਵਿਸ਼ਾਣੂ ਕਈ ਸਾਲ ਪਹਿਲਾਂ ਸਾਰਸ 1 (ਸਵੀਅਰ ਐਕਿਊਟ ਰੈਸਪੀਰੇਟਰੀ ਸਿਨਡਰਮ) ਰੋਗ ਸਮੂਹ  ਉਪਜਾਉਣ ਵਾਲੇ ਕੋਰੋਨਾ ਵਿਸ਼ਾਣੂ ਜਿਹਾ ਹੀ ਹੈ। ਇਸੇ ਕਾਰਨ ਵਰਤਮਾਨ ਕੋਰੋਨਾ ਵਿਸ਼ਾਣੂ ਨੂੰ ਕੋਰੋਨਾ ਦੀ ਸ਼੍ਰੇਣੀ ਵਿਚ ਰਖਿਆ ਗਿਆ ਹੈ। ਸਾਰਸ-1 ਜਹੇ ਹੀ ਖ਼ਤਰਨਾਕ ਲੱਛਣਾਂ ਨੂੰ ਉਪਜਾਉਣ ਵਾਲੇ ਮੌਜੂਦਾ ਕੋਰੋਨਾ ਰੋਗਾਣੂ ਤੋਂ ਪੈਦਾ ਹੋਣ ਵਾਲੇ ਰੋਗ ਨੂੰ ਵਿਗਿਆਨੀਆਂ ਨੇ  ਅੰਗਰੇਜ਼ੀ ਭਾਸ਼ਾ ਵਿਚ ਕੋਵਿਡ-19 ਦਾ ਨਾਂ ਦਿਤਾ ਜਿਸ ਵਿਚ 'ਕੋ' ਸ਼ਬਦ ਕੋਰੋਨਾ ਲਈ, 'ਵਿ' ਸ਼ਬਦ ਵਾਇਰਸ ਲਈ, 'ਡੀ' ਸ਼ਬਦ ਡਿਜ਼ੀਜ਼ ਲਈ ਤੇ 19 ਅੱਖਰ, 2019 ਸੰਨ ਨੂੰ ਦਿਤਾ ਗਿਆ ਹੈ।

ਜੇ ਕੋਰੋਨਾ ਤੋਂ ਪ੍ਰਭਾਵਤ ਹੋਣ ਵਾਲੇ ਵਿਅਕਤੀਆਂ ਦੀ ਗੱਲ ਕਰੀਏ ਤਾਂ ਜਿਨ੍ਹਾਂ ਵਿਅਕਤੀਆਂ ਦੀ ਰੋਗਾਂ ਨਾਲ ਲੜਨ ਦੀ ਕੁਦਰਤੀ ਸ਼ਕਤੀ ਘੱਟ ਹੁੰਦੀ ਹੈ ਜਾਂ ਕਿਸੇ ਹੋਰ ਰੋਗ ਨਾਲ ਪੀੜਤ ਹੁੰਦੇ ਹਨ। ਉਹ ਦੂਜੇ ਲੋਕਾਂ ਦੇ ਮੁਕਾਬਲੇ ਇਸ ਵਿਸ਼ਾਣੂ ਨਾਲ ਵੱਧ ਪ੍ਰਭਾਵਤ ਹੁੰਦੇ ਹਨ। ਇਸ ਕੋਰੋਨਾ ਵਾਇਰਸ (ਜੋ ਕਿ ਮਨੁੱਖੀ ਸੈੱਲ ਦੀ ਆਰ.ਐਨ.ਏ ਇਕਾਈ ਦੀ ਸ਼ੇਣੀ ਵਿਚ ਆਉਂਦਾ ਹੈ) ਦਾ ਜ਼ਿਕਰ ਡਾਕਟਰੀ ਵਿਗਿਆਨ ਦੀਆਂ ਵਿਸ਼ਾਣੂਆਂ, ਰੋਗਾਣੂਆਂ ਤੇ ਜੀਵਾਣੂਆਂ ਨਾਲ ਸਬੰਧਤ ਤਕਰੀਬਨ ਸਾਰੀਆਂ ਹੀ ਕਿਤਾਬਾਂ ਵਿਚ ਮਿਲਦਾ ਹੈ।

ਜਿਥੋਂ ਤਕ ਦੂਜੇ ਪ੍ਰਸ਼ਨ ਦੇ ਉੱਤਰ ਦੀ ਗੱਲ ਹੈ ਤਾਂ ਉਸ ਦਾ ਜਵਾਬ ਕੋਰੋਨਾ ਦੀ ਵਰਤਮਾਨ ਕਿਸਮ ਨੋਵੇਲ ਕੋਰੋਨਾ ਜਾਂ ਕੋਵਿਡ-19 ਕੋਰੋਨਾ ਵਾਇਰਸ ਨਾਲ ਸਬੰਧਤ ਹੈ, ਜੋ ਕਿ ਕੋਰੋਨਾ ਵਾਇਰਸ ਦੀ ਉੱਪ ਜਾਤੀ ਗਿਣੀ ਗਈ ਹੈ। ਅਸਲ ਵਿਚ ਇਹ ਕੋਵਿਡ-19 ਹੀ ਸਾਰੇ ਪੁਆੜੇ ਦੀ ਜੜ੍ਹ ਹੈ ਜਿਸ ਨੇ ਸਾਰੇ ਵਿਸ਼ਵ ਵਿਚ ਭੜਥੂ ਪਾਇਆ ਹੋਇਆ ਹੈ। ਲੇਖ ਲਿਖੇ ਜਾਣ ਤਕ ਪੂਰੇ ਸੰਸਾਰ ਵਿਚ ਤਕਰੀਬਨ 37 ਲੱਖ 9 ਹਜ਼ਾਰ ਲੋਕ ਇਸ ਵਾਇਰਸ ਦੀ ਗ੍ਰਿਫ਼ਤ ਵਿਚ ਆ ਚੁੱਕੇ ਸਨ, ਜਿਨ੍ਹਾਂ ਵਿਚੋਂ ਤਕਰੀਬਨ 3,50,000 ਮਰੀਜ਼ਾਂ ਦੀ ਅਣਿਆਈ ਮੌਤ ਦਾ ਕਾਰਨ ਇਹ ਕੋਵਿਡ-19 ਰੋਗਾਣੂ ਬਣਿਆ ਹੈ।

ਕੁੱਲ ਦੁਨੀਆਂ ਦੇ ਤਕਰੀਬਨ 200 ਦੇਸ਼ਾਂ ਵਿਚ ਫੈਲ ਚੁੱਕੇ ਇਸ ਕੋਵਿਡ-19 ਕੋਰੋਨਾ ਵਾਇਰਸ ਨੇ ਭਾਰਤ ਵਿਚ ਵੀ ਦਸਤਕ ਦੇ ਕੇ ਤਕਰੀਬਨ 47,000 ਲੋਕਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ ਹੈ ਤੇ ਤਕਰੀਬਨ 1450   ਮਰੀਜ਼ਾਂ ਨੂੰ ਮੌਤ ਦੀ ਗਹਿਰੀ ਨੀਂਦਰ ਸੁਆ ਦਿਤਾ ਹੈ। ਹੁਣ ਸਵਾਲ ਇਹ ਹੈ ਕਿ ਇਹ ਕੋਵਿਡ-19 ਆਇਆ ਕਿਥੋਂ? ਇਸ ਸਵਾਲ ਦਾ ਜਵਾਬ ਡਾਕਟਰੀ ਪੱਖ ਦੇ ਨਾਲ-ਨਾਲ ਇਸ ਬੀਮਾਰੀ ਦੇ ਪਸਾਰ ਨਾਲ ਸਬੰਧਤ ਸਰਮਾਏਦਰਾਨਾ ਪੱਖਾਂ ਨੂੰ ਵਿਚਾਰਣ ਤੋਂ ਬਾਅਦ ਹੀ ਲਭਦਾ ਪ੍ਰਤੀਤ ਹੁੰਦਾ ਹੈ।

ਇਨ੍ਹਾਂ ਸਰਮਾਏਦਾਰਾਨਾ ਪੱਖਾਂ ਵਿਚ ਜਿਥੇ ਮੰਡੀਕਰਨ ਦੀ ਦੌੜ ਦੇ ਚਲਦਿਆਂ ਮਨੁੱਖੀ ਹਵਸ ਦੀ ਕਹਾਣੀ ਲੁਕੀ ਹੋਈ ਹੈ, ਉੱਥੇ  ਮਨੁੱਖ ਵਲੋਂ ਕੁਦਰਤ ਨਾਲ ਕੀਤਾ ਜਾ ਰਿਹਾ ਖਿਲਵਾੜ ਭਿਆਨਕ ਰੂਪ ਵਿਚ ਦ੍ਰਿਸ਼ਟੀ ਗੋਚਰ ਪ੍ਰਤੀਤ ਹੁੰਦਾ ਹੈ। ਡਾਕਟਰੀ ਪੱਖੋਂ ਕੋਰੋਨਾ ਦੀ ਪੈਦਾਇਸ਼ ਦੀ ਤੈਅ  ਤਕ ਜਾਂਦਿਆਂ ਤੇ ਹੁਣ ਤਕ ਦੀ ਜਾਂਚ ਤੋਂ ਬਾਅਦ ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਅਨੁਸਾਰ ਮੌਜੂਦਾ ਕੋਰੋਨਾ ਵਾਇਰਸ, ਚਮਗਾਦੜ੍ਹ ਜਹੇ ਜੀਵ ਤੋਂ ਪੈਦਾ ਹੋ ਕੇ ਜੀਨਜ਼ ਬਦਲ ਮਨੁੱਖਾਂ ਤਕ ਅੱਪੜਨ ਤੋਂ ਬਾਅਦ ਪੀੜਤ ਮਰੀਜ਼ ਦੀ ਛਿੱਕ ਕਾਰਨ ਉਪਜੇ ਕਣਾਂ ਕਾਰਨ ਇਕ ਤੋਂ ਦੂਜੇ ਮਰੀਜ਼ ਤਕ ਪੁੱਜਣ ਵਾਲਾ ਰੋਗ ਹੈ, ਜੋ ਮਨੁੱਖੀ ਸਾਹ ਪ੍ਰਣਾਲੀ ਉੱਤੇ ਮਾਰੂ ਅਸਰ ਪਾਉਂਦਾ ਹੈ। ਇਹ  ਔਰਤਾਂ ਦੇ ਮੁਕਾਬਲੇ ਮਰਦ ਇਸ ਰੋਗ ਨਾਲ ਜ਼ਿਆਦਾ ਪ੍ਰਭਾਵਤ ਹੋ ਰਹੇ ਹਨ।

ਹੁਣ ਗੱਲ ਕਰਦੇ ਹਾਂ ਇਸ ਵਿਸ਼ਾਣੂ ਦੇ ਮਹਾਂਮਾਰੀ ਬਣ ਕੇ ਉਭਰਨ ਤੇ ਇਸ ਬੀਮਾਰੀ ਦੇ ਫੈਲਣ ਦੇ ਹੋਰ ਪੱਖਾਂ ਨੂੰ ਵਿਚਾਰਣ ਦੀ। ਇਸ ਬੀਮਾਰੀ ਦੇ ਫ਼ੈਲਣ ਵਿਚ ਮਨੁੱਖ ਦਾ ਅਪਣਾ ਲੋਭ ਹੀ ਸਾਹਮਣੇ ਆਉਂਦਾ ਪ੍ਰਤੀਤ ਹੁੰਦਾ ਹੈ। ਦੇਸ਼ ਚੀਨ ਉਤੇ ਵੁਹਾਨ ਸਥਿਤ ਅਪਣੀ ਰਸਾਇਣਿਕ ਪ੍ਰਯੋਗ ਸ਼ਾਲਾ ਰਾਹੀਂ ਕੋਰੋਨਾ ਦੇ ਪੈਦਾਵਾਰ ਦੇ ਦੋਸ਼ ਲੱਗ ਰਹੇ ਹਨ।  ਡੋਨਾਲਡ ਟਰੰਪ ਨੇ ਇਸ ਵਿਸ਼ਾਣੂ ਦੇ ਪ੍ਰਸਾਰ ਲਈ  ਸ਼ਰ੍ਹੇਆਮ ਚੀਨ ਨੂੰ ਦੋਸ਼ੀ ਠਹਿਰਾਉਂਦਿਆਂ ਡਬਲਿਊ.ਐਚ.ਓ ਦੀ ਭਰੋਸੇਯੋਗਤਾ ਉਤੇ ਵੀ ਸਵਾਲ ਚੁੱਕੇ ਸਨ। ਇਸ ਸੰਦਰਭ ਵਿਚ  ਬੁਧੀਜੀਵੀ ਇਸ ਮਹਾਂਮਾਰੀ ਦੇ ਫੈਲਾਅ ਨੂੰ ਅਮਰੀਕਾ ਤੇ ਚੀਨ ਦੋ ਮਹਾਂਸ਼ਕਤੀਆਂ ਦੀ ਹਊਮੇ ਦੇ ਟਕਰਾਅ ਵਜੋਂ ਵੀ ਵੇਖ ਰਹੇ ਹਨ।

ਪਰ ਇਸ ਸਾਰੇ ਬਿਰਤਾਂਤ ਦਾ ਦੁਖਾਂਤਕ ਪਹਿਲੂ ਇਹ ਹੈ ਕਿ ਕੋਵਿਡ-19 ਰੋਗਾਣੂ ਪੂਰੇ ਵਿਸ਼ਵ ਦੇ  ਲੱਖਾਂ ਲੋਕਾਂ ਨੂੰ ਬੀਮਾਰ ਕਰਨ ਤੇ ਹਜ਼ਾਰਾਂ ਬੇਗੁਨਾਹਾਂ ਨੂੰ ਅਣਆਈ ਮੌਤ ਦੇਣ ਦਾ ਕਾਰਨ ਬਣਨ ਦੇ ਨਾਲ ਪੂਰੇ ਵਿਸ਼ਵ ਦੇ ਸਿਹਤ ਤੰਤਰ ਤੇ ਆਰਥਕਤਾ ਲਈ ਵੱਡੀ ਚੁਨੌਤੀ ਬਣ ਗਿਆ ਹੈ ਜਿਸ ਤੋਂ ਉੱਭਰ ਪਾਉਣਾ, ਹਾਲ ਦੀ ਘੜੀ ਸੰਭਵ ਨਹੀਂ ਜਾਪ ਰਿਹਾ। ਇਸ ਵਿਸ਼ਾਣੂ ਨੂੰ  ਰਸਾਇਣਿਕ ਹਥਿਆਰ ਵਜੋਂ ਪਰਖਣ ਦੀ ਕਨਸੋਅ ਤਾਂ ਹੋਰ ਵੀ ਡਰਾਉਣਾ ਅਹਿਸਾਸ ਕਰਵਾਉਂਦੀ ਹੈ ਕਿਉਂਕਿ ਜੇਕਰ ਵਰਤਮਾਨ ਕੋਰੋਨਾ ਕੁਦਰਤੀ ਜੀਵ ਨਾ ਹੋ ਕੇ ਪ੍ਰਯੋਗਸ਼ਾਲਾ ਵਿਚ ਉਪਜਿਆ ਜੀਵ ਹੈ ਤਾਂ ਭਵਿੱਖ ਵਿਚ ਇਸ ਕਿਸਮ ਦੇ ਰਸਾਇਣਿਕ ਜੀਵਾਂ ਦੀ ਹੌਂਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੋ ਮਨੁੱਖਤਾ ਦੇ ਵਿਨਾਸ਼ ਦਾ ਕਾਰਨ ਬਣ ਸਕਦੇ ਹਨ।

ਇਤਿਹਾਸ ਗਵਾਹ ਹੈ ਕਿ ਦੂਜੀ ਸੰਸਾਰ ਜੰਗ ਸਮੇਂ ਜਾਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਸ਼ਹਿਰਾਂ ਉਤੇ ਡਿੱਗੇ ਅਮਰੀਕੀ ਪ੍ਰਮਾਣੂ ਬੰਬਾਂ ਦੀ ਤਬਾਹੀ ਉਸ ਸਮੇਂ ਦੀ ਸੱਭ ਤੋਂ ਖ਼ੌਫ਼ਨਾਕ ਸੱਚਾਈ ਸੀ ਜਿਸ ਦੀ ਚੀਸ ਤਕਰੀਬਨ ਇਕ ਸਦੀ ਬੀਤਣ ਤੋਂ ਬਾਅਦ ਵੀ ਲੋਕਾਂ ਦੇ ਜ਼ਿਹਨ ਵਿਚ ਸਨਸਨੀ  ਉਪਜਾ ਦਿੰਦੀ ਹੈ। ਉਹ ਤਾਂ ਬੰਬ ਸਨ, ਜਿਨ੍ਹਾਂ ਦਾ ਪ੍ਰਭਾਵ ਇਕ ਖ਼ਿੱਤੇ ਤਕ ਸੀਮਤ ਸੀ ਪਰ ਰਸਾਇਣਕ ਹਥਿਆਰ ਤਾਂ ਹਵਾ ਰਾਹੀਂ ਦੇਸ਼ ਦੇਸ਼ਾਂਤਰ ਤਕ ਮਾਰੂ ਪ੍ਰਭਾਵ ਪੈਦਾ ਕਰਨ ਦੇ ਸਮਰੱਥ ਹਨ ਜਿਨ੍ਹਾਂ ਦਾ ਮਾਰੂ ਪ੍ਰਭਾਵ ਅਪਣੀ ਕਹਾਣੀ ਖ਼ੁਦ ਹੀ ਦੱਸ ਰਿਹਾ। ਉਂਜ ਵੀ ਜੇਕਰ ਕੋਈ ਇਕ ਦੇਸ਼ ਰਸਾਇਣਕ ਹਥਿਆਰ ਵਿਕਸਤ ਕਰ ਸਕਦਾ ਹੈ ਤਾਂ ਉਸੇ ਜਾਂ ਕਿਸੇ ਦੂਜੇ ਦੇਸ਼ ਵਲੋਂ ਹੋਰ ਰਸਾਇਣਕ ਹਥਿਆਰ ਉਪਜਾਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਸ ਸੂਰਤ ਵਿਚ ਰਸਾਇਣਕ ਹਥਿਆਰਾਂ ਨਾਲ ਲੈਸ ਇਹ ਦੇਸ਼ ਜਾਂ ਲੋਕ ਕਿਸ ਕਦਰ ਮਨੁੱਖਤਾ ਦਾ ਘਾਣ ਕਰ ਸਕਦੇ ਹਨ, ਇਹ ਸੋਚ ਕੇ ਹੀ ਰੌਂਗਟੇ ਖੜੇ ਹੋ ਜਾਂਦੇ ਹਨ। ਰਸਾਇਣਕ ਹਥਿਆਰਾਂ ਦੇ ਬੇਬੁਨਿਆਦ ਇਲਜ਼ਾਮ ਹੇਠ ਅਮਰੀਕਾ ਵਲੋਂ ਸਾਲ 2003 ਵਿਚ ਇਰਾਕ ਦੇ ਸੱਦਾਮ ਹੁਸੈਨ ਨੂੰ ਗੱਦੀਉਂ ਲਾਹ ਕੇ ਫਾਂਸੀ ਉਤੇ  ਲਟਕਾ ਦਿਤਾ ਸੀ। ਇਸ ਲਈ ਇਸ ਕਿਸਮ ਦੇ ਜੰਤੂਆਂ ਨੂੰ ਰਸਾਇਣਿਕ ਹਥਿਆਰ ਵਜੋਂ ਵਰਤਣਾ ਦੁਨੀਆਂ ਦੀ ਤਬਾਹੀ ਦਾ ਹੀ ਸੰਕੇਤ ਹੈ। ਇਹ ਗੱਲ ਜਿੰਨੀ ਛੇਤੀ ਹੁਕਮਰਾਨਾਂ, ਤਾਨਾਸ਼ਾਹਾਂ ਅਤੇ ਆਮ ਲੋਕਾਂ ਨੂੰ ਸਮਝ ਆ ਜਾਵੇ ਉਨਾ ਹੀ ਚੰਗਾ ਹੈ।

ਦੂਜੇ ਪਾਸੇ ਜੇ ਵਰਤਮਾਨ ਸਮੇਂ ਦੀ ਕੋਰੋਨਾ ਮਹਾਂਮਾਰੀ ਦੋ ਮਹਾਂਸ਼ਕਤੀਆਂ ਅਮਰੀਕਾ ਤੇ ਚੀਨ  ਦੇ ਆਪਸੀ ਟਕਰਾਅ ਤੇ ਭਵਿੱਖ ਲਈ ਵੈਕਸੀਨ ਨਿਰਮਾਣ ਦੀ ਮੁਨਾਫ਼ੇਖੋਰੀ ਸੋਚ ਨਾਲ ਜੁੜੀ ਹੈ ਤਾਂ ਵੀ ਮਨੁੱਖਤਾ ਲਈ ਘਾਤਕ ਵਰਤਾਰਾ ਹੈ ਕਿਉਂਕਿ ਇਸ ਤਰ੍ਹਾਂ ਇਨ੍ਹਾਂ ਸ਼ਕਤੀਆਂ ਲਈ ਮਨੁੱਖ ਇਕ ਪ੍ਰੀਖਣ ਵਸਤੂ ਹੀ ਸਾਬਤ ਹੁੰਦਾ ਹੈ ਜੋ ਕਿ ਮਨੁੱਖਤਾ ਲਈ ਸ਼ਰਮਨਾਕ ਵੀ ਹੈ ਵਿਸ਼ਵ ਲਈ ਤਬਾਹਕੁਨ ਸੋਚ ਹੈ। ਇਸ ਲਈ ਉਪਰੋਕਤ ਮਹਾਂਮਾਰੀ ਦੇ ਕਾਰਨਾਂ ਨੂੰ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਜਾਂਚਣ ਦੀ ਜ਼ਰੂਰਤ ਹੈ। ਚਾਹੀਦਾ ਤਾਂ ਇਹ ਹੈ ਕਿ ਜੇਕਰ ਕੋਈ ਦੇਸ਼ ਕਿਸੇ ਸੂਰਤ ਵਿਚ ਗੁਨਾਹਗਾਰ ਸਾਬਤ ਹੁੰਦਾ ਹੈ ਤਾਂ ਵਕਤ ਰਹਿੰਦੇ ਉਸ ਦੀ ਜ਼ਿੰਮੇਵਾਰੀ ਲਾਜ਼ਮੀ ਤੈਅ ਕਰਨੀ ਚਾਹੀਦੀ ਹੈ ਤਾਕਿ ਅਜਿਹੇ ਦੇਸ਼ ਭਵਿੱਖ ਵਿਚ ਅਜਿਹੇ ਗੁਨਾਹ ਕਰਨ ਤੋਂ ਗ਼ੁਰੇਜ਼ ਕਰਨ। ਇਹੀ ਮਨੁੱਖ ਦੇ ਜਿਊਂਦੇ ਰਹਿਣ ਦੀ ਕਸੌਟੀ ਹੈ, ਇਹੀ ਮਨੁੱਖਤਾ ਦੇ ਜਿਊਂਦੇ ਰਹਿਣ ਦਾ ਸੰਕਲਪ ਹੈ।
ਸੰਪਰਕ : 94173-58393