ਦੁਨੀਆ ਦਾ ਸਭ ਤੋਂ ਖ਼ੁਸ਼ਕਿਸਮਤ ਇਨਸਾਨ - ਤਿੰਨ ਵਾਰ ਫਾਂਸੀ ਦੇਣ ’ਤੇ ਵੀ ਨਹੀਂ ਹੋਈ ਮੌਤ
ਅਰਦਾਸ ਦੀ ਕਰਾਮਾਤ ਜਾਂ ਕੋਈ ਜਾਦੂ, ਜਾਣੋ ਪੂਰਾ ਸੱਚ
ਲੰਡਨ : ਦੁਨੀਆ ਵਿਚ ਜਦੋਂ ਕਿਸੇ ਕੈਦੀ ਨੂੰ ਸਜ਼ਾ-ਏ-ਮੌਤ ਦਿੱਤੀ ਜਾਂਦੀ ਐ ਤਾਂ ਉਸ ਦਾ ਮਰਨਾ ਤੈਅ ਮੰਨਿਆ ਜਾਂਦਾ ਏ। ਫਾਂਸੀ ਦੀ ਸਜ਼ਾ ਬਾਰੇ ਸੁਣ ਕੇ ਕਿਸੇ ਅਪਰਾਧੀ ਦੀ ਧੜਕਣ ਤੇਜ਼ ਹੋਣੀ ਸ਼ੁਰੂ ਹੋ ਜਾਂਦੀ ਅਤੇ ਸੁਪਨੇ ਵਿਚ ਵੀ ਯਮਦੂਤ ਦਿਖਾਈ ਦਿੰਦੇ ਨੇ। ਉਸ ਨੂੰ ਪਤਾ ਹੁੰਦਾ ਹੈ ਕਿ ਹੁਣ ਉਸ ਦੇ ਬਚਣ ਦੀ ਕੋਈ ਉਮੀਦ ਨਹੀਂ... ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਇਕ ਵਾਰ ਨਹੀਂ ਬਲਕਿ ਤਿੰਨ ਵਾਰ ਫਾਂਸੀ ’ਤੇ ਲਟਕਾਇਆ ਗਿਆ ਪਰ ਫਿਰ ਵੀ ਉਸ ਦੀ ਮੌਤ ਨਹੀਂ ਹੋਈ। ਆਓ ਤੁਹਾਨੂੰ ਦੱਸਦੇ ਹਾਂ ਕਿ ਕੌਣ ਸੀ ਇਹ ਖ਼ੁਸ਼ਕਿਸਮਤ ਇਨਸਾਨ ਅਤੇ ਕਿਵੇਂ ਦਿੱਤੀ ਉਸ ਨੇ ਮੌਤ ਨੂੰ ਮਾਤ?
ਇਹ ਕਹਾਣੀ ਸ਼ੁਰੂ ਹੁੰਦੀ ਹੈ ਇੰਗਲੈਂਡ ਡੇਵਾਨ ਸ਼ਹਿਰ ਤੋਂ... ਸਾਲ 1885 ਅਤੇ 23 ਫਰਵਰੀ ਦੀ ਸਵੇਰ... ਜੇਲ੍ਹਰ ਸਾਬ੍ਹ ਆਪਣੀ ਘੜੀ ਦੇਖ ਰਹੇ ਨੇ ਅਤੇ ਜੱਲਾਦ ਫਾਂਸੀ ਦੇ ਲੀਵਰ ਨੂੰ ਦੇਖ ਰਿਹਾ ਹੁੰਦਾ ਹੈ। ਨੇੜੇ ਹੀ ਫਾਂਸੀ ਦੇ ਤਖ਼ਤੇ ’ਤੇ ਖੜ੍ਹਾ ਹੁੰਦੈ ਇਕ ਛੋਟੀ ਜਿਹੀ ਹਾਈਟ ਵਾਲਾ ਮੁਲਜ਼ਮ... ਜਿਸ ਦੇ ਹੱਥ ਪਿੱਛੇ ਬੰਨ੍ਹੇ ਹੁੰਦੇ ਨੇ, ਚਿਹਰੇ ’ਤੇ ਚਿੱਟੇ ਰੰਗ ਦਾ ਨਕਾਬ ਪਾਇਆ ਹੁੰਦਾ ਏ। ਉਸ ਦਾ ਸਿਰ ਆਸਮਾਨ ਦੇ ਵੱਲ ਕੀਤਾ ਹੁੰਦਾ ਹੈ। ਫਿਰ ਉਹ ਘੜੀ ਵੀ ਆ ਜਾਂਦੀ ਐ। ਜੇਲ੍ਹਰ ਸਾਬ੍ਹ ਇਸ਼ਾਰਾ ਕਰਦੇ ਨੇ ਅਤੇ ਜੱਲਾਦ ਝੱਟ ਲੀਵਰ ਖਿੱਚ ਦਿੰਦਾ ਹੈ। ਹਰ ਵਾਰ ਦੀ ਤਰ੍ਹਾਂ ਆਉਣ ਵਰਗੀ ਕੋਈ ਆਵਾਜ਼ ਨਹੀਂ ਆਉਂਦੀ। ਜੇਲ੍ਹਰ ਜੱਲਾਦ ਨੂੰ ਦੇਖਦਾ ਹੈ ਅਤੇ ਜੱਲਾਦ ਜੇਲ੍ਹਰ ਨੂੰ ... ਜੋ ਹੋਇਆ, ਉਹ ਸ਼ਾਇਦ ਪਹਿਲਾਂ ਕਦੇ ਨਹੀਂ ਸੀ ਹੋਇਆ... ਕਿਉਂਕਿ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵੀ ਮੁਜ਼ਰਮ ਜ਼ਿੰਦਾ ਖੜ੍ਹਾ ਸੀ। ਜਿਨ੍ਹਾਂ ਫੱਟਿਆਂ ’ਤੇ ਮੁਜ਼ਰਮ ਖੜ੍ਹਾ ਸੀ, ਉਹ ਖੁੱਲ੍ਹੇ ਹੀ ਨਹੀਂ ਸੀ। ਜੇਲ੍ਹਰ ਸਾਬ੍ਹ ਨੇ ਮੁਜ਼ਰਮ ਨੂੰ ਫੱਟਿਆਂ ਤੋਂ ਹਟਾਉਣ ਦਾ ਆਦੇਸ਼ ਦਿੱਤਾ। ਇਸ ਤੋਂ ਬਾਅਦ ਮਿਸਤਰੀ ਬੁਲਾ ਕੇ ਫੱਟਿਆਂ ਦੀ ਮੁਰੰਮਤ ਕਰਵਾਈ ਗਈ। ਹੁਣ ਗ਼ਲਤੀ ਦੀ ਕੋਈ ਗੁੰਜਾਇਸ਼ ਨਹੀਂ ਸੀ, ਇਸ ਲਈ ਜੇਲ੍ਹਰ ਸਾਬ੍ਹ ਫੱਟੇ ਚੰਗੀ ਤਰ੍ਹਾਂ ਚੈੱਕ ਕਰਵਾਏ, ਜੋ ਹੁਣ ਠੀਕ ਖੁੱਲ੍ਹ ਰਹੇ ਸਨ।
ਉਹੀ ਪ੍ਰਕਿਰਿਆ ਫਿਰ ਤੋਂ ਸ਼ੁਰੂ ਹੁੰਦੀ ਐ... ਨਕਾਬ, ਫੰਧਾ, ਲੀਵਰ...ਪਰ ਨਤੀਜਾ ਇਕ ਵਾਰ ਫਿਰ ਉਹੀ ਰਿਹਾ। ਮੁਜ਼ਰਮ ਦੀਆਂ ਅਰਦਾਸਾਂ ਵਿਚ ਸ਼ਾਇਦ ਜ਼ਿਆਦਾ ਅਸਰ ਸੀ ਕਿਉਂਕਿ ਇਸ ਵਾਰ ਫਿਰ ਫੱਟੇ ਨਹੀਂ ਖੁੱਲ੍ਹੇ। ਜੇਲ੍ਹਰ ਸਾਬ੍ਹ ਜੱਲਾਦ ਨੂੰ ਇਕ ਤੀਜੀ ਕੋਸ਼ਿਸ਼ ਕਰਨ ਲਈ ਕਹਿੰਦੇ ਨੇ... ਪਰ ਇਸ ਕੋਸ਼ਿਸ਼ ਦਾ ਵੀ ਕੋਈ ਅਸਰ ਨਹੀਂ ਹੋਇਆ। ਮੁਜ਼ਰਮ ਦੀ ਕਿਸਮਤ ਵਿਚ ਸ਼ਾਇਦ ਮੌਤ ਨਹੀਂ ਲਿਖੀ ਹੋਈ ਸੀ। ਜੇਲ੍ਹਰ ਸਾਬ੍ਹ ਨੌਕਰੀ ਦੀ ਚਿੰਤਾ ਵਿਚ ਇਕ ਹੋਰ ਕੋਸ਼ਿਸ਼ ਲਈ ਤਿਆਰ ਹੀ ਹੋ ਰਹੇ ਸੀ ਕਿ ਉਸੇ ਸਮੇਂ ਉਥੇ ਮੌਜੂਦ ਮੈਡੀਕਲ ਅਫ਼ਸਰ ਤੋਂ ਇਹ ਦੇਖਿਆ ਨਾ ਗਿਆ... ਉਸ ਨੇ ਤਲਖ਼ੀ ਭਰੇ ਲਹਿਜੇ ਵਿਚ ਜੇਲ੍ਹਰ ਨੂੰ ਆਖਿਆ ਕਿ ‘‘ਫਾਂਸੀ ਦੇਣੀ ਐ ਤਾਂ ਆਟੇ ਦੇ ਬੋਰੇ ਮੰਗਵਾ ਲਓ, ਮੈਂ ਤੁਹਾਨੂੰ ਇਸ ਇਨਸਾਨ ਦੀ ਜ਼ਿੰਦਗੀ ਨਾਲ ਹੋਰ ਨਹੀਂ ਖੇਡਣ ਦੇਵਾਂਗਾ।’’ ਜੇਲ੍ਹਰ ਸਾਬ੍ਹ ਨੇ ਤੰਗ ਆ ਕੇ ਫਾਂਸੀ ਰੋਕ ਦਿੱਤੀ। ਮੁਜ਼ਰਮ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਇਹ ਖ਼ਬਰ ਸਾਰੀ ਜੇਲ੍ਹ ਵਿਚ ਅੱਗ ਦੀ ਤਰ੍ਹਾਂ ਫੈਲ ਚੁੱਕੀ ਸੀ। ਸਾਰੇ ਕੈਦੀਆਂ ਅਤੇ ਮੁਲਾਜ਼ਮਾਂ ਦੇ ਮਨਾਂ ਵਿਚ ਇਕੋ ਸਵਾਲ ਸੀ... ਕੀ ਕੋਈ ਜਾਦੂ ਸੀ ਜੋ ਫਾਂਸੀ ਨੂੰ ਰੋਕ ਰਿਹਾ ਸੀ, ਕੀ ਮੁਜ਼ਰਮ ਦੀ ਕਿਸਮਤ ਚੰਗੀ ਸੀ ਜਾਂ ਕੋਈ ਹੋਰ ਵਜ੍ਹਾ ਸੀ? ਵਜ੍ਹਾ ਭਾਵੇਂ ਕੁੱਝ ਵੀ ਸੀ ਪਰ ਇਹ ਮੁਜ਼ਰਮ ਤਿੰਨ ਵਾਰ ਮੌਤ ਨੂੰ ਮਾਤ ਦੇ ਕੇ ਹੀਰੋ ਬਣ ਚੁੱਕਿਆ ਸੀ।
ਇਸ ਖ਼ੁਸ਼ਕਿਸਮਤ ਇਨਸਾਨ ਦਾ ਨਾਮ ਸੀ ਜੌਨ ਲੀ... ਜੋ ਇਕ ਬਹੁਤ ਹੀ ਅਮੀਰ ਔਰਤ ਦੇ ਘਰ ਨੌਕਰੀ ਕਰਦਾ ਸੀ। ਇਕ ਦਿਨ ਉਸ ਔਰਤ ਦੇ ਘਰ ਚੋਰੀ ਹੋ ਜਾਂਦੀ ਐ, ਜਿਸ ਦੇ ਜ਼ੁਰਮ ਵਿਚ ਉਹ ਔਰਤ ਜੌਨ ਲੀ ਨੂੰ ਨੌਕਰੀ ਤੋਂ ਹਟਾ ਦਿੰਦੀ ਐ। ਫਿਰ ਕੁੱਝ ਸਮੇਂ ਬਾਅਦ 15 ਨਵੰਬਰ 1884 ਨੂੰ ਇੰਗਲੈਂਡ ਦੇ ਇਕ ਛੋਟੇ ਜਿਹੇ ਪਿੰਡ ਤੋਂ ਜੌਨ ਲੀ ਨੂੰ ਇਕ ਔਰਤ ਦਾ ਕਤਲ ਕਰਨ ਦੇ ਜ਼ੁਰਮ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ... ਪਰ ਜੌਨ ਵਾਰ ਵਾਰ ਕਹਿ ਰਿਹਾ ਸੀ ਕਿ ਉਹ ਬੇਕਸੂਰ ਐ, ਉਸ ਨੇ ਕੁੱਝ ਨਹੀਂ ਕੀਤਾ ਪਰ ਪੁਲਿਸ ਕੋਲ ਮੌਜੂਦ ਸਬੂਤ ਇਸ਼ਾਰਾ ਜੌਨ ਲੀ ਦੇ ਦੋਸ਼ੀ ਹੋਣ ਵੱਲ ਹੀ ਇਸ਼ਾਰਾ ਕਰ ਰਹੇ ਸੀ। ਦਰਅਸਲ ਜੌਨ ਦੇ ਹੱਥ ’ਤੇ ਕੱਟ ਦਾ ਇਕ ਤਾਜ਼ਾ ਨਿਸ਼ਾਨ ਸੀ, ਬ੍ਰਿਟਿਸ਼ ਪੁਲਿਸ ਨੇ ਜ਼ਿਆਦਾ ਦਿਮਾਗ਼ ਨਾ ਲਾਉਂਦਿਆਂ ਜੌਨ ਲੀ ਨੂੰ ਹੀ ਕਾਤਲ ਮੰਨ ਕੇ ਕੇਸ ਦਾਇਰ ਕਰ ਦਿੱਤਾ, ਜਿੱਥੇ ਅਦਾਲਤ ਨੇ ਵੀ ਉਸ ਨੂੰ ਦੋਸ਼ੀ ਮੰਨਦਿਆਂ ਮੌਤ ਦੀ ਸਜ਼ਾ ਸੁਣਾ ਦਿੱਤੀ। ਇਸ ਤੋਂ ਬਾਅਦ ਕੀ ਕੁੱਝ ਹੋਇਆ, ਉਹ ਸਾਰਾ ਕੁੱਝ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਆਂ ਕਿ ਉਹ ਤਿੰਨ ਵਾਰ ਫਾਂਸੀ ਦੇਣ ਤੋਂ ਬਾਅਦ ਵੀ ਜ਼ਿੰਦਾ ਬਚ ਗਿਆ।
ਬ੍ਰਿਟਿਸ਼ ਸਰਕਾਰ ਨੇ ਤਿੰਨ ਵਾਰ ਮੌਤ ਨੂੰ ਮਾਤ ਦੇਣ ਵਾਲੇ ਜੌਨ ਲੀ ਦੀ ਸਜ਼ਾ ਮੁਆਫ਼ ਕਰਦਿਆਂ ਉਸ ਨੂੰ ਰਿਹਾਅ ਕਰ ਦਿੱਤਾ ਸੀ। ਅਦਾਲਤ ਨੇ ਆਖਿਆ ਕਿ ਜੌਨ ਨੇ ਤਿੰਨ ਵਾਰ ਮੌਤ ਦੀ ਸਜ਼ਾ ਨੂੰ ਮਹਿਸੂਸ ਕੀਤਾ ਹੈ ਅਤੇ ਇੰਨੀ ਸਜ਼ਾ ਹੀ ਉਸ ਦੇ ਲਈ ਕਾਫ਼ੀ ਐ। ਸਾਰੇ ਲੋਕ ਇਹੀ ਆਖ ਰਹੇ ਸੀ ਕਿ ਜੌਨ ਨੂੰ ਰੱਬ ’ਤੇ ਭਰੋਸਾ ਸੀ ਅਤੇ ਰੱਬ ਨੇ ਵੀ ਨੇੜੇ ਹੋ ਕੇ ਉਸ ਦੀ ਮਦਦ ਕੀਤੀ ਐ। ਜੇਲ੍ਹ ਵਿਚੋਂ ਰਿਹਾਅ ਹੋਣ ਮਗਰੋਂ ਜੌਨ ਨੇ ਵਿਆਹ ਕੀਤਾ ਅਤੇ ਉਸ ਦੇ ਦੋ ਬੱਚੇ ਹੋਏ। ਹਾਲਾਂਕਿ ਬਾਅਦ ਵਿਚ ਉਹ ਪਤਨੀ ਨੂੰ ਛੱਡ ਕੇ ਆਪਣੀ ਇਕ ਨਵੀਂ ਪ੍ਰੇਮਿਕਾ ਨਾਲ ਅਮਰੀਕਾ ਚਲਾ ਗਿਆ। ਇਕ ਜਾਣਕਾਰੀ ਅਨੁਸਾਰ 19 ਫਰਵਰੀ 1945 ਨੂੰ ਉਸ ਦਾ 80 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਪਰ ਮੌਤ ਨੂੰ ਮਾਤ ਦੇਣ ਵਾਲੇ ਜੌਨ ਦਾ ਨਾਮ ਅੱਜ ਵੀ ਇਤਿਹਾਸ ਦੇ ਪੰਨਿਆਂ ਵਿਚ ਦਰਜ ਐ।
ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਦਿਲਚਸਪ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ ਟੀਵੀ