ਦੇਸ਼ ਨੂੰ ਬਚਾਉ ਬਰਬਾਦੀ ਦੇ ਰਾਹ ਤੋਂ, ਮਿਹਨਤ ਦਾ ਮੰਤਰ ਦਿਉ 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ੍ਰੀ ਅਟਲ ਬਿਹਾਰੀ ਵਾਜਪਾਈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸਨ ਤਾਂ ਉਹ ਇਕ ਵਾਰ ਅਫ਼ਗ਼ਾਨਿਸਤਾਨ ਦੇ ਦੌਰੇ 'ਤੇ ਗਏ। ਉਥੇ ਉਨ੍ਹਾਂ ਸਰਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ...

Atal Bihari Vajpayee

ਸ੍ਰੀ ਅਟਲ ਬਿਹਾਰੀ ਵਾਜਪਾਈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸਨ ਤਾਂ ਉਹ ਇਕ ਵਾਰ ਅਫ਼ਗ਼ਾਨਿਸਤਾਨ ਦੇ ਦੌਰੇ 'ਤੇ ਗਏ। ਉਥੇ ਉਨ੍ਹਾਂ ਸਰਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਗਜ਼ਨਵੀ ਪਿੰਡ ਜਾਣਾ ਚਾਹੁੰਦੇ ਹਨ ਤਾਂ ਸਰਕਾਰੀ ਅਧਿਕਾਰੀਆਂ ਨੇ ਦਸਿਆ ਕਿ ਉਥੇ ਕੋਈ ਇਤਿਹਾਸਕ ਚੀਜ਼ ਨਹੀਂ ਹੈ, ਇਕ ਰੇਤਲਾ ਪਿੰਡ ਹੈ, ਕੋਈ ਹੋਟਲ ਵੀ ਨਹੀਂ ਹੈ ਅਤੇ ਕੋਈ ਧਾਰਮਕ ਸਥਾਨ ਵੀ ਨਹੀਂ ਹੈ ਪਰ ਸ੍ਰੀ ਵਾਜਪਾਈ ਉਥੇ ਗਏ ਅਤੇ ਅਫ਼ਗ਼ਾਨਿਸਤਾਨ ਦੇ ਅਧਿਕਾਰੀ ਨੂੰ ਕਿਹਾ ਕਿ ਉਨ੍ਹਾਂ ਨੂੰ ਮੁਹੰਮਦ ਗਜ਼ਨਵੀ ਤੇ ਉਸ ਦੀ ਮਾਂ ਦੀ ਕਬਰ ਵਿਖਾਉ।

ਅਧਿਕਾਰੀ ਹੈਰਾਨ ਹੋਏ ਤੇ ਉਹ ਉਨ੍ਹਾਂ ਨੂੰ ਉਥੇ ਲੈ ਗਏ। ਵਾਪਸ ਆ ਕੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਇਸ ਦਾ ਕਾਰਨ ਪੁਛਿਆ ਤਾਂ ਵਾਜਪਾਈ ਕਹਿਣ ਲਗੇ ਕਿ ਮੈਂ ਤਾਂ ਮੁਹੰਮਦ ਗਜ਼ਨਵੀ ਦੀ ਕਬਰ ਵੇਖਣ ਗਿਆ ਸੀ ਤੇ ਦੇਖਣਾ ਚਾਹੁੰਦਾ ਸੀ ਕਿ ਉਹ ਕਿਸ ਮਾਂ ਦਾ ਸ਼ੇਰ ਪੁੱਤਰ ਸੀ, ਜਿਸ ਨੇ ਕੁੱਝ ਗੁੰਡੇ ਬਦਮਾਸ਼ ਲੈ ਕੇ, ਭਾਰਤ ਉਤੇ 17ਵਾਰ ਹਮਲਾ ਕੀਤਾ, ਭਾਰਤ ਨੂੰ ਲੁਟਿਆ, ਸੋਮਨਾਥ ਦਾ ਮੰਦਰ ਤਬਾਹ ਕਰ ਕੇ, ਸਾਰੇ ਪੁਜਾਰੀਆਂ ਦਾ ਕਤਲ ਕਰ ਕੇ, ਸੋਨੇ ਦੀਆਂ ਮੂਰਤੀਆਂ ਖਚਰਾਂ ਰੇਹੜਿਆਂ ਉਤੇ ਲੱਦ ਕੇ ਗਜ਼ਨਵੀ ਪਿੰਡ ਲੈ ਕੇ ਆਇਆ ਸੀ।

ਮੈਂ ਵੇਖਣਾ ਚਾਹੁੰਦਾ ਸੀ ਕਿ ਗਜ਼ਨਵੀ ਪਿੰਡ ਦੀ ਮਿੱਟੀ ਵਿਚ ਅਜਿਹਾ ਕੀ ਹੈ ਜਿਸ ਨੇ ਇਕ ਆਮ ਬਦਮਾਸ਼ ਅੰਦਰ ਇੰਨਾ ਹੌਸਲਾ ਭਰਿਆ ਤੇ ਉਹ ਬਦਮਾਸ਼ਾਂ ਦੇ ਟੋਲੇ ਨੂੰ ਲੈ ਕੇ ਮੇਰੇ ਭਾਰਤ 'ਤੇ ਵਾਰ-ਵਾਰ ਹਮਲਾ ਕਰਦਾ ਰਿਹਾ।ਹਮਲਾ ਹਮੇਸ਼ਾ ਕਮਜ਼ੋਰ, ਸੁਸਤ ਤੇ ਡਰਪੋਕ ਉਤੇ ਹੁੰਦਾ ਹੈ। ਉਸ ਸਮੇਂ ਭਾਰਤੀ ਲੋਕ ਧਰਮ ਮਰਿਆਦਾ ਵਿਚ ਏਨੇ ਫਸੇ ਹੋਏ ਸਨ ਕਿ ਗਜ਼ਨਵੀ ਦੇ ਹਮਲੇ ਸਮੇਂ ਪੁਜਾਰੀ ਪਾਠ ਕਰਨ ਲੱਗ ਪੈਂਦੇ, ਮੂਰਤੀਆਂ ਅੱਗੇ  ਨੱਕ ਰਗੜਨ ਲੱਗ ਜਾਂਦੇ, ਤਰ੍ਹਾਂ-ਤਰ੍ਹਾਂ ਦੇ ਪੂਜਾ ਪਾਠ ਕਰਦੇ ਰਹੇ ਪਰ ਕੁੱਝ ਨਾ ਬਣਿਆ।

ਭਾਰਤ ਤਾਂ ਨੂੰ ਵਾਰ-ਵਾਰ ਦੂਜੇ ਦੇਸ਼ਾਂ ਨੇ ਗ਼ੁਲਾਮ ਨਹੀਂ ਬਣਾਇਆ ਸਗੋਂ ਭਾਰਤੀ ਗ਼ੁਲਾਮ ਬਣਨ ਹਿਤ ਪਹਿਲਾਂ ਹੀ ਤਿਆਰ ਸਨ, ਮੁਰਦਿਆਂ, ਅਪਾਹਜਾਂ, ਬਿਮਾਰਾਂ ਵਾਂਗ ਜਿਊਂਦੇ ਸਨ। ਭਾਰਤੀਆਂ ਨੂੰ ਕੇਵਲ ਪੂਜਾ-ਪਾਠ ਕਰਨ ਨਾਲ ਹੀ ਸ਼ਕਤੀ ਮਿਲਦੀ ਸੀ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਪਾਠ ਕਰਨ ਨਾਲ ਪ੍ਰਮਾਤਮਾ ਪ੍ਰਗਟ ਹੁੰਦੇ ਹਨ ਤੇ ਦੂਜੇ ਪਾਸੇ ਮੰਤਰਾਂ ਦਾ ਉਚਾਰਣ ਕਰਨ ਨਾਲ ਦੇਵਤੇ ਪ੍ਰਗਟ ਹੁੰਦੇ ਹਨ ਤੇ ਸਾਰੀਆਂ ਇਛਾਵਾਂ ਪੂਰੀਆਂ ਕਰਦੇ ਹਨ ਤੇ ਸੰਕਟ ਸਮੇਂ ਬਚਾਅ ਕਰਦੇ ਹਨ। 

ਦੂਜੇ ਪਾਸੇ ਨਾਸਤਕ ਤੇ ਬਹਾਦਰ ਲੋਕ ਵਾਰ-ਵਾਰ ਆਉਂਦੇ ਰਹੇ, ਦੇਸ਼ ਨੂੰ ਲੁਟਦੇ ਰਹੇ ਤੇ ਸਾਡੇ ਲੋਕ ਹਥਿਆਰਾਂ ਨਾਲ ਮੁਕਾਬਲੇ ਦੀ ਥਾਂ ਪੂਜਾ ਪਾਠ ਵਿਚ ਹੀ ਫਸੇ ਰਹੇ ਕਿਉਂਕਿ ਸਾਡੇ ਧਾਰਮਕ ਸੰਤਾਂ, ਮੁਨੀਆਂ, ਪੰਡਤਾਂ ਤੇ ਰਾਜਿਆਂ ਨੇ  ਹਰ ਇਨਸਾਨ ਨੂੰ ਹਥਿਆਰ ਚਲਾਉਣ ਦਾ ਗਿਆਨ ਦਿਤਾ ਹੀ ਨਹੀਂ ਸੀ। ਸਮਾਜ ਦੇ ਲੋਕ 4 ਹਿੱਸਿਆਂ ਵਿਚ ਵੰਡ ਦਿਤੇ ਗਏ ਸਨ।

ਪੰਡਤ ਹਰ ਇਨਸਾਨ ਨੂੰ ਗਿਆਨ ਦੇਣਗੇ, ਲੜਾਕੇ ਹਥਿਆਰਾਂ ਦੀ ਵਰਤੋਂ ਕਰਨਗੇ, ਰਾਜੇ-ਰਾਜ ਕਰਨ ਤੇ ਛੋਟੇ ਵਰਗ ਦੇ ਲੋਕ, ਸੂਦਰ ਲੋਕ ਸੇਵਾ ਤੇ ਸਫ਼ਾਈ ਕਰਨਗੇ ਜਿਸ ਕਰ ਕੇ ਯੁਧਾਂ ਵਿਚ ਹਥਿਆਰਬੰਦ ਸਿਪਾਹੀ ਮਰਦੇ ਰਹੇ, ਘਟਦੇ ਰਹੇ, ਦੂਜੇ ਕਿਸੇ ਵੰਸ਼ ਵਿਚ ਅਧਿਕਾਰ ਨਾ ਹੋਣ ਕਰ ਕੇ ਹਥਿਆਰਾਂ ਦੀ ਵਰਤੋਂ ਕਰਨੀ ਨਹੀਂ ਸਿਖੀ ਸੀ ਤੇ ਉਹ ਪੂਜਾ ਪਾਠ, ਰਾਜ ਪਾਠ, ਸੇਵਾ ਸਫ਼ਾਈ ਤੇ ਗ਼ੁਲਾਮੀ ਕਰ ਕੇ ਮਰਦੇ ਰਹੇ ਧਰਮ ਦੇ ਨਾਮ 'ਤੇ ਜਾਤਾਂ ਦੇ ਨਾਮ 'ਤੇ। ਵੰਡੇ ਹੋਏ ਸਮਾਜ ਅੰਦਰ ਇਕ ਦੂਜੇ 'ਤੇ ਦੇਸ਼ ਪ੍ਰਤੀ ਕੋਈ ਪ੍ਰੇਮ ਤੇ ਸ਼ਰਧਾ ਨਹੀਂ ਸੀ।

ਛੋਟੇ-ਛੋਟੇ ਲੁਟੇਰੇ ਆਉਂਦੇ ਤੇ ਲੁਟ ਕੇ ਲੈ ਜਾਂਦੇ ਤੇ ਲੋਕ ਦਰਵਾਜ਼ੇ ਬੰਦ ਕਰ ਲੈਂਦੇ, ਜਿਵੇਂ ਕਬੂਤਰ ਬਿੱਲੀ ਵੇਖ ਕੇ ਅੱਖਾਂ ਬੰਦ ਕਰ ਲੈਂਦਾ ਹੈ। ਹਜ਼ਾਰਾਂ ਸਾਲ ਭਾਰਤੀ  ਸਮਾਜ ਧਰਮ, ਪੰਡਤਾਂ, ਅਗਿਆਨਤਾ, ਕਮਜ਼ੋਰੀਆਂ, ਅੰਧ ਵਿਸ਼ਵਾਸ ਦੇ ਚੱਕਰਾਂ ਵਿਚ ਲੁਟਿਆ ਜਾਂਦਾ ਰਿਹਾ ਤੇ ਬਹਾਦਰ ਲੋਕ, ਹਥਿਆਰਾਂ ਤੇ ਫ਼ੌਜ ਦੇ ਜ਼ੋਰ 'ਤੇ ਲੁਟਦੇ ਰਹੇ। ਅਸਲ ਵਿਚ ਕਰਮ-ਕਾਂਡਾਂ, ਜਾਤ-ਪਾਤ ਦੀ ਨਫ਼ਰਤ ਤੇ ਨਾ-ਮਿਲਵਰਤਣ ਦੀ ਭਾਵਨਾ ਨੇ ਇਨਸਾਨ ਅੰਦਰ ਡਰ ਤੇ ਨਫ਼ਰਤ ਪੈਦਾ ਕੀਤੀ।

ਸੜਕ ਉਤੇ ਜਾਂਦੇ ਸਮੇਂ ਧਾਰਮਕ ਸਥਾਨ ਅੱਗੇ ਲੋਕ ਹੱਥ ਜੋੜ ਕੇ, ਸਿਰ ਨੀਂਵਾ ਕਰ ਕੇ ਹੀ ਅੱਗੇ ਜਾਂਦੇ ਹਨ ਤਾਕਿ ਹਾਜ਼ਰੀ ਲੱਗ ਜਾਵੇ ਜਿਵੇਂ ਸਾਹਮਣੇ ਕੋਈ ਹਾਜ਼ਰੀ ਲਗਾ ਰਿਹਾ ਹੋਵੇ। ਧਰਮ ਕੇਵਲ ਕਰਮ ਦਾ ਰਸਤਾ ਹੈ, ਜਿਵੇਂ ਕਿਤਾਬਾਂ, ਕੰਧਾਂ ਤੇ ਮੋਬਾਈਲ 'ਤੇ ਦਿਸਦੇ ਸੁੰਦਰ ਵਿਚਾਰ, ਪੜ੍ਹ ਕੇ ਇਨਸਾਨ ਅੱਗੇ ਭੇਜ ਦਿੰਦੇ ਹਨ, ਜਿਵੇਂ ਡਾਕਟਰ ਦੀ ਪੁੜੀ ਜੇਬ ਵਿਚ ਰੱਖ ਕੇ ਇਲਾਜ ਨਹੀਂ ਹੋ ਸਕਦਾ, ਕਿਸੇ ਸਥਾਨ ਦਾ ਨਕਸ਼ਾ ਜੇਬ ਵਿਚ ਰੱਖ ਕੇ ਬੈਠੇ-ਬੈਠੇ, ਮੰਜ਼ਿਲ ਨਹੀਂ ਮਿਲਦੀ, ਠੀਕ ਉਸੇ ਤਰ੍ਹਾਂ ਧਰਮ ਗਿਆਨ, ਸ਼ਕਤੀ ਤੇ ਆਤਮਵਿਸ਼ਵਾਸ ਦਿੰਦਾ ਹੈ ਨਾਕਿ ਬੈਠੇ-ਬੈਠੇ ਪਾਠ ਕਰਦੇ ਰਹਿਣ ਨਾਲ ਸ਼ਕਤੀ ਮਿਲੇਗੀ।

ਧਰਮ ਗੁਰੂਆਂ ਨੇ ਅਪਣੇ-ਅਪਣੇ ਧਰਮਾਂ ਦਾ ਅਪਣੀ ਜਾਤੀ ਦੇ ਲੋਕਾਂ ਨੂੰ ਵਾਰ-ਵਾਰ ਵਿਖਿਆਨ ਕਰ ਕੇ ਅਪਣੇ ਹੀ ਧਰਮ ਨੂੰ ਉਜਾਗਰ ਕੀਤਾ ਤੇ ਦੂਜੇ ਧਰਮਾਂ ਨੂੰ ਬੇਕਾਰ ਦਸਿਆ। ਧਰਮ ਨਿਰਪੱਖ ਦੇਸ਼ ਹੋਣ ਕਾਰਨ ਭਾਰਤ ਵਿਚ ਨੌਜੁਆਨਾਂ ਨੂੰ ਧਰਮ ਗ੍ਰੰਥਾਂ ਤੋਂ ਦੂਰ ਕੀਤਾ ਜਾ ਰਿਹਾ ਹੈ। ਸਕੂਲਾਂ, ਕਾਲਜਾਂ ਵਿਚ ਧਰਮ ਬਾਰੇ ਪੜ੍ਹਾਇਆ ਹੀ ਨਹੀਂ ਜਾਂਦਾ ਅਤੇ ਜੋ ਪੜ੍ਹਾਇਆ ਜਾਂਦਾ ਹੈ, ਉਹ ਜ਼ਿੰਦਗੀ ਵਿਗਾੜਦਾ ਹੈ। ਇਸ ਤਰ੍ਹਾਂ ਇਨਸਾਨ ਸਮਾਜ ਵਿਚ ਕੇਵਲ ਧਰਮ ਦਾ ਚੋਗਾ ਪਾ ਕੇ ਵਿਚਰਨ ਜੋਗਾ ਰਹਿ ਜਾਂਦਾ ਹੈ।

ਅੱਜ ਵੀ ਅਸੀ ਲੋਕਾਂ ਨੂੰ ਇਸੇ ਪਾਸੇ ਯਤਨਸ਼ੀਲ ਵੇਖ ਰਹੇ ਹਾਂ। ਧਾਰਮਕ ਪ੍ਰੋਗਰਾਮ ਤੇ ਧਾਰਮਕ ਦਿਵਸ ਮਨਾਏ ਜਾ ਰਹੇ ਹਨ ਪਰ ਗਿਆਨ ਕੋਈ ਨਹੀਂ ਦੇ ਰਿਹਾ ਤੇ ਨਾ ਹੀ ਕੋਈ ਲੈ ਰਿਹਾ ਹੈ, ਕੇਵਲ ਪੂਜਾ 'ਤੇ ਜ਼ੋਰ ਹੈ, ਗਿਆਨ ਲੈਣ ਉਤੇ ਜ਼ੋਰ ਨਹੀਂ। ਸਾਡੇ ਧਾਰਮਕ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਤੇ ਮੂਰਤੀਆਂ ਕੀ ਕਹਿੰਦੀਆਂ ਹਨ, ਉਨ੍ਹਾਂ ਦੇ ਕਰਮ ਕੀ ਸਨ, ਇਸ ਬਾਰੇ ਕੋਈ ਨਹੀਂ ਦਸਦਾ ਤੇ ਨਾ ਹੀ ਕੋਈ ਵਿਚਾਰਦਾ ਹੈ।

ਅੱਜ ਭਾਰਤੀ ਤੇ ਖ਼ਾਸ ਤੌਰ 'ਤੇ ਪੰਜਾਬੀ ਬਿਮਾਰ, ਕਮਜ਼ੋਰ, ਡਰਪੋਕ ਬਣਦੇ ਜਾ ਰਹੇ ਹਨ। ਇਸ ਕਰ ਕੇ ਧਨ, ਇੱਜ਼ਤ, ਔਰਤਾਂ ਦਾ ਸਨਮਾਨ ਤੇ ਦੇਸ਼ ਦੀ ਅਮਨ ਸ਼ਾਂਤੀ ਤਬਾਹ ਹੋ ਰਹੀ ਹੈ। ਲੋਕ ਬਸ ਪਾਠ ਕਰ ਕੇ ਕਿਸੇ ਦੇਵੀ-ਦੇਵਤੇ ਦੇ ਪ੍ਰਗਟ ਹੋਣ ਦੀ ਆਸ ਵਿਚ ਬੈਠੇ ਹਨ। ਹੱਥਾਂ ਵਿਚ ਮਾਲਾ ਤੇ ਮੂੰਹ ਵਿਚ ਤਰ੍ਹਾਂ-ਤਰ੍ਹਾਂ ਦੇ ਪਾਠ ਨੇ ਲੋਕਾਂ ਨੂੰ ਡਰਪੋਕ ਤੇ ਕਮਜ਼ੋਰ ਬਣਾ ਕੇ ਰੱਖ ਦਿਤਾ ਹੈ। 

ਇਸ ਸੱਭ ਦੀ ਰੋਕਥਾਮ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠਾ ਕਰ ਕੇ, ਉਨ੍ਹਾਂ ਨੂੰ ਸ਼ੁੱਧ, ਪਵਿੱਤਰ, ਧਰਮੀ ਕਰਮੀ ਅਤੇ  ਸੰਤ ਸਿਪਾਹੀ ਬਣਾਇਆ ਸੀ ਤਾਕਿ ਉਨ੍ਹਾਂ ਅੰਦਰ ਚਾਰੇ ਵੰਸ਼ਾਂ ਦੇ ਕੰਮ ਕਰਨ ਦੀ ਹਿੰਮਤ ਤੇ ਤਾਕਤ ਦਾ ਸੰਚਾਰ ਹੋਵੇ ਪਰ ਹੌਲੀ-ਹੌਲੀ ਲੋਕ ਉਨ੍ਹਾਂ ਦੇ ਦਿਤੇ ਮੰਤਰ ਨੂੰ ਭੁੱਲ ਗਏ ਤੇ ਭਲੇ ਲੋਕ ਗੁਰੂ ਗੋਬਿੰਦ ਸਿੰਘ ਦੀਆਂ ਮੂਰਤੀਆਂ ਬਣਾ ਕੇ ਉਨ੍ਹਾਂ ਦੀ ਪੂਜਾ ਕਰਨ ਲੱਗ ਪਏ।

ਅੱਜ ਵੀ ਲੋਕ ਫ਼ੌਜ ਵਿਚ ਜਾਣ ਤੋਂ ਡਰਦੇ ਹਨ, ਆਰਾਮਦਾਇਕ ਕੰਮ ਲਭਦੇ ਹਨ ਤੇ ਸਰਕਾਰ ਤੇ ਵਪਾਰੀਆਂ ਨੇ ਹੱਥਾਂ ਵਿਚੋਂ ਮਾਲਾ ਤੇ ਮੂੰਹ ਵਿਚੋਂ ਪਾਠ ਖੋਹ ਕੇ ਹੱਥਾਂ ਵਿਚ ਮੋਬਾਈਲ ਦੇ ਦਿਤੇ ਹਨ ਅਤੇ ਅੱਜ ਨੌਜੁਆਨ ਅਡੋਲ, ਚੁੱਪ-ਚਾਪ ਤੇ ਬੇਖ਼ਬਰ ਹੋ ਕੇ ਮੋਬਾਈਲ ਨਾਲ ਪ੍ਰੇਮ ਕਰ ਰਹੇ ਹਨ ਅਤੇ ਬਜ਼ੁਰਗ ਪਾਠ ਪੂਜਾ ਤੇ ਸ਼ਬਦਾਂ ਦਾ ਅਨੰਦ ਮਾਣ ਰਹੇ ਹਨ। ਅਸੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ ਤੇ ਲੁਟੇਰੇ ਸਾਨੂੰ ਲੁਟ ਰਹੇ ਹਨ।

ਅਸੀਂ ਕੇਵਲ ਗ਼ੁਲਾਮੀ ਵਲ ਹੀ ਨਹੀਂ ਬਲਕਿ ਮੌਤ ਵਲ ਵਧ ਰਹੇ ਹਾਂ ਅਤੇ ਆਉਣ ਵਾਲੇ 7 ਸਾਲਾਂ ਮਗਰੋਂ ਅੱਧੇ ਸਕੂਲ ਬੰਦ, ਅੱਧੇ ਕਾਲਜ ਬੰਦ, ਬੇਰੁਜ਼ਗਾਰੀ ਖ਼ਤਮ, ਹਾਦਸੇ ਘਟ ਜਾਣਗੇ, ਅਪਰਾਧ ਰੁਕ ਜਾਣਗੇ ਕਿਉਂਕਿ ਭਾਰਤੀ ਅਪਾਹਜਾਂ ਤੇ ਬਿਮਾਰੀਆਂ ਦੇ ਰੂਪ ਵਿਚ ਮੰਜੇ ਨਾਲ ਲੱਗ ਕੇ ਪੈ ਜਾਣਗੇ ਕਿਉਂਕਿ ਸਾਰੇ ਬਿਮਾਰੀਆਂ ਹਿਤ ਪਾਠ ਕਰੀ ਜਾ ਰਹੇ ਹਨ ਤੇ ਲੋਕ ਬਿਮਾਰੀ ਤੋਂ ਠੀਕ ਹੋ ਕੇ, ਫੇਰ ਨਵੀਂ ਤੇ ਵਧੀਆ ਬਿਮਾਰੀ ਦੀ ਖੋਜ ਹਿਤ ਪਾਠ ਸ਼ੁਰੂ ਕਰਨ ਕਰਨ ਲੱਗ ਜਾਣਗੇ। ਰਿਸ਼ਤੇ ਵੀ ਖ਼ਤਮ ਹਨ, ਭੁੱਖ ਵੀ ਖ਼ਤਮ, ਫ਼ੈਸ਼ਨ ਵੀ ਖ਼ਤਮ। 

ਅਸੀਂ ਸੱਭ ਨੇ ਬੱਚਿਆਂ ਤੋਂ ਸਰੀਰਕ ਕੰਮ, ਖੇਡਾਂ, ਦੌੜਨਾ, ਹਮਦਰਦੀ, ਪ੍ਰੇਮ, ਸਨਮਾਨ, ਅਨੁਸ਼ਾਸਨ ਅਤੇ ਜ਼ੁੰਮੇਵਾਰੀਆਂ ਖੋਹ ਲਈਆਂ ਹਨ, ਉਨ੍ਹਾਂ ਨੂੰ ਧਰਮ ਅਤੇ ਕਰਮ, ਗਿਆਨ ਅਤੇ ਸ਼ਕਤੀ, ਹਿੰਮਤ ਤੇ ਮੁਕਾਬਲਾ ਕਰਨ, ਹੱਥੀਂ ਕੰਮ ਕਰਨ ਤੋਂ ਦੂਰ ਕਰ ਦਿਤਾ ਤੇ ਅਪਾਹਜ, ਕਮਜ਼ੋਰ, ਬਿਮਾਰ, ਲਾਲਚੀ, ਕਾਮੀ, ਕਰੋਧੀ ਅਤੇ ਆਰਾਮਪ੍ਰਸਤ ਬਣਾ ਦਿਤਾ ਹੈ। ਲਗਦਾ ਹੈ ਕਿ ਮੇਰਾ ਪਿਆਰਾ ਭਾਰਤ ਜੋ ਬੰਬਾਂ, ਗੋਲਿਆਂ, ਮਿਜ਼ਾਈਲਾਂ ਤੋਂ ਤਾਂ ਬਚਿਆ ਰਿਹਾ ਪਰ ਭਗਤੀ ਕਰਦਾ ਕਰਦਾ ਜ਼ਰੂਰ ਤਬਾਹ ਹੋ ਜਾਏਗਾ।

ਮਨੁੱਖੀ ਫ਼ਿਤਰਤ ਦੇਖਦਿਆਂ ਹੁਣ ਕੁਦਰਤ ਵੀ ਅਪਣੇ ਸਾਧਨ ਖ਼ਤਮ ਕਰ ਰਹੀ ਹੈ ਕਿਉਂਕਿ 8-10 ਸਾਲਾਂ ਤਕ ਨਾ ਬੰਦੇ ਰਹਿਣੇ ਹਨ ਤੇ ਨਾ ਪਾਣੀ ਤੇ ਨਾ ਸ਼ੁਧ ਹਵਾ।  ਜੇ ਕੁਦਰਤ ਨੂੰ ਪਿਆਰ ਤੇ ਸਤਿਕਾਰ ਨਹੀਂ ਮਿਲਦਾ ਤਾਂ ਉਹ ਵੀ ਅਪਣਾ ਸਥਾਨ ਤੇ ਆਸ਼ੀਰਵਾਦ ਬੰਦ ਕਰ ਦਿੰਦੀ ਹੈ।ਜ਼ਰਾ ਸੋਚੋ ਕਿ 70-80 ਸਾਲ ਪਹਿਲਾਂ ਕੁਦਰਤ ਕੀ ਸੀ, 30 ਸਾਲ ਪਹਿਲਾਂ ਕੀ ਤੇ ਹੁਣ ਕੀ ਹੈ?

ਸੋ 10 ਸਾਲਾਂ ਤੋਂ ਵੱਧ ਜਿਊਣ ਦੀ ਆਸ ਨਾ ਰਖੋ ਅਤੇ ਇਹ ਵੀ ਆਸ ਨਾ ਰਖੋ ਕਿ ਈਸ਼ਵਰ ਫੇਰ ਆਵੇਗਾ ਸਾਨੂੰ ਠੀਕ ਕਰਨ ਲਈ। ਹੁਣ ਵਿਨਾਸ਼ ਹੈ, ਉੱਨਤੀ ਨਹੀਂ, ਤਬਾਹੀ ਤੇ ਨਫ਼ਰਤ ਹੈ, ਮਿਲਵਰਤਨ ਨਹੀਂ, ਹੁਣ ਲਾਲਚ ਤੇ ਸੈਕਸ ਹੈ, ਕੁਰਬਾਨੀਆਂ ਤੇ ਤਿਆਗ਼ ਨਹੀਂ, ਹੁਣ ਰਾਵਣ ਤੇ ਕੰਸ ਮਨਾਂ ਵਿਚ ਵਸੇ ਹਨ, ਮੂੰਹ  ਵਿਚ ਰਾਮ-ਰਾਮ ਹਰ ਹੱਥ ਵਿਚ ਖੰਜਰ ਤੇ ਮਨ ਅੰਦਰ ਨਫ਼ਰਤ। ਫਿਰ ਵੀ ਅਸੀਂ ਇਨਸਾਨ ਹਾਂ।
ਸੰਪਰਕ : 98786-11620