ਧੀਆਂ ਤ੍ਰਿੰਜਣਾਂ ਦਾ ਤਿਉਹਾਰ ਤੀਆਂ ਤੀਜ ਦੀਆਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਾਨੂੰ ਪੰਜਾਬੀਆਂ ਨੂੰ ਅਪਣੇ ਸਭਿਆਚਾਰ ਪੱਖੋਂ ਅਮੀਰ ਵਿਰਸੇ 'ਤੇ ਮਾਣ ਹੈ

File

ਸਾਨੂੰ ਪੰਜਾਬੀਆਂ ਨੂੰ ਅਪਣੇ ਸਭਿਆਚਾਰ ਪੱਖੋਂ ਅਮੀਰ ਵਿਰਸੇ 'ਤੇ ਮਾਣ ਹੈ। ਸਾਡਾ ਸੱਭਿਆਚਾਰਕ ਭਾਈਚਾਰਾ ਕੁਝ ਹਦ ਤਕ ਸਭਿਆਚਾਰ ਤੇ ਧਰਮਾਂ-ਤਿਉਹਾਰਾਂ ਬਾਰਾਂ-ਮਾਹਾਂ ਨਾਲ  ਜੁੜਿਆ ਹੋਇਆ ਹੈ। ਸਾਉਣ ਮਹੀਨੇ ਵਿਚ ਪਿਛਲੇ ਹਾੜ੍ਹ  ਮਹੀਨੇ ਦੌਰਾਨ ਪੈ ਰਹੀ ਅੱਤ ਦੀ ਗਰਮੀ ਅਤੇ ਲੂ ਤੋਂ ਥੋੜ੍ਹੀ  ਰਾਹਤ ਮਹਿਸੂਸ  ਹੋਣ  ਲਗ ਜਾਂਦੀ ਹੈ। ਸਿੱਖ ਧਰਮ ਅਨੁਸਾਰ  ਸਾਵਣ ਦੇਸੀ ਮਹੀਨਾ ਹੈ ਜੋ 16 ਜੁਲਾਈ ਨੂੰ ਸ਼ੁਰੂ ਹੂੰਦਾ ਹੈ।  ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਵੀ ਸਾਵਣ ਮਹੀਨੇ ਦਾ ਵਰਨਣ ਆਉਂਦਾ ਹੈ। ਇਸ ਮਹੀਨੇ ਦੌਰਾਨ ਚਾਰ ਚੁਫ਼ੇਰੇ ਹਰਿਆਲੀ ਛਾ ਜਾਂਦੀ ਹੈ। ਅੰਬ ਦੇ ਦਰੱਖ਼ਤਾਂ 'ਤੇ ਅੰਬਾਂ ਨਾਲ ਲੱਦੀਆਂ ਟਾਹਣੀਆਂ ਝੁਕ ਜਾਂਦੀਆਂ ਹਨ। ਉਧਰ ਕੋਇਲ ਦੀ ਦੀ ਸੁਰੀਲੀ ਆਵਾਜ਼ ਮਨ ਨੂੰ ਮੋਹ ਲੈਂਦੀ ਹੈ। ਤੀਜ ਹਰੇਕ  ਮਹੀਨੇ ਦੀ ਮੱਸਿਆ ਦੇ ਤੀਸਰੇ ਦਿਨ ਅਤੇ ਪੂਰਨਮਾਸ਼ੀ ਦੇ  ਤੀਸਰੇ ਦਿਨ ਬਾਅਦ ਆਉਂਦੀ ਹੈ। ਪਰ ਸਾਉਣ ਮਹੀਨੇ ਦੀ  ਤੀਜ ਤਿਉਹਾਰ ਰੂਪ ਵਿਚ ਮਨਾਈ ਜਾਂਦੀ ਹੈ।

ਤੀਜ ਔਰਤਾਂ ਦਾ ਰਵਾਇਤੀ ਤਿਉਹਾਰ ਮੰਨਿਆ ਜਾਂਦਾ ਹੈ। ਰਵਾਇਤੀ ਤੌਰ ਤੇ ਸਾਉਣ ਮਹੀਨੇ ਦੀ ਤੀਜੀ ਤਿੱਥ ਨੂੰ ਅਤੇ ਭਾਦੋਂ ਮਹੀਨੇ ਦੇ ਭਾਰਤੀ ਮਹੀਨੇ ਦੇ ਘਟਦੇ-ਵਧਦੇ ਚੰਨ ਦੇ ਤੀਜੇ  ਦਿਨ ਭਾਦੋਂ ਦੀ ਰਖੜੀ ਤਕ ਚਲਦੀ ਹੈ । ਤੀਜ ਭਾਰਤ ਵਿਚ ਮੁੱਖ ਰਵਾਇਤੀ ਖੇਤਰ  ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਆਦਿ ਵਿਚ ਮਨਾਈ ਜਾਂਦੀ ਹੈ। ਪੰਜਾਬ ਵਿਚ ਤੀਜ ਦੇ ਤਿਉਹਾਰ ਨੂੰ 'ਤੀਆਂ ਤੀਜ ਦੀਆਂ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪੁਰਾਣੀ ਚਲੀ ਆ ਰਹੀ ਰੀਤ ਅਨੁਸਾਰ ਇਸ ਮਹੀਨੇ ਨਵੀਂ ਵਿਆਹੀ ਵਹੁਟੀ ਅਪਣੀ ਸੱਸ ਦੇ ਮੱਥੇ ਨਹੀਂ ਲਗਦੀ। ਕਈ ਲੋਕ ਰੀਤ ਅਨੁਸਾਰ  ਅਪਣੀਆਂ ਬੇਟੀਆਂ ਨੂੰ ਸਹੁਰੇ ਘਰੋਂ ਪੇਕੇ ਰਹਿਣ ਲਈ ਲੈ ਕੇ ਆਉਂਦੇ ਹਨ। ਪੁਰਾਣੇ ਸਮਿਆਂ ਵਿਚ ਕੁੜੀਆਂ ਚਾਵਾਂ ਨਾਲ ਅਪਣੇ ਮਾਪਿਆਂ,  ਭਰਾਵਾਂ, ਪੇਕਿਆਂ ਨੂੰ ਉਡੀਕਦੀਆਂ ਸਨ। ਬੰਨੇ ਉਪਰ ਬੈਠੇ ਕਾਂ ਨੂੰ ਚੂਰੀ ਪਾ ਕੇ ਉਡਾ ਦਿੰਦੀਆਂ ਸਨ ਅਤੇ ਕਾਂ ਦੇ ਬੋਲਣ ਉਪਰ ਖ਼ੁਸ਼ ਹੁੰਦੀਆਂ ਕਿ ਕਾਂ ਬੋਲਦਾ ਹੈ, ਅੱਜ ਮੇਰਾ ਵੀਰ ਆਵੇਗਾ।

ਜਦੋਂ ਉਸ ਦਾ ਵੀਰ ਉਸ ਨੂੰ ਪੇਕੇ ਲੈਣ ਲਈ ਆਉਂਦਾ ਸੀ ਤਾਂ ਉਹ ਖ਼ੁਸ਼ੀ ਵਿਚ ਫੁੱਲੀ ਨਹੀਂ ਸਮਾਉਂਦੀ ਅਤੇ ਅਪਣੇ ਵੀਰ ਲਈ ਕਈ ਤਰ੍ਹਾਂ ਦੇ ਪਕਵਾਨ ਬਣਾਉਂਦੀਆਂ ਸਨ। ਸਹੁਰੇ ਪਰਵਾਰ ਤੋਂ ਇਜਾਜ਼ਤ ਲੈ ਕੇ ਉਹ ਕੁਝ ਦਿਨ ਰਹਿਣ ਲਈ ਅਪਣੇ ਪੇਕੇ ਘਰ ਆ ਜਾਂਦੀਆਂ ਸਨ। ਮਾਵਾਂ ਖ਼ੁਸ਼ੀ ਨਾਲ ਦਰਵਾਜ਼ੇ ਅੱਗੇ ਤੇਲ ਚੋਅ ਦਿੰਦੀਆਂ  ਅਤੇ ਅਪਣੀ ਬੇਟੀ ਦੀ ਨਜ਼ਰ ਉਤਾਰਦੀਆਂ। ਪੇਕੇ ਘਰ ਆ ਕੇ ਅਪਣੇ ਆਸ-ਪਾਸ ਅਤੇ ਸ਼ਰੀਕੇ ਵਿਚ ਭਰਾਵਾਂ, ਭਰਜਾਈਆਂ, ਤਾਏ ਤਾਈਆਂ, ਚਾਚੇ ਚਾਚੀਆਂ, ਭੈਣਾਂ-ਭਰਾਵਾਂ ਅਤੇ ਬਜ਼ੁਰਗਾਂ ਆਦਿ ਨੂੰ ਮਿਲਦੀਆਂ। ਇਸ ਸਮੇਂ ਅਪਣੇ ਪੇਕੇ ਆਈਆਂ ਲੜਕੀਆਂ ਦੇ ਚਿਹਰੇ ਉਪਰ ਚਾਈਂ ਚਾਈਂ ਸੱਭ ਨੂੰ ਮਿਲਣ ਦੀ ਅਲੱਗ ਹੀ ਰੌਣਕ ਹੂੰਦੀ ਸੀ। ਉਧਰ  ਸਾਉਣ ਦਾ ਮਹੀਨਾ ਆਉਣ ਕਰ ਕੇ ਵੰਗਾਂ (ਚੂੜੀਆਂ) ਵੇਚਣ  ਵਾਲਾ ਵਣਜਾਰਾ ਵੀ ਗਲੀਆਂ ਵਿਚ ਆ ਜਾਂਦਾ।ਇਕ ਦੋ ਬਾਹਰ ਬੈਠੀਆਂ ਬਜ਼ੁਰਗ ਔਰਤਾਂ ਕਹਿੰਦੀਆਂ, 'ਨੀ ਛਿੰਦੋ, ਨੀ ਸੰਤੋ, ਕਿਥੇ ਓ ਕੁੜੀਉਓ? ਰਾਣੋ, ਮੀਤੋ, ਨੀ ਵਹੁਟੀ  ਰਾਣੀ, ਏ ਬਲਵੀਰੋ, ਨੀ ਕੁੜੇ ਕਿਥੇ ਨੇ ਸਾਰੀਆਂ?

ਸਾਰੀਆਂ ਮੁਟਿਆਰਾਂ ਆ ਜਾਂਦੀਆਂ ਸਨ ਅਤੇ ਘੇਰਾ ਬਣਾ ਕੇ ਚੂੜੀ ਵੇਚਣ ਵਾਲੇ ਵਣਜਾਰੇ ਦੇ ਦੁਆਲੇ ਬੈਠ ਜਾਂਦੀਆਂ ਸਨ। ਚੂੜੀਆਂ ਵਾਲਾ ਭਾਈ ਸੱਭ ਦੇ ਹੱਥਾਂ ਦੇ ਮੇਚੇ ਲੈਂਦਾ। ਕਈ ਕੁੜੀਆ ਦੇ ਹੱਥਾਂ 'ਚ ਕੰਘੀ ਹੁੰਦੀ ਤੇ ਉਹ ਉਨ੍ਹਾਂ ਨੂੰ ਵੱਡੀਆਂ  ਚੂੜੀਆਂ ਚੜ੍ਹਾਉਂਦਾ। ਕੁੜੀਆ ਵੰਗਾਂ ਵਾਲੇ ਤੋਂ ਹੋਰ ਵੱਖ-ਵੱਖ ਡਿਜ਼ਾਈਨਾਂ ਅਤੇ ਰੰਗਾਂ ਦੀਆਂ ਜਿਵੇਂ ਲਾਲ, ਹਰੀਆਂ, ਪੀਲੀਆਂ, ਸੁਨਹਿਰੀ, ਨੀਲੀਆਂ, ਸੂਟਾਂ ਨਾਲ ਦੀਆਂ ਰੰਗ ਬੰਰਗੀਆਂ ਚੂੜੀਆਂ,  ਗਜਰੇ, ਸੁਨਹਿਰੀ ਟਿਮਕਣੇ ਲੌਂਗੀਆਂ, ਚਿੱਟੇ (ਸਿਲਵਰ) ਘੂੰਘਰੂਆਂ ਵਾਲੇ ਗਜਰੇ ਚੜ੍ਹਾਉਂਦੀਆਂ ਅਤੇ ਹਸਦੀਆਂ ਇਕ  ਦੂਸਰੇ ਨੂੰ ਮਜ਼ਾਕ ਅਤੇ ਕਲੋਲਾਂ ਕਰਦੀਆਂ। ਵੰਗਾਂ ਵਾਲੇ ਭਾਈ ਕੋਲ ਜੇਕਰ ਡੋਰੀਆਂ, ਪਰਾਂਦੀਆਂ ਵੀ ਹੰਦੀਆ ਤਾਂ ਉਹ ਵੀ ਖਰੀਦ ਕੇ ਚਾਈਂ ਚਾਈਂ ਅਪਣੇ ਘਰਾਂ ਨੂੰ ਚਲੀਆਂ ਜਾਂਦੀਆਂ। ਅੱਜ ਕੱਲ੍ਹ ਕੁੱਝ ਸ਼ਹਿਰਾਂ ਵਿਚ ਲੋਕ ਬਾਜ਼ਾਰੋਂ ਜਾਂ ਬਿਊਟੀ  ਪਾਰਲਰਾਂ ਤੋਂ ਵੰਗਾਂ ਲੈ ਕ ਆਉਂਦੇ ਹਨ।

ਉਧਰ ਆਸਮਾਨ ਵਿਚ ਬੱਦਲਾਂ ਦੀ ਕਾਲੀ ਘਟਾ ਛਾ ਜਾਂਦੀ ਅਤੇ ਮੌਸਮ ਸੁਹਾਵਣਾ ਹੋ ਜਾਂਦਾ। ਮੋਰ ਮਸਤੀ ਵਿਚ ਝੂਮ ਉਠਦੇ (ਅੱਜ ਕੱਲ ਮੋਰ ਕਾਫ਼ੀ ਘੱਟ ਗਏ ਹਨ)।  ਇਕਦਮ ਛਮ-ਛਮ ਕਰ ਕੇ ਤੇਜ਼ੀ ਨਾਲ ਮੀਂਹ ਆ ਜਾਂਦਾ ਹੈ। ਬੱਚੇ ਅਪਣੇ ਘਰਾਂ ਦੇ ਆਸ ਪਾਸ ਗਲੀਆਂ ਵਿਚ ਮਸਤੀ ਵਿਚ ਰੌਲਾ ਪਾਉਂਦੇ ਹੋਏ ਨਹਾਉਂਦੇ ਹਨ ਅਤੇ ਕਈ ਬੱਚੇ ਕਾਗ਼ਜ਼  ਦੀਆਂ ਕਿਸ਼ਤੀਆਂ  ਬਣਾ ਕੇ ਮੀਂਹ ਦੇ ਪਾਣੀ ਦੇ ਤੇਜ਼ ਵਹਾਅ ਵਿਚ ਛਡਦੇ ਅਤੇ ਭਜਦੀ ਤੈਰਦੀ ਕਿਸ਼ਤੀ ਦੇ ਪਿਛੇ ਰੌਲਾ ਪਾਉਂਦੇ ਜਾਂਦੇ ਸਨ।
ਕਈ ਵਾਰ ਸਾਵਣ ਦੇ ਮਹੀਨੇ ਵਿਚ ਮੀਂਹ ਨਹੀਂ ਸੀ ਪੈਂਦਾ ਤਾਂ ਪੁਰਾਣੇ ਰੀਤੀ ਰਿਵਾਜਾਂ ਅਨੁਸਾਰ ਪਿੰਡ ਦੀਆਂ ਲੜਕੀਆਂ ਅਤੇ ਔਰਤਾਂ ਇਕੱਠੀਆਂ ਹੋ ਕੇ ਇਕ ਗੁੱਡੀ ਬਣਾ ਲੈਦੀਆਂ ਸਨ ਅਤੇ ਨਕਲੀ ਪਿਟ-ਸਿਆਪਾ ਕਰਦੀਆਂ ਅਤੇ ਪਿੰਡ ਦੀ ਕਿਸੇ ਖੁਲ੍ਹੀ ਥਾਂ ਜਾ ਕੇ ਉਸ ਗੁੱਡੀ ਨੂੰ ਫੂਕ ਦਿੰਦੀਆਂ ਸਨ ਤਾਕਿ ਮੀਂਹ ਪੈ ਜਾਵੇ। ਕਈ ਜਗ੍ਹਾ ਸਾਉਣ ਦੇ ਮੀਂਹ ਦੀ ਝੜੀ ਵੀ ਲੱਗ ਜਾਂਦੀ ਸੀ ਤਾਂ ਮੀਂਹ ਕਈ ਕਈ ਦਿਨ ਨਹੀਂ ਸੀ ਹਟਦਾ।

ਜੇਠ ਦੀ ਕੁੜੀ ਜਾਂ ਮੁੰਡੇ ਤੋਂ ਪਰਨਾਲੇ ਹੇਠਾਂ ਤੇਲ ਅਤੇ ਮਾਂਹ ਦਬ ਦਿਤੇ ਜਾਂਦੇ ਸਨ ਜਾਂ ਕਈ ਲੋਕ ਪਰਨਾਲੇ ਹੇਠਾਂ ਰੋਟੀ ਵਾਲਾ ਤਵਾ ਪੁੱਠਾ ਕਰ ਕੇ ਰੱਖ ਦਿੰਦੇ ਸਨ। ਇਸ ਤਰ੍ਹਾਂ ਪੁਰਾਣੇ ਲੋਕ ਦਹਾਕਿਆਂ ਤੋਂ ਚਲੇ ਆ ਰਹੇ ਟੋਟਕੇ ਕਰਦੇ ਹਨ। ਸਾਉਣ ਮਹੀਨੇ ਦੇ ਮੀਂਹ ਵਿਚ ਔਰਤਾਂ ਘਰ ਵਿਚ ਖੀਰ-ਪੂੜੇ  ਬਣਾਉਂਦੀਆਂ ਅਤੇ ਅਪਣੇ ਭਾਈਚਾਰੇ,  ਆਸਪਾਸ ਦੇ  ਪਰਵਾਰਾਂ ਅਤੇ ਗੁਆਂਢੀਆਂ ਵਿਚ ਵੀ ਵੰਡ ਕੇ ਭਾਈਚਾਰੇ ਵਿਚ ਰਿਸ਼ਤਿਆਂ ਦੀ ਸਾਂਝ ਪਾਈ ਜਾਂਦੀ ਸੀ। ਮੀਂਹ ਪੈਣ ਦੌਰਾਨ ਅਸਮਾਨ 'ਤੇ ਸਤਰੰਗੀ ਪੀਂਘ ਪੈ ਜਾਂਦੀ। ਪੁਰਖਿਆਂ ਤੋਂ ਸੁਣਦੇ  ਆ ਰਹੇ ਹਾਂ ਕੁਝ ਲੋਕ ਆਖਦੇ ਹਨ ਕਿ ਜੇਕਰ ਸਤਰੰਗੀ ਪੀਂਘ ਪੈਂਦੀ ਹੈ ਤਾਂ ਜੰਗਲ ਵਿਚ ਗਿੱਦੜ-ਗਿਦੜੀ ਦਾ ਵਿਆਹ  ਹੁੰਦਾ ਹੈ। ਅੱਜ ਦੇ ਵਿਗਿਆਨਕ ਯੁੱਗ ਵਿਚ ਇਸ ਨੂੰ ਜਦੋਂ ਮੀਂਹ ਵਿਚ ਬੰਦ ਹੋ ਕੇ ਇਕਦਮ ਧੂਪ ਨਿਕਲਦੀ ਹੈ ਤਾਂ ਮੀਂਹ ਦੀਆਂ ਬੂੰਦਾਂ 'ਤੇ ਸੂਰਜ ਦੀ ਰੌਸ਼ਨੀ ਪੈਂਦੀ ਹੈ ਤਾਂ ਸਤਰੰਗੀ ਪੀਂਘ  ਪੈ ਜਾਂਦੀ ਹੈ।

ਪਰ ਆਪਾਂ ਗੱਲ ਪੁਰਾਣੇ ਸਮਿਆਂ ਦੀ ਕਰਦੇ ਹਾਂ। ਹੁਣ ਜਦੋਂ ਮੀਂਹ ਰੁਕ ਜਾਂਦਾ ਹੈ ਤਾਂ ਔਰਤਾਂ ਅਪਣੇ ਕੰਮ ਮੁਕਾ ਲੈਂਦੀਆਂ ਹਨ। ਪਿੰਡ ਦੀਆਂ ਨੌਜਵਾਨ ਲੜਕੀਆਂ, ਵਹੁਟੀਆਂ ਅਤੇ ਪੇਕੇ ਸਾਉਣ ਕੱਟਣ ਆਈਆਂ ਲੜਕੀਆਂ ਹੱਥਾਂ 'ਤੇ ਮਹਿੰਦੀ ਲਗਾਉਣ ਦੀ ਤਿਆਰੀ ਕਰਦੀਆਂ। ਮਹਿੰਦੀ ਵਿਚ ਸਰ੍ਹੋਂ ਦਾ ਤੇਲ, ਪਾਣੀ, ਲੌਂਗਾਂ ਦੇ ਤੇਲ ਦੀ ਬੂੰਦ ਹੱਥਾਂ 'ਤੇ ਮਹਿੰਦੀ ਦੀ ਅਲਰਜੀ ਚੈਕ ਕਰ ਕੇ ਮਾਚਿਸ ਦੀਆਂ ਤੀਲੀਆਂ ਅਤੇ  ਡੱਕਿਆਂ ਨਾਲ ਮਹਿੰਦੀ ਦੇ ਵੱਖ ਵੱਖ ਡਿਜ਼ਾਈਨ ਤਿਆਰ  ਕਰਦੀਆਂ ਸਨ। ਅੱਜ ਕਲ੍ਹ ਸ਼ਹਿਰਾਂ ਜਾਂ ਕਈ ਪਿੰਡਾਂ ਵਿਚ ਵੀ  ਗਲੀਆਂ ਵਿਚ ਬਜ਼ਾਰਾਂ ਵਿਚ ਮਹਿੰਦੀ ਲਗਾਉਣ ਵਾਲੇ ਮੁੰਡੇ ਕੁੜੀਆਂ ਬੈਠੇ ਹਨ। ਕਈ ਬਿਊਟੀ ਪਾਰਲਰ ਤੋਂ ਵੀ ਮਹਿੰਦੀ  ਲਗਵਾਉਂਦੀਆਂ ਹਨ। ਪਰ ਪੁਰਾਣੇ ਸਮਿਆਂ ਵਿਚ ਜਦੋਂ ਸਾਰੀਆਂ ਲੜਕੀਆਂ ਅਤੇ ਭਰਜਾਈਆਂ ਆਪਸ ਵਿਚ ਇਕ ਦੂਜੇ ਨੂੰ ਮਹਿੰਦੀ ਲਗਾਉਂਦੀਆਂ ਸਨ ਤਾਂ ਹਾਸਾ ਠੱਠਾ ਵੀ ਹੁੰਦਾ ਸੀ ਅਤੇ ਉਨ੍ਹਾਂ ਵਿਚ ਆਪਸੀ ਪਿਆਰ ਵੀ ਵਧਦਾ ਸੀ।

ਮਹਿੰਦੀ ਲਗਾਉਣ ਤੋਂ ਬਾਅਦ ਲੜਕੀਆਂ ਅਪਣੇ ਮਾਪਿਆਂ ਅਤੇ ਵੀਰਾਂ ਨੂੰ ਪਿਪਲਾਂ ਬੋਹੜਾਂ 'ਤੇ ਪੀਂਘਾਂ ਪਾਉਣ ਲਈ ਆਖਦੀਆਂ। ਮਾਪੇ ਪਿੰਡ ਦੀ ਕਿਸੇ ਖੁੱਲ੍ਹੀ ਥਾਂ ਵਿਚ ਬੋਹੜ ਜਾਂ ਪਿਪਲ ਦੇ ਦਰਖ਼ਤ 'ਤੇ ਮੋਟੇ ਲੰਮੇ ਰੱਸੇ ਨਾਲ ਉਨ੍ਹਾਂ ਲਈ ਪੀਂਘਾਂ ਤਿਆਰ ਕਰ ਦਿੰਦੇ ਸਨ। ਪੀਂਘਾਂ ਤਿਆਰ ਹੋ ਜਾਣ 'ਤੇ ਪਿੰਡ ਦੀਆਂ ਸਾਰੀਆਂ ਔਰਤਾਂ ਅਤੇ ਲੜਕੀਆਂ ਨੂੰ ਉਥੇ ਆਉਣ ਦਾ ਸੁਨੇਹੇ ਦਿਤਾ ਜਾਂਦਾ। ਹੁਣ ਪਿੰਡ ਦੀਆਂ ਸਾਰੀਆਂ ਮੁਟਿਆਰਾਂ, ਵਹੁਟੀਆਂ ਅਤੇ ਬਜ਼ੁਰਗ ਔਰਤਾਂ ਅਪਣੀ ਉਮਰ ਦੇ ਹਿਸਾਬ ਨਾਲ ਤਿਆਰ ਹੋ ਕੇ ਘਗਰੇ, ਲਹਿੰਗੇ,  ਪੰਜਾਬੀ ਸੂਟ, ਪੰਜਾਬੀ ਜੁੱਤੀ, ਸਿਰ ਦੇ ਵਾਲਾਂ ਉਪਰ ਸੱਗੀ ਫੁੱਲ, ਸੂਈਆਂ ਗੋਟੇ ਵਾਲੀਆਂ ਚੂੰਨੀਆਂ, ਫੁਲਕਾਰੀਆਂ, ਤਿੱਲੇ ਕਢਾਈ ਕੱਢੇ ਸੂਟ, ਗੁੱਤਾਂ ਵਿਚ ਘੂੰਗਰੂਆਂ ਵਾਲੀਆਂ ਪਰਾਂਦੀਆਂ,  ਜੂੜਿਆਂ  ਉਪਰ ਕਲਿਪ, ਪੈਰਾਂ 'ਚ ਝਾਜਰਾਂ, ਬੁੱਲ੍ਹਾਂ 'ਤੇ ਸੁਰਖ਼ੀ, ਅੱਖਾਂ ਵਿਚ  ਕੱਜਲ, ਮੱਥੇ 'ਤੇ ਬਿੰਦੀ-ਟਿੱਕੇ ਲਗਾ ਕੇ ਹੱਥਾਂ ਵਿਚ   ਛਣਕਾਟਾ ਪਾਉਂਦੀਆਂ ਵੰਗਾਂ ਅਤੇ ਗਜਰੇ ਪਾ ਕੇ ਪੀਂਘਾਂ ਵਾਲੀ ਥਾਂ ਪਹੁੰਚਦੀਆਂ।

ਮੁਟਿਆਰਾਂ ਪੀਂਘਾਂ ਝੂਟਦੀਆਂ। ਉੱਚੇ ਦਰਖ਼ਤ ਦੀਆਂ ਟਾਹਣੀਆਂ ਤੋਂ ਵੀ ਵੱਡੇ-ਵੱਡੇ ਝੂਟਿਆਂ ਦੇ  ਹੁਲਾਰੇ ਲੈਂਦੀਆਂ। ਇਸ ਵੇਲੇ ਉਨ੍ਹਾਂ ਦੇ ਚਿਹਰੇ  ਦੀ  ਰੌਣਕ  ਵਧ ਜਾਂਦੀ ਅਤੇ ਮਾਨਸਕ ਤਣਾਅ ਦੂਰ ਹੋ ਜਾਂਦਾ ਸੀ। ਪੇਕੇ ਘਰ ਆਈਆਂ ਲੜਕੀਆਂ ਜੋ ਅਪਣੇ ਸਹੁਰੇ ਘਰ ਸੱਸ ਦੇ ਮਿਹਣਿਆਂ ਤੋਂ ਦੁਖੀ ਹੁੰਦੀਆਂ ਸਨ ਤਾਂ ਇਥੇ ਆ ਕੇ ਉਹ ਅਪਣੇ ਸਹੁਰੇ ਘਰ ਦੇ ਸਾਰੇ ਦੁੱਖ ਭੁੱਲ ਜਾਂਦੀਆਂ ਅਤੇ ਇਕ ਦੂਜੀ ਨੂੰ ਕਲੋਲਾਂ ਕਰਦੀਆਂ, ਹਸਦੀਆਂ-ਟਪਦੀਆਂ ਅਤੇ ਗਾਉਂਦੀਆਂ। ਪੀਂਘਾਂ  ਝੂੱਟਣ ਤੋਂ ਬਾਅਦ ਫਿਰ ਗਿੱਧਾ ਪਾਉਣ ਲਈ ਸਾਰੀਆਂ ਮੁਟਿਆਰਾਂ ਇਕੱਠੀਆਂ ਹੋ ਜਾਂਦੀਆਂ। ਸਾਰੀਆਂ ਮੁਟਿਆਰਾਂ ਕਿਕਲੀ ਪਾਉਂਦੀਆਂ ਇਕ ਅਰਧ (ਅੱਧਾ) ਚੱਕਰ ਗੋਲ ਘੇਰਾ ਜਿਹਾ ਬਣਾ ਕੇ ਇਕ ਨਾਲ ਦੂਜੀ ਮੁਟਿਆਰ ਅਗੇ ਆਉਂਦੀ ਅਤੇ ਬੋਲੀਆਂ ਪਾਉਂਦੀਆਂ। ਕਈ ਸਿਰ ਉਪਰ ਘੜੇ, ਗਾਗਰ ਚੂਕ ਕੇ ਹਥ ਵਿਚ ਬੋਲੀ ਦੇ ਹਿਸਾਬ ਨਾਲ ਡੰਡਾ ਫੜ ਕੇ, ਕੋਈ ਕੁੜੀ ਮੁੰਡਾ ਬਣ ਕੇ ਬੋਲੀ ਵਿਚ ਸਿਰ ਉਪਰ ਪਰਨਾ ਬੰਨ੍ਹ ਕੇ ਰੋਲ ਅਦਾ ਕਰਦੀ ।ਅਲੱਗ ਅਲੱਗ ਤਰ੍ਹਾਂ ਦੇ ਘੂੰਢ ਕੱਢ ਕੇ ਸੱਸਾਂ, ਮਾਵਾਂ, ਭੈਣਾਂ-  ਭਰਾਵਾਂ-ਭਰਜਾਈਆਂ,  ਸਮਾਜਕ ਬੁਰਾਈ ਦਾਜ, ਨਸ਼ੇ ਨਾਲ ਸਬੰਧਤ ਅਤੇ ਹਾਸੇ ਮਜ਼ਾਕ ਆਦਿ ਨਾਲ ਸਬੰਧਤ ਬੋਲੀਆਂ ਪਾਉਂਦੀਆਂ।

ਕੁਝ ਮਨਚਲੇ ਮੁੰਡੇ ਸ਼ਰਾਰਤ ਨਾਲ ਅਪਣੀਆਂ ਭਰਜਾਈਆਂ ਅਤੇ ਵਹੁਟੀ ਆਦਿ ਨੂੰ ਚੋਰੀ-ਚੋਰੀ ਨਚਦੀਆਂ ਵੇਖਦੇ ਅਤੇ ਜਦੋਂ ਉਨ੍ਹਾਂ ਦੀ ਸ਼ਰਾਰਤ ਦਾ ਪਤਾ ਲਗਣਾ ਤਾਂ ਉਹ ਉਥੋਂ ਭੱਜ ਜਾਂਦੇ ਕਿਉਂਕਿ ਮੁੰਡਿਆਂ ਨੂੰ ਤੀਆਂ ਵਿਚ  ਆਉਣ ਦੀ ਮਨਾਹੀ ਹੁੰਦੀ ਹੈ। ਸ਼ਾਮ ਨੂੰ ਸਾਰੀਆਂ ਲੜਕੀਆਂ ਹਸਦੀਆਂ, ਮਸਤੀ ਕਰਦੀਆਂ ਇਕ ਦੂਜੇ ਨਾਲ ਦੁੱਖ-ਸੁੱਖ ਸਾਂਝੇ ਕਰਦੀਆਂ ਅਪਣੇ ਅਪਣੇ ਘਰਾਂ ਨੂੰ ਆ ਜਾਂਦੀਆ। ਰਖੜੀ ਤੋ ਪਹਿਲਾਂ ਤੀਆਂ ਖ਼ਤਮ ਹੋ ਜਾਂਦੀਆਂ ਹਨ। ਲੱਡੂ ਪਤਾਸੇ ਵੰਡ  ਦਿਤੇ ਜਾਂਦੇ ਹਨ। ਹੁਣ  ਮਾਪੇ ਅਪਣੀਆ ਧੀਆਂ ਨੂੰ ਦੁੱਧ,  ਘਿਉ, ਚੀਨੀ ਆਟੇ ਦੇ ਬਿਸਕੁਟ ਬਣਾਉਣ ਵਾਲੀਆਂ ਭੱਠੀਆਂ ਤੋਂ ਬਿਸਕੁਟ ਬਣਵਾ ਕੇ ਇਕ ਪੀਪੇ ਵਿਚ ਪਾ ਕੇ ਤੀਆਂ ਦਾ ਸੰਧਾਰਾ ਅਤੇ ਕੁੱਝ ਅਪਣੀ ਹੈਸੀਅਤ ਮੁਤਾਬਕ ਕਪੜੇ ਲੀੜੇ ਦੇ ਕੇ ਸਹੁਰੇ ਘਰ ਵਿਦਾ ਕਰ ਦਿੰਦੇ।

ਲੜਕੀਆਂ ਦਾ ਅਪਣੇ ਸਹੁਰੇ ਘਰ ਜਾਣ ਨੂੰ ਦਿਲ ਨਹੀਂ ਕਰਦਾ ਪਰ ਸਮਝਦਾਰ ਕੁੜੀਆਂ ਅਪਣੇ ਸਹੁਰੇ ਪਰਵਾਰ ਪ੍ਰਤੀ ਅਪਣਾ  ਫ਼ਰਜ਼ ਨਿਭਾਉਂਦੀਆਂ ਹੋਈਆਂ ਅਪਣੇ  ਵੀਰਾਂ ਨੂੰ ਰਖੜੀ  ਬੰਨ੍ਹ ਕੇ ਵਿਦਾ ਹੋ ਜਾਂਦੀਆਂ ਹਨ। ਅੱਜ ਕੱਲ੍ਹ ਦੀ ਪੀੜ੍ਹੀ ਪਿਛੋਕੜ, ਸਭਿਆਚਾਰ,  ਤਿਉਹਾਰ  ਨਾ ਭਲ ਜਾਵੇ, ਇਸ ਲਈ ਸਕੂਲਾਂ ਕਾਲਜਾਂ, ਕਲੱਬਾਂ ਵਿਚ ਤੀਆਂ ਸਬੰਧੀ ਮੇਲੇ ਕਰਵਾਏ ਜਾਂਦੇ ਹਨ ਜਿਸ ਨਾਲ ਅੱਜ ਦੇ ਨੌਜਵਾਨਾਂ ਨੂੰ ਅਪਣੇ ਪੁਰਾਣੇ ਅਮੀਰ ਵਿਰਸੇ ਦੀ ਕਾਫ਼ੀ ਜਾਣਕਾਰੀ ਮਿਲਦੀ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਦੇ ਚਲਦੇ ਹੋਏ ਵਾਹਿਗੁਰੂ ਜੀ ਸੱਭ ਨੂੰ ਤੰਦਰੁਸਤੀ ਦੇਣ। ਇਸ ਵਾਰ ਸਾਉਣ ਦਾ  ਮਹੀਨਾ ਪੂਰੀ ਮਨੁੱਖਤਾ ਲਈ ਖ਼ੁਸ਼ੀਆਂ ਲੈ ਕੇ ਆਵੇ।- ਬਬੀਤਾ ਘਈ, ਫੋਨ ਨੰਬਰ- 6239083668

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।