ਕਿਸਾਨਾਂ ਦੇ ਕਰਜ਼ੇ ਨਹੀਂ, ਵਿਆਜ ਮਾਫ਼ ਕਰਨ ਸਰਕਾਰਾਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਜਾਬ ਦਾ ਕਿਸਾਨ ਕਰਜ਼ੇ ਹੇਠ ਦੱਬ ਕੇ ਖ਼ੁਦਕੁਸ਼ੀਆਂ ਕਰ ਰਿਹਾ ਹੈ। ਖ਼ੁਦਕੁਸ਼ੀਆਂ ਦਾ ਅੰਕੜਾ ਅੱਜ ਹਜ਼ਾਰਾਂ ਵਿਚ ਪਹੁੰਚ ਗਿਆ ਹੈ। ਮੌਕੇ ਦੀਆਂ ਸਰਕਾਰਾਂ ਨੇ ਕਿਸਾਨ...

Farmer

ਪੰਜਾਬ ਦਾ ਕਿਸਾਨ ਕਰਜ਼ੇ ਹੇਠ ਦੱਬ ਕੇ ਖ਼ੁਦਕੁਸ਼ੀਆਂ ਕਰ ਰਿਹਾ ਹੈ। ਖ਼ੁਦਕੁਸ਼ੀਆਂ ਦਾ ਅੰਕੜਾ ਅੱਜ ਹਜ਼ਾਰਾਂ ਵਿਚ ਪਹੁੰਚ ਗਿਆ ਹੈ। ਮੌਕੇ ਦੀਆਂ ਸਰਕਾਰਾਂ ਨੇ ਕਿਸਾਨ ਖ਼ੁਦਕੁਸ਼ੀਆਂ ਪਿਛਲੇ ਸਹੀ ਕਾਰਨ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾਂ ਫਿਰ ਜਾਣ ਬੁੱਝ ਕੇ ਇਸ ਤੋਂ ਅਣਜਾਣ ਬਣਦੀਆਂ ਰਹੀਆਂ ਹਨ। ਕੀ ਇਹ ਸਹੀ ਹੈ ਕਿ ਕਿਸਾਨ ਕਰਜ਼ੇ ਕਾਰਨ ਹੀ ਖ਼ੁਦਕੁਸ਼ੀਆਂ ਕਰ ਰਿਹਾ ਹੈ? ਕੀ ਕਿਸਾਨ ਦੁਆਰਾ ਲਏ ਗਏ ਕਰਜ਼ੇ ਨੂੰ ਮਾਫ਼ ਕਰਨ ਨਾਲ ਕਿਸਾਨ ਖ਼ੁਦਕੁਸ਼ੀਆਂ ਦਾ ਹੱਲ ਹੋ ਜਾਵੇਗਾ? ਕੀ ਕਰਜ਼ੇ ਮਾਫ਼ ਹੋਣ ਤੋਂ ਬਾਅਦ ਕਿਸਾਨ ਮੁੜ ਕਰਜ਼ਾ ਨਹੀਂ ਲੈਣਗੇ? 

ਸਵਾਲ ਇਹ ਹੈ ਕਿ ਆਖ਼ਰ ਕਿਸਾਨਾਂ ਨੇ ਕਰਜ਼ਾ ਕਿਉਂ ਲਿਆ ਤੇ ਫਿਰ ਵਾਪਸ ਕਿਉਂ ਨਹੀਂ ਕਰ ਸਕੇ? ਪੰਜਾਬ ਵਿਚ ਬਹੁਤ ਸਾਰੇ ਪ੍ਰਾਈਵੇਟ ਬੈਂਕ ਆ ਗਏ ਹਨ। ਇਨ੍ਹਾਂ ਬੈਂਕਾਂ ਦਾ ਇਕੋ-ਇਕ ਉਦੇਸ਼ ਹੈ ਅਪਣੇ ਗਾਹਕਾਂ ਜਿਵੇਂ ਉਦਯੋਗਪਤੀਆਂ, ਵਪਾਰੀਆਂ, ਨੌਕਰੀਪੇਸ਼ਾ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣਾ ਤਾਕਿ ਉਹ ਅਪਣਾ ਪੈਸਾ ਬੈਂਕਾਂ ਵਿਚ ਜਮ੍ਹਾਂ ਕਰਵਾਉਣ। ਇਹੋ ਪੈਸਾ ਉਨ੍ਹਾਂ ਨੂੰ ਕਰਜ਼ੇ ਦੇ ਰੂਪ ਦੇਣਾ ਤੇ ਬਦਲੇ ਵਿਚ ਵਿਆਜ ਲੈ ਕੇ ਕਮਾਈ ਕਰਨਾ ਤੇ ਅਪਣੇ ਖ਼ਰਚੇ ਪੂਰੇ ਕਰਨਾ ਹੀ ਬੈਂਕ ਦਾ 'ਵਪਾਰ' ਹੈ। 

ਇਸ ਦੁਨੀਆਂ ਵਿਚ ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਕੋਲ ਵੱਡੀ ਕਾਰ ਹੋਵੇ, ਕੋਠੀ ਹੋਵੇ, ਏ. ਸੀ. ਹੋਵੇ, ਵੱਡਾ ਟੀ. ਵੀ. ਆਦਿ ਸੱਭ ਕੁੱਝ ਹੋਵੇ ਪਰ ਉਹ ਅਪਣੀ ਆਮਦਨ ਦੇ ਸਰੋਤਾਂ ਨੂੰ ਵੇਖਦਿਆਂ ਇਨ੍ਹਾਂ ਚੀਜ਼ਾਂ ਤੋਂ ਬਿਨਾਂ ਵੀ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਜੇ ਕਿਸੇ ਵਿਅਕਤੀ ਨੂੰ ਇਹ ਕਹਿ ਦਿਤਾ ਜਾਵੇ ਕਿ ਉਹ ਇਹ ਸੱਭ ਚੀਜ਼ਾਂ ਬਿਨਾਂ ਕਿਸੇ ਮੁਸ਼ਕਲ ਕਰਜ਼ਾ ਲੈ ਕੇ ਪ੍ਰਾਪਤ ਕਰ ਸਕਦਾ ਹੈ ਤਾਂ ਉਹ ਵਿਅਕਤੀ ਇਕ ਵਾਰ ਤਾਂ ਜ਼ਰੂਰ ਖਿਚਿਆ ਜਾਂਦਾ ਹੈ। ਇਨਸਾਨ ਦੀ ਇਸੇ ਕਮਜ਼ੋਰੀ ਦਾ ਫ਼ਾਇਦਾ ਪ੍ਰਾਈਵੇਟ ਬੈਂਕਾਂ ਨੇ ਉਠਾਇਆ ਹੈ।

ਬੈਂਕਾਂ ਨੇ ਆਮ ਵਿਅਕਤੀ ਦੇ ਨਾਲ-ਨਾਲ ਪੰਜਾਬ ਦੇ ਕਿਸਾਨ ਨੂੰ ਵੀ ਇਸ ਜਾਲ ਵਿਚ ਫਸਾਇਆ ਹੈ। ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕਰਜ਼ਾ ਦਿੰਦੇ ਸਮੇਂ ਇਹ ਵੀ ਨਹੀਂ ਵੇਖਿਆ ਜਾਂਦਾ ਕਿ ਸਬੰਧਤ ਕਿਸਾਨ ਕਰਜ਼ਾ ਮੋੜ ਵੀ ਸਕੇਗਾ ਜਾਂ ਨਹੀਂ। ਕਿਸਾਨ ਦੀ ਕਮਾਈ ਦਾ ਇਕੋ ਇਕ ਸਾਧਨ ਜ਼ਮੀਨ ਗਹਿਣੇ ਰੱਖ ਲਈ ਜਾਂਦੀ ਹੈ। ਇਸ ਤਰ੍ਹਾਂ ਬੈਂਕ ਅਪਣਾ ਪੈਸਾ ਵਾਪਸ ਲੈਣ ਦਾ ਪੱਕਾ ਇੰਤਜ਼ਾਮ ਕਰ ਲੈਂਦੇ ਹਨ। ਹੁਣ ਸਵਾਲ ਇਹ ਹੈ ਕਿ ਕਿਸਾਨਾਂ ਨੇ ਬੈਂਕਾਂ ਤੋਂ ਲਏ ਪੈਸੇ ਮੋੜੇ ਜਾਂ ਨਹੀਂ?

ਇਸ ਸਵਾਲ ਦਾ ਜਵਾਬ ਇਹ ਹੈ ਕਿ ਕਿਸਾਨ ਨੇ ਪੈਸੇ ਤਾਂ ਮੋੜੇ ਪਰ ਬੈਂਕਾਂ ਵਲੋਂ ਲਾਏ ਗਏ ਵਿਆਜ ਦਰ ਵਿਆਜ ਨੂੰ ਨਹੀਂ ਮੋੜ ਸਕਿਆ। ਇਹ ਵਿਆਜ ਦਾ ਅਜਿਹਾ ਜਾਲ ਸੀ ਜਿਸ ਤੋਂ ਕਿਸਾਨ ਨੂੰ ਜਾਣੂੰ ਨਹੀਂ ਕਰਵਾਇਆ ਗਿਆ ਸੀ। ਅੱਜ ਪੰਜਾਬ ਦਾ ਕਿਸਾਨ ਇਨ੍ਹਾਂ ਬੈਂਕਾਂ ਵਲੋਂ ਲਏ ਕਰਜ਼ੇ ਦੇ ਪੈਸੇ ਤੋਂ ਕਈ ਗੁਣਾਂ ਵੱਧ ਪੈਸੇ ਤਾਂ ਮੋੜ ਚੁਕਾ ਹੈ ਪਰ ਵਿਆਜ ਕਾਰਨ ਬਣਿਆ ਪੈਸਾ ਨਹੀਂ ਮੋੜ ਸਕਿਆ ਜੋ ਹਰ ਸਾਲ ਵਧਦਾ ਹੀ ਜਾ ਰਿਹਾ ਹੈ। ਕਿਸਾਨ ਇਸ ਜਾਲ ਵਿਚੋਂ ਨਿਕਲਣ ਦੀ ਜਿੰਨੀ ਕੋਸ਼ਿਸ਼ ਕਰ ਰਿਹਾ ਹੈ, ਓਨਾ ਹੀ ਜ਼ਿਆਦਾ ਫਸਦਾ ਜਾ ਰਿਹਾ ਹੈ।

ਕਿਸਾਨ ਅਪਣੇ ਪ੍ਰਵਾਰ ਦੀਆਂ ਬੁਨਿਆਦੀ ਲੋੜਾਂ, ਜ਼ਿੰਮੇਵਾਰੀਆਂ ਵੀ ਨਿਭਾਉਣ ਦੇ ਅਸਮਰੱਥ ਹੋ ਗਿਆ ਹੈ। ਉਹ ਅਪਣੀ ਜ਼ਮੀਨ ਗਵਾ ਰਿਹਾ ਹੈ। ਬੱਚਿਆਂ ਦੀਆਂ ਫ਼ੀਸਾਂ ਨਹੀਂ ਭਰ ਹੋ ਰਹੀਆਂ। ਬੱਚਿਆਂ, ਰਿਸ਼ਤੇਦਾਰਾਂ ਤੇ ਸਮਾਜ ਸਾਹਮਣੇ ਸ਼ਰਮਿੰਦਾ ਹੋਣਾ ਪੈ ਰਿਹਾ ਹੈ। ਇਹ ਸ਼ਰਮਿੰਦਗੀ ਹੀ ਉਸ ਨੂੰ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੀ ਹੈ। 

ਹੁਣ ਸਵਾਲ ਇਹ ਹੈ ਕਿ ਸਰਕਾਰਾਂ ਕਿਸਾਨਾਂ ਨੂੰ ਕਿਸ ਤਰ੍ਹਾਂ ਇਸ ਕਰਜ਼ੇ ਦੇ ਜਾਲ ਵਿਚੋਂ ਮੁਕਤ ਕਰਵਾ ਸਕਦੀਆਂ ਹਨ?ਸਰਕਾਰ ਨੂੰ ਚਾਹੀਦਾ ਹੈ ਕਿ ਹਰ ਕਿਸਾਨ ਦਾ ਬੈਂਕ ਖਾਤਾ ਵੇਖਿਆ ਜਾਵੇ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਕਿਸਾਨ ਨੇ ਬੈਂਕ ਤੋਂ ਕਿੰਨੇ ਪੈਸੇ ਲਏ ਸਨ ਤੇ ਕਿੰਨੇ ਮੋੜ ਦਿਤੇ ਹਨ। ਇੰਜ ਇਹ ਗੱਲ ਸਾਹਮਣੇ ਆਵੇਗੀ ਕਿ ਕਿਸਾਨ ਨੇ ਜੋ ਪੈਸੇ ਲਏ ਸਨ, ਉਸ ਤੋਂ ਕਈ ਗੁਣਾਂ ਵੱਧ ਪੈਸੇ ਵਾਪਸ ਕਰ ਚੁਕਾ ਹੈ ਤੇ ਕਰ ਰਿਹਾ ਹੈ ਪਰ ਏਨੇ ਪੈਸੇ ਦੇਣ ਦੇ ਬਾਵਜੂਦ ਕਿਸਾਨਾਂ ਦੀਆਂ ਜ਼ਮੀਨਾਂ ਦੀ ਨੀਲਾਮੀ ਕਰਵਾਈ ਜਾ ਰਹੀ ਹੈ।

ਜੇ ਸਰਕਾਰਾਂ ਸੱਚੇ ਦਿਲੋਂ ਸਮਝਦੀਆਂ ਹਨ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਤਾਂ ਇਹ ਸਮਾਂ ਉਸ ਅੰਨਦਾਤਾ ਲਈ ਕੁੱਝ ਕਰਨ ਦਾ ਹੈ।  ਫਿਰ ਇਸ ਸਮੱਸਿਆ ਦਾ ਹੱਲ ਕੀ ਹੈ? ਇਸ ਸਮੱਸਿਆ ਦਾ ਹੱਲ ਕਰਨ ਲਈ ਸਰਕਾਰਾਂ ਬੈਂਕਾਂ ਨੂੰ ਹਦਾਇਤਾਂ ਜਾਰੀ ਕਰਨ ਕਿ ਕਿਸਾਨਾਂ ਤੋਂ ਓਨਾ ਵਿਆਜ ਹੀ ਲਿਆ ਜਾਵੇ ਜਿੰਨਾ ਕਿਸੇ ਵਿਅਕਤੀ ਨੂੰ ਅਪਣੇ ਖਾਤੇ ਵਿਚ ਪੈਸੇ ਜਮ੍ਹਾਂ ਕਰਵਾਉਣ 'ਤੇ ਨਿਰਧਾਰਤ ਸਮੇਂ ਉਤੇ ਬੈਂਕ ਦਿੰਦਾ ਹੈ। ਇਸ ਤਰੀਕੇ ਨਾਲ ਬੈਂਕਾਂ ਦਾ ਕਿਸਾਨਾਂ ਵਲ ਫਸਿਆ ਕਰੋੜਾਂ ਰੁਪਏ ਦਾ ਕਰਜ਼ਾ ਵਾਪਸ ਮਿਲ ਜਾਵੇਗਾ ਤੇ ਉਚਿਤ ਵਿਆਜ ਵੀ ਪ੍ਰਾਪਤ ਹੋ ਜਾਵੇਗਾ

ਜਿਸ ਨਾਲ ਬੈਂਕਾਂ ਨੂੰ ਵੀ ਕੋਈ ਘਾਟਾ ਨਹੀਂ ਪਵੇਗਾ ਅਤੇ ਸਰਕਾਰ 'ਤੇ ਵੀ ਕੋਈ ਵਾਧੂ ਬੋਝ ਨਹੀਂ ਪਵੇਗਾ। ਸੱਭ ਤੋਂ ਵੱਡੀ ਗੱਲ ਇਹ ਹੋਵੇਗੀ ਕਿ ਦੇਸ਼ ਦਾ ਅੰਨਦਾਤਾ ਜੋ ਮੌਤ ਨੂੰ ਗਲ ਨਾਲ ਲਾ ਰਿਹਾ ਹੈ, ਲੋਕਾ ਦਾ ਢਿੱਡ ਭਰਨ ਲਈ ਦੁਬਾਰਾ ਮਿਹਨਤ ਕਰਨ ਲੱਗੇਗਾ ਤੇ ਖ਼ੁਦਕੁਸ਼ੀ ਕਰਨ ਬਾਰੇ ਸੋਚੇਗਾ ਵੀ ਨਹੀਂ। ਕਿਸਾਨ ਨੇ ਪੈਸਿਆਂ ਦਾ ਕਰਜ਼ਾ ਲਿਆ ਸੀ, ਵਿਆਜ ਦਾ ਨਹੀਂ।

ਇਹ ਪੰਕਤੀਆਂ ਉਨ੍ਹਾਂ ਲੋਕਾਂ ਲਈ ਹਨ ਜਿਹੜੇ ਕਹਿੰਦੇ ਹਨ ਕਿ ਕਿਸਾਨ ਬਿਨਾਂ ਕਿਸੇ ਕਾਰਨ ਹੀ ਖ਼ੁਦਕੁਸ਼ੀਆਂ ਕਰ ਰਹੇ ਹਨ :
ਜ਼ਿੰਦਗੀਏ ਕਿਹੋ ਜਿਹੇ ਇਲਜ਼ਾਮ ਲਾਈ ਜਾਨੀ ਏਂ, 
ਦੱਸ ਮੌਤ ਨੂੰ ਆ ਕੌਣ ਪਿਆਰ ਕਰਦੈ?
ਸੰਪਰਕ : 98556-62747