ਜੇਤੂ ਉਹ ਜੋ ਕੰਮ ਕਰੇ ਵਖਰੇ ਢੰਗ ਨਾਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਹਰ ਇਨਸਾਨ ਨੂੰ ਕਾਮਯਾਬ ਹੋਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਲਗਾਤਾਰ ਮਿਹਨਤ ਕਰਦੇ ਸਮੇਂ ਅਪਣੇ ਉਦੇਸ਼ 'ਤੇ ਕੇਂਦਰਿਤ ਹੋਣਾ ਪੈਂਦਾ ਹੈ। ਹਰ ਮਨੁੱਖ ਦਾ ਕੰਮ...

Boxing

ਹਰ ਇਨਸਾਨ ਨੂੰ ਕਾਮਯਾਬ ਹੋਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਲਗਾਤਾਰ ਮਿਹਨਤ ਕਰਦੇ ਸਮੇਂ ਅਪਣੇ ਉਦੇਸ਼ 'ਤੇ ਕੇਂਦਰਿਤ ਹੋਣਾ ਪੈਂਦਾ ਹੈ। ਹਰ ਮਨੁੱਖ ਦਾ ਕੰਮ ਕਰਨ ਦਾ ਅਪਣਾ ਢੰਗ ਹੁੰਦਾ ਹੈ ਤੇ ਹਰ ਮਨੁੱਖ ਅਪਣੇ-ਅਪਣੇ ਢੰਗ ਨਾਲ ਹੀ ਸਫ਼ਲਤਾ ਹਾਸਲ ਕਰਦਾ ਹੈ। ਮੈਂ ਇਥੇ ਹੁਣ ਕੁੱਝ ਉਦਾਹਰਨਾਂ ਦੇਣ ਜਾ ਰਹੀ ਹਾਂ ਜਿਨ੍ਹਾਂ ਤੋਂ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਬਾਰੇ ਪਤਾ ਲੱਗ ਸਕੇ।

ਆਪਾਂ ਰੋਜ਼ਾਨਾ ਖੇਡਾਂ ਵਿਚ ਜਿੱਤ ਪ੍ਰਾਪਤ ਕਰਨ ਵਾਲੇ ਬੱਚਿਆਂ ਰਾਹੀਂ ਕੀਤੀਆਂ ਪ੍ਰਾਪਤੀਆਂ ਬਾਰੇ ਸੁਣਦੇ ਹਨ ਕਿ ਉਸ ਨੇ ਸੋਨੇ ਦਾ ਤਮਗ਼ਾ ਜਿਤਿਆ, ਚਾਂਦੀ ਦਾ ਤਮਗ਼ਾ ਜਿੱਤਿਆ। ਇਥੇ ਮੈਂ ਇਹ ਵੀ ਦਸ ਦੇਣਾ ਚਾਹੁੰਦੀ ਹਾਂ ਕਿ ਹਾਰਨ ਵਾਲੇ ਬੱਚੇ ਵੀ ਬਹੁਤੇ ਕਮਜ਼ੋਰ ਨਹੀਂ ਹੁੰਦੇ, ਇਸ ਦੇ ਉਲਟ ਜੇਤੂਆਂ ਦੇ ਖੇਡਣ ਦਾ ਢੰਗ ਵਖਰਾ ਹੁੰਦਾ ਹੈ। 

ਸ਼ਹਿਰ ਵਿਚ ਇਕ ਵਿਅਕਤੀ ਹੋਟਲ ਦਾ ਮਾਲਕ ਹੈ।  ਉਸ ਦਾ ਅਪਣੇ ਮੁਲਾਜ਼ਮਾਂ ਨਾਲ ਵਿਵਹਾਰ ਵਖਰੇ ਤੌਰ ਦਾ ਹੈ। ਉਸ ਕੋਲ ਜਿਹੜੇ ਮੁੰਡੇ ਕੰਮ ਕਰਦੇ ਹਨ, ਉਨ੍ਹਾਂ ਨੂੰ ਉਹ ਸਵੇਰੇ ਆਉਂਦਿਆਂ ਨੂੰ ਹੀ ਦੱਬ ਕੇ ਨਾਸ਼ਤਾ ਕਰਵਾ ਦਿੰਦਾ ਹੈ ਤੇ ਫਿਰ ਮੁੰਡੇ ਸਾਰਾ ਦਿਨ ਟਟੀਹਰੀ ਬਣੇ ਕੰਮ ਕਰਦੇ ਰਹਿੰਦੇ ਹਨ। ਇਹ ਹੋਟਲ ਸ਼ਹਿਰ ਵਿਚ ਸੱਭ ਤੋਂ ਵੱਧ ਚਲਦਾ ਹੈ। ਸੋ ਇਹ ਉਸ ਦੀ ਸਫ਼ਲਤਾ ਦਾ ਰਾਜ਼ ਹੈ ਤੇ ਕੰਮ ਕਰਨ ਕਰਾਉਣ ਦਾ ਵਖਰਾ ਢੰਗ।

ਕਹਿੰਦੇ ਹਨ ਕਿ ਇਕ ਵਾਰ ਇਕ ਰਾਜੇ ਦੇ ਦਰਬਾਰ ਵਿਚ ਇਕ ਫ਼ਰਿਆਦੀ ਫ਼ਰਿਆਦ ਲੈ ਕੇ ਆਉਂਦਾ ਹੈ ਕਿ ਉਸ ਦੇ ਘਰ ਚੋਰੀ ਹੋ ਗਈ ਹੈ, ਇਨਸਾਫ਼ ਮਿਲੇ। ਕਈ ਦਿਨਾਂ ਤਕ ਚੋਰ ਨਾ ਫੜਿਆ ਗਿਆ। ਰਾਜੇ ਨੇ ਇਕ ਦਰਬਾਰੀ ਦੀ ਡਿਊਟੀ ਲਾਈ ਕਿ ਉਹ ਚੋਰ ਨੂੰ ਲੱਭੇ। ਦਰਬਾਰੀ ਨੇ ਸਾਰੇ ਸ਼ੱਕੀਆਂ ਨੂੰ ਇਕ-ਇਕ ਡੰਡਾ ਦੇ ਕੇ ਕਿਹਾ ਕਿ  ਭਲਕੇ ਸਵੇਰੇ ਅਪਣਾ-ਅਪਣਾ ਡੰਡਾ ਲੈ ਕੇ, ਮੇਰੇ ਕੋਲ ਆਉਣਾ ਹੈ।

ਜਿਹੜਾ ਚੋਰ ਨਹੀਂ ਹੋਵੇਗਾ, ਉਸ ਦਾ ਡੰਡਾ ਇਕ ਗਿੱਠ ਘਟ ਜਾਵੇਗਾ, ਮਤਲਬ ਕਿ ਛੋਟਾ ਹੋ ਜਾਵੇਗਾ। ਬੰਦਿਆਂ ਨੇ ਉਂਜ ਹੀ ਕੀਤਾ। ਦੂਜੇ ਦਿਨ ਸਾਰੇ ਆਏ ਤੇ ਚੋਰ ਫੜਿਆ ਗਿਆ। ਕਾਰਨ ਕਿ ਉਸ ਨੇ ਅਪਣਾ ਡੰਡਾ ਗਿੱਠ ਕੱਟ ਲਿਆ ਸੀ। ਸੋ ਇਹ ਉਸ ਦੇ ਕੰਮ ਕਰਨ ਦਾ ਵਖਰਾ ਢੰਗ ਸੀ ਜਿਸ ਨਾਲ ਉਸ ਨੇ ਸਫ਼ਲਤਾ ਹਾਸਲ ਕਰ ਲਈ। 

ਅਜਕਲ ਮੀਡੀਆ ਵਿਚ ਇਕ ਵਿਧਾਇਕ ਦੇ ਕੰਮ ਕਰਨ ਦੇ ਤਰੀਕੇ ਦੀ ਖ਼ੂਬ ਚਰਚਾ ਹੋ ਰਹੀ ਹੈ। ਉਸ ਨੇ ਕੀ ਕੀਤਾ, ਮੁੰਡਿਆਂ ਨੂੰ ਸਿੱਕਾ ਉਛਾਲ ਕੇ ਉਨ੍ਹਾਂ ਦਾ ਨਿਯੁਕਤੀ ਸਟੇਸ਼ਨ ਦੇ ਦਿਤਾ। ਸਿੱਕਾ ਉਛਾਲ ਕੇ ਕੰਮ  ਦਾ ਨਿਬੇੜਾ ਪਰ ਹਾਸੇ ਦਾ ਤਮਾਸ਼ਾ ਵੀ ਬਣ ਗਿਆ। ਕਈਆਂ ਨੂੰ ਤਾਂ ਉਸ ਦਾ ਇਹ ਢੰਗ ਪਸੰਦ ਵੀ ਆਇਆ ਪਰ ਜਿਨ੍ਹਾਂ ਨੇ ਨੁਕਤਾਚੀਨੀ ਕਰਨੀ ਹੈ, ਉਨ੍ਹਾਂ ਇਸ ਮਸਲੇ ਨੂੰ ਕਾਫ਼ੀ ਉਛਾਲਿਆ। 

ਬਾਈਬਲ ਦੀ ਕਹਾਣੀ ਮੁਤਾਬਕ ਇਕ ਬਹੁਤ ਵੱਡੇ ਰਾਖਸ਼ਸ ਤੋਂ ਲੋਕ ਬਹੁਤ ਡਰਦੇ ਸਨ। ਉਸ ਨਾਲ ਆਢਾ ਲੈਣ ਬਾਰੇ ਸੋਚ ਵੀ ਨਹੀਂ ਸਨ ਸਕਦੇ। ਕਾਰਨ ਇਹ ਕਿ ਉਹ ਬਹੁਤ ਵੱਡਾ ਸੀ ਪਰ ਇਕ ਸਤਾਰਾਂ ਕੁ ਸਾਲਾਂ ਦੇ ਚਰਵਾਹੇ ਨੇ ਉਸ ਨੂੰ ਗੁਲੇਲ ਨਾਲ ਹੀ ਮਾਰ ਦਿਤਾ। ਉਸ ਦੀ ਸੋਚ ਸੀ ਕਿ ਰਾਖ਼ਸ਼ਸ ਦੇ ਵੱਡਾ ਹੋਣ ਕਰ ਕੇ ਕੋਈ ਨਿਸ਼ਾਨਾ ਚੂਕ ਨਹੀਂ ਸਕਦਾ। ਇਹ ਸੀ ਉਸ ਦੇ ਕੰਮ ਕਰਨ ਦਾ ਵਖਰਾ ਢੰਗ। ਸੋ ਪਾਠਕੋ ਕੰਮ ਤਾਂ ਆਪਾਂ ਸਾਰੇ ਹੀ ਕਰਦੇ ਹਾਂ ਪਰ ਜੇਤੂ ਉਹੀ ਹੁੰਦੇ ਹਨ ਜਿਨ੍ਹਾਂ ਦੇ ਕੰਮ ਕਰਨ ਦਾ ਢੰਗ ਵਖਰਾ ਹੁੰਦਾ ਹੈ।

ਸੰਪਰਕ : 82840-20628