ਖਿਚੜੀ ਵਾਲਾ ਭਾਂਡਾ ਕੌਣ ਧੋਵੇਗਾ? ਭਾਗ-1

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬੜੇ ਪੁਰਾਣੇ ਸਮੇਂ ਦੀ ਗੱਲ ਹੈ, ਰੂਸ ਦੇ ਕਿਸੇ ਪਿੰਡ ਵਿਚ ਇਕ ਬੁੱਢਾ ਤੇ ਉਸ ਦੀ ਪਤਨੀ ਰਹਿੰਦੇ ਸਨ।

image

ਬੜੇ ਪੁਰਾਣੇ ਸਮੇਂ ਦੀ ਗੱਲ ਹੈ, ਰੂਸ ਦੇ ਕਿਸੇ ਪਿੰਡ ਵਿਚ ਇਕ ਬੁੱਢਾ ਤੇ ਉਸ ਦੀ ਪਤਨੀ ਰਹਿੰਦੇ ਸਨ। ਪਤਾ ਨਹੀਂ ਵਿਆਹ ਤੋਂ ਬਾਅਦ ਹੁਣ ਤਕ ਉਨ੍ਹਾਂ ਦੀ ਕਿਵੇਂ ਨਿਭਦੀ ਆ ਰਹੀ ਸੀ। ਦੋਵੇਂ ਰੱਜ ਕੇ ਆਲਸੀ ਸਨ। ਇਥੋਂ ਤਕ ਆਲਸੀ ਕਿ ਥਾਲੀ ਵਿਚ ਪਈ ਹੋਈ ਰੋਟੀ ਵਾਸਤੇ ਵੀ ਉਡੀਕਦੇ ਰਹਿੰਦੇ ਕਿ ਕੋਈ ਆ ਕੇ ਉਨ੍ਹਾਂ ਦੇ ਮੂੰਹ ਵਿਚ ਪਾ ਜਾਵੇ। ਉਹ ਕਈ ਵਾਰ ਭੁੱਖੇ ਪਿਆਸੇ ਹੀ ਸੌਂ ਜਾਂਦੇ, ਪਰ ਹੱਡ ਭੰਨ ਕੇ ਦੂਹਰਾ ਨਾ ਕਰਦੇ।


ਸਵੇਰ ਹੁੰਦਿਆਂ ਹੀ ਬੁੱਢਾ ਆਦਮੀ ਅਪਣੇ ਗੋਡਿਆਂ ਤਕ ਉੱਚੇ ਬੂਟ ਪਾ ਕੇ ਬਾਹਰ ਸੈਰ ਕਰਨ ਲਈ ਨਿਕਲ ਜਾਂਦਾ। ਉਹ ਬੂਟਾਂ ਦੇ ਤਸਮੇ ਬੰਨ੍ਹਣ ਦਾ ਵੀ ਆਲਸ ਕਰਦਾ। ਉਹ ਅਪਣੀ ਪਤਨੀ ਨੂੰ ਕਹਿੰਦਾ, ''ਮੇਰੇ ਤਸਮੇ ਬੰਨ੍ਹ ਦੇ।'' ਉਹ ਚਿੜ ਕੇ ਬੋਲਦੀ ਅਤੇ ਕਹਿੰਦੀ, ''ਇਹ ਮੇਰਾ ਕੰਮ ਨਹੀਂ, ਮੈਂ ਕਿਉਂ ਕਰਾਂ?''


ਜਦੋਂ ਬੁੱਢਾ ਬਾਹਰ ਸੈਰ ਕਰ ਰਿਹਾ ਹੁੰਦਾ ਤਾਂ ਕਈ ਤਰ੍ਹਾਂ ਦੇ ਕੰਡੇ ਅਤੇ ਤੀਲੇ ਉਸ ਦੀਆਂ ਲੱਤਾਂ ਨੂੰ ਚੁਭਦੇ, ਪਰ ਉਹ ਇਨ੍ਹਾਂ ਨੂੰ ਲਾਹ ਕੇ ਸੁੱਟਣ ਦਾ ਆਲਸ ਕਰ ਜਾਂਦਾ ਅਤੇ ਅਪਣੀ ਪਤਨੀ ਨੂੰ ਕਹਿੰਦਾ, ''ਸਮਝ ਨਹੀਂ ਆਉਂਦੀ ਕਿ ਮੈਂ ਇਨ੍ਹਾਂ ਤਸਮਿਆਂ ਦਾ ਕੀ ਕਰਾਂ? ਕਦਮ ਕਦਮ ਤੇ ਇਹ ਤਸਮੇ ਮੇਰੇ ਪੈਰਾਂ ਵਿਚ ਅੜ ਜਾਂਦੇ ਹਨ ਤੇ ਕਈ ਵਾਰ ਮੈਂ ਇਨ੍ਹਾਂ ਕਰ ਕੇ ਚਲਦਾ ਚਲਦਾ ਡਿੱਗ ਵੀ ਪੈਂਦਾ ਹਾਂ। ਚੰਗਾ ਹੁੰਦਾ ਜੇ ਕੋਈ ਮੇਰੇ ਇਹ ਤਸਮੇ ਬੰਨ੍ਹ ਦਿੰਦਾ।''


ਇਸੇ ਲਈ ਜਦੋਂ ਚਾਹ ਬਣਾਉਣ ਲਈ ਬੁੱਢੀ ਖੂਹ ਤੋਂ ਪਾਣੀ ਭਰਨ ਜਾਂਦੀ ਤਾਂ ਉਹ ਬਾਲਟੀ ਨੂੰ ਖੂਹ ਵਿਚ ਲਟਕਾ ਕੇ ਉਥੇ ਹੀ ਬੈਠ ਜਾਂਦੀ ਅਤੇ ਉਡੀਕਦੀ ਰਹਿੰਦੀ ਕਿ ਕੋਈ ਪਾਣੀ ਨਾਲ ਭਰੀ ਹੋਈ ਉਸ ਦੀ ਬਾਲਟੀ ਬਾਹਰ ਖਿੱਚ ਦੇਵੇਗਾ। ਕਈ ਵਾਰ ਉਹ ਬਾਲਟੀ ਨੂੰ ਖੂਹ ਵਿਚ ਹੀ ਲਟਕਦਾ ਛੱਡ ਕੇ ਘਰ ਆ ਜਾਂਦੀ ਅਤੇ ਪਤੀ ਨੂੰ ਕਹਿੰਦੀ, ''ਮੈਂ ਬੜੀ ਕੋਸ਼ਿਸ਼ ਕੀਤੀ ਹੈ ਪਰ ਬਾਲਟੀ ਤਾਂ ਖੂਹ 'ਚੋਂ ਬਾਹਰ ਨਿਕਲਣਾ ਹੀ ਨਹੀਂ ਚਾਹੁੰਦੀ।'' ਬੁੱਢੇ ਦੇ ਇਸ ਆਲਸ ਕਰ ਕੇ ਕਈ ਦਿਨ ਤਕ ਉਨ੍ਹਾਂ ਦੇ ਘਰ ਵਿਚ ਚਾਹ ਵੀ ਨਾ ਬਣਦੀ ਤੇ ਉਹ ਦੋਵੇਂ ਮੂੰਹ-ਸਿਰ ਲਪੇਟ ਕੇ ਬਿਸਤਰੇ ਵਿਚ ਪਏ ਰਹਿੰਦੇ। 


ਇਕ ਦਿਨ ਉਸ ਬੁੱਢੀ ਨੇ ਪਤੀਲੇ ਵਿਚ ਖਿਚੜੀ ਚਾੜ੍ਹੀ। ਕਈ ਦਿਨਾਂ ਮਗਰੋਂ ਉਨ੍ਹਾਂ ਦੇ ਘਰ ਕੋਈ ਚੀਜ਼ ਬਣੀ ਸੀ। ਦੋਹਾਂ ਨੇ ਰੱਜ ਰੱਜ ਕੇ ਖਿਚੜੀ ਖਾਧੀ। ਪਰ ਖਿਚੜੀ ਖਾ ਲੈਣ ਮਗਰੋਂ ਉਨ੍ਹਾਂ ਦੋਹਾਂ ਵਿਚ ਵਿਵਾਦ ਖੜਾ ਹੋ ਗਿਆ ਕਿ ਖਿਚੜੀ ਵਾਲਾ ਭਾਂਡਾ ਕੌਣ ਧੋਵੇਗਾ? ਪਤਨੀ ਕਹਿੰਦੀ, ''ਮੈਂ ਚੁੱਲ੍ਹਾ ਬਾਲਿਆ ਸੀ, ਚਾਵਲ ਤੇ ਦਾਲ ਚੁਗੀ ਸੀ, ਫਿਰ ਮੈਂ ਖਿਚੜੀ ਰਿੰਨ੍ਹੀ ਹੈ। ਹੁਣ ਇਹ ਤੇਰੀ ਜ਼ਿੰਮੇਵਾਰੀ ਹੈ ਕਿ ਤੂੰ ਖਿਚੜੀ ਵਾਲਾ ਭਾਂਡਾ ਧੋਵੇਂ।'' ਬੁੱਢਾ ਕਹਿੰਦਾ, ''ਮੁੱਢ ਕਦੀਮ ਤੋਂ ਇਹੀ ਚਲਦਾ ਆਇਆ ਹੈ ਕਿ ਘਰ ਦਾ ਕੰਮ ਘਰ ਦੀ ਔਰਤ ਕਰਦੀ ਹੈ, ਤੇ ਮਰਦ ਬਾਹਰ ਦਾ ਕੰਮ ਕਰਦੇ ਹਨ।

ਇਸ ਲਈ ਖਿਚੜੀ ਵਾਲਾ ਭਾਂਡਾ ਧੋਣਾ ਵੀ ਤੇਰਾ ਫ਼ਰਜ਼ ਹੈ।'' ਇਹ ਝਗੜਾ ਰਾਤ ਪੈਣ ਤਕ ਚਲਦਾ ਰਿਹਾ ਤੇ ਦੋਹਾਂ ਵਿਚੋਂ ਕੋਈ ਵੀ ਖਿਚੜੀ ਵਾਲਾ ਭਾਂਡਾ ਧੋਣ ਲਈ ਤਿਆਰ ਨਹੀਂ ਸੀ। ਆਖ਼ਰ ਸੌਣ ਤੋਂ ਪਹਿਲਾਂ ਦੋਹਾਂ ਵਿਚਕਾਰ ਇਹ ਫ਼ੈਸਲਾ ਹੋਇਆ ਕਿ ਹੁਣ ਅਸੀ ਚੁੱਪ ਕਰ ਕੇ ਸੌਂ ਜਾਂਦੇ ਹਾਂ। ਦੋਹਾਂ ਵਿਚੋਂ ਜਿਹੜਾ ਪਹਿਲਾਂ ਬੋਲ ਪਵੇਗਾ, ਖਿਚੜੀ ਵਾਲਾ ਭਾਂਡਾ ਉਸ ਨੂੰ ਹੀ ਧੋਣਾ ਪਏਗਾ...