ਖਿਚੜੀ ਵਾਲਾ ਭਾਂਡਾ ਕੌਣ ਧੋਵੇਗਾ? ਭਾਗ-2

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸੁੱਤਿਆਂ ਰਾਤ ਲੰਘ ਗਈ। ਦੋਹਾਂ 'ਚੋਂ ਕਿਸੇ ਨੇ ਵੀ ਗੱਲ ਕਰਨ ਦੀ ਕੋਸ਼ਿਸ਼ ਨਾ ਕੀਤੀ। ਹੋਰ ਤਾਂ ਹੋਰ, ਬੁੱਢਾ ਸੈਰ ਕਰਨ ਵਾਸਤੇ ਵੀ ਨਾ ਗਿਆ ਜਿਵੇਂ

image

ਸੁੱਤਿਆਂ ਰਾਤ ਲੰਘ ਗਈ। ਦੋਹਾਂ 'ਚੋਂ ਕਿਸੇ ਨੇ ਵੀ ਗੱਲ ਕਰਨ ਦੀ ਕੋਸ਼ਿਸ਼ ਨਾ ਕੀਤੀ। ਹੋਰ ਤਾਂ ਹੋਰ, ਬੁੱਢਾ ਸੈਰ ਕਰਨ ਵਾਸਤੇ ਵੀ ਨਾ ਗਿਆ ਜਿਵੇਂ ਕਿ ਉਹ ਹਰ ਰੋਜ਼ ਜਾਇਆ ਕਰਦਾ ਸੀ। ਉਸ ਨੂੰ ਡਰ ਸੀ ਕਿ ਜੇ ਬਾਹਰ ਨਿਕਲ ਕੇ ਉਸ ਨੂੰ ਕਿਸੇ ਨਾਲ ਬੋਲਣਾ ਪੈ ਗਿਆ ਤਾਂ ਉਹ ਸ਼ਰਤ ਹਾਰ ਜਾਵੇਗਾ। ਉਸ ਦੀ ਪਤਨੀ ਵੀ ਬਿਸਤਰੇ ਵਿਚ ਹੀ ਪਈ ਰਹੀ। ਉਸ ਨੂੰ ਵੀ ਡਰ ਸੀ ਕਿ ਜੇ ਕਿਸੇ ਗੁਆਂਢਣ ਨੇ ਆਵਾਜ਼ ਦੇ ਕੇ ਬੁਲਾ ਲਿਆ ਤਾਂ ਉਹ ਸ਼ਰਤ ਹਾਰ ਜਾਵੇਗੀ ਤੇ ਫਿਰ ਖਿਚੜੀ ਵਾਲਾ ਭਾਂਡਾ ਉਸ ਨੂੰ ਹੀ ਧੋਣਾ ਪਵੇਗਾ। 


ਇਹ ਸੋਚ ਕੇ ਉਹ ਦੋਵੇਂ ਬਿਸਤਰੇ ਵਿਚ ਮਚਲੇ ਬਣ ਕੇ ਸੁੱਤੇ ਰਹੇ। ਦੋਹਾਂ ਵਿਚੋਂ ਕੋਈ ਵੀ ਸ਼ਰਤ ਨਹੀਂ ਸੀ ਹਾਰਨੀ ਚਾਹੁੰਦਾ।
ਜਦੋਂ ਚੰਗਾ ਦਿਨ ਚੜ੍ਹ ਆਇਆ ਤਾਂ ਪਿੰਡ ਦੇ ਲੋਕਾਂ ਨੂੰ ਫ਼ਿਕਰ ਹੋਇਆ ਕਿ ਅੱਜ ਬੁੱਢੇ ਅਤੇ ਬੁੱਢੀ ਨੇ ਦਰਵਾਜ਼ਾ ਕਿਉਂ ਨਹੀਂ ਖੋਲ੍ਹਿਆ? ਸੁੱਖ ਹੋਵੇ ਸਹੀ, ਕਿਤੇ ਦੋਵੇਂ ਬਿਮਾਰ ਹੀ ਨਾ ਪੈ ਗਏ ਹੋਣ। ਪਿੰਡ ਦੇ ਕੁੱਝ ਲੋਕਾਂ ਨੇ ਉਨ੍ਹਾਂ ਦਾ ਦਰਵਾਜ਼ਾ ਖਟਖਟਾਇਆ, ਪਰ ਅੰਦਰੋਂ ਕੋਈ ਆਵਾਜ਼ ਨਾ ਆਈ। ਕੁੱਝ ਚਿਰ ਰੁਕ ਕੇ ਉਨ੍ਹਾਂ ਫਿਰ ਦਰਵਾਜ਼ਾ ਖਟਖਟਾਇਆ ਪਰ ਅੰਦਰ ਤਾਂ ਮੌਤ ਵਰਗੀ ਚੁੱਪ ਛਾਈ ਹੋਈ ਸੀ।

ਬੁੱਢਾ ਤੇ ਬੁੱਢੀ ਲੋਕਾਂ ਦੀਆਂ ਆਵਾਜ਼ਾਂ ਸੁਣ ਕੇ ਵੀ ਬਿਸਤਰੇ ਵਿਚ ਸੁੱਤੇ ਪਏ ਸਨ ਤੇ ਕੋਈ ਵੀ ਦਰਵਾਜ਼ਾ ਖੋਲ੍ਹਣ ਲਈ ਤਿਆਰ ਨਹੀਂ ਸੀ।
ਕੁੱਝ ਲੋਕ ਘਰ ਦੀ ਕੰਧ ਟੱਪ ਕੇ ਉਨ੍ਹਾਂ ਦੇ ਅੰਦਰ ਚਲੇ ਗਏ। ਉਨ੍ਹਾਂ ਵੇਖਿਆ ਕਿ ਬੁੱਢਾ ਤੇ ਬੁੱਢੀ ਜਾਗੇ ਹੋਏ ਸਨ ਪਰ ਉਹ ਆਪੋ-ਅਪਣੇ ਬਿਸਤਰੇ ਵਿਚ ਹੀ ਲੇਟੇ ਹੋਏ ਸਨ। ਪਰ ਉਨ੍ਹਾਂ ਵਿਚੋਂ ਕੋਈ ਵੀ ਬੋਲ ਨਹੀਂ ਸੀ ਰਿਹਾ। ਲੋਕਾਂ ਨੇ ਉਨ੍ਹਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਦੋਵੇਂ ਛੱਤ ਵਲ ਹੀ ਵੇਖੀ ਜਾ ਰਹੇ ਸਨ। ਲੋਕ ਹੈਰਾਨ ਸਨ ਕਿ ਉਨ੍ਹਾਂ ਦੋਹਾਂ ਨੂੰ ਕੀ ਹੋ ਗਿਆ ਸੀ।


ਕਿਸੇ ਨੇ ਬਾਹਰਲੀ ਕੁੰਡੀ ਖੋਲ੍ਹ ਦਿਤੀ। ਲੋਕ ਉਨ੍ਹਾਂ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ। ਕਿਸੇ ਨੇ ਕਿਹਾ ਇਨ੍ਹਾਂ ਨੂੰ ਮਿਰਗੀ ਪੈ ਗਈ ਹੈ ਤੇ ਹੁਣ ਇਹ ਬੋਲ ਨਹੀਂ ਸਕਦੇ। ਕਿਸੇ ਨੇ ਕਿਹਾ ਕਿ ਸੁੱਤੇ ਸੁੱਤੇ ਠੰਢ ਕਰ ਕੇ ਇਨ੍ਹਾਂ ਦੇ ਹੱਥ, ਪੈਰ ਅਤੇ ਅੱਖਾਂ ਸਿੱਥਲ ਹੋ ਗਈਆਂ ਹਨ। ਇਸੇ ਕਰ ਕੇ ਇਹ ਟਿਕਟਿਕੀ ਲਗਾ ਕੇ ਇਕ ਪਾਸੇ ਵੇਖੀ ਜਾ ਰਹੇ ਹਨ ਤੇ ਕਿਸੇ ਹੋਰ ਨੇ ਕਿਹਾ ਕਿ ਇਨ੍ਹਾਂ ਨੂੰ ਭੂਤਾਂ ਆਦਿ ਦਾ ਪਰਛਾਵਾਂ ਚੰਬੜ ਗਿਆ ਹੈ ਤੇ ਇਨ੍ਹਾਂ ਨੂੰ ਮੁੜ ਹੋਸ਼ ਵਿਚ ਲਿਆਉਣ ਲਈ ਪਿੰਡ ਦੇ ਮਾਂਦਰੀ ਨੂੰ ਬੁਲਾ ਕੇ ਝਾੜ-ਫੂਕ ਕਰਵਾਉਣੀ ਚਾਹੀਦੀ ਹੈ...