ਰਾਸ਼ਟਰਪਤੀ ਦੇ ਸਾਬਕਾ ਪ੍ਰੈਸ ਸਕੱਤਰ - ਸ. ਤਰਲੋਚਨ ਸਿੰਘ ਵਲੋਂ ਜੂਨ 84 ਦੇ ਫ਼ੌਜੀ ਹਮਲੇ ਬਾਰੇ......
ਰਾਸ਼ਟਰਪਤੀ ਦੇ ਸਾਬਕਾ ਪ੍ਰੈਸ ਸਕੱਤਰ - ਸ. ਤਰਲੋਚਨ ਸਿੰਘ ਵਲੋਂ ਜੂਨ 84 ਦੇ ਫ਼ੌਜੀ ਹਮਲੇ ਬਾਰੇ ਅੰਦਰ ਦੀਆਂ ਕੁੱਝ ਗੱਲਾਂ............
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਅਨੁਸਾਰ, ਦਰਬਾਰ ਸਾਹਿਬ ਸਮੂਹ ਉਤੇ ਫ਼ੌਜ ਚਾੜ੍ਹ ਦਿਤੀ ਗਈ। ਦੋ ਦਿਨਾਂ ਦੀ ਲੜਾਈ ਤੋਂ ਬਾਅਦ, ਫ਼ੌਜ ਨੂੰ ਹਰਿਮੰਦਰ ਸਾਹਿਬ ਵਿਚ ਟੈਂਕਾਂ ਰਾਹੀਂ ਹਮਲਾ ਕਰਨ ਦੀ ਇਜਾਜ਼ਤ, ਪ੍ਰਧਾਨ ਮੰਤਰੀ ਨੇ ਦਿਤੀ। ਇਹ ਪਹਿਲੀ ਵਾਰੀ ਸੀ ਕਿ ਅਪਣੇ ਹੀ ਦੇਸ਼ ਵਿਚ, ਕਿਸੇ ਧਾਰਮਕ ਅਸਥਾਨ ਉਤੇ ਫ਼ੌਜੀ ਟੈਂਕਾਂ ਨੇ ਲੈਸ ਹੋ ਕੇ ਹਮਲਾ ਕੀਤਾ ਹੋਵੇ। 8 ਜੂਨ 1984 ਨੂੰ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਰਬਾਰ ਸਾਹਿਬ ਆਏ। ਉਨ੍ਹਾਂ ਦੇ ਪ੍ਰੈਸ ਸਕੱਤਰ ਤਰਲੋਚਨ ਸਿੰਘ ਵੀ ਨਾਲ ਸਨ।
ਅਕਾਲ ਤਖ਼ਤ ਸਾਹਿਬ ਦੀ ਹੋਈ ਤਬਾਹੀ, ਹਰਿਮੰਦਰ ਸਾਹਿਬ ਉਤੇ ਲੱਗੀਆਂ ਗੋਲੀਆਂ, ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਲੱਗੀ ਹੋਈ ਅੱਗ ਆਪ ਵੇਖੀ। ਗਿਆਨੀ ਜ਼ੈਲ ਸਿੰਘ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਨੂੰ ਮਿਲੇ ਤੇ ਇਥੇ ਉਨ੍ਹਾਂ ਕੋਲੋਂ, ਫ਼ੌਜ ਵਲੋਂ ਕੀਤੀ ਤਬਾਹੀ ਬਾਰੇ ਜਾਣਕਾਰੀ ਲਈ। (ਇਸ ਦਾ ਵਿਸਥਾਰ ਨਾਲ ਜ਼ਿਕਰ ਪਹਿਲਾਂ ਇਕ ਲੇਖ ਵਿਚ ਤੇ ਕਿਤਾਬ 'ਪੰਜਾਬ ਦਾ ਦੁਖਾਂਤ, ਮੂੰਹ ਬੋਲਦਾ ਇਤਿਹਾਸ' ਵਿਚ ਕੀਤਾ ਜਾ ਚੁੱਕਾ ਹੈ) ਸ. ਤਰਲੋਚਨ ਸਿੰਘ ਨੇ ਅਪਣੀ 3 ਸਤੰਬਰ 2018 ਦੀ ਚੰਡੀਗੜ੍ਹ ਫੇਰੀ ਦੌਰਾਨ ਦਸਿਆ ਕਿ ਜਦੋਂ ਉਹ ਵਾਪਸ ਦਿੱਲੀ ਗਏ
ਤਾਂ ਉਨ੍ਹਾਂ ਟੈਲੀਫ਼ੋਨ ਕਰ ਕੇ, ਖ਼ੁਸ਼ਵੰਤ ਸਿੰਘ, ਪ੍ਰੇਮ ਭਾਟੀਆ ਟ੍ਰਿਬਿਊਨ ਵਾਲੇ ਤੇ ਹੋਰ ਨਜ਼ਦੀਕੀਆਂ ਨਾਲ ਅੰਮ੍ਰਿਤਸਰ ਦਰਬਾਰ ਸਾਹਿਬ ਸਮੂਹ ਵਿਚ ਹੋਈ ਦੁਖਦਾਈ ਤਬਾਹੀ ਬਾਰੇ ਦਸਿਆ। 10 ਜੂਨ 1984 ਨੂੰ ਕੈਪਟਨ ਅਮਰਿੰਦਰ ਸਿੰਘ, ਜੋ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸਨ, ਉਹ ਗਿਆਨੀ ਜ਼ੈਲ ਸਿੰਘ ਨੂੰ ਮਿਲਣ ਆਏ। ਉਹ ਜਦੋਂ ਮਿਲ ਕੇ ਵਾਪਸ ਜਾਣ ਲੱਗੇ ਤਾਂ ਤਰਲੋਚਨ ਸਿੰਘ, ਉਨ੍ਹਾਂ ਨੂੰ ਮਿਲ ਗਏ ਤੇ ਕਹਿਣ ਲੱਗੇ ਕਿ ਮੈਂ ਗਿਆਨੀ ਜ਼ੈਲ ਸਿੰਘ ਨਾਲ ਇਕ ਸਲਾਹ ਕਰਨ ਆਇਆ ਸੀ। ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਵਿਖੇ ਹੋਏ ਫ਼ੌਜੀ ਹਮਲੇ ਦੇ ਰੋਸ ਵਜੋਂ, ਪਾਰਲੀਮੈਂਟ ਦੀ ਮੈਂਬਰੀ ਤੋਂ ਅਸਤੀਫ਼ਾ ਦੇਣਾ ਚਾਹੁੰਦੇ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਟੈਲੀਫ਼ੋਨ ਤੇ ਦਸਿਆ ਕਿ ਉਨ੍ਹਾਂ ਨੇ ਪਾਰਲੀਮੈਂਟ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕਰ ਲਿਆ ਹੈ। ਉਹ ਅਸਤੀਫ਼ਾ ਮੇਜਰ ਜੇਜੀ ਲੈ ਕੇ ਤਰਲੋਚਨ ਸਿੰਘ ਕੋਲ ਆਏ ਤੇ ਇਨ੍ਹਾਂ ਨੇ ਅਪਣੇ ਤੌਰ ਉਤੇ ਪ੍ਰੈਸ ਨੂੰ ਦੇ ਦਿਤਾ। ਉਨ੍ਹੀਂ ਦਿਨੀਂ ਮੋਬਾਈਲ ਫ਼ੋਨ ਤਾਂ ਹੁੰਦੇ ਨਹੀਂ ਸਨ। ਇੰਦਰਾਗਾਂਧੀ ਸਰਕਾਰ ਵਲੋਂ ਰਾਸ਼ਟਰਪਤੀ ਭਵਨ ਵਿਚੋਂ ਆਉਂਦੇ ਜਾਂਦੇ ਸਾਰੇ ਟੈਲੀਫ਼ੋਨ ਟੈਪ ਕਰ ਲਏ ਜਾਂਦੇ ਸਨ। ਦੋ ਤਿੰਨ ਦਿਨਾਂ ਮਗਰੋਂ ਤਰਲੋਚਨ ਸਿੰਘ ਹੋਰਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਰਾਸ਼ਟਰਪਤੀ ਭਵਨ ਆਈ ਤੇ ਉਸ ਨੂੰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਤਰਲੋਚਨ ਸਿੰਘ ਦੀਆਂ ਖ਼ੁਸ਼ਵੰਤ ਸਿੰਘ,
ਟ੍ਰਿਬਿਊਨ ਦੇ ਸੰਪਾਦਕ ਪ੍ਰੇਮ ਭਾਟੀਆ, ਕੈਪਟਨ ਅਮਰਿੰਦਰ ਸਿੰਘ ਤੇ ਹੋਰਾਂ ਨਾਲ ਹੋਈਆਂ ਗੱਲਾਂ ਦੀਆਂ ਟੈਪਾਂ ਸੁਣਾ ਦਿਤੀਆਂ। ਗਿਆਨੀ ਜੀ ਨੂੰ ਕਿਹਾ ਗਿਆ ਕਿ ਇਨ੍ਹਾਂ ਉਤੇ ਐਕਸ਼ਨ ਲਿਆ ਜਾਵੇ ਤੇ ਇਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿਚ ਨਾ ਰੱਖੋ। ਤਰਲੋਚਨ ਸਿੰਘ ਨੇ ਗਿਆਨੀ ਜ਼ੈਲ ਸਿੰਘ ਕੋਲੋਂ ਪੰਦਰਾਂ ਦਿਨਾਂ ਦੀ ਛੁੱਟੀ ਲੈ ਲਈ। ਇਸ ਤੋਂ ਇਕ ਗੱਲ ਸਪੱਸ਼ਟ ਹੋ ਜਾਂਦੀ ਹੈ, ਕਿ ਸਰਕਾਰਾਂ ਰਾਸ਼ਟਰਪਤੀ ਵਰਗੇ ਅਹੁਦੇ ਉਤੇ ਬੈਠਣ ਵਾਲਿਆਂ ਦੀਆਂ ਵੀ ਟੈਲੀਫ਼ੋਨ ਗੱਲਾਂ ਟੈਪ ਕਰ ਕੇ, ਰਿਕਾਰਡ ਰੱਖ ਸਕਦੀਆਂ ਹਨ। ਤਰਲੋਚਨ ਸਿੰਘ ਨੇ ਦਸਿਆ ਕਿ ਦੋ ਦਿਨਾਂ ਬਾਅਦ, ਬੂਟਾ ਸਿੰਘ ਜੋ ਕੇਂਦਰ ਸਰਕਾਰ ਵਿਚ ਵਜ਼ੀਰ ਸਨ,
ਉਨ੍ਹਾਂ ਨੇ ਬੁਲਾਇਆ ਤੇ ਕਿਹਾ ਕਿ ਮੇਰੇ ਨਾਲ ਪ੍ਰਧਾਨ ਮੰਤਰੀ ਨਿਵਾਸ ਉਤੇ ਚਲੋ। ਇਨ੍ਹਾਂ ਨੇ ਸ. ਬੂਟਾ ਸਿੰਘ ਨੂੰ ਕਿਹਾ ਕਿ ਮੈਨੂੰ ਤਾਂ ਪ੍ਰਧਾਨ ਮੰਤਰੀ, ਨੌਕਰੀ ਤੋਂ ਕੱਢਣ ਨੂੰ ਫਿਰਦੀ ਹੈ, ਮੈਂ ਉਥੇ ਜਾ ਕੇ ਕੀ ਕਰਨਾ ਹੈ ਜਾਂ ਤੁਸੀ ਮੇਰੀ ਝਾੜ ਝੰਬ ਕਰਵਾਉਣੀ ਹੈ? ਉਹ ਕਹਿਣ ਲੱਗੇ ਕਿ ਮੇਰੇ ਨਾਲ ਚਲੋ ਤਾਂ ਸਹੀ -ਕੁੱਝ ਹੋਰ ਗੱਲ ਹੈ।
ਅਸੀ ਪ੍ਰਧਾਨ ਮੰਤਰੀ ਕੋਲ ਚਲੇ ਗਏ ਤੇ ਉਥੇ ਪ੍ਰਧਾਨ ਮੰਤਰੀ ਤੋਂ ਬਿਨਾਂ ਰਾਜੀਵ ਗਾਂਧੀ ਵੀ ਉਥੇ ਸੀ। ਸਵਾਲ ਕੀਤਾ ਗਿਆ ਕਿ ਫੌਜੀ ਐਕਸ਼ਨ ਤੋਂ ਬਾਦ ਕੀ ਕਰਨਾ ਚਾਹੀਦਾ ਹੈ। ਇਹ ਮੀਟਿੰਗ ਇਕ ਘੰਟੇ ਤੋਂ ਵੱਧ ਚੱਲੀ।
ਤਰਲੋਚਨ ਸਿੰਘ ਨੇ ਮੈਨੂੰ ਦਸਿਆ ਕਿ ''ਮੈਂ ਸਲਾਹ ਦਿਤੀ ਕਿ ਇਕ ਤਾਂ ਤੁਸੀ ਆਪ ਦਰਬਾਰ ਸਾਹਿਬ ਵਿਚ ਜਾਉ ਤੇ ਉਥੇ ਜਾ ਕੇ ਸੱਚੇ ਦਿਲੋਂ ਗੁਰੂ ਗ੍ਰੰਥ ਸਾਹਿਬ ਤੋਂ ਇਸ ਗੱਲ ਦਾ ਅਫ਼ਸੋਸ ਪ੍ਰਗਟ ਕਰਦੇ ਹੋਏ ਮਾਫ਼ੀ ਮੰਗੋ। ਦੂਜੀ ਗੱਲ ਇਹ ਕਿ ਸਾਰੀ ਸਿੱਖ ਲੀਡਰਸ਼ਿਪ ਜੇਲਾਂ ਵਿਚ ਹੈ ਤੇ ਹੁਣ ਤਖ਼ਤਾਂ ਦੇ ਸਿੰਘ ਸਾਹਿਬਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਸੱਭ ਕੁੱਝ ਸੌਂਪ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਨਾਲ ਸਿੱਖ ਕੌਮ ਦਾ ਮਨ ਕੁੱਝ ਸ਼ਾਂਤ ਹੋ ਜਾਵੇਗਾ।'' ਇੰਦਰਾ ਗਾਂਧੀ ਨੂੰ ਇਹ ਗੱਲ ਚੰਗੀ ਲੱਗੀ ਤੇ ਅਪੀਲ ਕਰ ਗਈ। ਸ. ਬੂਟਾ ਸਿੰਘ ਨੂੰ ਕਿਹਾ ਗਿਆ ਕਿ ਹੈਲੀਕਾਪਟਰ ਲੈ ਕੇ ਜਾਉ ਤੇ ਇਸ ਉਤੇ ਗੰਭੀਰਤਾ ਨਾਲ ਕੰਮ ਕਰਨਾ ਸ਼ੁਰੂ ਕਰ ਦਿਉ।
ਮੇਰਾ ਇਕ ਸਵਾਲ ਸੀ ਤਰਲੋਚਨ ਸਿੰਘ ਹੁਰਾਂ ਨੂੰ ਕਿ ਤੁਹਾਡੇ ਨਾਲ ਤਾਂ ਪ੍ਰਧਾਨ ਮੰਤਰੀ ਖ਼ਫ਼ਾ ਸੀ, ਫਿਰ ਤੁਹਾਨੂੰ ਕਿਉਂ ਬੁਲਾਇਆ ਗਿਆ? ਉਨ੍ਹਾਂ ਦਸਿਆ ਕਿ ਇੰਦਰਾ ਗਾਂਧੀ ਨੇ ਬੂਟਾ ਸਿੰਘ ਕੋਲੋਂ ਸਲਾਹ ਲਈ ਤੇ ਉਨ੍ਹਾਂ ਨੇ ਮੇਰੇ ਨਾਂ ਦੀ ਤਜਵੀਜ਼ ਕੀਤੀ ਕਿ ਉਸ ਨੂੰ ਪੁੱਛ ਲੈਂਦੇ ਹਾਂ। ਸ. ਬੂਟਾ ਸਿੰਘ ਤੇ ਤਰਲੋਚਨ ਸਿੰਘ, ਦੋਹਾਂ ਨੇ ਵਿਚਾਰ ਕੀਤੀ ਕਿ ਜੇ ਸਿੱਧਾ ਤਖ਼ਤਾਂ ਦੇ ਜਥੇਦਾਰਾਂ ਨੂੰ ਮਿਲ ਕੇ ਧਾਰਮਕ ਤੇ ਪੰਥਕ ਵਾਗਡੋਰ ਸੰਭਾਲਣ ਲਈ ਕਹਿੰਦੇ ਹਾਂ ਤਾਂ ਸ਼ਾਇਦ ਉਹ ਕੁੱਝ ਨਾਂਹ ਨੁੱਕਰ ਵੀ ਕਰ ਸਕਦੇ ਹਨ। ਇਸ ਲਈ ਸ. ਆਤਮਾ ਸਿੰਘ ਜੋ ਐਕਟਿੰਗ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਕਮੇਟੀ ਹਨ, ਉਨ੍ਹਾਂ ਨਾਲ ਰਾਬਤਾ ਬਣਾਇਆ ਜਾਵੇ।
ਸੋ ਇਹ ਦੋਵੇਂ ਕਪੂਰਥਲੇ ਪਹੁੰਚੇ ਤੇ ਸ. ਆਤਮਾ ਸਿੰਘ ਨਾਲ ਗੱਲ ਕੀਤੀ। ਉਹ ਪੂਰੇ ਗੁੱਸੇ ਵਿਚ ਸਨ ਤੇ ਬੂਟਾ ਸਿੰਘ ਤੇ ਗਿਆਨੀ ਜ਼ੈਲ ਸਿੰਘ ਬਾਰੇ ਬੁਰਾ ਭਲਾ ਵੀ ਕਿਹਾ। ਪਰ ਦਿੱਲੀ ਤੋਂ ਲਿਆਂਦੇ ਵਿਚਾਰਾਂ ਦੀ ਆਤਮਾ ਸਿੰਘ ਹੋਰਾਂ ਨੇ ਸਹਿਮਤੀ ਭਰੀ ਤੇ ਇਨ੍ਹਾਂ ਦੇ ਕਹਿਣ ਉਤੇ, ਜਥੇਦਾਰ ਅਕਾਲ ਤਖ਼ਤ ਸਾਹਿਬ ਲਈ ਇਕ ਪੱਤਰ ਵੀ ਦੇ ਦਿਤਾ। ਇਸ ਤੋਂ ਬਾਅਦ ਇਹ ਦੋਵੇਂ ਇਕ ਮਸ਼ਹੂਰ ਅਖ਼ਬਾਰ ਦੇ ਐਡੀਟਰ ਸਾਧੂ ਸਿੰਘ ਹਮਦਰਦ ਕੋਲ ਗਏ ਤੇ ਉਨ੍ਹਾਂ ਨੇ ਵੀ ਇਸ ਕਦਮ ਨੂੰ ਸਲਾਹਿਆ, ਹਾਮੀ ਵੀ ਭਰੀ ਤੇ ਇਸ ਸਬੰਧੀ ਐਡੀਟੋਰੀਅਲ ਲੇਖ ਵੀ ਲਿਖਿਆ।
ਤਿੰਨ ਸਿੰਘ ਸਾਹਿਬਾਨ ਨੂੰ ਇਕੱਠਿਆਂ ਕਰ ਕੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਕਮਰੇ ਵਿਚ ਬੈਠ ਕੇ ਸ. ਬੂਟਾ ਸਿੰਘ ਤੇ ਤਰਲੋਚਨ ਸਿੰਘ ਨੇ ਮੀਟਿੰਗ ਕੀਤੀ ਤੇ ਉਹ ਕੀ ਚਾਹੁੰਦੇ ਹਨ, ਇਸ ਬਾਰੇ ਪੁਛਿਆ। ਉਨ੍ਹਾਂ ਨੇ ਲਿਖਤੀ ਮੰਗਾਂ ਦਾ ਨੋਟ ਦਿਤਾ। ਇਹ ਮੰਗ ਪੱਤਰ, ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨੂੰ ਵਿਖਾਏ ਗਏ ਤੇ ਉਸ ਨੇ ਸਾਰੀਆਂ ਗੱਲਾਂ ਦੀ ਪ੍ਰਵਾਨਗੀ ਦਿਤੀ, ਸਿਵਾਏ ਦਰਬਾਰ ਸਾਹਿਬ ਸਮੂਹ ਵਿਚੋਂ ਫ਼ੌਜ ਕੱਢਣ ਦੀ। ਸ. ਬੂਟਾ ਸਿੰਘ ਨੇ ਅੰਮ੍ਰਿਤਸਰ ਆ ਕੇ ਸਰਕਾਰ ਵਲੋਂ ਕੀਤੇ ਫ਼ੈਸਲੇ ਦੀ ਸੂਚਨਾ ਪ੍ਰੈਸ ਨੂੰ ਦਿਤੀ ਪਰ ਮਗਰੋਂ ਇੰਦਰਾ ਗਾਂਧੀ ਨੇ ਪੈਰ ਪਿਛਾਂਹ ਕਰ ਲਏ ਤੇ ਦਿਤੇ ਹੋਏ ਬਚਨਾਂ ਤੋਂ ਫਿਰ ਗਈ।
(ਇਸ ਸੱਭ ਕਾਸੇ ਦਾ ਵਿਸਥਾਰ ਸਹਿਤ ਵੇਰਵਾ ਕਿਤਾਬ ਵਿਚ ਦਿਤਾ ਗਿਆ ਹੈ) ਇਹ ਕਿਉਂ ਕੀਤਾ ਗਿਆ, ਇਸ ਬਾਰੇ ਖੋਜ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਇੰਦਰਾ ਗਾਂਧੀ 20 ਜੂਨ 84 ਨੂੰ ਦਰਬਾਰ ਸਾਹਿਬ ਗਈ ਤੇ ਉਥੇ ਹੋਈ ਫ਼ੌਜੀ ਕਾਰਵਾਈ ਦਾ ਆਪ ਜਾਇਜ਼ਾ ਲਿਆ। ਸ. ਬੂਟਾ ਸਿੰਘ ਤੇ ਤਰਲੋਚਨ ਸਿੰਘ ਨੇ ਬਾਬਾ ਖੜਕ ਸਿੰਘ ਨੂੰ ਮਿਲ ਕੇ, ਅਕਾਲ ਤਖ਼ਤ ਸਾਹਿਬ ਦੀ ਪੁਨਰ ਉਸਾਰੀ ਲਈ, ਮਨਾਉਣ ਦਾ ਯਤਨ ਕੀਤਾ ਪਰ ਉਹ ਨਾ ਮੰਨੇ। (ਇਸ ਸਾਰੇ ਕਾਸੇ ਦਾ ਵੇਰਵਾ ਪਹਿਲੇ ਲਿਖੇ ਹੋਏ ਲੇਖਾਂ ਵਿਚ ਕੀਤਾ ਗਿਆ ਹੈ।)
ਆਖ਼ਰ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਕੀਤਾ ਕਿ ਅਕਾਲ ਤਖ਼ਤ ਦੀ ਇਸ ਡਿੱਗੀ ਹੋਈ ਇਮਾਰਤ ਨੂੰ ਇਸ ਤਰ੍ਹਾਂ ਨਹੀਂ ਛਡਣਾ ਚਾਹੀਦਾ ਕਿਉਂਕਿ ਸਿੱਖ ਕੌਮ ਇਸ ਨੂੰ ਵੇਖ ਕੇ ਹਮੇਸ਼ਾ ਲਈ ਦੇਸ਼ ਦੀ ਮੇਨਧਾਰਾ ਤੋਂ ਲਾਂਭੇ ਹੁੰਦੀ ਜਾਵੇਗੀ। ਇਸੇ ਕਰ ਕੇ ਨਿਹੰਗ ਸੰਤਾ ਸਿੰਘ ਨੂੰ ਅੱਗੇ ਲਗਾ ਕੇ, ਸਰਕਾਰ ਨੇ ਅਪਣੇ ਪੈਸੇ ਨਾਲ, ਅਕਾਲ ਤਖ਼ਤ ਸਾਹਬ ਦੀ ਇਮਾਰਤ ਬਣਵਾਈ। ਇਹ ਇਕ ਵੱਡੇ ਵਿਵਾਦ ਦਾ ਵਿਸ਼ਾ ਬਣਿਆ ਤੇ ਸਿੱਖ ਕੌਮ ਨੇ ਇਸ 'ਸਰਕਾਰੀ' ਸੇਵਾ ਨਾਲ ਬਣੀ ਅਕਾਲ ਤਖ਼ਤ ਸਾਹਬ ਦੀ ਇਮਾਰਤ ਨੂੰ ਪ੍ਰਵਾਨ ਨਾ ਕੀਤਾ।
ਇਹ ਸਿੱਖ ਸੰਗਤਾਂ ਵਲੋਂ ਢਾਹ ਦਿਤੀ ਗਈ ਤੇ ਪੂਰੀ ਸੰਗਤ ਵਲੋਂ ਕਾਰ ਸੇਵਾ ਨਾਲ, ਇਸ ਦੀ ਪੁਨਰ ਉਸਾਰੀ ਹੋਈ ਜੋ ਅਸੀ ਅੱਜ ਵੇਖ ਰਹੇ ਹਾਂ। ਇਕ ਸਵਾਲ ਹੈ- ਜਿਸ ਦਾ ਜਵਾਬ ਲਭਣਾ ਬਣਦਾ ਹੈ। 7 ਜੂਨ 1984 ਤੋਂ ਲੈ ਕੇ 10 ਜੂਨ ਤਕ ਪ੍ਰਧਾਨ ਮੰਤਰੀ ਨੇ ਕੀ ਕੀਤਾ- ਉਹ ਕੌਣ ਸਨ ਜਿਨ੍ਹਾਂ ਨਾਲ ਸਲਾਹਾਂ ਕੀਤੀਆਂ? ਇਸ ਸੱਭ ਕਾਸੇ ਦਾ ਰਿਕਾਰਡ, ਪ੍ਰਧਾਨ ਮੰਤਰੀ ਨਿਵਾਸ ਉਤੇ ਹੁੰਦਾ ਹੈ। ਇਸ ਸਬੰਧੀ ਖੋਜ ਦੀ ਲੋੜ ਹੈ। ਇਕ ਗੱਲ ਤਾਂ ਹੈ ਜਿਸ ਦਾ ਵੇਰਵਾ ਇੰਦਰਾ ਗਾਂਧੀ ਦੀ ਜੀਵਨੀ ਲਿਖਣ ਵਾਲੀ 'ਪਾਪੂਲ ਜੈਆਕਾਰ' ਨੇ ਦਿਤਾ ਹੈ ਕਿ ਇੰਦਰਾ ਗਾਂਧੀ 6 ਜੂਨ ਤੋਂ ਬਾਦ ਬਹੁਤ ਬੇਚੈਨ ਤੇ ਪ੍ਰੇਸ਼ਾਨ ਸੀ।
ਇਹ ਵੀ ਹੋ ਸਕਦਾ ਹੈ ਕਿ ਉਸ ਦੀ ਅੰਦਰ ਦੀ ਆਤਮਾ ਉਸ ਨੂੰ ਝੰਜੋੜਦੀ ਹੋਵੇ ਕਿ ਇਹ ਕੀ ਕਾਰਾ ਹੋ ਗਿਆ ਹੈ ਤੇ ਕੀ ਉਸ ਨੂੰ ਟਾਲਿਆ ਜਾ ਸਕਦਾ ਸੀ? ਇਸ ਸਾਰੇ ਕਾਸੇ ਦਾ ਕੁੱਝ ਜਵਾਬ, ਉਸ ਦੇ ਨਿਕਟਵਰਤੀਆਂ, ਉਸ ਦੇ ਸੈਕਟਰੀ ਆਰ ਕੇ ਧਵਨ, ਅਰੁਣ ਨਹਿਰੂ ਤੇ ਹੋਰ ਦੇ ਸਕਦੇ ਸਨ। ਲੇਖਕ ਨੇ ਆਰ ਕੇ ਧਵਨ ਨਾਲ ਰਾਬਤਾ ਬਣਾਇਆ, ਉਨ੍ਹਾਂ ਦੇ ਘਰ ਗੋਲਫ਼ ਲਿੰਕ ਵਿਚ ਜਾ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਇੰਟਰਵਿਊ ਦੇਣ ਤੋਂ ਨਾਂਹ ਕਰ ਦਿਤੀ।
ਇਕ ਗੱਲ ਉਨ੍ਹਾਂ ਲੇਖਕ ਨੂੰ ਕਹੀ ਸੀ ਕਿ ਪ੍ਰਧਾਨ ਮੰਤਰੀ ਕੋਲੋਂ ਸਿਰਫ਼ ਇਹ ਹੀ ਨਹੀਂ, ਕਈ ਹੋਰ ਗਲਤੀਆਂ ਵੀ ਹੋਈਆਂ ਹਨ ਪਰ ਉਹ ਕੁੱਝ ਕਹਿਣਾ ਨਹੀਂ ਚਾਹੁੰਦੇ। ਅਰੁਣ ਨਹਿਰੂ ਨੇ ਵੀ ਇੰਟਰਵਿਊ ਦੇਣ ਤੋਂ ਅਸਮਰੱਥਾ ਪ੍ਰਗਟਾਈ। ਅੱਜ ਇਹ ਦੋਵੇਂ ਇਸ ਸੰਸਾਰ ਵਿਚ ਨਹੀਂ ਰਹੇ। ਇਤਿਹਾਸਕ ਖੋਜ ਕਰਨ ਵਾਲੇ, ਆਉਂਦੇ ਸਮੇਂ ਵਿਚ, ਹੋਰ ਡੂੰਘਾਈ ਨਾਲ, ਦਰਬਾਰ ਸਾਹਿਬ ਤੇ ਹੋਏ ਇਸ ਹਮਲੇ ਦੇ ਕਾਰਨਾਂ, ਜ਼ਿੰਮੇਵਾਰੀਆਂ ਕਿਸ-ਕਿਸ ਦੀਆਂ ਹਨ ਤੇ ਪ੍ਰਧਾਨ ਮੰਤਰੀ ਦੀ ਭਾਵਨਾ, ਸੋਚ ਤੇ ਸਲਾਹਕਾਰਾਂ ਬਾਰੇ ਖੋਜਾਂ ਅਵੱਸ਼ ਕਰਨਗੇ- ਮੈਨੂੰ ਉਮੀਦ ਹੈ।
ਸੰਪਰਕ : 88720-06924