ਖਿਚੜੀ ਵਾਲਾ ਭਾਂਡਾ ਕੌਣ ਧੋਵੇਗਾ?ਭਾਗ-3

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਮਰੇ ਵਿਚ ਇਕੱਠੇ ਹੋਏ ਲੋਕਾਂ ਨੇ ਇਕ ਵਾਰ ਫਿਰ ਬੁੱਢੇ ਅਤੇ ਬੁੱਢੀ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੋਹਾਂ ਨੂੰ ਫੜ ਕੇ ਝੰਜੋੜਿਆ ਵੀ,

image

ਕਮਰੇ ਵਿਚ ਇਕੱਠੇ ਹੋਏ ਲੋਕਾਂ ਨੇ ਇਕ ਵਾਰ ਫਿਰ ਬੁੱਢੇ ਅਤੇ ਬੁੱਢੀ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੋਹਾਂ ਨੂੰ ਫੜ ਕੇ ਝੰਜੋੜਿਆ ਵੀ, ਪਰ ਉਹ ਚੁੱਪੀ ਵੱਟ ਕੇ ਪਏ ਰਹੇ। ਦੋਵੇਂ ਜਾਣਦੇ ਸਨ ਕਿ ਜਿਹੜਾ ਵੀ ਪਹਿਲਾਂ ਬੋਲੇਗਾ, ਖਿਚੜੀ ਵਾਲਾ ਭਾਂਡਾ ਉਸ ਨੂੰ ਹੀ ਧੋਣਾ ਪਵੇਗਾ ਤੇ ਦੋਹਾਂ ਵਿਚੋਂ ਕੋਈ ਵੀ ਇਹ ਸ਼ਰਤ ਨਹੀਂ ਸੀ ਹਾਰਨੀ ਚਾਹੁੰਦਾ।


ਏਨੇ ਵਿਚ ਪਿੰਡ ਦੇ ਕੁੱਝ ਲੋਕ ਝਾੜ-ਫੂਕ ਕਰਨ ਵਾਲੇ ਮਾਂਦਰੀ ਨੂੰ ਸੱਦ ਕੇ ਲੈ ਆਏ। ਉਸ ਨੇ ਆਉਂਦਿਆਂ ਹੀ ਲੋਕਾਂ ਨੂੰ ਪਰੇ ਕਰ ਦਿਤਾ। ਭੂਤਾਂ-ਪ੍ਰੇਤਾਂ ਦਾ ਪਰਛਾਵਾਂ ਉਤਾਰਨ ਲਈ ਕੁੱਝ ਮੰਤਰ ਪੜ੍ਹੇ ਅਤੇ ਫਿਰ ਦੋਹਾਂ ਦੇ ਮੂੰਹ ਤੇ ਫੂਕਾਂ ਮਾਰੀਆਂ। ਹੱਥਾਂ ਨਾਲ ਵਚਿੱਤਰ ਕਿਸਮ ਦੇ ਇਸ਼ਾਰੇ ਕੀਤੇ ਅਤੇ ਫਿਰ ਕਹਿਣ ਲੱਗਾ, ''ਫ਼ਿਕਰ ਨਾ ਕਰੋ, ਉਹ ਭੂਤ ਜਲਦੀ ਹੀ ਇਨ੍ਹਾਂ ਨੂੰ ਛੱਡ ਕੇ ਚਲੇ ਜਾਣਗੇ। ਫਿਰ ਵੀ ਕਿਸੇ ਨਾ ਕਿਸੇ ਦਾ ਇਨ੍ਹਾਂ ਕੋਲ ਠਹਿਰਨਾ ਬਹੁਤ ਜ਼ਰੂਰੀ ਹੈ।''


ਸਵੇਰ ਹੋ ਚੁੱਕੀ ਸੀ। ਹਰ ਕਿਸੇ ਨੇ ਆਪੋ-ਅਪਣੇ ਕੰਮ ਜਾਣਾ ਸੀ। ਬਹੁਤੇ ਲੋਕ ਕਿਸਾਨ ਸਨ। ਉਨ੍ਹਾਂ ਨੇ ਖੇਤਾਂ ਵਿਚ ਕੰਮ ਕਰਨਾ ਸੀ। ਬੁੱਢੇ ਤੇ ਬੁੱਢੀ ਕੋਲ ਕੋਈ ਵੀ ਵਿਹਲੇ ਬੈਠੇ ਰਹਿਣ ਵਾਸਤੇ ਤਿਆਰ ਨਹੀਂ ਸੀ। ਏਨੇ ਨੂੰ ਪਿੰਡ ਦੀ ਔਰਤ ਨਾਦੀਆ ਕਹਿਣ ਲੱਗੀ, ''ਬੈਠਣ ਨੂੰ ਤਾਂ ਮੈਂ ਬੈਠ ਸਕਦੀ ਹਾਂ, ਪਰ ਇਸ ਕੰਮ ਲਈ ਮੈਨੂੰ ਕੀ ਤਨਖ਼ਾਹ ਦਿਉਗੇ?''


ਟੂਣਾ ਉਤਾਰਨ ਵਾਲੇ ਮਾਂਦਰੀ ਨੇ ਕਮਰੇ ਦੇ ਚਾਰੇ ਪਾਸੇ ਨਜ਼ਰ ਘੁਮਾਈ। ਉਸ ਨੂੰ ਕਿੱਲੀ ਉਪਰ ਇਕ ਨਵਾਂ ਸੂਟ ਟੰਗਿਆ ਹੋਇਆ ਦਿਸਿਆ। ਸ਼ਾਇਦ ਬੁੱਢੀ ਨੇ ਇਹ ਸੂਟ ਕਿਸੇ ਖ਼ਾਸ ਮੌਕੇ ਲਈ ਸਿਲਵਾਇਆ ਸੀ। ਮਾਂਦਰੀ ਨੇ ਨਾਦੀਆ ਨੂੰ ਕਿਹਾ, ''ਜੇ ਤੂੰ ਇਨ੍ਹਾਂ ਦੋਹਾਂ ਦੇ ਹੋਸ਼ ਵਿਚ ਆ ਜਾਣ ਤਕ ਇਨ੍ਹਾਂ ਕੋਲ ਬੈਠੀ ਰਹੇਂ ਤਾਂ ਕਿੱਲੀ ਉਤੇ ਟੰਗਿਆ ਬੁੱਢੀ ਦਾ ਨਵਾਂ ਸੂਟ, ਅਸੀ ਤੈਨੂੰ ਤਨਖ਼ਾਹ ਵਜੋਂ ਦੇ ਦਿਆਂਗੇ।''


ਪਹਿਲਾਂ ਤਾਂ ਬੁੱਢੀ ਕਮਰੇ ਵਿਚ ਇਕੱਠੇ ਹੋਏ ਲੋਕਾਂ ਦੀਆਂ ਗੱਲਾਂ ਸੁਣਦੀ ਰਹੀ, ਪਰ ਜਦੋਂ ਮਾਂਦਰੀ ਨੇ ਉਸ ਦਾ ਨਵਾਂ ਸੂਟ ਨਾਦੀਆ ਨੂੰ ਦੇ ਦੇਣ ਦੀ ਗੱਲ ਕੀਤੀ ਤਾਂ ਬੁੱਢੀ ਭੁੜਕ ਕੇ ਬਿਸਤਰੇ 'ਚੋਂ ਬਾਹਰ ਆ ਗਈ, ''ਨਹੀਂ ਨਹੀਂ, ਇਹ ਨਹੀਂ ਹੋ ਸਕਦਾ।'' ਉਸ ਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿਤਾ, ''ਮੈਂ ਏਨੀ ਬੇਵਕੂਫ਼ ਵੀ ਨਹੀਂ ਕਿ ਖਿਚੜੀ ਵਾਲਾ ਭਾਂਡਾ ਧੋਣ ਦੀ ਸ਼ਰਤ ਹਾਰ ਕੇ ਅਪਣਾ ਨਵਾਂ ਸੂਟ ਇਸ ਔਰਤ ਨੂੰ ਦੇ ਦੇਵਾਂ।'' 


ਲੋਕ ਹੈਰਾਨ ਸਨ ਕਿ ਇਹ ਖਿਚੜੀ ਦੇ ਭਾਂਡੇ ਦਾ ਕੀ ਮਾਮਲਾ ਸੀ ਕਿ ਬੁੱਢੀ ਔਰਤ ਨੇ ਇਕਦਮ ਉਠ ਕੇ ਬੋਲਣਾ ਸ਼ੁਰੂ ਕਰ ਦਿਤਾ ਸੀ। ਪਰ ਉਸ ਦਾ ਪਤੀ ਜਾਣਦਾ ਸੀ ਕਿ ਪਤਨੀ ਸ਼ਰਤ ਹਾਰ ਗਈ ਸੀ ਤੇ ਹੁਣ ਖਿਚੜੀ ਵਾਲਾ ਭਾਂਡਾ ਧੋਣ ਦੀ ਜ਼ਿੰਮੇਵਾਰੀ ਉਸੇ ਦੀ ਸੀ। ਉਸ ਨੇ ਅਪਣੇ ਗੋਡਿਆਂ ਤਕ ਉੱਚੇ ਬੂਟ ਪਾਏ ਤੇ ਬਾਹਰ ਸੈਰ ਕਰਨ ਚਲਾ ਗਿਆ। ਉਸ ਦੇ ਬੂਟਾਂ ਦੇ ਤਸਮੇ ਅਜੇ ਵੀ ਲਟਕ ਰਹੇ ਸਨ ਅਤੇ ਬੁੱਢੀ ਖਿਚੜੀ ਵਾਲਾ ਭਾਂਡਾ ਚੁੱਕ ਕੇ ਰਸੋਈ ਵਿਚ ਧੋਣ ਲਈ ਚਲੀ ਗਈ ਸੀ।
ਸੰਪਰਕ : 88604-08797