ਰਾਸ਼ਟਰੀ ਸਵੈਮਸੇਵਕ ਸੰਘ ਦੀ ਚੁੱਪੀ-ਕੁੱਝ ਕਹਿ ਰਹੀ ਹੈ ਤੇ ਸਿੱਖ ਕੌਮ ਕੁੱਝ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਰਾਸ਼ਟਰੀ ਸਵੈਮਸੇਵਕ ਸੰਘ, ਦਰਅਸਲ ਜਨਸੰਘ ਅਤੇ ਇਸ ਦਾ ਬਦਲਵਾਂ ਨਾਂ ਭਾਰਤੀ ਜਨਤਾ ਪਾਰਟੀ ਦੇ ਸਭਿਆਚਾਰਕ ਤੇ ਧਾਰਮਕ ਹਿੰਦੂਤਵ ਸਿਧਾਂਤ ਦਾ ਅਸਲੀ ਚਿਹਰਾ ਰਿਹਾ ਹੈ........

Mohan Bhagwat

ਰਾਸ਼ਟਰੀ ਸਵੈਮਸੇਵਕ ਸੰਘ, ਦਰਅਸਲ ਜਨਸੰਘ ਅਤੇ ਇਸ ਦਾ ਬਦਲਵਾਂ ਨਾਂ ਭਾਰਤੀ ਜਨਤਾ ਪਾਰਟੀ ਦੇ ਸਭਿਆਚਾਰਕ ਤੇ ਧਾਰਮਕ ਹਿੰਦੂਤਵ ਸਿਧਾਂਤ ਦਾ ਅਸਲੀ ਚਿਹਰਾ ਰਿਹਾ ਹੈ। ਇਸ ਵਿਚ ਕੋਈ ਅਤਿਕਥਨੀ ਨਹੀਂ, ਜੇ ਇਹ ਕਿਹਾ ਜਾਵੇ ਕਿ ਸਵੈਮਸੇਵਕ ਸੰਘ ਦੀ ਰਾਜਨੀਤਕ ਸ਼ਾਖਾ ਭਾਰਤੀ ਜਨਤਾ ਪਾਰਟੀ ਹੈ। ਸਵੈਮਸੇਵਕ ਸੰਘ ਦੇ ਨੇਤਾ ਅਪਣੀਆਂ ਬੈਠਕਾਂ, ਜਲਸਿਆਂ ਤੇ ਸਮਾਗਮਾਂ ਵਿਚ ਇਹ ਕਹਿੰਦੇ ਰਹੇ ਹਨ ਕਿ ਦੇਸ਼ ਵਿਚ ਹਿੰਦੂ ਰਾਸ਼ਟਰ ਦੀ ਸਥਾਪਨਾ, ਉਨ੍ਹਾਂ ਦਾ ਮੁੱਖ ਉਦੇਸ਼ ਹੈ।

ਇਹ ਨਾ ਭੁਲੀਏ ਕਿ ਜਦੋਂ ਉਤਰ ਪ੍ਰਦੇਸ਼ ਤੇ ਹੋਰ ਰਾਜਾਂ ਵਿਚ ਜਬਰੀ ਧਰਮ ਪਰਿਵਰਤਨ ਬਾਰੇ ਵਿਵਾਦ ਚਲ ਰਿਹਾ ਸੀ ਤਾਂ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ, ਮੋਹਨ ਭਾਗਵਤ ਨੇ 2014 ਵਿਚ ਕਿਹਾ ਸੀ ਕਿ ਉਹ ਭੈਣ ਭਰਾ, ਜਿਹੜੇ ਹਿੰਦੂ ਧਰਮ ਤੋਂ ਦੂਰ ਹੋ ਕੇ ਰਸਤਾ ਭੁੱਲ ਗਏ ਹਨ, ਉਨ੍ਹਾਂ ਨੂੰ ਵਾਪਸ ਲੈ ਆਵਾਂਗੇ। ਹਿੰਦੂ ਜਥੇਬੰਦੀਆਂ ਨੇ ਧਰਮ ਪਰਿਵਰਤਨ ਇਸ ਗਿਣੇ ਮਿੱਥੇ ਪ੍ਰੋਗਰਾਮ ਅਨੁਸਾਰ ਸ਼ੁਰੂ ਕਰ ਦਿਤੇ ਹਨ। ਉਤਰ ਪ੍ਰਦੇਸ਼ ਤੋਂ ਬਿਨਾਂ ਗੁਜਰਾਤ, ਰਾਜਸਥਾਨ ਤੇ ਕੇਰਲਾ ਵਿਚ ਵੀ ਧਰਮ ਬਦਲਾਅ ਦੇ ਸਮਾਗਮ ਕੀਤੇ ਗਏ ਤੇ ਇਸ ਨੂੰ ਘਰ ਵਾਪਸੀ ਦਾ ਨਾਂ ਦਿਤਾ ਗਿਆ। ਇਸ ਸਾਰੇ ਕਾਸੇ ਤੋਂ ਸੰਘ ਦੀ ਅੰਦਰਲੀ ਸੋਚ ਦਾ ਪ੍ਰਗਟਾਵਾ ਸਪੱਸ਼ਟ ਹੈ।

ਹੁਣ ਜਦੋਂ ਚਾਰ ਸਾਲ ਦੇ ਵਧੇਰੇ ਸਮੇਂ ਤੋਂ ਭਾਜਪਾ ਦੀ ਕੇਂਦਰ ਵਿਚ ਸਰਕਾਰ ਚਲ ਰਹੀ ਹੈ ਤਾਂ ਹਰ ਹਰਬਾ, ਤਰੀਕਾ ਇਸਤੇਮਾਲ ਕੀਤੇ ਜਾਣ ਦੀ ਨਿਰੰਤਰ ਕੋਸ਼ਿਸ਼ ਰਹੇਗੀ ਕਿ ਭਾਜਪਾ ਮੁੜ ਰਾਜ ਸੱਤਾ ਉਤੇ ਕਾਬਜ਼ ਰਹੇ। ਪਿਛਲੇ ਚਾਰ ਸਾਲਾਂ ਵਿਚ ਆਰਥਕ ਮੁੱਦਿਆਂ ਪੱਖੋਂ ਇਹ ਸਰਕਾਰ ਅਸਫ਼ਲ ਰਹੀ ਹੈ ਤੇ ਦੇਸ਼ ਵਿਚ ਘੱਟ-ਗਿਣਤੀਆਂ ਨਾਲ ਆਪਸੀ ਸਹਿਚਾਰ ਇਕ ਨੀਵੇਂ ਪੱਧਰ ਉਤੇ ਆ ਗਿਆ ਹੈ। ਵੇਖਣ ਵਿਚ ਆਇਆ ਹੈ ਕਿ ਸੰਘ ਦੋਹਰੀ ਨੀਤੀ ਉਤੇ ਚਲ ਰਿਹਾ ਹੈ। ਅਪਣੇ ਮਿਥੇ ਹੋਏ ਹਿੰਦੂਤਵ ਦੇ ਵਿਸ਼ੇ ਤੇ ਤਾਂ ਕੋਈ ਲਚਕਤਾ ਨਹੀਂ ਪਰ ਤਰੀਕੇ ਨਾਲ ਦਬੀ ਜ਼ੁਬਾਨ ਵਿਚ ਮੁਸਲਮਾਨਾਂ ਪ੍ਰਤੀ ਸਹਿਣਸ਼ੀਲਤਾ ਦੀ ਵੀ ਝਲਕ ਹੈ,

ਇਹ ਭਾਵੇਂ ਵਿਖਾਵੇ ਵਾਲੀ ਹੀ ਹੋਵੇ। ਸੰਘ ਨੇ ਅਪਣੇ ਤਿੰਨ-ਦਿਨਾ ਸਮਾਗਮ ਤੇ ਪ੍ਰੈੱਸ ਕਾਨਫ਼ਰੰਸ ਵਿਚ, ਇਸ ਸਬੰਧੀ ਇਸ਼ਾਰਤਨ ਕਿਹਾ ਹੈ। ਮੋਹਨ ਭਾਗਵਤ ਨੇ ਪਹਿਲੇ ਪ੍ਰਮੁੱਖ ਨੇਤਾਵਾਂ, ਗੋਲਵਾਲਕਾਰ ਤੇ ਵੀਰ ਸਰਵਰਕਰ ਨਾਲੋਂ ਜਿਹੜੇ ਮੁਸਲਮ ਵਿਰੋਧੀ ਪ੍ਰਵਿਰਤੀ ਵਾਲੇ ਸਨ, ਉਸ ਵਿਚ ਬਦਲੀ ਦਾ ਸੰਕੇਤ ਦਿਤਾ ਹੈ। ਸਵਾਲ ਇਹ ਹੈ ਕਿ ਜੋ ਮੋਹਨ ਭਾਗਵਤ ਨੇ ਕਿਹਾ ਹੈ, ਉਸ ਅਨੁਸਾਰ ਕੀ ਸਵੈਮਸੇਵਕ ਸੰਘ ਦੀ ਨੀਤੀ ਤੇ ਵਿਚਾਰਧਾਰਾ ਵਿਚ ਕੋਈ ਤਬਦੀਲੀ ਆਈ ਹੈ? ਇਸ ਦਾ ਜਵਾਬ ਇਹ ਹੈ ਕਿ ਜੋ ਮੋਹਨ ਭਾਗਵਤ ਨੇ ਕਿਹਾ, ਉਹ ਠੀਕ ਨਹੀਂ ਬਲਕਿ ਉਹ ਠੀਕ ਹੈ ਜੋ ਨਹੀਂ ਕਿਹਾ। ਕਿਹਾ ਗਿਆ ਕਿ ਜੋ ਹਿੰਦੁਸਤਾਨ ਵਿਚ ਹੈ, ਉਹ ਹਿੰਦੂ ਹੈ, ਪਰਾਇਆ ਨਹੀਂ।

ਅੰਤਰਜਾਤੀ ਤੇ ਅੰਤਰ ਵਿਚਾਰਾਂ ਸਬੰਧੀ ਉਨ੍ਹਾਂ ਕਿਹਾ ਕਿ ਅੰਤਰ ਜਾਤੀ ਵਿਆਹ ਲਈ ਤਾਂ ਸੰਘ ਸੱਭ ਤੋਂ ਅੱਗੇ ਹੈ ਪਰ ਅੰਤਰ ਧਰਮ ਵਿਚਾਰਾਂ ਬਾਰੇ ਕੁੱਝ ਵੀ ਨਹੀਂ ਕਿਹਾ। ਮੋਹਨ ਭਾਗਵਤ ਨੇ ਵਿਦਿਅਕ ਢਾਂਚੇ ਬਾਰੇ ਵਿਚਾਰ ਦਿੰਦਿਆਂ ਕਿਹਾ ਕਿ ਧਰਮਾਂ ਦੇ ਉਚਤਮ ਵਿਚਾਰਾਂ ਦੀ ਮੁਲਾਂਕਣ ਹੋਣਾ ਚਾਹੀਦਾ ਹੈ। ਧਾਰਮਕ ਟੈਕਸ ਵਿਦਿਅਕ ਸਲੇਬਸ ਦਾ ਹਿੱਸਾ ਹੋਣੇ ਚਾਹੀਦੇ ਹਨ, ਜਿਵੇਂ ਉਪਨਿਸ਼ਦ, ਗੀਤਾ, ਤ੍ਰਿਪਤਕਾ (ਬੋਧੀ ਮਤ) ਜੈਨਅਗਮ, ਚਤੁਰਵੇਦ ਤੇ ਗੁਰੂ ਗ੍ਰੰਥ ਸਾਹਿਬ ਵਿਚ ਦਿਤੇ ਹੋਏ ਉਪਦੇਸ਼। ਇਥੇ ਭਾਗਵਤ ਬਾਈਬਲ ਤੇ ਕੁਰਾਨ ਬਾਰੇ ਜਾਂ ਤਾਂ ਭੁੱਲ ਗਏ ਹਨ ਜਾਂ ਕਹਿਣਾ ਠੀਕ ਨਹੀਂ ਸਮਝਿਆ।

ਗਊ ਰੱਖਿਆ ਵਿਸ਼ੇ ਉਤੇ ਸੰਘ ਦੀ ਨੀਤੀ ਸਪੱਸ਼ਟ ਕਰਦਿਆਂ ਕਿਹਾ ਕਿ ਕੋਈ ਕਾਨੂੰਨ ਨੂੰ ਅਪਣੇ ਹੱਥਾਂ ਵਿਚ ਨਹੀਂ ਲੈ ਸਕਦਾ ਪਰ ਨਾਲ ਹੀ ਗਊਆਂ ਦੀ ਸਮਗਲਿੰਗ ਬਾਰੇ ਦੋਗਲੀ ਗੱਲ ਕਰਦੇ ਹਨ। ਇਕ ਫਿਰਕੇ ਤੇ ਵਿਅੰਗ ਕਸਦਿਆਂ ਤੇ ਧਰਮ ਪਰਿਵਰਤਨ ਬਾਰੇ ਕਿਹਾ ਕਿ ਪਹਿਲਾਂ ਇਹ ਸੋਚਣਾ ਬਣਦਾ ਹੈ ਕਿ ਪ੍ਰਵਾਰ ਵਿਚ ਬੱਚਿਆਂ ਨੂੰ ਪਾਲਣ ਦੀ ਹੈਸੀਅਤ ਵੀ ਹੈ ਅਤੇ ਉਹ ਐਵੇਂ  ਤਾਂ ਨਹੀਂ ਬੱਚੇ ਪੈਦਾ ਕਰੀ ਜਾ ਰਹੇ। ਇਨ੍ਹਾਂ ਸਾਰੀਆਂ ਗੱਲਾਂ ਦਾ ਸੰਭਾਵਤ ਨਿਸ਼ਾਨਾ ਮੁਸਲਮਾਨਾਂ ਉਤੇ ਆ ਟਿਕਦਾ ਹੈ ਤੇ ਸੰਘ ਦੀ ਨੀਤੀ ਵਿਚ ਕੋਈ ਬਦਲਾਅ ਨਜ਼ਰ ਨਹੀਂ ਆਉਂਦਾ

ਪਰ ਮੋਹਨ ਭਾਗਵਤ ਨੇ ਪਹਿਲਾਂ ਇਹ ਸੰਕੇਤ ਦਿਤੇ ਸਨ ਕਿ ਸੰਘ ਦੀ ਫਿਲਾਸਫ਼ੀ ਨੂੰ ਨਿਵੇਕਲਾ ਤੇ ਨਵਾਂ ਰੂਪ ਦਿਤਾ ਜਾਵੇਗਾ। ਕੁੱਝ ਦਿਨ ਪਹਿਲਾਂ ਹੋਏ ਸਮਾਗਮ ਵਿਚ ਇਕ ਵਿਚਲਾ ਰਾਹ ਅਪਣਾਇਆ ਗਿਆ ਹੈ ਜਦੋਂ ਉਹ ਕਹਿੰਦੇ ਹਨ ਕਿ ਗੱਲਬਾਤ ਚਲਾਉ, ਭਾਵੇਂ ਇਸ ਗੱਲ ਦਾ ਗੰਭੀਰ ਮਨੋਰਥ ਹੋਵੇ ਜਾਂ ਨਹੀਂ। ਪਰ ਦੇਸ਼ ਦੀਆਂ ਅਖ਼ਬਾਰਾਂ ਤੇ ਟੀ.ਵੀ ਚੈਨਲਾਂ ਨੇ ਇਸ ਨੂੰ ਭਰਵੀਂ ਥਾਂ ਦਿਤੀ ਹੈ। ਨਿਰਪੱਖ ਹੋ ਕੇ ਸੋਚਣਾ ਬਣਦਾ ਹੈ ਕਿ ਇਹ ਕਿਉਂ ਕਿਹਾ ਜਾ ਰਿਹਾ ਹੈ। ਦਰਅਸਲ ਸੰਘ ਨੂੰ ਸਮਝ ਆ ਰਹੀ ਹੈ ਕਿ ਭਾਜਪਾ ਅਪਣੇ ਆਪ ਵਿਚ 2019 ਦੀਆਂ ਹੋਣ ਵਾਲੀਆਂ ਚੋਣਾਂ ਵਿਚ ਬਹੁਮਤ ਨਹੀਂ ਲੈ ਸਕੇਗੀ ਤੇ ਬਾਕੀ ਖੇਤਰੀ ਪਾਰਟੀਆਂ ਨਾਲ,

ਰਲ ਮਿਲ ਕੇ ਹੀ ਸਰਕਾਰ ਬਣਾਈ ਜਾ ਸਕੇਗੀ। ਸੰਘ ਦਾ ਵਿਚਕਾਰਲਾ ਰਾਹ ਅਪਣਾਉਣਾ, ਇਸ ਅੰਦਰੂਨੀ ਸੋਚ ਦਾ ਸੰਕੇਤ ਹੋ ਸਕਦਾ ਹੈ। ਸਰਕਾਰ ਜੇ ਇਨ੍ਹਾਂ ਦੇ ਹੱਥ ਵਿਚ ਹੋਵੇਗੀ ਤਾਂ ਹੀ ਸੰਘ ਦੇ ਅਸਲੀ ਏਜੰਡੇ ਨੂੰ ਅਗਲਾ ਜਾਮਾ ਪਹਿਨਾਇਆ ਜਾ ਸਕਦਾ ਹੈ। ਯਾਦ ਰਖੀਏ ਕਿ 90 ਸਾਲ ਪਹਿਲਾਂ ਰਾਸ਼ਟਰੀ ਸਵੈਮਸੇਵਕ ਸੰਘ ਦਾ ਉਦੇਸ਼ ਸੀ ਕਿ ਹਿੰਦੁਸਤਾਨ ਵਿਚ ਹਿੰਦੂ ਰਾਸ਼ਟਰ ਦੀ ਭਗਵੇਂ ਝੰਡੇ ਹੇਠ ਸਥਾਪਨਾ, ਨੀਵੀਆਂ ਜਾਤੀਆਂ ਜਾਤ ਲਈ ਕਿਸੇ ਰਿਜ਼ਰਵੇਸ਼ਨ ਦੀ ਅਣਹੋਂਦ ਤੇ ਸਿੱਖਾਂ ਤੇ ਆਦਿਵਾਸੀਆਂ ਨੂੰ ਹਿੰਦੂ ਧਰਮ ਨੂੰ ਸਵੀਕਾਰ ਕਰਨ ਲਈ ਮਜਬੂਰ ਕਰਨਾ ਇਤਿਆਦਿ।

ਪਿਛਲੇ 4 ਸਾਲ ਤੋਂ ਵੱਧ ਦੇ ਸਮੇਂ ਵਿਚ ਜਦੋਂ ਦੀ ਭਾਜਪਾ ਸਰਕਾਰ ਆਈ ਹੈ, ਬਹੁਤ ਸੋਚ ਸਮਝ ਕੇ ਇਨ੍ਹਾਂ ਮਿੱਥੇ ਨਿਸ਼ਾਨਿਆਂ ਉਤੇ ਅਮਲ ਹੋ ਰਿਹਾ ਹੈ। ਜਬਰੀ ਧਰਮ ਪਰਿਵਰਤਨ ਨੂੰ ਨਾਂ ਦਿਤਾ ਜਾਂਦਾ ਹੈ ਘਰ ਵਾਪਸੀ, ਬਾਬਰੀ ਮਸਜਿਦ ਨੂੰ ਢਾਉਣਾ ਤੇ ਜਬਰੀ ਮੰਦਰ ਦਾ ਨਿਰਮਾਣ, ਗਊ ਰਖਿਆ ਦੇ ਨਾਂ ਤੇ ਮੁਸਲਮਾਨਾਂ ਨੂੰ ਸ਼ਰੇਆਮ ਵਢਣਾ ਟੁਕਣਾ ਇਹ ਸੱਭ ਕੁੱਝ ਸ਼ੁਰੂ ਹੋ ਚੁੱਕਾ ਹੈ। ਇਸ ਸਾਰੇ ਪਿਛਲੇ ਸਮੇਂ ਵਿਚ ਮੁਸਲਮਾਨਾਂ ਨੂੰ ਤਾਂ ਦੋਸ਼ਧ੍ਰੋਹੀ ਹੀ ਸਮਝਿਆ ਜਾ ਰਿਹਾ ਹੈ। ਹੁਣੇ ਪਿਛੇ ਜਹੇ ਹੀ ਮੋਹਨ ਭਾਗਵਤ ਨੇ ਹਰਿਦਵਾਰ ਵਿਚ ਕਿਹਾ ਹੈ ਕਿ ''ਮੰਦਰ ਹਰ ਹਾਲਤ ਤੇ ਹਰ ਕੀਮਤ ਉਤੇ ਬਣਾਇਆ ਜਾਵੇਗਾ।''

ਉਨ੍ਹਾਂ ਕਿਹਾ ਹੈ ਕਿ ਵਿਰੋਧੀ ਪਾਰਟੀਆਂ ਇਸ ਦੀ ਮੁਖ਼ਾਲਫ਼ਤ ਨਹੀਂ ਕਰ ਸਕਦੀਆਂ ਕਿਉਂਕਿ ਇਥੇ ਹਿੰਦੂਆਂ ਦੀ ਬਹੁਗਿਣਤੀ ਧਾਰਮਕ ਬਿਰਤੀ ਵਾਲੀ ਹੈ। ਇਹ ਵੀ ਕਿਹਾ ਹੈ ਕਿ ਸਰਕਾਰ ਦੀ ਕੋਈ ਮਜਬੂਰੀ ਹੋ ਸਕਦੀ ਹੈ ਪਰ ਸੰਤਾਂ ਤੇ ਮਹਾਂਪੁਰਸ਼ਾਂ ਦੀ ਕੋਈ ਮਜਬੂਰੀ ਨਹੀਂ। ਉਨ੍ਹਾਂ ਨੇ ਸੰਤਾਂ ਨੂੰ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਕਿਹਾ ਤੇ ਉਤਸ਼ਾਹਤ ਕੀਤਾ। ਇਕ ਪਾਸੇ ਤਾਂ ਇਹ ਕੇਸ ਸੁਪਰੀਮ ਕੋਰਟ ਵਿਚ ਚਲ ਰਿਹਾ ਹੈ ਤੇ ਦੂਜੇ ਬੰਨੇ, ਰਾਮ ਮੰਦਰ ਅਵੱਸ਼ ਬਣਾਉਣ ਦੀਆਂ ਸ਼ਰੇਆਮ ਜੁਰਅੱਤ ਕਰ ਕੇ ਧਮਕੀਆਂ ਵਰਗੀ ਭਾਸ਼ਾ ਵਰਤੀ ਜਾ ਰਹੀ ਹੈ। ਇਸ ਸਾਰੇ ਕਾਸੇ ਤੋਂ ਸਵੈਮਸੇਵਕ ਸੰਘ ਦੀ ਸੋਚ ਦੀ ਭਾਵਨਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਗੋਲਵਾਲਕਰ ਨੇ ਅਪਣੀ ਕਿਤਾਬ ਵਿਚ ਲਿਖਿਆ ਸੀ ਕਿ ਉਹ ਅਸ਼ੁਭ ਘੜੀ ਸੀ ਜਦੋਂ ਮੁਸਲਮਾਨਾਂ ਨੇ ਭਾਰਤ ਦੀ ਧਰਤੀ ਤੇ ਅਪਣੇ ਪੈਰ ਰੱਖੇ ਸਨ ਤੇ ਇਹ ਹੈ ਸੰਘ ਦੀ ਅੰਦਰੂਨੀ ਸੋਚ। ਗੁਜਰਾਤ ਵਿਚ ਜਿਸ ਹਿਸਾਬ ਨਾਲ ਮੁਸਲਮਾਨਾਂ ਨੂੰ ਮਾਰਿਆ ਗਿਆ, ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਘੱਟ ਗਿਣਤੀ ਵਾਲੀਆਂ ਕੌਮਾਂ ਅੱਜ ਦੇਸ਼ ਵਿਚ ਅਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ। ਇਕ ਗੱਲ ਹੋਰ ਸਮਝਣ ਵਾਲੀ ਹੈ ਕਿ ਸੰਘ ਤੇ ਭਾਜਪਾ ਨੇ ਰਾਸ਼ਟਰੀ ਸਿੱਖ ਸੰਗਤ ਦੇ ਨਾਂ ਹੇਠ ਇਕ ਹੋਰ ਜਥੇਬੰਦੀ ਸਥਾਪਤ ਕੀਤੀ ਹੈ ਤੇ ਇਹ ਸਿੱਧੇ ਅਸਿੱਧੇ ਢੰਗ ਅਪਣਾ ਕੇ ਸਿੱਖਾਂ ਵਿਚ ਅਪਣਾ ਰਸੂਖ਼ ਵਧਾ ਰਹੇ ਹਨ।

ਸਾਡੀ ਅਕਾਲੀ ਲੀਡਰਸ਼ਿਪ ਅਪਣੀ ਸੌੜੀ ਤੇ ਮਤਲਬੀ ਸੋਚ ਰਖਦੀ ਹੈ। ਉਹ ਸਿੱਖੀ ਦੇ ਉਚ ਅਸੂਲਾਂ ਤੋਂ ਕਦਰਾਂ ਤੋਂ ਕੋਹਾਂ ਦੂਰ ਹੈ। ਜੇ ਅਜਿਹਾ ਨਾ ਹੁੰਦਾ ਤਾਂ ਸਿਰਸੇ ਵਾਲੇ ਸਾਧ ਨੂੰ ਬਿਨਾਂ ਮਾਫ਼ੀ ਮੰਗਣ ਦੇ ਤਖ਼ਤ ਦੇ ਜਥੇਦਾਰਾਂ ਉਤੇ ਦਬਾਅ ਪਾ ਕੇ ਫ਼ੈਸਲਾ ਕਰਵਾ ਲਿਆ ਤੇ ਉਹ ਸਿੱਖ ਵਿਰੋਧਤਾ ਦਾ ਸ਼ਿਕਾਰ ਹੋਏ। ਰਾਸ਼ਟਰੀ ਸਿੱਖ ਸੰਗਤ ਦਾ ਇਕ ਨੁਮਾਇੰਦਾ ਜਥੇਬੰਦੀ ਬਣ ਕੇ ਅਕਾਲ ਤਖ਼ਤ ਸਾਹਿਬ ਤੇ ਮੈਮੋਰੰਡਮ ਦੇਣਾ ਇਸ ਸੱਭ ਕਾਸੇ ਦਾ ਸੂਚਕ ਹੈ। ਸਿੱਖਾਂ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਮੁਸਲਮਾਨਾਂ ਤੋਂ ਬਾਦ ਸ਼ਾਇਦ ਸਿੱਖ ਕੌਮ ਹੀ ਇਨ੍ਹਾਂ ਦੇ ਨਿਸ਼ਾਨੇ ਉਤੇ ਹੋਵੇਗੀ।

ਅਸੀ ਸਾਰੇ ਵੇਖ ਹੀ ਰਹੇ ਹਾਂ ਕਿ ਮੇਘਾਲਿਆ ਵਿਚ ਭਾਜਪਾ ਦੀ ਸਰਕਾਰ ਹੋਵੇ ਤੇ ਸਿੱਖਾਂ ਦੇ ਗੁਰਦਵਾਰਿਆਂ ਉਤੇ ਹਮਲੇ ਹੋਣ। ਇਸੇ ਤਰ੍ਹਾਂ ਉਤਰ ਪ੍ਰਦੇਸ਼ ਤੇ ਰਾਜਸਥਾਨ ਵਿਚ ਸਿੱਖ ਨੌਜੁਆਨਾਂ ਨਾਲ ਬਦਸਲੂਕੀ ਦੀਆਂ ਘਟਨਾਵਾਂ, ਅਖ਼ਬਾਰਾਂ ਵਿਚ ਚਰਚਾ ਦਾ ਵਿਸ਼ਾ ਰਹੀਆਂ ਹਨ। ਸਾਡੇ ਵੱਡੇ-ਵੱਡੇ ਅਕਾਲੀ ਲੀਡਰ ਇਹ ਕਹਿੰਦੇ ਨਹੀਂ ਥਕਦੇ ਕਿ ਭਾਜਪਾ ਨਾਲ ਸਾਡਾ ਸਦੀਵੀ ਨਹੁੰ-ਮਾਸ ਦਾ ਰਿਸ਼ਤਾ ਹੈ। ਸਵਾਲ ਇਹ ਹੈ ਕਿ ਇਸ ਰਿਸ਼ਤੇ ਵਿਚੋਂ ਕੌਮ ਨੇ ਕੀ ਖਟਿਆ ਹੈ? ਕੀ ਪ੍ਰਾਪਤੀ ਹੋਈ ਹੈ? ਕਿਹੜੀ ਮੰਗ ਸੀ ਜਿਸ ਕਰ ਕੇ ਹਜ਼ਾਰਾਂ ਸਿੱਖ ਨੌਜੁਆਨ ਮਾਰ ਦਿਤੇ ਗਏ?

ਇਨ੍ਹਾਂ ਸਾਡੇ ਸਿੱਖ ਲੀਡਰਾਂ ਨੂੰ ਉਹ ਮੰਗਾਂ ਸੱਭ ਵਿਸਰ ਗਈਆਂ ਹਨ। ਕੇਂਦਰ ਵਿਚ ਇਕ ਅੱਧੀ ਵਜ਼ਾਰਤ ਲੈ ਕੇ ਲੀਡਰਾਂ ਨੇ ਕੌਮ ਦੇ ਮੁਫ਼ਾਦ ਨੂੰ ਅੱਖੋਂ ਪਰੋਖੇ ਕਰ ਦਿਤਾ ਹੈ ਤੇ ਉਸ ਦਾ ਨਤੀਜਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਵੇਖ ਲਿਆ ਹੈ। ਥਾਉਂ ਥਾਈਂ ਵਰਤਮਾਨ ਅਕਾਲੀ ਲੀਡਰਾਂ ਉਤੇ ਉਂਗਲਾਂ ਉਠ ਰਹੀਆਂ ਹਨ।
ਅਕਾਲੀ ਦਲ, ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸੀ। ਅਪਣੀ ਹਿੱਕ ਉਤੇ ਹੱਥ ਰੱਖ ਕੇ ਸਾਡੇ ਲੀਡਰ ਇਹ ਸੋਚਣ ਤੇ ਦੱਸਣ ਕਿ ਉਹ ਸਿੱਖ ਸੋਚ, ਸਿੱਖੀ ਵਿਚਾਰਧਾਰਾ ਤੇ ਉਨ੍ਹਾਂ ਦੀਆਂ ਉਮੀਦਾਂ ਉਤੇ ਖਰੇ ਉਤਰੇ ਹਨ?

ਸੱਚ ਕੌੜਾ ਲਗਦਾ ਹੈ ਪਰ ਸਮਝੋ ਕਿ ਸਾਡੀ ਕੋਈ ਵੱਡੀ ਰਾਜਸੀ ਪਾਰਟੀ ਸਾਡੀ ਮਿੱਤਰ ਨਹੀਂ। ਸਾਨੂੰ ਲੀਡਰਾਂ ਰਾਹੀਂ ਸਿਰਫ਼ ਵਰਤਣਾ ਹੀ ਜਾਣਦੇ ਹਨ। ਸਿੱਖ ਅਵਾਮ ਇਹ ਸੋਚੇ ਕਿ ਅਸੀ ਕੀ ਕਰਨਾ ਹੈ। ਇਹ ਸਿੱਖ ਨੇਤਾ ਤਾਂ ਕੌਮ ਨੂੰ ਕਿਸੇ ਕਿਨਾਰੇ ਲਗਾ ਨਹੀਂ ਸਕੇ। ਬਹਾਦਰ ਸਿੱਖ ਕੌਮ ਜਿਸ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਉਹ ਕਿਸੇ ਦੀ ਪਿੱਛਲਗ ਨਹੀਂ ਹੋ ਸਕਦੀ। ਮੇਰੇ ਸਿੱਖ ਭਰਾਵੋ! ਸਮਝ ਤੋਂ ਕੰਮ ਲਵੋ ਤੇ ਵੇਲਾ ਸੰਭਾਲੋ।

ਸੰਪਰਕ : 88720-06924